ਜਸੂਸੀ ਗੁਬਾਰੇ: ਸਿਆਸੀ ਸੁਨੇਹੇ - ਸੀ ਉਦੈ ਭਾਸਕਰ

ਲੰਘੀ 9 ਫਰਵਰੀ ਨੂੰ ਅਮਰੀਕੀ ਪ੍ਰਤੀਨਿਧੀ ਸਦਨ ਨੇ ਅਮਰੀਕਾ ਦੇ ਹਵਾਈ ਖੇਤਰ ਵਿਚ ਚੀਨ ਦਾ ਜਾਸੂਸੀ ਗੁਬਾਰਾ ਦਾਖ਼ਲ ਹੋਣ ਦੀ ਘਟਨਾ ਸੰਬੰਧੀ ਸਰਬਸੰਮਤੀ ਨਾਲ ਨਿੰਦਾ ਮਤਾ ਪਾਸ ਕੀਤਾ ਜਿਸ ਵਿਚ ਇਸ ਨੂੰ ਅਮਰੀਕੀ ਪ੍ਰਭੂਸੱਤਾ ਦੀ ਘੋਰ ਉਲੰਘਣਾ ਕਰਾਰ ਦਿੱਤਾ ਗਿਆ। ਮਤੇ ਦੇ ਹੱਕ ਵਿਚ 419 ਵੋਟਾਂ ਪਈਆਂ ਅਤੇ ਵਿਰੋਧ ਵਿਚ ਇਕ ਵੀ ਵੋਟ ਨਾ ਭੁਗਤੀ। ਅਮਰੀਕੀ ਕਾਂਗਰਸ ਵਿਚ ਜਿਸ ਕਿਸਮ ਦੀ ਸਿਆਸੀ ਸਫ਼ਬੰਦੀ ਚਲਦੀ ਹੈ, ਉਸ ਦੇ ਮੱਦੇਨਜ਼ਰ ਇਹ ਇਕਜੁੱਟਤਾ ਬਹੁ ਮਾਇਨਾਖੇਜ਼ ਹੈ। ਇਹ ਇਕ ਲੇਖੇ ਚੀਨ ਦੇ ਸਵਾਲ ’ਤੇ ਅਮਰੀਕਾ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਵਿਚਾਲੇ ਇਕਮੱਤ ਦਾ ਵੀ ਸੂਚਕ ਹੈ ਜੋ ਟਰੰਪ ਦੇ ਸ਼ਾਸਨ ਕਾਲ ਤੋਂ ਸ਼ਕਲ ਅਖਤਿਆਰ ਕਰਦਾ ਆ ਰਿਹਾ ਸੀ।
ਅਮਰੀਕਾ ਅਤੇ ਚੀਨ ਵਿਚ ਆਲ੍ਹਾ ਮਿਆਰੀ ਗੱਲਬਾਤ ਮੁੜ ਸ਼ੁਰੂ ਹੋਣ ਨਾਲ ਦੋਵਾਂ ਦੇਸ਼ਾਂ ਦੇ ਗੜਬੜ ਵਾਲੇ ਰਿਸ਼ਤਿਆਂ ਵਿਚ ਸੁਧਾਰ ਦੇ ਆਸਾਰ ਪੈਦਾ ਹੋਏ ਸਨ ਪਰ ਜਾਸੂਸੀ ਗੁਬਾਰੇ ਨੂੰ ਲੈ ਕੇ ਜਿਵੇਂ ਤਣਾਤਣੀ ਦੇਖਣ ਨੂੰ ਮਿਲੀ ਹੈ, ਉਸ ਨਾਲ ਹਾਲਾਤ ਮੁੜ ਖਰਾਬ ਹੋ ਗਏ ਹਨ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਫਰਵਰੀ ਦੇ ਸ਼ੁਰੂ ਵਿਚ ਚੀਨ ਦੇ ਦੌਰੇ ’ਤੇ ਜਾਣਾ ਸੀ ਪਰ ਇਸ ਰੇੜਕੇ ਕਾਰਨ ਉਨ੍ਹਾਂ ਦਾ ਦੌਰਾ ਰੱਦ ਹੋ ਗਿਆ ਜਿਸ ਕਰ ਕੇ ਚੀਨ ਨੇ ਆਖਿਆ ਹੈ ਕਿ ਵਾਸ਼ਿੰਗਟਨ ਵੱਲੋਂ ਇਸ ਮਾਮਲੇ ’ਤੇ ਬੇਲੋੜੀ ਪ੍ਰਤੀਕਿਰਿਆ ਦਿਖਾਈ ਜਾ ਰਹੀ ਹੈ।

ਚੀਨ ਨੇ ਦਾਅਵਾ ਕੀਤਾ ਸੀ ਕਿ ਇਹ ਮੌਸਮ ਦੀ ਟੋਹ ਰੱਖਣ ਵਾਲਾ ਗੁਬਾਰਾ ਸੀ ਜੋ ਭਟਕ ਕੇ ਦੂਰ ਚਲਿਆ ਗਿਆ ਸੀ ਪਰ ਇਸ ਬਾਬਤ ਜੋ ਵੇਰਵੇ ਆ ਰਹੇ ਹਨ, ਉਨ੍ਹਾਂ ਮੁਤਾਬਕ ਇਹ ਨਤੀਜਾ ਕੱਢਣਾ ਅਜੇ ਜਲਦਬਾਜ਼ੀ ਹੈ ਕਿ ਇਹ ਕਿਸਮ ਦੀ ਉਲੰਘਣਾ ਹੋਈ ਹੈ ਜਿਸ ਕਰ ਕੇ ਭਾਰਤ ਸਮੇਤ ਚੀਨ ਨਾਲ ਵਾਰਤਾ ਚਲਾਉਣ ਵਾਲੇ ਸਾਰੇ ਮੁਲਕਾਂ ਲਈ ਇਸ ਦੀ ਸਾਰਥਿਕਤਾ ਹੈ। ਇਸ ਤੋਂ ਇਲਾਵਾ ਪੁਲਾੜ ਦੀ ਇਕਸਮਾਨ ਅਤੇ ਸਹਿਮਤੀ ਪ੍ਰਬੰਧ ਵਾਲੀ ਵਰਤੋਂ ਅਤੇ ਨੇੜਲੇ ਪੁਲਾੜ ਤੇ ਦੂਰ ਦਰਾਜ਼ ਦੇ ਪੁਲਾੜ ਦੀ ਹੱਦਬੰਦੀ ਨੂੰ ਲੈ ਕੇ ਕਈ ਜਟਿਲ ਸਵਾਲ ਵੀ ਪੈਦਾ ਹੋ ਗਏ ਹਨ।
       ਅਮਰੀਕਾ ਅਤੇ ਚੀਨ ਵਿਚਕਾਰ ਤਲਖ਼ਕਲਾਮੀ ਉਦੋਂ ਜ਼ੋਰ ਫੜ ਗਈ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮਿਜ਼ਾਈਲ ਮਾਰ ਕੇ ਇਸ ਗੁਬਾਰੇ ਨੂੰ ਡੇਗਣ ਦਾ ਹੁਕਮ ਜਾਰੀ ਕਰ ਦਿੱਤਾ। ਪੈਂਟਾਗਨ ਨੇ 4 ਫਰਵਰੀ ਨੂੰ ਗੁਬਾਰੇ ’ਤੇ ਮਿਜ਼ਾਈਲ ਦਾਗ ਕੇ ਇਹ ਕੰਮ ਅੰਜਾਮ ਦਿੱਤਾ ਅਤੇ ਗੁਬਾਰੇ ਸਾਊਥ ਕੈਰੋਲੀਨਾ ਨੇੜਲੇ ਕੰਢੇ ’ਤੇ ਆਣ ਡਿੱਗਿਆ। ਅਮਰੀਕਾ ਵੱਲੋਂ ਫ਼ੌਜੀ ਅਸਲ੍ਹੇ ਦੀ ਇਹ ਵਰਤੋਂ ਦੁਵੱਲੇ ਸੰਬੰਧਾਂ ਵਿਚ ਅਹਿਮ ਅੜਿੱਕਾ ਬਣ ਗਈ ਹੈ ਜੋ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਲਈ ਚੁਣੌਤੀ ਦੇ ਰੂਪ ਵਿਚ ਦੇਖੀ ਜਾਵੇਗੀ।
