ਡੰਗ ਅਤੇ ਚੋਭਾਂ - ਗੁਰਮੀਤ ਪਲਾਹੀ

ਫਿਰ ਵੀ ਨਹੀਂਓ ਭਰਿਆ ਛੰਨਾ ਚੂਰੀ ਨਾਲ

ਖ਼ਬਰ ਹੈ ਕਿ ਕਿਸਾਨ ਕਰਜ਼ਾ ਸੂਚੀਆਂ 'ਚ ਗੜਬੜੀ ਦੇ ਮੁੱਦੇ 'ਤੇ ਉਠੇ ਵਿਵਾਦ ਨੂੰ ਲੈਕੇ ਸੱਤਾ ਧਿਰ ਕਾਂਗਰਸ ਨੂੰ ਘੇਰਨ ਵਿੱਚ ਸਿਆਸੀ ਵਿਰੋਧੀ ਧਿਰਾਂ ਸੜਕਾਂ ਤੋਂ ਨਾਦਾਰਦ ਹਨ ਅਤੇ ਸਰਕਾਰ ਵਿਰੁੱਧ ਮੋਰਚਾ ਕਿਸਾਨ ਜਥੇਬੰਦੀਆਂ ਨੇ ਖੋਲ੍ਹਿਆ ਹੋਇਆ ਹੈ। ਸਰਕਾਰ ਵੱਲੋਂ ਕਿਸਾਨਾਂ ਦੀਆਂ ਕਰਜ਼ਾ ਸੂਚੀਆਂ ਜਾਰੀ ਕਰਨ ਤੋਂ ਬਾਅਦ ਵਾਂਝੇ ਰਹਿ ਗਏ ਹੱਕਦਾਰ ਤੇ ਪੀੜ੍ਹਤ ਕਿਸਾਨਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠ ਜੋੜ ਅਤੇ ਆਪ ਵੱਲੋਂ ਸੀਮਤ ਕਾਗਜ਼ੀ ਬਿਆਨਬਾਜੀ ਕਰਕੇ ਡੰਗ ਟਪਾਈ ਕੀਤੀ ਜਾ ਰਹੀ ਹੈ। ਸੁਖਬੀਰ ਪੰਜ ਤਾਰਾ ਹੋਟਲ ਦੇ ਗਰਮ ਕਮਰੇ 'ਚ ਬਹਿਕੇ ਬਿਆਨਬਾਜੀ ਕਰ ਰਿਹਾ ਹੈ ਜਦਕਿ "ਆਪ" ਸੋਸ਼ਲ ਮੀਡੀਆ ਦੇ ਖੇਤਰ ਤੱਕ ਹੀ ਸੀਮਤ ਹੋ ਕੇ ਹਾਜ਼ਰੀ ਲਵਾ ਰਹੀ ਹੈ ਜਾਂ ਬੱਸ ਕੈਪਟਨ ਸਾਹਿਬ ਨੂੰ ਕਾਲੀਆਂ ਝੰਡੀਆਂ ਵਿਖਾਉਣ ਦਾ ਪ੍ਰੋਗਰਾਮ ਬਣਾਈ ਬੈਠੀ ਹੈ।
ਖਾਲੀ ਮੂੰਹ ਲਈ ਤਾਂ ਬੱਕਲੀਆਂ ਹੀ ਰਹਿ ਗਈਆਂ। ਹੱਥਾਂ 'ਤੇ ਛਾਲੇ ਹਨ। ਪੈਰਾਂ 'ਚ ਬਿਆਈਆਂ ਹਨ। ਇਹ ਛਾਲੇ, ਇਹ ਬਿਆਈਆਂ, ਮੱਥੇ ਤੇ ਝੁਰੜੀਆਂ, ਹੱਥਾਂ 'ਤੇ ਰੱਟਣ ਸਭ ਮੇਰੇ-ਤੇਰੇ ਦੇ ਹਿੱਸੇ ਦੇ ਆ, ਜਾਂ ਸੱਪਾਂ ਦੀ ਸਿਰੀਆਂ ਮਿੱਧਦੇ, ਰਾਤ-ਬਰਾਤੇ ਜਾਂ ਦਿਨ-ਦਿਹਾੜੇ-ਬਾਘੜਾਂ ਬਿੱਲਿਆਂ ਤੋਂ ਫਸਲਾਂ ਦੀ ਰਾਖੀ ਕਰਦੇ ਕੰਮੀਆਂ-ਕਿਸਾਨਾਂ ਦੇ ਹਿੱਸੇ ਦੇ ਆ। ਇਹ ਰਾਜੇ-ਮਹਾਰਾਜੇ, ਇਹ ਜਿੰਮੀਂਦਾਰ-ਇਹ ਵਪਾਰੀ, ਇਹ ਦਲਾਲ- ਇਹ ਵਿਚੋਲੀਏ ਤਾਂ ਗੱਲਾਂ ਦੇ ਗਲਾਧੜ ਆ। ਦਿਨੇ ਧਾੜਾਂ ਲਾਉਣ ਵਾਲੇ। ਰਾਤ- ਬਰਾਤੇ ਲੋਕਾਂ ਦੀ ਨੀਂਦ ਖੋਹਣ ਵਾਲੇ। ਬਿਨ ਕੰਮ ਕੀਤਿਆਂ ਧੜੀ-ਧੜੀ ਪਰਾਇਆ ਅੰਨ ਖਾਕੇ ਡਕਾਰ ਮਾਰਨ ਵਾਲੇ ਜਾਂ ਫਿਰ ਦਰੋ-ਦਰੀ, ਘਰੋ-ਘਰੀ ਆਕੇ ਮੱਗਰਮੱਛ ਦੇ ਹੰਝੂ ਵਹਾਉਣ ਵਾਲੇ। ਪੱਗ ਚਿੱਟੀ ਹੋਵੇ ਜਾਂ ਨੀਲੀ, ਚੋਲਾ ਭਗਵਾਂ ਹੋਵੇ ਜਾਂ ਟੋਪੀ ਦੁੱਧ ਚਿੱਟੀ, ਸਭੋ ਅੰਦਰੋਂ "ਕਾਲੀਆਂ" ਨੇ ਕਾਲੇ ਦਿਲ ਵਾਲੀਆਂ। ਤਦੇ ਰਲ-ਮਿਲ ਇੱਕੀ ਪਾਈ ਜਾਂਦੀਆਂ ਨੇ। ਕੋਈ ਕਰਜ਼ੇ ਮੁਆਫ਼ੀ ਦਾ ਢੋਂਗ ਰਚ ਰਹੀ ਹੈ ਤੇ ਕੋਈ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ-ਕਰਾ ਰਹੀ ਹੈ। ਤੇ ਲੋਕਾਂ ਦੇ ਪੱਲੇ ਖਿੱਲਾਂ ਪਾ ਰਹੀ ਹੈ। ਤੇ ਹਮਾਤੜ-ਧਮਾਤੜ ਜ਼ਮੀਨ ਖੋਦੀ ਜਾਂਦਾ। ਦਾਣਾ ਪਾਈ ਜਾਂਦਾ। ਫਸਲ ਉਗਾਈ ਜਾਂਦਾ। ਤੇ ਅੰਤ ਉਪਰਲੇ ਵੱਲ ਵੇਖਕੇ ਗਾਈ ਜਾਂਦਾ, "ਰੱਬਾ ਰੱਬਾ ਮੀਂਹ ਵਰਸਾ ਸਾਡੀ ਝੋਲੀ ਦਾਣੇ ਪਾ"। ਤੇ ਪੱਲਾ ਖਾਲੀ ਹੋਣ ਤੇ ਬਾਬੇ ਨਾਜ਼ਮੀ ਦੀ ਨਜ਼ਮ ਦਾ ਸ਼ੇਅਰ ਕਹਿਣ ਜੋਗਾ ਰਹਿ ਜਾਂਦਾ ਆ, "ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ, ਫਿਰ ਵੀ, ਨਹੀਂਓ ਭਰਿਆ ਛੰਨਾ ਚੂਰੀ ਨਾਲ"।

ਬੜਾ ਦਰਦ ਭਰਿਆ, ਇਹਦੇ ਦਿਲ ਅੰਦਰ

ਖ਼ਬਰ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਰਥਿਕ ਵਿਕਾਸ ਦਰ 'ਚ ਗਿਰਾਵਟ ਲਈ ਮੋਦੀ ਸਰਕਾਰ ਦੀਆਂ ਵੰਡ ਪਾਊ ਨੀਤੀਆਂ ਨੂੰ ਜ਼ਿਮੇਵਾਰ ਠਹਿਰਾਇਆ ਹੈ। ਜੀਡੀਪੀ ਦਰ 'ਚ ਸੁਸਤੀ ਤੇ ਤਾਜ਼ਾ ਅੰਕੜਿਆਂ 'ਤੇ ਰਾਹੁਲ ਨੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਸਿਆਸੀ ਹਮਲਾ ਕੀਤਾ ਹੈ। ਜੀ ਐਸ ਟੀ ਨੂੰ ਗੱਬਰ ਸਿੰਘ ਟੈਕਸ ਦਾ ਨਾਂ ਦੇ ਕੇ ਸੁਰਖੀਆ ਖੱਟ ਚੁੱਕੇ ਰਾਹੁਲ ਗਾਂਧੀ ਨੇ ਆਰਥਿਕ ਵਿਕਾਸ ਨਾਲ ਜੁੜੇ ਤਮਾਮ ਖੇਤਰਾਂ ਵਿੱਚ ਬੀਤੇ ਚਾਰ ਸਾਲਾਂ ਦੌਰਾਨ ਆਈ ਗਿਰਾਵਟ ਦੇ ਅੰਕੜੇ ਦਿੰਦੇ ਹੋਏ ਸਰਕਾਰ 'ਤੇ ਸਵਾਲ ਵੀ ਦਾਗੇ। ਉਹਨਾ ਕਿਹਾ ਕਿ ਬਿਨਾ ਮਤਲਬ ਲੱਖਾਂ ਦੀ ਗਿਣਤੀ ਵਿੱਚ ਨੌਕਰੀਆਂ ਦਾ ਨੁਕਸਾਨ ਹੋ ਰਿਹਾ ਹੈ। ਨੋਟਬੰਦੀ ਨੇ ਅਸੰਗਠਿਤ ਖੇਤਰ ਬੀਮਾਰ ਕਰ ਦਿੱਤਾ ਹੈ। ਨਿਰਮਾਣ ਖੇਤਰ ਦਾ ਵਿਕਾਸ ਠੱਪ ਹੈ। ਖੇਤੀਬਾੜੀ ਖੇਤਰ 'ਤੇ ਡੂੰਘੀ ਮਾਰ ਪਈ ਹੈ ਅਤੇ ਉਦਯੋਗਿਕ ਉਤਪਾਦਨ ਹੇਠਾਂ ਆਇਆ ਹੈ।
ਬਹੁਤ ਵੱਡਾ ਦੇਸ਼ ਹੈ ਭਾਰਤ! ਸੁਣਿਆ 1947 'ਚ ਇਥੇ 33 ਕਰੋੜ ਲੋਕ ਸਨ, ਜਾਣੀ ਤੇਤੀ ਕਰੋੜ ਦੇਵਤੇ। ਦੇਸ਼ ਨੇ 70 ਸਾਲਾਂ 'ਚ ਦਿਨ ਦੁਗਣੀ ਨਹੀਂ ਚੌਗਣੀ ਤਰੱਕੀ ਕੀਤੀ ਆ। ਵਿਕਾਸ, 'ਚ ਤਰੱਕੀ ਨਹੀਂ ਕੀਤੀ ਆਬਾਦੀ 'ਚ ਕੀਤੀ ਆ। ਬਣ ਗਏ ਨਾ 33 ਕਰੋੜ ਦੇਵਤਿਆਂ ਤੋਂ 132 ਕਰੋੜ ਪਿਛਲੇ ਵਰ੍ਹੇ ਦੇ ਅੰਤ ਅਤੇ ਨਵੇਂ ਵਰ੍ਹੇ ਦੇ ਸ਼ੁਰੂ 'ਚ। ਹੈ ਮੁਕਾਬਲਾ ਕਰਨ ਨੂੰ ਜੰਮਿਆ ਕੋਈ ਹੋਰ ਦੇਸ਼, ਮੇਰੇ ਪਿਆਰੇ ਦੇਸ਼ ਦਾ। ਕਹਿੰਦੇ ਕਹਾਉਂਦੇ ਚੀਨ ਨੂੰ ਵੀ ਪਿਛਾੜਣ ਦੀ ਦੌੜ ਲੱਗੀ ਹੋਈ ਆ ਇਸ ਖੇਤਰ 'ਚ। ਉਂਜ ਭਾਈ ਆਪਾਂ ਗਰੀਬੀ 'ਚ ਵੀ ਪਿੱਛੇ ਨਹੀਂ, ਭੁੱਖਮਰੀ, ਰਿਸ਼ਵਤਖੋਰੀ 'ਚ ਵੀ ਨਹੀਂ। ਪਿੱਛੇ ਰਹਿ ਗਏ ਆਂ ਤਾਂ ਵਿਕਾਸ ਵਿੱਚ! ਇਸ ਦੀ ਫਿਕਰ ਦੁਨੀਆਂ 'ਚ ਆਪਣਾ ਦਫ਼ਤਰ, ਘਰ-ਬਾਰ ਛੱਡ ਤੁਰਦੇ-ਫਿਰਦੇ ਮੋਦੀ ਨੂੰ ਨਹੀਂ, ਸਿਰਫ ਆਹ ਆਪਣੇ ਰਾਹੁਲ ਜੀ ਨੂੰ ਆ, ਜਿਹਦੇ ਬਾਰੇ ਉਹਦੇ ਆਪਣੇ ਆਂਹਦੇ ਆ, "ਬੜਾ ਦਰਦ ਭਰਿਆ ਇਹਦੇ ਦਿਲ ਅੰਦਰ" ਤਦੇ ਤਾਂ ਦੇਸ਼ ਦੇ ਵਿਕਾਸ 'ਚ ਘਾਟੇ 'ਚ ਪਤਲਾ-ਪੰਤਗ ਹੋ ਗਿਆ ਦਿਨਾਂ 'ਚ ਹੀ। ਲਉ, ਕਰ ਲਉ ਗੱਲ, ਹੁਣ ਸਿਹਤ ਬਨਾਉਣ ਲਈ ਅਤੇ ਨਵੇਂ ਫੁਰਨਿਆਂ ਲਈ ਉਹ ਵਿਦੇਸ਼ 'ਚ ਛੁਟੀਆਂ ਕੱਟਣ ਗਿਆ ਸਮਝੋ!

ਕੁਰਸੀ ਬਣ ਕੇ ਪਰ ਬਦਲ ਜਾਂਦੀ ਹੈ ਫ਼ਿਤਰਤ ਬਿਰਖ ਦੀ

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਮੋਬਾਇਲ ਬਦਲਣਾ ਪਿਆ ਹੈ। ਉਹ ਕਹਿੰਦੇ ਹਨ ਕਿ ਡਿਪਟੀ ਮੁੱਖਮੰਤਰੀ ਸੁੱਖਬੀਰ ਸਿੰਘ ਬਾਦਲ ਆਪਣੇ ਰਾਜ ਵਿੱਚ ਉਹਨਾ ਦਾ ਫੋਨ ਟੇਪ ਕਰਵਾ ਰਹੇ ਸਨ। ਜਿਸ ਕਰਕੇ ਉਹਨਾ ਨੂੰ ਆਪਣਾ ਨੰਬਰ ਬਦਲਣਾ ਪਿਆ ਹੈ। ਉਹਨਾ ਕਿਹਾ ਕਿ ਸਰਕਾਰ ਜਦੋਂ ਬਦਲੇ ਦੀ ਨੀਤੀ ਨਾਲ ਕੰਮ ਕਰਦੀ ਹੈ ਤਾਂ ਕੀ ਕੀ ਨਹੀਂ ਕਰਦੀ?
ਸਰਕਾਰ ਭਾਈ ਬੜਾ ਕੁਝ ਕਰਦੀ ਆ। ਆਹ ਵੇਖੋ ਨਾ, ਇੱਕ ਵੱਡੀ ਫੀਤੀ ਵਾਲੀ ਚੋਣ ਜਿੱਤਣ ਲਈ, "ਲੰਗਾਹ" ਝਟਕ ਦਿੱਤਾ। ਆਹ ਵੇਖੋ ਨਾ ਤਿੰਨ ਸਥਾਨਕ ਸਰਕਾਰਾਂ ਦੀਆਂ ਚੋਣਾਂ ਜਿੱਤਣ ਲਈ ਪਤਾ ਨਹੀਂ ਕੀਹਦੇ ਕੀਹਦੇ ਮੂਹਰੇ ਸਰਕਾਰੀ ਸ਼ੀਸ਼ਾ ਵਿਖਾਇਆ ਹੋਊ ਤੇ ਉਹਨੂੰ ਕੀਤੀਆਂ ਦਾ ਫਲ ਭੁਗਤਣ ਲਈ ਤਿਆਰ ਰਹਿਣ ਦਾ ਸੁਨੇਹਾ ਦੇ ਕੇ ਸੁੰਨ ਜਿਹਾ ਕਰ ਦਿੱਤਾ ਹੋਊ!
ਸਰਕਾਰ ਭਾਈ ਬੜਾ ਕੁਝ ਕਰਦੀ ਆ। ਆਹ ਵੇਖੋ ਨਾ, ਲਾਲੂ ਜੀ ਨੂੰ ਜੇਲ੍ਹ ਭਿਜਵਾ ਦਿੱਤਾ। ਰਤਾ ਕੁ ਕੁਸਕਿਆ ਤਾਂ ਜੇਲ੍ਹ ਦਾ ਕੌੜਾ ਕੁਸੈਲਾ ਪਾਣੀ ਪਿਲਾ ਦਿਤਾ। ਇਹ ਫੋਨ ਟੇਪ ਤਾਂ ਰਤਾ ਕੁ ਜਿਹੀ ਗੱਲ ਆ। ਇੱਥੇ ਤਾਂ ਨਿੱਕਰਾਂ 'ਚ ਚੂਹੇ ਛੱਡੇ ਜਾਂਦੇ ਆ। ਹਵਾਲਾਤੀਂ ਤੁੰਨ ਦਿਨੇ ਤਾਰੇ ਦਿਖਾਏ ਜਾਂਦੇ ਆ। ਗੱਲ ਇਹ ਆ ਕਿ ਜਦੋਂ ਤਾਕਤ ਹੱਥ ਹੁੰਦੀ ਆ, ਸਭੋ ਕੁਝ ਬਦਲ ਜਾਂਦਾ ਆ, "ਕੁਰਸੀ ਬਣਕੇ ਪਰ ਬਦਲ ਜਾਂਦੀ ਹੈ ਫ਼ਿਤਰਤ ਬਿਰਖ ਦੀ"।

