ਸੰਯੁਕਤ ਰਾਸ਼ਟਰ ਸੰਘ – 24 ਅਕਤੂਬਰ - ਗੋਬਿੰਦਰ ਸਿੰਘ ਢੀਂਡਸਾ

ਵਿਸ਼ਵ ਸ਼ਾਂਤੀ ਅਤੇ ਵਿਸ਼ਵ ਕਲਿਆਣ ਦੇ ਮੰਤਵ ਨਾਲ ਅੰਤਰਰਾਸ਼ਟਰੀ ਪੱਧਰ ਤੇ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ ਅਤੇ ਹਰ ਸਾਲ 24 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਸੰਘ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ।

ਪਹਿਲਾ ਵਿਸ਼ਵ ਯੁੱਧ 1914 ਤੋਂ 1918 ਤੱਕ ਚੱਲਿਆ। ਪਹਿਲੇ ਵਿਸ਼ਵ ਯੁੱਧ ਬਾਅਦ ਅਮਰੀਕੀ ਰਾਸ਼ਟਰਪਤੀ ਵੁਡਰੋ ਵਿਲਸਨ ਦੀ ਪ੍ਰੇਰਨਾ ਨਾਲ 10 ਜਨਵਰੀ 1920 ਨੂੰ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ ਜਿਸਦਾ ਉਦੇਸ਼ ਭਵਿੱਖ ਵਿੱਚ ਵਿਸ਼ਵ ਯੁੱਧ ਰੋਕਣਾ ਸੀ ਪਰੰਤੂ ਰਾਸ਼ਟਰ ਸੰਘ ਅਸਫ਼ਲ ਰਿਹਾ ਅਤੇ ਦੂਜੇ ਵਿਸ਼ਵ ਯੁੱਧ (1939 ਤੋਂ 1945) ਨਾਲ ਹੀ ਸੰਗਠਨ ਸਮਾਪਤ ਹੋ ਗਿਆ।

ਦੂਜੇ ਵਿਸ਼ਵ ਯੁੱਧ ਤੋਂ ਬਾਦ ਹੋਈ ਯਾਲਟਾ ਬੈਠਕ ਦੇ ਫੈਸਲੇ ਅਨੁਸਾਰ 25 ਅਪ੍ਰੈਲ ਤੋਂ 26 ਜੂਨ 1945 ਤੱਕ ਸੈਨ ਫ੍ਰਾਂਸਿਸਕੋ ਵਿੱਚ ਸੰਯੁਕਤ ਰਾਸ਼ਟਰਾਂ ਦਾ ਸੰਮੇਲਨ ਆਯੋਜਿਤ ਹੋਇਆ। ਸੰਮੇਲਨ ਨੇ ਜਰਮਨੀ ਦੇ ਆਤਮ ਸਮੱਰਪਣ ਤੋਂ ਪਹਿਲਾਂ ਹੀ ਸੰਯੁਕਤ ਰਾਸ਼ਟਰ ਘੋਸ਼ਣਾ ਪੱਤਰ ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਜਾਪਾਨ ਦੇ ਆਤਮ ਸਮੱਰਪਣ ਤੋਂ ਪਹਿਲਾਂ 26 ਜੂਨ ਨੂੰ 50 ਦੇਸ਼ਾਂ ਨੇ ਜਿਹਨਾਂ ਵਿੱਚ ਭਾਰਤ ਵੀ ਸ਼ਾਮਿਲ ਸੀ ਇੱਕ ਘੋਸ਼ਣਾ ਪੱਤਰ ਤੇ ਦਸਤਖ਼ਤ ਕੀਤੇ। ਪੋਲੈਂਡ ਸੰਮੇਲਨ ਵਿੱਚ ਹਿੱਸਾ ਨਹੀਂ ਲੈ ਸਕਿਆ ਸੀ ਪਰੰਤੂ ਥੋੜੇ ਸਮੇਂ ਬਾਦ ਚਾਰਟਰ ਤੇ ਦਸਤਖਤ ਕਰਕੇ ਉਹ ਵੀ ਸੰਸਥਾਪਕ ਮੈਂਬਰਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਿਆ। ਇਹ ਘੋਸ਼ਣਾ ਪੱਤਰ 24 ਅਕਤੂਬਰ 1945 ਤੋਂ ਪ੍ਰਭਾਵੀ ਹੋ ਗਿਆ। ਸੰਯੁਕਤ ਰਾਸ਼ਟਰ ਘੋਸ਼ਣਾ ਪੱਤਰ ਦੀ ਮੂਲ ਲਿਖਤ ਅਮਰੀਕਾ ਦੇ ਰਾਸ਼ਟਰੀ ਪੁਰਾਲੇਖਾਗਾਰ ਵਿੱਚ ਸੁਰੱਖਿਅਤ ਰੱਖੀ ਗਈ ਹੈ। ਸੰਯੁਕਤ ਰਾਸ਼ਟਰ ਸੰਘ ਦੇ ਚਾਰਟਰ ਵਿੱਚ ਦਸ ਹਜ਼ਾਰ ਸ਼ਬਦ 111 ਧਾਰਾਵਾਂ ਅਤੇ 19 ਅਧਿਆਇ ਹਨ।

ਅਮਰੀਕਾ ਦੇ ਤੱਤਕਾਲੀਨ ਰਾਸ਼ਟਰਪਤੀ ਫ੍ਰੈਂਕਲਿਨ ਡੀ ਰੂਜਵੇਲਟ ਨੇ ਸੰਯੁਕਤ ਰਾਸ਼ਟਰ ਦਾ ਨਾਮ ਪ੍ਰਸਤਾਵਿਤ ਕੀਤਾ। ਭਾਰਤ ਦੀ ਤਰਫੋਂ ਯੂ.ਐੱਨ.ਓ. ਦੇ ਚਾਰਟਰ ਤੇ ਰਾਮਾਸਵਾਮੀ ਮੁਦਾਲੀਅਰ ਨੇ ਦਸਤਖਤ ਕੀਤੇ। ਸੰਯੁਕਤ ਰਾਸ਼ਟਰ ਦੀ ਸਥਾਪਨਾ ਵਿੱਚ ਅਹਿਮ ਯੋਗਦਾਨ ਅਮਰੀਕਾ ਦੇ ਰਾਸ਼ਟਰਪਤੀ ਫ੍ਰੈਂਕਲਿਨ ਰੂਜਵੇਲਟ, ਬ੍ਰਿਟੇਨ ਦੇ ਪ੍ਰਧਾਨਮੰਤਰੀ ਮਿਸਟਰ ਚਰਚਿਲ ਅਤੇ ਰੂਸ ਦੇ ਪ੍ਰਧਾਨਮੰਤਰੀ ਸਟਾਲਿਨ ਦਾ ਰਿਹਾ।

ਸੰਯੁਕਤ ਰਾਸ਼ਟਰ ਨੇ 19 ਦਿਸੰਬਰ 1947 ਨੂੰ ਝੰਡਾ ਸਵੀਕਾਰ ਕੀਤਾ। ਸੰਯੁਕਤ ਰਾਸ਼ਟਰ ਦਾ ਮਹਾਂ ਸਚਿਵ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਹੁੰਦਾ ਹੈ। ਅੱਜਕੱਲ ਮਹਾਂ ਸਚਿਵ ਦੇ ਤੌਰ ਤੇ ਪੁਰਤਗਾਲ ਦੇ ਅੰਟੋਨੀਓ ਗੁਟੇਰੇਸ ਕਾਰਜਸ਼ੀਲ ਹਨ। ਸੰਯੁਕਤ ਰਾਸ਼ਟਰ ਦੀ ਸਥਾਪਨਾ ਸਮੇਂ ਮਾਨਤਾ ਪ੍ਰਾਪਤ ਭਾਸ਼ਾਵਾਂ ਦੀ ਗਿਣਤੀ ਚਾਰ ਸੀ, ਅੰਗਰੇਜ਼ੀ,ਫ੍ਰੈਂਚ, ਰੂਸੀ ਅਤੇ ਚੀਨੀ ਅਤੇ 1973 ਵਿੱਚ 2 ਹੋਰ ਭਾਸ਼ਾਵਾਂ ਅਰਬੀ ਅਤੇ ਸਪੈਨਿਸ਼ ਨੂੰ ਜੋੜਿਆ ਗਿਆ। ਕਾਰਜ ਕਰਨ ਲਈ ਅੰਗਰੇਜ਼ੀ (ਬ੍ਰਿਟਿਸ਼ ਅੰਗਰੇਜ਼ੀ) ਅਤੇ ਫ੍ਰੈਂਚ ਦੀ ਵਰਤੋਂ ਕੀਤੀ ਜਾਂਦੀ ਹੈ।

ਸੰਯੁਕਤ ਰਾਸ਼ਟਰ ਦੀ ਸਥਾਪਨਾ ਸਮੇਂ ਅਸਥਾਈ ਮੁੱਖ ਦਫ਼ਤਰ ਲੇਕ ਸਕਸੈੱਸ, ਨਿਊਯਾਰਕ ਵਿੱਚ ਸੀ। ਮੌਜੂਦਾ ਸਮੇਂ ਵਿੱਚ ਸੰਯੁਕਤ ਰਾਸ਼ਟਰ ਸੰਘ ਦਾ ਮੁੱਖ ਦਫ਼ਤਰ ਮੇਨਹੈੱਟਨ, ਨਿਊਯਾਰਕ ਵਿੱਚ ਹੈ। ਜਾਨ ਡੀ. ਰਾੱਕਫੇਲਰ ਨੇ ਸੰਯੁਕਤ ਰਾਸ਼ਟਰ ਸੰਘ ਦੇ ਮੁੱਖ ਦਫ਼ਤਰ ਲਈ ਜ਼ਮੀਨ ਦਾਨ ਕੀਤੀ ਸੀ। ਨਿਊਯਾਰਕ ਭਵਨ ਦਾ ਡਿਜਾਇਨ ਹੈਰੀਸਨ ਨੇ ਬਣਾਇਆ ਸੀ। ਨਿਊਯਾਰਕ ਭਵਨ ਦਾ ਨਿਰਮਾਣ ਕਾਰਜ 1948 ਵਿੱਚ ਸ਼ੁਰੂ ਹੋਇਆ ਅਤੇ 1952 ਵਿੱਚ ਮੁੱਖ ਦਫ਼ਤਰ ਬਣ ਕੇ ਤਿਆਰ ਹੋਇਆ। ਨਿਊਯਾਰਕ ਭਵਨ 17 ਏਕੜ ਜ਼ਮੀਨ ਵਿੱਚ ਫੈਲਿਆ 39 ਮੰਜਿਲਾਂ ਹੈ।
ਸੰਯੁਕਤ ਰਾਸ਼ਟਰ ਦੇ ਮੁੱਖ ਅੰਗ ਹਨ – ਮਹਾਂਸਭਾ (General Assembly), ਸੁਰੱਖਿਆ ਪਰੀਸ਼ਦ (Security Council), ਆਰਥਿਕ ਅਤੇ ਸਮਾਜਿਕ ਪਰੀਸ਼ਦ (Economic and Social Council), ਟਰੱਟਸੀਸਿੱਪ ਕਾਉਂਸਲ, ਅੰਤਰਰਾਸ਼ਟਰੀ ਅਦਾਲਤ (International Court of Justice) ਅਤੇ ਸਕੱਤਰੇਤ (Secretariat) ਆਦਿ ਹਨ।

ਮਹਾਂਸਭਾ ਵਿੱਚ ਮੈਂਬਰ ਦੇਸ਼ਾਂ ਦਾ ਇੱਕ ਸਾਮਾਨ ਪ੍ਰਤੀਨਿਧਤਿਵ ਹੁੰਦਾ ਹੈ। ਸ਼ੁਰੂ ਵਿੱਚ 51 ਦੇਸ਼ ਮੈਂਬਰ ਸੀ ਜਦਕਿ ਮੌਜੂਦਾ ਸਮੇਂ ਦੌਰਾਨ ਇਸਦੇ ਮੈਂਬਰ ਦੇਸ਼ਾਂ ਦੀ ਗਿਣਤੀ 193 ਹੈ। ਸੰਯੁਕਤ ਰਾਸ਼ਟਰ ਦਾ 193ਵਾਂ ਮੈਂਬਰ ਦੇਸ਼ ਦੱਖਣੀ ਸੂਡਾਨ ਹੈ ਜੋ 14 ਜੁਲਾਈ 2011 ਵਿੱਚ ਮੈਂਬਰ ਬਣਿਆ। ਮਹਾਂਸਭਾ ਦੀ ਪ੍ਰਧਾਨਗੀ ਇੱਕ ਮਹਾਂ ਸਚਿਵ ਦੁਆਰਾ ਕੀਤੀ ਜਾਂਦੀ ਹੈ ਜੋ ਕਿ ਮੈਂਬਰ ਦੇਸ਼ਾਂ ਅਤੇ 21 ਉੱਪ ਪ੍ਰਧਾਨਾਂ ਦੁਆਰਾ ਚੁਣੇ ਜਾਂਦੇ ਹਨ। ਮਹਾਂਸਭਾ ਵਿੱਚ ਸਾਧਾਰਣ ਮੁੱਦਿਆਂ ਤੇ ਫੈਸਲੇ ਲੈਣ ਲਈ ਦੋ ਤਿਹਾਈ ਬਹੁਮਤ ਜ਼ਰੂਰੀ ਹੁੰਦੀ ਹੈ। ਮਹਾਂਸਭਾ ਦੀ ਬੈਠਕ ਹਰ ਸਾਲ ਸਿਤੰਬਰ ਮਹੀਨੇ ਵਿੱਚ ਹੁੰਦੀ ਹੈ। ਮਹਾਂਸਭਾ ਦੀ ਪਹਿਲੀ ਮਹਿਲਾ ਪ੍ਰਧਾਨ ਸ੍ਰੀਮਤੀ ਵਿਜੇ ਲਕਸ਼ਮੀ ਪੰਡਿਤ ਸੀ ਜੋ ਕਿ ਭਾਰਤੀ ਸੀ।

ਸੁਰੱਖਿਆ ਪ੍ਰੀਸ਼ਦ ਨੂੰ ਦੁਨੀਆਂ ਦਾ ਪੁਲਿਸਮੈਨ ਵੀ ਕਿਹਾ ਜਾਂਦਾ ਹੈ। ਸੁਰੱਖਿਆ ਪਰੀਸ਼ਦ ਵਿੱਚ ਅਮਰੀਕਾ, ਰੂਸ, ਬ੍ਰਿਟੇਨ, ਫ੍ਰਾਂਸ ਅਤੇ ਚੀਨ ਪੰਜ ਸਥਾਈ ਮੈਂਬਰ ਹਨ। ਇਸ ਤੋਂ ਇਲਾਵਾ 10 ਹੋਰ ਅਸਥਾਈ ਮੈਂਬਰਾਂ ਦੀ ਚੋਣ ਸਾਧਾਰਨ ਸਭਾ ਕਰਦੀ ਹੈ ਅਤੇ ਇਹਨਾਂ ਦਾ ਕਾਰਜਕਾਲ 2 ਸਾਲ ਦਾ ਹੁੰਦਾ ਹੈ। ਸਥਾਈ ਮੈਂਬਰਾਂ ਨੂੰ ਵੀਟੋ ਦਾ ਅਧਿਕਾਰ ਪ੍ਰਾਪਤ ਹੈ। ਵੀਟੋ ਦੀ ਸਭ ਤੋਂ ਵੱਧ ਵਾਰ ਵਰਤੋਂ ਰੂਸ ਨੇ ਕੀਤੀ ਹੈ।

