ਧੀਮੀ ਮੌਤ ਦੇ ਪ੍ਰਕੋਪ ਹੇਠ ਤਾਂ ਨਹੀਂ ਜਿਉਂ ਰਹੇ ਅਸੀਂ ? - ਗੁਰਚਰਨ ਸਿੰਘ ਨੂਰਪੁਰ

ਹੁਣ ਅਸੀਂ ਜਦੋਂ ਵੀ ਆਪਣੇ ਆਹਾਰ ਲਈ ਬਾਜ਼ਾਰ ਚੋਂ ਕੁਝ ਖਰੀਦਣ ਜਾਂਦੇ ਹਾਂ ਤਾਂ ਕੁਝ ਕੁ ਮਾਤਰਾ ਜ਼ਹਿਰ ਦੀ ਵੀ ਖ਼ਰੀਦ ਕੇ ਲਿਆਉਂਦੇ ਹਾਂ। ਮਨੁੱਖ ਦੇ ਲਾਲਚਾਂ ਖ਼ੁਦਗਰਜ਼ੀਆਂ ਅਤੇ ਮੁਨਾਫ਼ਿਆਂ ਦੀ ਬਦੌਲਤ ਅਸੀਂ ਸਾਰੇ ਧੀਮੀ ਮੌਤ ਮਰ ਰਹੇ ਹਾਂ ਅਤੇ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਾਂ। ਹਰ ਸਾਲ ਹਜ਼ਾਰਾਂ ਟਨ ਸਪਰੇਅ ਕੀਟਾਂ ਨੂੰ ਮਾਰਨ ਲਈ ਫ਼ਸਲਾਂ, ਅਨਾਜਾਂ ਅਤੇ ਫਲਾਂ 'ਤੇ ਕੀਤੀ ਜਾਂਦੀ ਹੈ। ਜ਼ਹਿਰਾਂ ਦੇ ਛਿੜਕਾਅ ਲਈ ਛੋਟੀਆਂ ਹੱਥ ਨਾਲ ਚੱਲਣ ਵਾਲੀਆਂ ਮਸ਼ੀਨਾਂ ਦਾ ਯੁੱਗ ਬੀਤ ਰਿਹਾ ਹੈ। ਹੁਣ ਦਵਾਈਆਂ ਦੇ ਛਿੜਕਾਅ ਲਈ ਹੈਲੀਕਾਪਟਰਾਂ ਦੀ ਵਰਤੋਂ ਹੋਣ ਲੱਗੀ ਹੈ। ਭਾਰਤ ਵਿਚ ਹੀ ਨਹੀਂ ਦੁਨੀਆ ਦੇ ਵਿਕਸਤ ਦੇਸ਼ਾਂ ਵਿਚ ਵੀ ਕੀਟਨਾਸ਼ਕਾਂ ਦੇ ਬੁਰੇ ਪ੍ਰਭਾਵਾਂ ਨੂੰ ਪ੍ਰਤੱਖ ਦੇਖਿਆ ਜਾ ਸਕਦਾ ਹੈ। ਅਨਾਜ, ਫਲ, ਸਬਜ਼ੀਆਂ ਭਵਿੱਖ ਵਿਚ ਅਮੀਰਾਂ ਲਈ ਹੋਰ ਤੇ ਗਰੀਬਾਂ ਲਈ ਹੋਰ ਹੋਣਗੀਆਂ। ਪੂਰੀ ਦੁਨੀਆ ਵਿਚ ਜੇਕਰ ਕੀਟਨਾਸ਼ਕ ਬਣਾਉਣ ਦਾ ਸਾਰਾ ਕਾਰੋਬਾਰ ਬੰਦ ਹੋ ਜਾਵੇ ਤਾਂ ਵੀ ਸਾਡੀ ਇਹ ਧਰਤੀ ਮਨੁੱਖਾਂ ਸਮੇਤ ਸਭ ਜੀਵਾਂ ਲਈ ਢੁੱਕਵੀਂ ਖ਼ੁਰਾਕ ਪੈਦਾ ਕਰਨ ਦੇ ਸਮਰੱਥ ਹੈ। ਵਿਕਸਿਤ ਦੇਸ਼ਾਂ ਸਮੇਤ ਦੁਨੀਆ ਦੇ ਹੋਰ ਮੁਲਕਾਂ ਵਿਚ ਵੀ ਜ਼ਹਿਰਾਂ ਦੀ ਖਪਤ ਦਾ ਵਰਤਾਰਾ ਆਮ ਕਿਉਂ ਹੋ ਗਿਆ ਹੈ? ਸਾਨੂੰ ਸਮਝਣਾ ਹੋਵੇਗਾ ਕਿ ਇਸ ਪਿੱਛੇ ਖਾਸ ਕਾਰਨ ਕੀ ਹਨ?
