ਇਤਹਾਸ ਆਪਣੇ ਆਪ ਨੂੰ ਦੁਹਰਾਉਂਦਾ ਜਾਪਦੈ, ਆਉ ਪੰਜਾਬ ਦੀ ਸੁੱਖ ਮੰਗੀਏ - ਜਤਿੰਦਰ ਪਨੂੰ

ਇਤਹਾਸ ਆਪਣੇ ਆਪ ਨੂੰ ਕਈ ਵਾਰ ਦੁਹਰਾਉਂਦਾ ਹੈ, ਪਰ ਹਰ ਵਾਰੀ ਨਵੇਂ ਰੰਗ ਵਿੱਚ ਪੇਸ਼ ਹੁੰਦਾ ਹੈ। ਪੰਜਾਬ ਦੇ ਨਸੀਬ ਵਿੱਚ ਇਤਹਾਸ ਦੁਹਰਾਉਣ ਦੇ ਦੌਰ ਕੁਝ ਜ਼ਿਆਦਾ ਹੀ ਆਏ ਲੱਗਦੇ ਹਨ। ਭਾਰਤ ਦੀ ਆਜ਼ਾਦੀ ਅਤੇ ਇਸ ਦੇ ਨਾਲ ਦੇਸ਼ ਦੀ ਵੰਡ ਕਾਰਨ ਸਾਡੇ ਪੰਜਾਬ ਦੀ ਬੇਹੂਦਾ ਵੰਡ ਹੋਈ ਅਤੇ ਇਸ ਦੇ ਵਿਚਾਲੇ ਉਹ ਸਰਹੱਦੀ ਰੇਖਾ ਵਗਦੀ ਵੇਖੀ ਗਈ, ਜਿਹੜੀ ਅਸਲ ਵਿੱਚ ਪੰਜਾਬ ਦੇ ਭਵਿੱਖ ਲਈ ਸੇਹ ਦਾ ਤੱਕਲਾ ਬਣ ਗਈ। ਓਦੋਂ ਇਹ ਤਾਂ ਪਤਾ ਨਹੀਂ ਸੀ ਕਿ ਜਾਣ ਵੇਲੇ ਅੰਗਰੇਜ਼ਾਂ ਵੱਲੋਂ ਕੀਤੀ ਸ਼ਰਾਰਤ ਕਾਰਨ ਇੱਕ ਤੋਂ ਦੋ ਬਣਾ ਦਿੱਤੇ ਗਏ ਦੇਸ਼ਾਂ ਦਾ ਫਿਰ ਆਪਸ ਵਿੱਚ ਜੰਗਾਂ ਦੇ ਸਿੱਧੇ ਅਤੇ ਅਸਿੱਧੇ ਦੌਰ ਚੱਲਣ ਦਾ ਚੱਕਰ ਚੱਲ ਪੈਣਾ ਹੈ, ਪਰ ਵੰਡ ਵੇਲੇ ਹੋਈ ਮਾਰ-ਧਾੜ ਨੇ ਖੜੇ ਪੈਰ ਹੀ ਪੰਜ ਲੱਖ ਤੋਂ ਵੱਧ ਪੰਜਾਬੀਆਂ ਦੀ ਜਾਨ ਲੈ ਕੇ ਮਾੜੇ ਭਵਿੱਖ ਦੇ ਸੰਕੇਤ ਓਸੇ ਵੇਲੇ ਦੇ ਦਿੱਤੇ ਸਨ। ਉਸ ਪਿੱਛੋਂ ਦੋ ਦੇਸ਼ਾਂ ਦੇ ਚਾਰ ਫੌਜੀ ਭੇੜ ਹੋਏ ਤਾਂ ਦੋ ਜੰਗਾਂ ਹੋਰਨਾਂ ਥਾਂਵਾਂ ਦੇ ਨਾਲ ਇਸ ਧਰਤੀ ਉੱਤੇ ਵੀ ਲੜੀਆਂ ਗਈਆਂ ਤੇ ਅਸਿੱਧੀ ਜੰਗ ਦੇ ਸਿੱਟੇ ਪੌਣੀ ਸਦੀ ਲੰਘ ਜਾਣ ਦੇ ਬਾਵਜੂਦ ਸਾਡਾ ਪੰਜਾਬ ਤੇ ਗਵਾਂਢ ਦਾ ਜੰਮੂ-ਕਸ਼ਮੀਰ ਦੋਵੇਂ ਰਾਜ ਅੱਜ ਤੱਕ ਭੁਗਤਦੇ ਪਏ ਹਨ। ਜਿਹੜਾ ਪੰਜਾਬ ਪਾਕਿਸਤਾਨ ਦੇ ਹਿੱਸੇ ਆਇਆ, ਉਹ ਸਾਰੇ ਦੇਸ਼ ਵਿੱਚ ਵੱਡਾ ਹੋਣ ਕਾਰਨ ਓਥੋਂ ਵਾਲੀ ਪਾਰਲੀਮੈਂਟਰੀ ਰਾਜਨੀਤੀ ਉੱਤੇ ਵੀ ਭਾਰੂ ਹੈ, ਫੌਜੀ ਤੇ ਸਿਵਲ ਅਹੁਦੇਦਾਰੀਆਂ ਵਿੱਚ ਵੀ, ਪਰ ਭਾਰਤੀ ਪੰਜਾਬ ਦਾ ਨਸੀਬ ਇਸ ਤੋਂ ਉਲਟ ਬੇਗਾਨੀ ਰਾਜਨੀਤੀ ਤੇ ਦਿੱਲੀ ਤੋਂ ਹੁੰਦੀਆਂ ਸ਼ਰਾਰਤਾਂ ਵਿੱਚ ਉਲਝ ਗਿਆ। ਇਸ ਪੌਣੀ ਸਦੀ ਸਮੇਂ ਵਿੱਚ ਕਦੀ ਵੀ ਅਸੀਂ ਚੈਨ ਨਾਲ ਚਾਰ ਦਿਨ ਨਹੀਂ ਕੱਟ ਸਕੇ ਤੇ ਜਦੋਂ ਕਦੀ ਚੈਨ ਦੇ ਚਾਰ ਦਿਨ ਨਸੀਬ ਹੋਣ ਲੱਗੇ ਤਾਂ ਜਿਨ੍ਹਾਂ ਨੇ ਪਹਿਲਾਂ ਪੁਆੜੇ ਪਾਏ ਸਨ, ਉਹ ਕਦੀ ਆਪਸ ਵਿੱਚ ਇਕੱਠੇ ਹੋ ਜਾਂਦੇ ਅਤੇ ਕਦੀ ਆਪੋ ਵਿੱਚ ਲੜ ਕੇ ਪੰਜਾਬੀਆਂ ਵਾਸਤੇ ਨਵੇਂ ਪੁਆੜੇ ਪਾਉਣ ਲਈ ਸਬੱਬ ਬਣਨ ਲੱਗ ਪਏ। ਪੰਜਾਬ ਦੇ ਲੋਕ ਨਾ ਕਦੀ ਰਾਜਨੀਤੀ ਦੀ ਇਹ ਗੰਦੀ ਖੇਡ ਸਮਝਣ ਜੋਗੇ ਹੋ ਸਕੇ ਅਤੇ ਨਾ ਉਨ੍ਹਾਂ ਨੂੰ ਕਦੀ ਇਹ ਪਤਾ ਲੱਗ ਸਕਿਆ ਕਿ 'ਮਾਂ ਨਾਲੋਂ ਹੇਜਲੀ ਫੱਫੇਕੁੱਟਣੀ' ਹੁੰਦੀ ਹੈ।
