ਚੁੰਝਾਂ- ਪੌਁਹਚੇ  - ਨਿਰਮਲ ਸਿੰਘ ਕੰਧਾਲਵੀ

19.02.2023
+ਪੰਜਾਬ ਦੇ ਕਰਜ਼ੇ ਦਾ ਬੋਝ ਘਟਾਉਣ ਲਈ ਲੋਕ ਸਵੈ ਇੱਛਾ ਨਾਲ ਪੈਸੇ ਜਮ੍ਹਾਂ ਕਰਵਾਉਣ - ਅਰਥ ਸ਼ਾਸਤਰੀ
* ਨਾਨੀ ਖਸਮ ਕਰੇ, ਦੋਹਤਾ ਚੱਟੀ ਭਰੇ।
+ ਪਾਵਰ-ਕਾਮ ਨੂੰ ਲਗਾਤਾਰ ਮਹਿੰਗਾ ਪੈ ਰਿਹਾ ਹੈ ਮਹਿੰਗੀ ਬਿਜਲੀ ਖਰੀਦ ਦਾ ਕੰਮ - ਇਕ ਖ਼ਬਰ
* ਪੀੜ ਵੇਲਣੇ ਵਿਚ ਕਮਾਦ ਵਾਂਗੂੰ, ਸਾਡਾ ਚਲੀ ਏਂ ਰਸਾ ਨਿਚੋੜ ਹੀਰੇ।
+ ਭਗਵੰਤ ਮਾਨ ਸਭ ਤੋਂ ਨਾਲਾਇਕ ਮੁੱਖ ਮੰਤਰੀ- ਸੁਖਬੀਰ ਸਿੰਘ ਬਾਦਲ
* ਝੰਡੇ ਤਾਂ ਤੁਹਾਡੇ ਵੀ ਝੁੱਲਦੇ ਕਿਧਰੇ ਨਜ਼ਰ ਨਹੀਂ ਆਉਂਦੇ।
+ ਪੰਜਾਬ ਇਕ ਵੱਡੇ ਸੰਵਿਧਾਨਕ ਸੰਕਟ ਵਲ- ਇਕ ਖ਼ਬਰ
* ਛੱਡ ਦੇ ਲੜ ਪ੍ਰਦੇਸੀ ਦਾ, ਤੈਨੂੰ ਨਿਤ ਦਾ ਰੋਣਾ ਪੈ ਜੂ ਗਾ।
+ ਮੈਂ ਕੇਂਦਰ ਦੁਆਰਾ ਨਿਯੁਕਤ ਰਾਜਪਾਲ ਨੂੰ ਜਵਾਬਦੇਹ ਨਹੀਂ- ਭਗਵੰਤ ਮਾਨ
* ਗਲੀਆਂ ਹੋ ਜਾਣ ਸੁੰਞੀਆਂ, ਵਿਚ ਮਿਰਜ਼ਾ ਯਾਰ ਫਿਰੇ
+ ਨਿੱਕੀ ਹੇਲੀ ਨੇ ਰਾਸ਼ਟਰਪਤੀ ਦੀ ਚੋਣ ਲਈ ਪੇਸ਼ ਕੀਤੀ ਦਾਅਵੇਦਾਰੀ- ਇਕ ਖ਼ਬਰ
* ਕਾਹਨੂੰ ਡਾਹ ਲਿਆ ਗਲੀ ਦੇ ਵਿਚ ਚਰਖ਼ਾ, ਕਈਆਂ ਦੇ ਖ਼ੂਨ ਹੋਣਗੇ।
+ ਅਕਾਲੀ ਦਲ ਨੇ ਕਰਨੈਲ ਸਿੰਘ ਪੰਜੋਲੀ ਨੂੰ ਪਾਰਟੀ 'ਚੋਂ ਕੱਢਿਆ- ਇਕ ਖ਼ਬਰ
* ਭਲਾ ਹੋਇਆ ਮੇਰਾ ਚਰਖ਼ਾ ਟੁੱਟਾ, ਜਿੰਦ ਅਜਾਬੋਂ ਛੁੱਟੀ।
+ ਪੰਜਾਬ ਦੇ ਚੰਗੇ ਭਵਿੱਖ ਲਈ ਸੋਚਣ ਵਾਲੇ ਲੀਡਰਾਂ ਦੀ ਘਾਟ- ਢੀਂਡਸਾ
* ਮੁੱਲ ਵਿਕਦਾ ਸੱਜਣ ਮਿਲ ਜਾਵੇ, ਲੈ ਲਵਾਂ ਮੈਂ ਜਿੰਦ ਵੇਚ ਕੇ।
+ ਪੰਜਾਬ' ਚ ਸਿਆਸੀ ਉਥਲ- ਪੁਥਲ ਤੋਂ ਅਫ਼ਸਰਸ਼ਾਹੀ ਹੋਈ ਪ੍ਰੇਸ਼ਾਨ- ਇਕ ਖ਼ਬਰ
* ਗ਼ਮ ਨੇ ਖਾ ਲਈ ਗ਼ਮ ਨੇ ਪੀ ਲਈ,
ਗ਼ਮ ਦੀ ਬੁਰੀ ਬਿਮਾਰੀ।
+ ਪੰਜਾਬ' ਚ ਨਹੀਂ ਖ਼ਤਮ ਹੋ ਰਿਹਾ ਵੀ. ਆਈ. ਪੀ. ਕਲਚਰ- ਇਕ ਖ਼ਬਰ
* ਵਾਦੜੀਆਂ ਸਜਾਦੜੀਆਂ, ਨਿਭਣ ਸਿਰਾਂ ਦੇ ਨਾਲ।
+ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ- ਇਕ ਖ਼ਬਰ
* ਉਤੇ ਪਾ ਦੇ ਫੁੱਲ ਕਲੀਆਂ, ਮੰਜਾ ਬੁਣ ਦੇ ਜੁਗਿੰਦਰ ਯਾਰਾ।
+ ਸਰਹੱਦੀ ਸੁਰੱਖਿਆ' ਚ ਸ਼ਰਾਬ ਦੀਆਂ ਖਾਲੀ ਬੋਤਲਾਂ ਬਣੀਆਂ ਦੇਸੀ ਜੁਗਾੜ- ਇਕ ਖ਼ਬਰ
* ਪਹਿਲਾਂ ਵਿਦਿਆ' ਚ ਤਰੱਕੀ ਤੇ ਹੁਣ ਦੇਸ਼ ਦੀ ਸੁਰੱਖਿਆ 'ਚ ਯੋਗਦਾਨ, ਵਾਹ ਨੀ ਸ਼ਰਾਬ ਦੀਏ ਬੋਤਲੇ!
ਧਰਮ ਅਤੇ ਜਾਤ-ਪਾਤ ਵਿਕਾਸ ਦੇ ਰਾਹ' ਚ ਅੜਿੱਕੇ- ਇਕ ਲੇਖ
* ਜਾਤ-ਪਾਤ ਤੇ ਧਰਮ ਦੇ ਵਿਚੀਂ, ਰਾਹ ਕੁਰਸੀ ਨੂੰ ਜਾਵੇ।