      ਸੰਨ 1962 ਵਿਚ ਅਮਰੀਕੀ ਲੇਖਕਾ ਤੇ ਵਿਗਿਆਨੀ ਰਿਚਲ ਕਾਰਸਨ ਦੀ ਕਿਤਾਬ ਆਈ 'ਸਾਇਲੈਂਟ ਸਪਰਿੰਗ।' ਸਾਇਲੈਂਟ ਸਪਰਿੰਗ ਦਾ ਅਰਥ ਇਹ ਲਿਆ ਜਾਂਦਾ ਹੈ ਕਿ ਭਵਿੱਖ ਵਿਚ ਬਸੰਤ ਤਾਂ ਹੋਵੇਗੀ ਪਰ ਇਹ ਖਾਮੋਸ਼ ਹੋਵੇਗੀ। ਬਹਾਰ ਹੋਵੇਗੀ ਪਰ ਚਿੜੀਆਂ ਨਹੀਂ ਗਾਉਣਗੀਆਂ। ਇਸ ਕਿਤਾਬ ਨਾਲ ਪੂਰੀ ਦੁਨੀਆਂ ਵਿਚ ਤਹਿਲਕਾ ਮਚ ਗਿਆ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਡੀ ਡੀ ਟੀ ਅਤੇ ਹੋਰ ਕੀਟਨਾਸ਼ਕ ਵਰਤੋਂ ਵਿਚ ਲਿਆਂਦੇ ਗਏ। ਦੂਜੇ ਵਿਸ਼ਵ ਯੁੱਧ ਵਿਚ ਲੜਾਕੇ ਜਿੱਥੇ ਦੂਰ ਦੁਰਾਡੇ ਜੰਗਲੀ ਇਲਾਕਿਆਂ ਵਿਚ ਤੰਬੂ ਲਾ ਕੇ ਰਹਿੰਦੇ ਸਨ ਜਾਂ ਹੋਰ ਯੁੱਧ ਲੜਨ ਵਾਲੀਆਂ ਕਠਨ ਥਾਵਾਂ 'ਤੇ ਜਾਂਦੇ ਸਨ, ਉੱਥੇ ਉਹ ਮੱਛਰਾਂ, ਮੱਖੀਆਂ ਅਤੇ ਛੋਟੇ ਕੀੜੇ ਮਕੌੜਿਆਂ ਨੂੰ ਮਾਰਨ ਲਈ ਇਨ੍ਹਾਂ ਕੈਮੀਕਲਾਂ ਦੀ ਵਰਤੋਂ ਕਰਦੇ ਸਨ। ਸੰਨ 1945 ਵਿਚ ਯੁੱਧ ਖ਼ਤਮ ਹੋ ਗਿਆ ਤੇ ਇਹ ਵੱਡੀ ਰਸਾਇਣਕ ਸਨਅਤ ਅਤੇ ਇਸ ਦੀ ਪੈਦਾਵਾਰ ਪੂਰੀ ਤਰ੍ਹਾਂ ਬੇਲੋੜੀ ਹੋ ਗਈ। ਅਮਰੀਕਾ ਦੇ ਨੀਤੀ ਘਾੜਿਆਂ ਨੇ ਸੋਚਿਆ ਕਿ ਇੰਨਾ ਵੱਡਾ ਸਰਮਾਇਆ ਲਾ ਕੇ ਇਹ ਸਨਅਤ ਖੜ੍ਹੀ ਕੀਤੀ ਹੈ ਇਹ ਸਭ ਕੁਝ ਬਰਬਾਦ ਹੋ ਜਾਵੇਗਾ ਤਾਂ ਬੜੀ ਘਾਟੇ ਵਾਲੀ ਗੱਲ ਹੋਵੇਗੀ। ਸੋਚ ਵਿਚਾਰ ਮਗਰੋਂ ਮੁਨਾਫ਼ੇ ਦੀ ਹਵਸ ਨੇ ਇਸ ਨੂੰ ਰੋਜ਼ਾਨਾਂ ਜੀਵਨ ਦੀ ਲੋੜ ਬਣਾਉਣ ਦੀ ਖ਼ਤਰਨਾਕ ਖੇਡ ਖੇਡਣੀ ਸ਼ੁਰੂ ਕੀਤੀ। ਇਨ੍ਹਾਂ ਫੈਕਟਰੀਆਂ ਵਿਚ ਬਣਦੇ ਰਸਾਇਣਾਂ ਦੀ ਵਰਤੋਂ ਖੇਤਾਂ ਵਿਚਲੇ ਕੀਟ ਪਤੰਗੇ ਕੀੜੇ ਮਕੌੜਿਆਂ ਨੂੰ ਮਾਰਨ ਲਈ ਕੀਤੀ ਜਾਣ ਲੱਗੀ। ਕੁਝ ਹੀ ਸਾਲਾਂ ਵਿਚ ਇਹ ਪਹਿਲਾਂ ਨਾਲੋਂ ਹਜ਼ਾਰ ਗੁਣਾਂ ਵਧ ਇੱਕ ਵੱਡੀ ਸਨਅਤ ਬਣ ਗਈ। ਪੂਰੀ ਦੁਨੀਆਂ ਵਿਚ ਇਸ ਦਾ ਵੱਡੀ ਪੱਧਰ 'ਤੇ ਪ੍ਰਚਾਰ ਕੀਤਾ ਗਿਆ। ਪ੍ਰਚਾਰ ਇਹ ਵੀ ਕੀਤਾ ਗਿਆ ਕਿ ਇਨ੍ਹਾਂ ਰਸਾਇਣਕ ਸਪਰੇਆਂ ਨਾਲ ਫਸਲਾਂ ਦੀ ਪੈਦਾਵਾਰ ਵਧ ਰਹੀ ਹੈ। ਇਹ ਪ੍ਰਚਾਰ ਵੀ ਕੀਤਾ ਗਿਆ ਕਿ ਇਸ ਦਾ ਤੁਰੰਤ ਫਾਇਦਾ ਮਿਲ ਰਿਹਾ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਅਨਾਜ ਪੈਦਾ ਕਰਨ ਵਾਲੀ ਜੋ ਮਿੱਟੀ ਸੀ ਉਹ ਜ਼ਹਿਰੀਲੀ ਹੋ ਗਈ। ਸਾਡੀ ਭੋਜਨ ਲੜੀ ਪੂਰੀ ਤਰ੍ਹਾਂ ਗੜਬੜਾ ਗਈ। ਪੈਦਾਵਾਰ ਕੁਝ ਹੱਦ ਤੱਕ ਵਧ ਵੀ ਗਈ। ਪਰ ਭੋਜਨ ਲੜੀ ਵਿਚ ਜ਼ਹਿਰਾਂ ਦਾ ਪ੍ਰਵੇਸ਼ ਹੋ ਗਿਆ। ਰਿਚਲ ਨੇ ਆਪਣੀ ਕਿਤਾਬ ਵਿਚ ਪੂਰੀ ਦੁਨੀਆਂ ਨੂੰ ਦੱਸਿਆ ਕਿ ਰਸਾਇਣਕ ਜ਼ਹਿਰਾਂ ਦੀ ਪੈਦਾਵਾਰ ਕਰਕੇ ਅਸੀਂ ਸਾਰੇ ਇੱਕ ਧੀਮੀ ਮੌਤ ਵੱਲ ਵਧ ਰਹੇ ਹਾਂ। ਇਹ ਧਰਤੀ ਦੇ ਜੀਵਨ ਲਈ ਖ਼ਤਰਨਾਕ ਹੈ। ਇਹ ਕਿਤਾਬ ਜੋ ਅੱਜ ਦੇ ਸਮੇਂ ਵਿਚ ਪਹਿਲਾਂ ਨਾਲੋਂ ਵਧੇਰੇ ਸਾਰਥਕ ਹੈ ਦੇ ਛਪਣ ਮਗਰੋਂ ਰਿਚਲ ਨੂੰ ਰਸਾਇਣਕ ਸਨਅਤ ਵਲੋਂ ਮੌਤ ਦੀਆਂ ਧਮਕੀਆਂ ਮਿਲਣ ਲੱਗੀਆਂ। ਉਹਨੂੰ ਇਹ ਵੀ ਕਿਹਾ ਗਿਆ ਕਿ ਉਹ ਇੱਕ ਪਾਗਲ ਔਰਤ ਹੈ। ਉਸ ਸਮੇਂ ਦੇ ਰਾਸ਼ਟਰਪਤੀ ਜੌਹਨ ਕੈਨੇਡੀ ਨੇ ਖੁਦ ਉਹ ਕਿਤਾਬ ਪੜ੍ਹੀ। ਇਸ ਕਿਤਾਬ ਨੇ ਕਰੋੜਾਂ ਲੋਕਾਂ ਦੀ ਸੋਚ ਬਦਲੀ। ਅਮਰੀਕਾ ਅਤੇ ਯੂਰਪ ਵਿਚ ਇਸ ਸਮੇਂ ਜੋ ਵਾਤਾਵਰਨ ਦਾ ਚਿੰਤਨ ਸ਼ੁਰੂ ਹੋਇਆ ਉਸਦਾ ਸਰੋਤ ਰਿਚਲ ਕਾਰਸਨ ਦੀ ਇਹੋ ਕਿਤਾਬ ਹੈ। ਪ੍ਰਦੂਸ਼ਣ ਦੇ ਮਾਰੂ ਪ੍ਰਭਾਵ ਹੌਲੀ ਹੌਲੀ ਜਨ ਜੀਵਨ 'ਤੇ ਅਸਰ ਕਰਦੇ ਹਨ ਅਤੇ ਇਹ ਇੱਕ ਖਿੱਤੇ ਤੋਂ ਹੋਰ ਅਗਾਂਹ ਫੈਲਣ ਲਗਦੇ ਹਨ।
     ਕੀਟਨਾਸ਼ਕਾਂ ਦੀ ਅੰਨ੍ਹੀ ਵਰਤੋਂ ਦਾ ਨਤੀਜਾ ਇਹ ਹੈ ਕਿ ਇਹ ਹੁਣ ਸਾਡੀ ਭੋਜਨ ਲੜੀ, ਮਨੁੱਖ ਅਤੇ ਹੋਰ ਜੀਵ ਜੰਤੂਆਂ, ਜਲਜੀਵਾਂ ਇੱਥੋਂ ਤੱਕ ਕਿ ਮਾਂ ਦੇ ਦੁੱਧ ਵਿਚ ਵੀ ਸ਼ਾਮਿਲ ਹੋ ਚੁੱਕੇ ਹਨ। ਕੀਟ ਨਾਸ਼ਕਾਂ ਦੀ ਅੰਨ੍ਹੀ ਵਰਤੋਂ ਬੱਚਿਆਂ ਦੇ ਦਿਮਾਗ ਅਤੇ ਸਰੀਰ 'ਤੇ ਵੱਖਰੀ ਵੱਖਰੀ ਤਰ੍ਹਾਂ ਦੇ ਪ੍ਰਭਾਵ ਪਾ ਰਹੀ ਹੈ, ਅੱਜ ਦੇ ਦੌਰ ਵਿਚ ਫਲ ਸਬਜ਼ੀਆਂ ਅਨਾਜ ਜੋ ਵੀ ਅਸੀਂ ਖਾ ਰਹੇ ਹਾਂ ਉਸ ਵਿਚ ਕੀਟ ਨਾਸ਼ਕਾਂ ਦੇ ਕੁਝ ਨਾ ਕੁਝ ਅੰਸ਼ ਜ਼ਰੂਰ ਹੁੰਦੇ ਹਨ। ਇਹ ਕੀਟਨਾਸ਼ਕ ਹੌਲੀ ਹੌਲੀ ਸਾਡੇ ਸਰੀਰ ਵਿਚ ਜਮ੍ਹਾਂ ਹੁੰਦੇ ਹਨ ਅਤੇ ਮਗਰੋਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਕਰਦੇ ਹਨ। ਕੀਟਨਾਸ਼ਕਾਂ ਨੂੰ ਛੁਹਣ, ਸੁੰਘਣ ਨਾਲ ਵੀ ਸਾਡੇ (ਸੈਂਟਰਲ ਨਰਵਸ ਸਿਸਟਮ) ਸਰੀਰ ਦੀ ਕੇਂਦਰੀ ਤੰਤਰ ਪ੍ਰਣਾਲੀ 'ਤੇ ਬੁਰੇ ਪ੍ਰਭਾਵ ਪੈਂਦੇ ਹਨ। ਇਸ ਨਾਲ ਸਰੀਰ ਦੇ ਮਹੱਤਵ ਪੂਰਨ ਅੰਗ ਜਿਵੇਂ ਫੇਫੜੇ, ਗੁਰਦੇ,ਦਿਲ, ਲਿਵਰ ਸਬੰਧੀ ਬਿਮਾਰੀਆਂ ਪੈਦਾ ਹੋਣ ਲਗਦੀਆਂ ਹਨ। ਇਸ ਨਾਲ ਕਈ ਤਰ੍ਹਾਂ ਦੇ ਕੈਂਸਰ ਵੀ ਪੈਦਾ ਹੋਣ ਲਗਦੇ ਹਨ। ਇੱਥੋਂ ਤੱਕ ਛੋਟੇ ਬੱਚਿਆਂ ਨੂੰ ਕੈਂਸਰ ਅਤੇ ਚਮੜੀਆਂ ਸਬੰਧੀ ਬਿਮਾਰੀਆਂ ਹੋਣ ਲਗਦੀਆਂ ਹਨ। ਪਿਛਲੇ ਕੁਝ ਦਹਾਕਿਆਂ ਤੋਂ ਕੀਟਨਾਸ਼ਕਾਂ ਦੀ ਵਰਤੋਂ ਕਈ ਗੁਣਾਂ ਵਧ ਗਈ ਹੈ। ਕੀਟਨਾਸ਼ਕਾਂ ਦੀ ਅੰਨ੍ਹੀ ਵਰਤੋਂ ਨੇ ਧਰਤੀ ਦੇ ਨਾਜ਼ੁਕ ਤਾਣੇ ਬਾਣੇ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ। ਇਸ ਨਾਲ ਕੀਟ ਪਤੰਗੇ ਫਸਲਾਂ ਲਈ ਸਹਿਯੋਗ ਕਰਨ ਵਾਲੇ ਛੋਟੇ ਜੀਵ ਜੰਤੂ ਵੀ ਹਾਨੀਕਾਰਕ ਕੀਟ ਪਤੰਗਾਂ ਤੋਂ ਇਲਾਵਾ ਫ਼ਸਲਾਂ ਲਈ ਪ੍ਰਭਾਵਿਤ ਹੋਏ ਹਨ। ਪਸ਼ੂ ਪੰਛੀ ਅਤੇ ਜਲ ਜੀਵ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇੱਕ ਬਰੀਕ ਗੱਲ ਜਿਸ ਨੂੰ ਸਮਝਿਆ ਨਹੀਂ ਜਾ ਰਿਹਾ ਉਹ ਇਹ ਹੈ ਕਿ ਪਰਾਂਗਣ ਕਰਨ ਵਾਲੇ ਜੀਵ ਜਿਵੇਂ ਮਧੂਮੱਖੀਆਂ ਤਿਤਲੀਆਂ ਕੀਟਨਾਸ਼ਕਾਂ ਦੀ ਅੰਨ੍ਹੀ ਵਰਤੋਂ ਨਾਲ ਵੱਡੀ ਗਿਣਤੀ ਵਿਚ ਮਰ ਜਾਂਦੇ ਹਨ। ਇਸ ਨਾਲ ਫਸਲਾਂ ਅਤੇ ਫਲਾਂ ਦੇ ਉਤਪਾਦਨ 'ਤੇ ਉਲਟਾ ਪ੍ਰਭਾਵ ਵੀ ਪੈਂਦਾ ਹੈ। ਦੂਜੀ ਸਮਝਣ ਵਾਲੀ ਗੱਲ ਇਹ ਹੈ ਕਿ ਖ਼ਤਰਨਾਕ ਕੀਟਨਾਸ਼ਕਾਂ ਦੇ ਛਿੜਕਾਅ ਦੇ ਬਾਵਜੂਦ ਵੀ ਕੁਝ ਕੀਟ ਪਤੰਗੇ ਕੁਝ ਵਿਸ਼ੇਸ਼ ਕਾਰਨਾਂ ਕਰਕੇ ਬਚੇ ਰਹਿ ਜਾਂਦੇ ਹਨ ਅਤੇ ਇਹ ਆਪਣੀ ਅਗਲੀ ਨਸਲ ਵਿਚ ਪ੍ਰਤੀਰੋਧਕ ਸ਼ਕਤੀ ਪੈਦਾ ਕਰ ਲੈਂਦੇ ਹਨ ਅਤੇ ਇਨ੍ਹਾਂ 'ਤੇ ਕੀਟਨਾਸ਼ਕ ਬੇਅਸਰ ਹੋਣ ਲਗਦੇ ਹਨ। ਕੀਟਨਾਸ਼ਕਾਂ ਦੇ ਹਵਾ ਵਿਚ ਮਿਲਦੇ ਅੰਸ਼ ਧਰਤੀ ਉਪਰਲੇ ਜੀਵਨ ਨੂੰ ਧੀਮੀ ਮੌਤ ਬਣ ਕੇ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ। ਮਿੱਟੀ ਵਿਚ ਪਏ ਇਨ੍ਹਾਂ ਦੇ ਅੰਸ਼ ਧਰਤੀ ਹੇਠਲੇ ਪਾਣੀ ਦੇ ਨਾਲ ਬਾਰਸ਼ਾਂ ਦੇ ਪਾਣੀ ਨਾਲ ਨਦੀਆਂ ਨਾਲਿਆਂ ਵਿਚ ਜਾ ਮਿਲਦੇ ਹਨ ਅਤੇ ਦਰਿਆਈ ਤੇ ਸਮੁੰਦਰੀ ਪਾਣੀਆਂ ਨੂੰ ਪ੍ਰਭਾਵਿਤ ਕਰ ਰਹੇ ਹਨ। ਪਾਣੀ ਦੇ ਪਲੀਤ ਹੋਣ ਨਾਲ ਮਨੁੱਖ ਸਮੇਤ ਦੂਜੇ ਜੀਅ ਜੰਤ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ।