       ਇਸ ਘਟਨਾ ਦੀ ਦੋ ਪਹਿਲੂਆਂ ਤੋਂ ਮੁਢਲੀ ਨਿਰਖ ਪਰਖ ਕੀਤੀ ਜਾਣੀ ਚਾਹੀਦੀ ਹੈ। ਪਹਿਲਾ, ਅਮਰੀਕਾ ਵੱਲੋਂ ਲਾਇਆ ਗਿਆ ਇਹ ਦੋਸ਼ ਕਿ ਇਹ ਗੁਬਾਰਾ ਚੀਨੀ ਫੌਜ ਵੱਲੋਂ ਵਰਤੇ ਜਾਂਦੇ ਇਸ ਕਿਸਮ ਦੇ ਸੂਹੀਆ ਪਲੈਟਫਾਰਮ ਦੇ ਇਕ ਵੱਡੇ ਬੇੜੇ ਦੀ ਲੜੀ ਸੀ ਅਤੇ ਇਹ ਕਿ ਚੀਨੀ ਫ਼ੌਜ ਵੱਲੋਂ ਪੰਜ ਮਹਾਂਦੀਪਾਂ ਅੰਦਰ 40 ਤੋਂ ਵੱਧ ਦੇਸ਼ਾਂ ਅੰਦਰ ਇਹੋ ਜਿਹੇ ਅਪਰੇਸ਼ਨ ਕੀਤੇ ਹਨ। ਇਨ੍ਹਾਂ ਵਿਚ ਭਾਰਤ ਅਤੇ ਜਪਾਨ ਵੀ ਸ਼ਾਮਲ ਹਨ।
       ਹਾਲਾਂਕਿ ਵਿਕਸਿਤ ਸਮੱਰਥਾਵਾਂ ਵਾਲੇ ਮੁਲਕਾਂ ਵੱਲੋਂ ਸੂਹੀਆ ਅਤੇ ਜਾਸੂਸੀ ਸਰਗਰਮੀਆਂ ਚਲਾਉਣੀਆਂ ਬਿਲਕੁੱਲ ਨਵੀਂ ਗੱਲ ਨਹੀਂ ਹੈ ਪਰ ਇਸ ਚੀਨੀ ਗੁਬਾਰੇ ਨੇ ਕਈ ਰਹੱਸਮਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਤਰ੍ਹਾਂ ਦੇ ਗੁਬਾਰੇ ਭਾਵੇਂ ਉਹ ਲਗਾਮ ਵਾਲੇ ਹੋਣ ਜਾਂ ਬੇਲਗਾਮ, ਵੱਡੇ ਪੱਧਰ ’ਤੇ ਵਰਤੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਧਰਤੀ ਦੀ ਸਤਹ ਤੋਂ 20 ਤੋਂ 200 ਕਿਲੋਮੀਟਰ ਦੀ ਉਚਾਈ ’ਤੇ ਉਡਣ ਵਾਲੀਆਂ ‘ਨੇੜਲੀਆਂ ਪੁਲਾੜ ਪ੍ਰਣਾਲੀਆਂ’ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ।
       ਜਿਵੇਂ ਪੇਈਚਿੰਗ ਵੱਲੋਂ ਦਾਅਵਾ ਕੀਤਾ ਗਿਆ ਤੇ ਜੇ ਇਹ ਵਾਕਈ ਗੈਰ ਫ਼ੌਜੀ ਮੌਸਮ ਪਲੈਟਫਾਰਮ ਸੀ ਤਾਂ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਚੀਨ ਤੋਂ ਇੰਨੀ ਦੂਰ ਇਹ ਕਿਉਂ ਤਾਇਨਾਤ ਕੀਤਾ ਗਿਆ ਸੀ, ਤੇ ਜੇ ਇਸ ਤਰ੍ਹਾਂ ਦੀ ਤਾਇਨਾਤੀ ਦਾ ਕੋਈ ਵਾਜਿਬ ਮੌਸਮੀ ਕਾਰਨ ਹੈ ਵੀ ਸੀ ਤਾਂ ਪੇਈਚਿੰਗ ਵੱਲੋਂ ਹਵਾ ਦੇ ਰੁਖ਼ ਅਤੇ ਪੁਲਾੜੀ ਗੜਬੜ ਦੇ ਮੁਤਾਬਕ ਸੰਬੰਧਿਤ ਦੇਸ਼ਾਂ ਨੂੰ ਭਟਕੇ ਹੋਏ ਗੁਬਾਰੇ ਦੀ ਇਤਲਾਹ ਦਿੱਤੀ ਜਾ ਸਕਦੀ ਸੀ। ਇਹੋ ਜਿਹੇ ਕਦਮ ਨਾਲ ਅੰਕੜੇ ਇਕੱਤਰ ਕਰਨ (ਜਿਸ ਨੂੰ ਹੁਣ ਸੂਹੀਆ ਮਿਸ਼ਨ ਦੇ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ) ਬਾਬਤ ਉਨ੍ਹਾਂ ਦੇਸ਼ਾਂ ਅੰਦਰ ਪਾਏ ਜਾ ਰਹੇ ਤੌਖਲਿਆਂ ਨੂੰ ਦੂਰ ਕੀਤਾ ਜਾ ਸਕਦਾ ਸੀ ਜਿਨ੍ਹਾਂ ਦੇ ਚੀਨ ਮੁਤੱਲਕ ਸੁਰੱਖਿਆ ਸਰੋਕਾਰ ਪਾਏ ਜਾ ਰਹੇ ਹਨ।
       ਪੇਈਚਿੰਗ ਨੇ ਇਸ ਮਾਮਲੇ ਵਿਚ ਕਾਫ਼ੀ ਹੱਦ ਤੱਕ ਭੰਬਲਭੂਸੇ ਵਾਲਾ ਰੁਖ਼ ਅਖ਼ਤਿਆਰ ਕੀਤਾ ਜਿਸ ਕਰ ਕੇ ਚੀਨ ਦੇ ਇਰਾਦੇ ਅਤੇ ਭਰੋਸੇਯੋਗਤਾ ’ਤੇ ਸ਼ੱਕ ਪੈਦਾ ਹੋ ਗਿਆ। ਅਮਰੀਕੀ ਦਾ ਨਿਸ਼ਚਾ ਇਸ ਦੇ ਯੂ2 ਜਾਸੂਸੀ ਜਹਾਜ਼ ਵੱਲੋਂ ਲਈਆਂ ਤਸਵੀਰਾਂ ’ਤੇ ਆਧਾਰਿਤ ਹੈ ਜਿਸ ਰਾਹੀਂ ਇਹ ਸਿੱਟਾ ਕੱਢਿਆ ਗਿਆ ਕਿ ਗੁਬਾਰੇ ’ਤੇ ਫਿੱਟ ਕੀਤਾ ਯੰਤਰ ਜਾਸੂਸੀ ਮੰਤਵਾਂ ਲਈ ਲਾਇਆ ਗਿਆ ਸੀ ਅਤੇ ਇਹ ਮੌਸਮੀ ਗੁਬਾਰਿਆਂ ਦੇ ਉਪਕਰਨਾਂ ਨਾਲ ਮੇਲ ਨਹੀਂ ਖਾਂਦਾ ਜਿਸ ਨਾਲ ਚੀਨ ਪ੍ਰਤੀ ਬਣੀ ਧਾਰਨਾ ਹੋਰ ਮਜ਼ਬੂਤ ਹੋ ਗਈ।
        ਇਸ ਦਾ ਦੂਜਾ ਪੱਖ ਉਸ ਤਰੀਕਾਕਾਰ ਨਾਲ ਜੁੜਿਆ ਹੈ ਜਿਸ ਰਾਹੀਂ ਅਮਰੀਕਾ ਅਤੇ ਚੀਨ ਵੱਲੋਂ ਹਵਾਈ ਖੇਤਰ ਦੇ ਉਲੰਘਣ ਦੇ ਇਸ ਮਾਮਲੇ ਨੂੰ ਨਜਿੱਠਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਜਿਸ ਕਰ ਕੇ ਪਿਛਲ ਦੋ ਹਫ਼ਤਿਆਂ ਤੋਂ ਮਾਹੌਲ ਭਖਿਆ ਹੋਇਆ ਹੈ ਤੇ ਫਿਰ ਅਮਰੀਕਾ ਨੂੰ ਆਪਣੀ ਪ੍ਰਭੂਸੱਤਾ ਦੀ ਸੁਰੱਖਿਆ ਲਈ ਮਿਜ਼ਾਈਲ ਦਾਗਣੀ ਪਈ। ਇਹ ਗੱਲ ਹੁਣ ਤੈਅ ਹੋ ਚੁੱਕੀ ਹੈ ਕਿ ਅਮਰੀਕਾ ਚੀਨ ਸੰਬੰਧਾਂ ਵਿਚ ਕੁੜੱਤਣ ਵਧ ਰਹੀ ਹੈ ਤੇ ਇਸ ਦੇ ਕਾਰਕ ਵੀ ਵਧ ਰਹੇ ਹਨ। ਰਾਸ਼ਟਰਪਤੀ ਬਾਇਡਨ ਵੱਲੋਂ ਪਿਛਲੇ ਹਫ਼ਤੇ ਦਿੱਤੇ ਗਏ ਕੌਮ ਦੇ ਨਾਂ ਭਾਸ਼ਣ ਵਿਚ ਵੀ ਇਹ ਗੱਲ ਪੂਰੀ ਤਰ੍ਹਾਂ ਸਾਹਮਣੇ ਆਈ ਸੀ।
       ਪਿਛਲੇ ਦਹਾਕੇ ਦਾ ਇਹ ਸਭ ਤੋਂ ਬੱਜਰ ਵਿਰੋਧਾਭਾਸ ਬਣਿਆ ਹੋਇਆ ਹੈ ਕਿ ਇਕ ਪਾਸੇ ਕਈ ਮੁਲਕਾਂ ਵੱਲੋਂ ਚੀਨ ਉਪਰ ਇਕਤਰਫ਼ਾ ਤੌਰ ’ਤੇ ਸੀਨਾਜ਼ੋਰੀ ਅਤੇ ਅਸਿੱਧੇ ਰੂਪ ਵਿਚ ਫ਼ੌਜੀ ਤਾਕਤ ਦੇ ਇਸਤੇਮਾਲ (ਦੱਖਣੀ ਚੀਨੀ ਸਾਗਰ ਅਤੇ ਲੱਦਾਖ ਗਲਵਾਨ) ਦੇ ਦੋਸ਼ ਲਾਏ ਜਾਂਦੇ ਰਹੇ ਹਨ ਜਦਕਿ ਦੂਜੇ ਪਾਸੇ ਦੁਵੱਲੇ ਵਪਾਰਕ ਤੇ ਆਰਥਿਕ ਸੰਬੰਧ ਪੁਰਜ਼ੋਰ ਤਰੀਕੇ ਨਾਲ ਅੱਗੇ ਵਧ ਰਹੇ ਹਨ। ਅਮਰੀਕਾ, ਜਪਾਨ ਅਤੇ ਭਾਰਤ ਵੀ ਇਸੇ ਤਰ੍ਹਾਂ ਦੇ ਸਪੇਸ ਵਿਚ ਆਉਂਦੇ ਹਨ ਅਤੇ ਇਨ੍ਹਾਂ ਨੂੰ ਇਸ ਆਪਾਵਿਰੋਧ ਨੂੰ ਪੁਖਤਗੀ ਨਾਲ ਸਿੱਝਣ ਲਈ ਇਕਹਿਰੀ ਤੇ ਸਮੂਹਕ ਪਹੁੰਚ ਵਿਕਸਿਤ ਕਰਨੀ ਪਵੇਗੀ।
        ਇਸ ਗੁਬਾਰਾ ਵਿਵਾਦ ਨੂੰ ਲੈ ਕੇ ਚੀਨ ਵੱਲੋਂ ਦੁਵੱਲੇ ਤੌਰ ’ਤੇ ਅਮਰੀਕਾ ਅਤੇ ਆਲਮੀ ਭਾਈਚਾਰੇ ਨਾਲ ਕਿੰਝ ਨਜਿੱਠਿਆ ਜਾ ਰਿਹਾ ਹੈ, ਇਸ ਪ੍ਰਸੰਗ ਵਿਚ ਭਾਰਤ ਨੂੰ ਅਸਲ ਕੰਟਰੋਲ ਰੇਖਾ ਅਤੇ ਲੰਮੇ ਸਮੇਂ ਤੋਂ ਰਿਸਦੇ ਆ ਰਹੇ ਇਲਾਕਾਈ ਵਿਵਾਦ ਦੇ ਸੰਬੰਧ ਵਿਚ ਅਹਿਮ ਸਬਕ ਲੈਣ ਦੀ ਲੋੜ ਹੈ। ਦਾਅਪੇਚ ਦੇ ਤੌਰ ’ਤੇ ਜੇ ਅਮਰੀਕਾ ਦਾ ਇਹ ਦੋਸ਼ ਸਹੀ ਹੈ ਕਿ ਚੀਨ ਦੀ ਫ਼ੌਜ ਕੋਲ ਨੇੜਲੇ ਪੁਲਾੜ ਵਿਚ ਵਰਤੇ ਜਾਣ ਵਾਲੇ ਅਜਿਹੇ ਸੂਹੀਆ ਗੁਬਾਰਿਆਂ ਦਾ ਵੱਡਾ ਬੇੜਾ ਮੌਜੂਦ ਹੈ ਤਾਂ ਅਸਲ ਕੰਟਰੋਲ ਰੇਖਾ ਅਤੇ ਵਿਵਾਦ ਵਾਲੇ ਹੋਰ ਖੇਤਰਾਂ ਵਿਚ ਬਣੀ ਫ਼ੌਜੀ ਕਸ਼ਮਕਸ਼ ਲਈ ਇਸ ਦਾ ਕੀ ਮਤਲਬ ਹੈ?
       ਦੂਜੇ ਬੰਨੇ, ਸੰਤੁਲਨ ਕਾਇਮ ਰੱਖਣ ਲਈ ਕਿਹਾ ਜਾ ਸਕਦਾ ਹੈ ਕਿ ਗੁਬਾਰਾ ਵਿਵਾਦ ਵਿਚ ਗਰਮ ਹਵਾ ਭਰਨ ਤੋਂ ਇਲਾਵਾ ਹੋਰ ਵੀ ਕਾਫ਼ੀ ਕੁਝ ਹੈ ਅਤੇ ਇਹ ਕਿ ਫਿਲਹਾਲ ਇਸ ਨੇ ਅੰਤਰ ਮਹਾਦੀਪੀ ਚੂਲਾਂ ਹਿਲਾ ਦਿੱਤੀਆਂ ਹਨ।
* ਲੇਖਕ ਸੁਸਾਇਟੀ ਫਾਰ ਪਾਲਿਸੀ ਸਟੱਡੀਜ਼ ਦੇ ਡਾਇਰੈਕਟਰ ਹਨ।