ਅੰਤਰਰਾਸ਼ਟਰੀ ਅਦਾਲਤ ਹੇਗ (ਹਾਲੈਂਡ) ਵਿੱਚ ਸਥਿਤ ਹੈ। ਸੰਯੁਕਤ ਰਾਸ਼ਟਰ ਸੰਘ ਦੀਆਂ ਵੱਖੋ ਵੱਖਰੇ ਖੇਤਰਾਂ ਨਾਲ ਸੰਬੰਧਤ ਕੁਝ ਵਿਸ਼ੇਸ਼ ਏਜੰਸੀਆਂ ਅਤੇ ਸੰਤੁਤਰ ਸੰਸਥਾਵਾਂ ਵੀ ਹਨ ਜਿਵੇਂ ਕਿ ਯੂਨੀਸੇਫ਼, ਯੂਨੈਸਕੋ, ਅੰਤਰਰਾਸ਼ਟਰੀ ਮੌਨਿਟਰੀ ਫੰਡ, ਐੱਫ.ਏ.ਓ., ਆਈ.ਏ.ਈ.ਸੀ., ਆਈ.ਐੱਮ.ਓ., ਯੂ.ਐੱਨ.ਈ.ਪੀ., ਆਈ.ਟੀ.ਯੂ., ਡਬਲਿਯੂ.ਟੀ.ਓ., ਡਬਲਿਯੂ.ਐੱਫ.ਪੀ., ਡਬਲਿਯੂ.ਆਈ.ਪੀ.ਓ., ਵਿਸ਼ਵ ਮੌਸਮ ਸੰਗਠਨ, ਯੂਨੀਵਰਸਲ ਪੋਸਟਲ ਯੂਨੀਅਨ, ਸੰਯੁਕਤ ਰਾਸ਼ਟਰ ਉਦਯੋਗਿਕ ਵਿਕਾਸ ਸੰਗਠਨ, ਅੰਤਰਰਾਸ਼ਟਰੀ ਮਜ਼ਦੂਰ ਸੰਘ, ਵਿਸ਼ਵ ਬੈਂਕ, ਵਿਸ਼ਵ ਸਿਹਤ ਸੰਗਠਨ ਆਦਿ ਜੋ ਕਿ ਵੱਖੋ ਵੱਖਰੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ।

ਸੰਯੁਕਤ ਰਾਸ਼ਟਰ ਸੰਘ ਵਿਸ਼ਵ ਪੱਧਰ ਤੇ ਸਕਰਾਤਮਕ ਪ੍ਰਭਾਵ ਪਾ ਰਿਹਾ ਹੈ। ਮੌਸਮੀ ਬਦਲਾਅ, ਲੋਕਤੰਤਰ, ਰਫਿਊਜੀ ਅਤੇ ਅਪ੍ਰਵਾਸੀ, ਵਿਸ਼ਵ ਸਿਹਤ ਸੰਕਟ, ਆਤੰਕਵਾਦ ਨਾਲ ਮੁਕਾਬਲਾ ਅਤੇ ਹੋਰ ਵਿਸ਼ਵ ਵਿਆਪੀ ਸਮੱਸਿਆਵਾਂ ਅਤੇ ਮੁੱਦਿਆਂ ਉੱਪਰ ਸਕਰਾਤਮਕਤਾ ਨਾਲ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ – ਬਰੜ੍ਹਵਾਲ ਲੰਮਾ ਪੱਤੀ
ਤਹਿਸੀਲ – ਧੂਰੀ (ਸੰਗਰੂਰ)
ਈਮੇਲ  bardwal.gobinder@gmail.com

15 Oct. 2018