      ਸੰਨ 2011 ਤੱਕ ਕੇਰਲਾ ਪ੍ਰਦੇਸ਼ ਦੇ ਕਾਸਰਗੋੜ ਨਾਮੀ ਜ਼ਿਲੇ ਵਿਚ ਕਾਜੂਆਂ ਦੇ ਬਾਗਾਂ 'ਤੇ ਇੰਡੋਸਲਫਾਨ ਨਾਮਕ ਦਵਾਈ ਦਾ ਛਿੜਕਾਅ ਵੱਡੀ ਮਾਤਰਾ ਵਿਚ ਹੁੰਦਾ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਇੱਥੇ ਪੂਰੇ ਇਲਾਕੇ ਵਿਚ ਛੋਟੇ ਬੱਚਿਆਂ ਨੂੰ ਅਜੀਬੋ-ਗਰੀਬ ਬਿਮਾਰੀਆਂ ਹੋਣ ਲੱਗੀਆਂ। ਬੱਚੇ ਵਿਕਲਾਂਗ ਪੈਦਾ ਹੋਣ ਲੱਗੇ ਸਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਜ਼ਹਿਰੀਲੇ ਵਾਤਾਵਰਨ ਕਾਰਨ ਕਿੰਨੇ ਹੀ ਅਜਿਹੇ ਪੰਛੀ ਸਨ, ਜਿਨ੍ਹਾਂ ਤੋਂ ਪੰਜਾਬ ਦੀ ਧਰਤੀ ਅੱਜ ਵਿਰਵੀ ਹੋ ਗਈ ਹੈ। ਇੱਥੇ ਪਹਾੜੀ ਕਾਂ, ਬਾਜ, ਸ਼ਿਕਰੇ, ਇੱਲਾਂ, ਗਿਰਜਾਂ, ਉੱਲੂ, ਕਿੱਲੀ ਠੋਕੇ, ਗਟਾਰਾਂ, ਬਿਜੜੇ, ਹਰਿਅਲ ਆਦਿ ਹੋਰ ਕਿੰਨੇ ਹੀ ਪੰਛੀ ਸਨ ਜੋ ਨਹੀਂ ਦਿਸਦੇ ਜੇਕਰ ਦਿਸਦੇ ਵੀ ਹਨ ਤਾਂ ਵਿਰਲੇ ਟਾਵੇਂ ਨਜ਼ਰੀਂ ਪੈਂਦੇ ਹਨ। ਅਖੌਤੀ ਵਿਕਾਸ ਅਤੇ ਸਾਡੀਆਂ ਸਿਆਣਪਾਂ ਨੇ ਕਈ ਪਰਿੰਦਿਆਂ ਦਾ ਨਸਲਘਾਤ ਕਰ ਦਿੱਤਾ ਹੈ। ਸਾਡੀ ਵਿਰਾਸਤ ਤੇ ਫਲਸਫਾ ਸਾਨੂੰ ਸਰਬੱਤ ਦਾ ਭਲਾ ਮੰਗਣ ਦੀ ਤਾਗੀਦ ਕਰਦਾ ਹੈ। ਕੁਦਰਤ ਦਾ ਸਤਿਕਾਰ ਕਰਨਾ ਇਸ ਦੇ ਸਰੋਤਾਂ ਨੂੰ ਸੰਭਾਲਣਾ ਸਾਡੀ ਸੰਸਕ੍ਰਿਤੀ ਵਿਚ ਹੀ ਨਹੀਂ ਬਲਕਿ ਸਾਡੇ ਸੰਵਿਧਾਨ ਦੀ ਵੀ ਮੁੱਖ ਤਰਜੀਹ ਹੈ।