ਇੱਕ ਵਕਤ ਪੰਜਾਬ ਵਿੱਚ ਪੰਜਾਬੀ ਬੋਲੀ ਦਾ ਸੂਬਾ ਬਣਾਉਣ ਲਈ ਮੋਰਚਾ ਲੱਗਾ ਸੀ ਅਤੇ ਇਸ ਦਾ ਕਾਰਨ ਇਹ ਸੀ ਕਿ ਜਦੋਂ ਸਾਰੇ ਭਾਰਤ ਵਿੱਚ ਸਥਾਨਕ ਬੋਲੀਆਂ ਦੇ ਮੁਤਾਬਕ ਸੂਬੇ ਬਣਾਏ ਜਾ ਰਹੇ ਸਨ, ਪੰਜਾਬੀਆਂ ਲਈ ਪੰਜਾਬੀ ਦੇ ਪਸਾਰ ਵਾਲਾ ਆਪਣਾ ਸੂਬਾ ਦੇਣ ਦੀ ਗੱਲ ਨਹੀਂ ਸੀ ਮੰਨੀ ਗਈ। ਇੱਕ ਪਾਸੇ ਕਾਂਗਰਸ ਪਾਰਟੀ ਇਸ ਮੰਗ ਨੂੰ ਰੌਲੇ ਵਿੱਚ ਰੋਲ ਦੇਣਾ ਚਾਹੁੰਦੀ ਸੀ ਤੇ ਦੂਸਰੇ ਪਾਸੇ ਅੱਜ ਦੀ ਭਾਜਪਾ ਦਾ ਪੁਰਾਣਾ ਰੂਪ ਭਾਰਤੀ ਜਨ ਸੰਘ ਦੇ ਲੀਡਰ ਇਸ ਦਾ ਰਾਹ ਰੋਕਣ ਲਈ ਮੈਦਾਨ ਵਿੱਚ ਉੱਤਰ ਆਏ ਅਤੇ ਪੰਜਾਬੀ ਨੂੰ ਪੰਜਾਬ ਦੀ ਭਾਸ਼ਾ ਮੰਨਣ ਦੀ ਥਾਂ ਏਥੇ ਵੀ ਹਿੰਦੀ ਦੀ ਸਰਦਾਰੀ ਥੋਪ ਦੇਣਾ ਚਾਹੁੰਦੇ ਸਨ। ਨਤੀਜੇ ਵਜੋਂ ਦੋ ਮੋਰਚੇ ਲੱਗੇ ਸਨ, ਇੱਕ ਪਾਸੇ ਅਕਾਲੀ ਆਗੂਆਂ ਨੇ ਪੰਜਾਬੀ ਬੋਲੀ ਦੇ ਸੂਬੇ ਦੀ ਮੰਗ ਲਈ ਲਾਇਆ ਮੋਰਚਾ ਇੱਕ ਧਰਮ ਦਾ ਮੁੱਦਾ ਬਣਾ ਦਿੱਤਾ ਅਤੇ ਇਨ੍ਹਾਂ ਦੇ ਵੱਡੇ ਆਗੂ ਇਸ ਮੰਗ ਲਈ ਮਰਨ ਵਰਤ ਰੱਖਣ-ਛੱਡਣ ਦਾ ਪਾਖੰਡ ਕਰਨ ਲੱਗੇ ਪਏ ਤੇ ਦੂਸਰੇ ਪਾਸੇ ਮੁਕਾਬਲੇਬਾਜ਼ੀ ਵਿੱਚ ਭਾਰਤੀ ਜਨ ਸੰਘ ਦੇ ਆਗੂ ਵੀ ਮਰਨ ਵਰਤ ਰੱਖਣ ਵਾਸਤੇ ਅੰਮ੍ਰਿਤਸਰ ਵਿੱਚ ਤੰਬੂ ਗੱਡ ਬੈਠੇ ਸਨ। ਓਦੋਂ ਸਿੱਖ ਧਰਮ ਅਸਥਾਨਾਂ ਵਿੱਚ ਸਿਗਰਟਾਂ-ਬੀੜੀਆਂ ਦੇ ਸੁੱਟੇ ਜਾਣ ਦਾ ਰੌਲਾ ਮੁੜ-ਮੁੜ ਪੈਂਦਾ ਅਤੇ ਹਿੰਦੂ ਧਰਮ ਅਸਥਾਨਾਂ ਵਿੱਚ ਮਾਸ ਸੁੱਟੇ ਜਾਣ ਦੀਆਂ ਖਬਰਾਂ ਵੀ ਆਮ ਲੋਕਾਂ ਨੂੰ ਅਵਾਜ਼ਾਰ ਕਰਦੀਆਂ ਸਨ। ਜਦੋਂ ਪੰਜਾਬੀ ਬੋਲੀ ਦਾ ਸੂਬਾ ਬਣਾਉਣ ਦੀ ਮੰਗ ਮੰਨਣੀ ਪਈ ਤਾਂ ਆਪੋ ਵਿੱਚ ਇੱਕ ਦੂਜੇ ਵਿਰੁੱਧ ਮੋਰਚੇ ਲਾਉਣ ਵਾਲੀਆਂ ਦੋ ਕੱਟੜ ਵਿਰੋਧੀ ਧਿਰਾਂ ਅਕਾਲੀ ਦਲ ਤੇ ਜਨ ਸੰਘ ਦੇ ਆਗੂ ਪਹਿਲੀਆਂ ਚੋਣਾਂ ਪਿੱਛੋਂ ਸਾਂਝੀ ਸਰਕਾਰ ਬਣਾ ਕੇ ਇਹ ਕਹਿੰਦੇ ਸੁਣੇ ਜਾਣ ਲੱਗੇ ਸਨ ਕਿ ਪੰਜਾਬੀਆਂ ਦਾ ਮਸਾਂ ਏਕਾ ਹੋਇਆ ਹੈ, ਕਿਤੇ ਗਾਂਧੀ ਦੀ ਬੱਕਰੀ ਇਸ ਦੀਆਂ ਕਰੂੰਬਲਾਂ ਨਾ ਚੱਬ ਜਾਵੇ। ਜਦੋਂ ਫਿਰ ਆਪੋ ਵਿੱਚ ਨਾ ਨਿਭੀ ਤਾਂ ਦੋਸ਼ ਆਪਣੇ ਸਿਰ ਨਹੀਂ ਸੀ ਲਿਆ, ਮੁੜ ਕੇ ਜੁੜਨ ਦਾ ਲੁਕਵਾਂ ਰਾਹ ਰੱਖ ਲਿਆ ਅਤੇ ਐਮਰਜੈਂਸੀ ਦੇ ਬਾਅਦ ਬਣੀ ਸਰਕਾਰ ਵਿੱਚ ਫਿਰ ਵਜ਼ੀਰੀ ਮਾਨਣ ਦੇ ਲਈ ਇਕੱਠੇ ਹੋ ਗਏ ਸਨ। ਤਿੰਨ ਸਾਲ ਬਾਅਦ ਜਦੋਂ ਉਸ ਸਰਕਾਰ ਦਾ ਭੋਗ ਪੈ ਗਿਆ ਅਤੇ ਅਗਲੀ ਚੋਣ ਵਿੱਚ ਦੋਵੇਂ ਧਿਰਾਂ ਹਾਰ ਗਏ ਤਾਂ ਪੰਜਾਬ ਫਿਰ ਮੋਰਚੇਬੰਦੀ ਦੇ ਰਾਹ ਪੈ ਗਿਆ ਅਤੇ ਅਕਾਲੀ ਤੇ ਜਨਸੰਘੀ ਇੱਕ ਦੂਜੇ ਨਾਲ ਅੱਖ ਵਿੱਚ ਅੱਖ ਪਾ ਕੇ ਵੀ ਗੱਲ ਕਰਨ ਤੋਂ ਕਤਰਾਉਂਦੇ ਜਾਪਦੇ ਸਨ। ਇਸ ਦੌਰ ਵਿੱਚ ਇੱਕ ਵਾਰ ਫਿਰ ਪੰਜਾਬ ਵਿੱਚ ਧਰਮ ਸਥਾਨਾਂ ਵਿੱਚ ਵਰਜਿਤ ਚੀਜ਼ਾਂ ਸਿਗਰਟ-ਬੀੜੀਆਂ ਅਤੇ ਗਾਂਵਾਂ ਦੀਆਂ ਪੂਛਾਂ ਡਿੱਗਣ ਦਾ ਸਿਲਸਿਲਾ ਚੱਲਿਆ ਤੇ ਪੰਜਾਬ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਦੁਖਾਂਤ ਵੇਖਣੇ ਅਤੇ ਭੁਗਤਣੇ ਪਏ ਸਨ। ਹਾਲਾਤ ਜਦੋਂ ਕੁਝ ਸੁਧਰਦੇ ਵੇਖੇ ਤਾਂ ਉਹੀ ਦੋਵੇਂ ਧਿਰਾਂ ਫਿਰ ਰਾਜ-ਸੁਖ ਮਾਨਣ ਲਈ ਇਕੱਠੀਆਂ ਹੋ ਗਈਆਂ ਅਤੇ ਇਸ ਨੂੰ ਹਿੰਦੂ-ਸਿੱਖ ਏਕਤਾ ਆਖਦੀਆਂ ਸੁਣਨ ਲੱਗੀਆਂ ਸਨ।
ਅੰਗਰੇਜ਼ੀ ਦੀ ਕਹਾਣੀ ਫੌਕਸ ਐਂਡ ਕਰੋਅ (ਲੂੰਬੜੀ ਤੇ ਕਾਂ) ਦੱਸਦੀ ਹੈ ਕਿ ਸੁਭਾਅ ਨਾ ਮਿਲਣ ਦੇ ਬਾਵਜੂਦ ਦੋ ਜਣੇ ਸਾਂਝ ਪਾਉਂਦੇ ਹਨ ਤਾਂ ਉਹ ਸਾਂਝ ਭਲੇ ਲਈ ਨਹੀਂ ਹੁੰਦੀ, ਦਿਲੋਂ ਦੋਵੇਂ ਦਾਅ ਉੱਤੇ ਹੁੰਦੇ ਹਨ। ਪੰਜਾਬ ਦੇ ਕੇਸ ਵਿੱਚ ਵੀ ਹਿੰਦੂ-ਸਿੱਖ ਏਕਤਾ ਦੇ ਵਿਖਾਵੇ ਦੀ ਇਹ ਸਾਂਝ ਕਦੀ 'ਦਿਲੀ ਸਾਂਝ' ਨਹੀਂ ਸੀ ਬਣਦੀ, ਪੰਜਾਬ ਅਤੇ ਕੇਂਦਰ ਦੀ ਸੱਤਾ ਦਾ ਸੁਖ ਭੋਗਣ ਤੱਕ ਦੀ ਨੀਤ ਵਾਲੀ ਨੀਂਹ ਉੱਤੇ ਟਿਕੀ ਹੁੰਦੀ ਸੀ। ਜਦੋਂ ਦੋਵਾਂ ਧਿਰਾਂ ਦੇ ਹਿੱਤਾਂ ਦਾ ਟਕਰਾਅ ਹੁੰਦਾ ਸੀ ਤਾਂ ਬਹੁਤਾ ਕਰ ਕੇ ਡੰਗ-ਟਪਾਈ ਕਰਦੇ ਸਨ। ਜਨਤਕ ਰੌਂਅ ਦੇ ਦਬਾਅ ਹੇਠ ਇਸ ਵਾਰੀ ਜਦੋਂ ਦੋਵਾਂ ਧਿਰਾਂ ਨੂੰ ਵੱਖੋ-ਵੱਖ ਰਾਹ ਫੜਨੇ ਪਏ ਤਾਂ ਪੰਜਾਬ ਦੇ ਹਾਲਾਤ ਵਿੱਚ ਫਿਰ ਚੁਆਤੀਆਂ ਦਾ ਕੰਮ ਸ਼ੁਰੂ ਹੋ ਗਿਆ। ਜਿਹੋ ਜਿਹੇ ਦੌਰ ਵਿੱਚ ਪੰਜਾਬ ਇਸ ਵਕਤ ਮੁੜ ਕੇ ਦਾਖਲ ਹੁੰਦਾ ਜਾਪਦਾ ਹੈ, ਬਹੁਤ ਸਾਰੇ ਸੂਝਵਾਨ ਲੋਕਾਂ ਦੀ ਰਾਏ ਹੈ ਕਿ ਇਸ ਦੇ ਸਿੱਟੇ ਵਜੋਂ ਪੰਜਾਬ ਇੱਕ ਵਾਰ ਫਿਰ ਉਸ ਅੰਨ੍ਹੀ ਗਲੀ ਵਿੱਚ ਗੁਆਚ ਸਕਦਾ ਹੈ, ਜਿਸ ਵਿੱਚੋਂ ਇਹ ਆਪਣੇ ਪੰਝੀ ਹਜ਼ਾਰ ਤੋਂ ਵੱਧ ਲੋਕਾਂ ਦੀ ਬਲੀ ਦੇ ਕੇ ਨਿਕਲਿਆ ਸੀ। ਓਦੋਂ ਮਰਨ ਵਾਲਿਆਂ ਵਿੱਚ ਕੌਣ ਕਿਸ ਪਾਸੇ ਖੜਾ ਸੀ, ਇਹ ਸੋਚਣ ਦੀ ਥਾਂ ਸੋਚ ਦਾ ਵਿਸ਼ਾ ਅੱਜ ਇਹ ਹੋਣਾ ਚਾਹੀਦਾ ਹੈ ਕਿ ਵੱਡੀ ਗਿਣਤੀ ਉਹ ਲੋਕ ਓਦੋਂ ਜਾਨਾਂ ਗੁਆ ਬੈਠੇ ਗਏ ਸਨ, ਜਿਹੜੇ ਇਹ ਵੀ ਨਹੀਂ ਸਨ ਜਾਣਦੇ ਕਿ ਲੜਾਈ ਕਿਸ ਦੀ ਕਿਸ ਦੇ ਨਾਲ ਤੇ ਕਾਹਦੇ ਲਈ ਹੋ ਰਹੀ ਹੈ! ਜਿਨ੍ਹਾਂ ਲੋਕਾਂ ਦੇ ਕਾਰਨ ਇਸ ਤਰ੍ਹਾਂ ਦੇ ਵਿਗੜੇ ਹੋਏ ਹਾਲਾਤ ਬਣੇ ਸਨ ਕਿ ਏਨੇ ਲੋਕ ਮਾਰੇ ਗਏ ਸਨ, ਉਹ ਫਿਰ ਗੁੱਝੀਆਂ ਚਾਲਾਂ ਚੱਲਦੇ ਦਿਖਾਈ ਦੇਂਦੇ ਹਨ।
ਇਨ੍ਹਾਂ ਖੇਡਾਂ ਦੇ ਪਿੱਛੇ ਰਾਜਨੀਤੀ ਦਾ ਚੰਦਰਾਪਣ ਵੀ ਛੁਪਿਆ ਹੁੰਦਾ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਰਾਜ ਮਹਿਲਾਂ ਤੇ ਕਿਲ੍ਹਿਆਂ ਉੱਤੇ ਕਬਜ਼ਾ ਕਰਨ ਲਈ ਕਈ ਵਾਰੀ ਲਾਸ਼ਾਂ ਦੀ ਪੌੜੀ ਬਣਾਉਣੀ ਪੈਂਦੀ ਹੈ। ਵੋਟਾਂ ਦੇ ਜ਼ਮਾਨੇ ਵਿੱਚ ਲਾਸ਼ਾਂ ਦੀ ਪੌੜੀ ਨਹੀਂ ਸੀ ਬਣਨੀ ਚਾਹੀਦੀ, ਪਰ ਬਦਕਿਸਮਤੀ ਨਾਲ ਅੱਜ ਵੀ ਬਣਾਈ ਜਾਂਦੀ ਹੈ। ਸਿਰਸੇ ਡੇਰੇ ਦਾ ਮੁਖੀ ਜਿਹੜੇ ਵਿਵਾਦਾਂ ਦਾ ਕੇਂਦਰ ਬਣਿਆ ਸੀ, ਉਸ ਦੇ ਪਿੱਛੇ ਵੀ ਵੋਟਾਂ ਦੀ ਇਹੋ ਰਾਜਨੀਤੀ ਕੰਮ ਕਰਦੀ ਸੀ। ਚੋਣਾਂ ਵਾਲੇ ਇੱਕ ਗੇੜ ਵਿੱਚ ਉੇਹ ਕਾਂਗਰਸ ਨੂੰ ਵੋਟਾਂ ਦਾ ਪਰਾਗਾ ਪਾਉਂਦਾ ਸੀ ਤੇ ਪੰਜਾਬ ਦੇ ਅਗਲੇ ਚੋਣ ਗੇੜ ਦੌਰਾਨ ਅਕਾਲੀਆਂ ਵੱਲ ਭੁਗਤ ਜਾਂਦਾ ਸੀ। ਉਸ ਨੂੰ ਆਪਣਾ ਪੱਕਾ ਪਿਛਲੱਗ ਬਣਾਉਣ ਲਈ ਇੱਕ ਧਿਰ ਇਹੋ ਜਿਹੀ ਖੇਡ ਖੇਡਣ ਦਾ ਕਦਮ ਪੁੱਟ ਬੈਠੀ, ਜਿਹੜਾ ਬਾਅਦ ਵਿੱਚ ਉਸ ਤੋਂ ਸੰਭਾਲਿਆ ਨਹੀਂ ਸੀ ਗਿਆ। ਅੰਤ ਨੂੰ ਘਟਨਾਵਾਂ ਦਾ ਸਿਲਸਿਲਾ ਇੱਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੁਖਾਂਤ ਅਤੇ ਉਸ ਦੇ ਬਾਅਦ ਰੋਸ ਕਰਦੀ ਸਿੱਖ ਸੰਗਤ ਉੱਤੇ ਪੁਲਸ ਦੀ ਗੋਲੀ ਚੱਲਣ ਦੀਆਂ ਦੋ ਘਟਨਾਵਾਂ ਤੱਕ ਪਹੁੰਚ ਗਿਆ। ਅੱਠ ਸਾਲ ਉਸ ਗੋਲੀ ਕਾਂਡ ਦੀ ਜਾਂਚ ਦਾ ਨਿਆਂ ਮੰਗਣ ਤੇ ਨਿਆਂ ਦੇਣ ਦੀਆਂ ਕਹਾਣੀਆਂ ਸੁਣਨ ਮਗਰੋਂ ਬੀਤੀ ਚੌਵੀ ਫਰਵਰੀ ਨੂੰ ਉਸ ਕੇਸ ਵਿੱਚ ਇੱਕ ਚਾਰਜਸ਼ੀਟ ਪੇਸ਼ ਹੋਈ ਹੈ ਤਾਂ ਇਸ ਵਿੱਚ ਓਦੋਂ ਵਾਲੇ ਮੁੱਖ ਮੰਤਰੀ ਤੇ ਉਸ ਦੇ ਡਿਪਟੀ ਮੁੱਖ ਮੰਤਰੀ ਪੁੱਤਰ ਦੇ ਨਾਲ ਓਦੋਂ ਦੇ ਪੰਜਾਬ ਪੁਲਸ ਦੇ ਮੁਖੀ ਦਾ ਨਾਂਅ ਵੀ ਦਰਜ ਹੈ। ਬਹੁਤ ਸਾਰੇ ਲੋਕ ਸਮਝਦੇ ਹਨ ਕਿ ਇਨਸਾਫ ਹੋਣ ਲੱਗਾ ਹੈ, ਪਰ ਸਾਡੀ ਸਮਝ ਹੈ ਕਿ ਅਦਾਲਤੀ ਕਾਰਵਾਈ ਦਾ ਚੱਕਰ ਨਾ ਤਾਂ ਛੋਟਾ ਹੋਣਾ ਹੈ ਤੇ ਨਾ ਸੁਖਾਲਾ, ਸਗੋਂ ਇਸ ਨਾਲ ਕਈ ਜ਼ਖਮ ਫਿਰ ਹਰੇ ਹੋ ਸਕਦੇ ਹਨ ਤੇ ਪੰਜਾਬ ਦੇ ਭਵਿੱਖ ਉੱਤੇ ਇਸ ਨਾਲ ਕਿਸ ਤਰ੍ਹਾਂ ਦਾ ਅਸਰ ਪਵੇਗਾ, ਇਸ ਬਾਰੇ ਦੱਸਣ ਵਾਲਾ ਸਿਆਣਾ ਇਸ ਵੇਲੇ ਕੋਈ ਨਹੀਂ ਲੱਭਦਾ।
ਪੰਜਾਬ! ਤੂੰ ਬੀਤੇ ਸਮਿਆਂ ਵਿੱਚ ਬਹੁਤ ਦੁਖਾਂਤ ਝੱਲੇ ਹੋਏ ਹਨ ਅਤੇ ਬਹੁਤਾ ਕਰ ਕੇ ਤੇਰੇ ਆਪਣਿਆਂ ਨੇ ਹੀ ਤੇਰੇ ਨਾਲ ਹਮਦਰਦੀ ਦੇ ਪਰਦੇ ਹੇਠ ਏਹੋ ਜਿਹੇ ਕੰਡੇ ਬੀਜੇ ਹਨ, ਜਿਨ੍ਹਾਂ ਨੇ ਪੰਜਾਬੀਅਤ ਲਹੂ-ਲੁਹਾਨ ਕੀਤੀ ਹੈ। ਸਾਰੇ ਕਹਿੰਦੇ ਹਨ ਕਿ ਇਤਹਾਸ ਦੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ। ਇਹ ਵੀ ਕਹਿਣ ਦੀਆਂ ਗੱਲਾਂ ਨੇ। ਜੇ ਇਤਹਾਸ ਦੇ ਸਬਕ ਸਿੱਖੇ ਜਾਂਦੇ ਤਾਂ ਏਨੇ ਦੁਖਾਂਤ ਪੰਜਾਬ ਦੀ ਝੋਲੀ ਨਹੀਂ ਸੀ ਪੈਣੇ। ਰਾਜ ਮਹਿਲਾਂ ਅਤੇ ਸ਼ਾਹੀ ਕਿਲ੍ਹਿਆਂ ਦੀਆਂ ਪੌੜੀਆਂ ਚੜ੍ਹਨ ਦੇ ਚਾਹਵਾਨਾਂ ਨੇ ਨਾ ਬੀਤੇ ਵਿੱਚ ਕਦੀ ਭਲੀ ਗੁਜ਼ਾਰੀ ਹੈ ਤੇ ਨਾ ਉਨ੍ਹਾਂ ਤੋਂ ਅੱਜ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਸੱਤਾ ਦੇ ਲਾਲਚ ਨੂੰ ਲਾਂਭੇ ਰੱਖ ਕੇ ਸੋਚਣਗੇ। ਅਸੀਂ ਸਿਰਫ ਸੁੱਖ ਮੰਗ ਸਕਦੇ ਹਾਂ। ਆਉ, ਸੁੱਖ ਮੰਗੀਏ ਪੰਜਾਬ ਦੀ।