ਆ ਜਾ ਦੋਵੇਂ ਬਹਿਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ

ਉਡਦੀ ਉਡਦੀ ਖ਼ਬਰ ਹੈ ਕਿ ਯੋਗ ਗੁਰੂ ਬਾਬਾ ਰਾਮਦੇਵ ਦਾ ਨਾਂਅ ਅਲਵਰ ਲੋਕ ਸਭਾ ਉਪਚੋਣ ਲਈ ਭਾਜਪਾ ਵਲੋਂ ਸੰਭਾਵਿਤ ਉਮੀਦਵਾਰ ਵਜੋਂ ਸਾਹਮਣੇ ਆ ਰਿਹਾ ਹੈ, ਜਿਸਦੀ ਤਾਰੀਕ ਦਾ ਐਲਾਨ ਚੋਣ ਕਮਿਸ਼ਨ ਵਲੋਂ ਕੀਤਾ ਜਾ ਚੁੱਕਾ ਹੈ। ਰਾਜਸਥਾਨ ਵਿੱਚ ਦੋ ਲੋਕ ਸਭਾ ਸੀਟਾਂ ਲਈ ਉਪ ਚੋਣਾਂ ਹੋ ਰਹੀਆਂ ਹਨ, ਜੋ ਕਿ ਮੌਜੂਦਾ ਮੈਂਬਰਾਂ ਦੀ ਮੌਤ ਹੋਣ ਕਾਰਨ ਖਾਲੀ ਹੋਈਆਂ ਹਨ। ਕਾਂਗਰਸ ਵਲੋਂ ਅਲਵਰ ਸੀਟ ਲਈ ਕਰਨ ਸਿੰਘ ਯਾਦਵ ਦਾ ਨਾਮ ਪਹਿਲਾਂ ਹੀ ਐਲਾਨਿਆ ਜਾ ਚੁੱਕਾ ਹੈ।
ਬਾਬਾ ਜੀ! ਤੁਸੀਂ ਤਾਂ ਯੋਗ ਗੁਰੂ ਹੋ!! ਪਰ ਉਸ ਤੋਂ ਅੱਗੇ ਇਹ ਕਿ ਐਡੇ ਵੱਡੇ ਵਪਾਰੀ ਹੋ, ਜਿਹੜੇ ਮਿੱਟੀ ਨੂੰ ਸੋਨਾ ਬਣਾ ਬਣਾ, ਵੇਚੀ ਜਾ ਰਹੇ ਹੋ, ਬੱਸ ਵੇਚੀ ਜਾ ਰਹੇ ਹੋ। ਜਾਪਦਾ ਤੁਸਾਂ ਨੂੰ ਵੀ ਆਹ ਆਪਣੇ ਮੋਦੀ ਸਾਹਿਬ ਦੀ ਡੁਗਡੁਗੀ ਵਾਹਵਾ ਪਸੰਦ ਆ ਗਈ ਆ। ਜਿਹੜੇ ਕੌਡੀਆਂ ਦਾ ਸਿਆਸੀ ਮਾਲ ਰੁਪਈਏ ਸੇਰ ਵੇਚਣ ਦਾ ਬੱਲ ਪ੍ਰਾਪਤ ਕਰ ਚੁੱਕੇ ਆ। ਉਸ ਪਹਿਲਾਂ ਗਰੀਬਾਂ ਦੇ ਸੁਪਨੇ ਵੇਚੇ, ਫਿਰ ਗਰੀਬ ਵੇਚੇ! ਗਰੀਬਾਂ ਦਾ ਮਾਲ ਅਸਬਾਬ ਵੇਚਿਆ। ਅਤੇ ਹੁਣ ਗਰੀਬਾਂ ਦਾ ਦੇਸ਼ ਵੇਚਣ ਲਈ ਦੁਨੀਆਂ ਦੇ ਕੋਨੇ ਕੋਨੇ ਆਪਣੀ ਵਹਿੰਗੀ ਲੈਕੇ ਘੁੰਮ ਰਹੇ ਆ। ਜਾਪਦਾ ਬਾਬਾ ਜੀ, ਆਪਜੀ ਨੇ ਵੀ ਮੋਦੀ ਨਾਲ ਕੁਝ ਅਹਿਦ ਕਰ ਲਿਆ ਆਪਣੇ ਵਪਾਰ ਨੂੰ ਚਮਕਾਉਣ ਦਾ, ਤਦੇ ਤਾਂ ਉਹਨਾ ਵੱਲ ਵੀ ਵਪਾਰਕ ਸੈਨਤਾਂ ਕਰਨ ਦਾ ਰਾਹ ਫੜ ਲਿਆ, "ਆ ਜਾ ਦੋਵੇਂ ਬਹਿਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ" ਖੂਬ ਨਿਭੇਗੀ, ਜਬ ਮਿਲ ਬੈਠੇਂਗੇ ਦੀਵਾਨੇ ਦੋ!!

ਨਹੀਂ ਰੀਸਾਂ ਦੇਸ਼ ਮਹਾਨ ਦੀਆਂ

. ਦੁਨੀਆਂ 'ਚ ਚਰਚਿਤ ਸਭ ਤੋਂ ਵੱਡਾ ਲੋਕਤੰਤਰ ਭਾਰਤ ਆਰਥਿਕ ਮੁਹਾਜ 'ਤੇ ਪਿਛਲ-ਖੁਰੀ ਪੁਲਾਘਾਂ ਪੁੱਟ ਰਿਹਾ ਹੈ। ਪਿਛਲੇ ਚਾਰ ਸਾਲਾਂ 'ਚ ਇਸਦੀ ਆਰਥਿਕ ਵਾਧਾ ਦਰ ਹਰ ਵਰ੍ਹੇ ਘੱਟਦੀ-ਘੱਟਦੀ 6.5 ਫੀਸਦੀ ਪੁੱਜ ਗਈ ਹੈ। ਜਦਕਿ ਖੇਤੀ ਵਿਕਾਸ ਦਰ ਜੋ ਪਿਛਲੇ ਸਾਲ 4.9 ਫੀਸਦੀ ਸੀ, ਉਹ ਘਟਕੇ 2.1 ਫੀਸਦੀ ਰਹਿ ਗਈ ਹੈ।

ਇੱਕ ਵਿਚਾਰ

ਖੁਸ਼ਹਾਲੀ ਤਦੋਂ ਆਉਂਦੀ ਹੈ, ਜਦੋਂ ਤੁਹਾਡੀ ਸੋਚ, ਤੁਹਾਡੀ ਕਹਿਣੀ ਅਤੇ ਤੁਹਾਡੇ ਕੰਮਾਂ ਵਿੱਚ ਤਾਲਮੇਲ ਹੋਵੇ........... ਮਹਾਤਮਾ ਗਾਂਧੀ

-ਫੋਨ ਨੰ: 9815802070
ਗੁਰਮੀਤ ਪਲਾਹੀ