      ਜ਼ਹਿਰਾਂ ਦਾ ਪ੍ਰਕੋਪ ਹੁਣ ਹਵਾ ਜਾਂ ਕੁਝ ਖਾਸ ਇਲਾਕਿਆਂ ਤੱਕ ਹੀ ਨਹੀਂ ਬਲਕਿ ਇਹ ਫੈਕਟਰੀਆਂ ਤੋਂ ਸ਼ੁਰੂ ਹੋ ਸਾਡੀਆਂ ਖਾਣੇ ਦੀਆਂ ਪਲੇਟਾਂ ਤੱਕ ਹੈ। ਸਮੇਂ ਦੀ ਮੰਗ ਹੈ ਕਿ ਅਸੀਂ ਜ਼ਹਿਰਾਂ ਤੋਂ ਮੁਕਤ ਖੇਤੀ ਕਰੀਏ। ਸਾਡੀਆਂ ਸਰਕਾਰਾਂ ਨੂੰ ਇਸ ਲਈ ਵੱਡੇ ਉਪਰਾਲੇ ਕਰਨੇ ਹੋਣਗੇ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਚੌਗਿਰਦੇ ਨੂੰ ਸ਼ੁੱਧ ਰੱਖਣ ਲਈ ਵਾਤਾਵਰਨ ਨੂੰ ਪਲੀਤ ਕਰਨ ਤੋਂ ਗੁਰੇਜ਼ ਕਰੀਏ। ਅੱਜ ਲੋੜ ਹੈ ਅਸੀਂ ਖੇਤਾਂ ਦੇ ਬੰਨਿਆਂ ਤੇ ਰੁੱਖ ਲਾਈਏ, ਇਹ ਰੁੱਖ ਵੱਡੇ ਹੋਣਗੇ ਤੇ ਪੰਛੀਆਂ ਨੂੰ ਬੁਲਾਵੇ ਦੇਣਗੇ। ਪੰਛੀ ਤੇ ਰੁੱਖ ਖੇਤੀ ਦੇ ਦੁਸ਼ਮਣ ਨਹੀਂ ਬਲਕਿ ਸਭ ਤੋਂ ਵੱਡੇ ਸਹਾਇਕ ਹਨ। ਪੰਛੀ ਫਸਲਾਂ ਨੂੰ ਪੈਣ ਵਾਲੀਆਂ ਸੁੰਡੀਆਂ ਖਾਂਦੇ ਹਨ। ਅੱਜ ਲੋੜ ਹੈ ਅਸੀਂ ਮਾਨਵਤਾ ਦੀ ਭਲਾਈ ਲਈ ਰਸਾਇਣਾਂ ਦੀ ਵਰਤੋਂ 'ਤੇ ਰੋਕ ਲਾਈਏ ਤੇ ਇਸ ਧਰਤੀ ਨੂੰ ਜੀਵ ਜੰਤੂਆਂ ਅਤੇ ਮਨੁੱਖਾਂ ਦੇ ਰਹਿਣ ਲਾਇਕ ਬਣਾਈਏ। ਰਸਾਇਣਾਂ ਅਤੇ ਕੀਟਨਾਸ਼ਕਾਂ ਤੋਂ ਬਗੈਰ ਵੀ ਚੰਗੀ ਨਰੋਈ ਖੇਤੀ ਹੋ ਸਕਦੀ ਹੈ ਜਿਨ੍ਹਾਂ ਨੇ ਯਤਨ ਕੀਤੇ ਹਨ ਉਹ ਇਸ ਵਿਚ ਸਫ਼ਲ ਵੀ ਹੋਏ ਹਨ। ਅੱਜ ਸੋਚਣ ਦੀ ਲੋੜ ਹੈ ਕਿ ਪੌਣ-ਪਾਣੀ ਤੇ ਹਵਾ ਨੂੰ ਪਲੀਤ ਕਰਕੇ ਅਸੀਂ ਆਪਣੇ ਪੈਰਾਂ 'ਤੇ ਆਪ ਕੁਹਾੜਾ ਤਾਂ ਨਹੀਂ ਮਾਰ ਰਹੇ?
ਸੰਪਰਕ - ਜ਼ੀਰਾ ਮੋ:  - 98550-51099