ਚੀਨ-ਅਮਰੀਕਾ ਰਿਸ਼ਤਿਆਂ ਵਿਚ ਨਵੀਂ ਹਲਚਲ - ਯੋਗੇਸ਼ ਗੁਪਤਾ

ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ 3 ਫਰਵਰੀ ਨੂੰ ਚੀਨੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਵਿਦੇਸ਼ ਮਾਮਲੇ ਕਮਿਸ਼ਨ ਦੇ ਡਾਇਰੈਕਟਰ ਵਾਂਗ ਯੀ (Wang Yi) ਨੂੰ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਤਜਵੀਜ਼ਸ਼ੁਦਾ ਚੀਨ ਫੇਰੀ ਮੁਲਤਵੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਅਮਰੀਕੀ ਹਵਾਈ ਹੱਦ ਵਿਚ ਗ਼ੁਬਾਰਾ ਭੇਜ ਕੇ ‘ਗ਼ੈਰ-ਜ਼ਿੰਮੇਵਾਰਾਨਾ ਕਾਰਵਾਈ ਕੀਤੀ ਹੈ ਜਿਹੜੀ ਉਸ ਮੂਲ ਗੱਲਬਾਤ’ ਲਈ ਨੁਕਸਾਨਦੇਹ ਹੈ ਜਿਸ ਲਈ ਆਪਣੀ ਫੇਰੀ ਦੌਰਾਨ ਉਹ ਤਿਆਰ ਸਨ, ਗ਼ੁਬਾਰੇ ਦਾ ਗ਼ੁਬਾਰ ਲੱਥਣ ਤੋਂ ਬਾਅਦ ਫੇਰੀ ਨਵੇਂ ਸਿਰਿਉਂ ਮਿਥੀ ਜਾਵੇਗੀ।
ਦੂਜੇ ਪਾਸੇ ਵਾਂਗ ਯੀ ਨੇ ਕਿਹਾ ਕਿ ਇਹ ਗ਼ੈਰ-ਫ਼ੌਜੀ ਹਵਾਈ ਵਾਹਨ ਸੀ ਜਿਹੜਾ ਮੌਸਮ ਬਾਰੇ ਖੋਜ ਲਈ ਭੇਜਿਆ ਗਿਆ ਸੀ ਅਤੇ ਇਹ ਮਿਥੇ ਪੰਧ ਤੋਂ ਭਟਕ ਕੇ ਅਮਰੀਕੀ ਹਵਾਈ ਖੇਤਰ ਵਿਚ ਦਾਖ਼ਲ ਹੋ ਗਿਆ ਸੀ। ਅਜਿਹਾ ਤੇਜ਼ ਹਵਾਵਾਂ ਚੱਲਣ ਅਤੇ ਗ਼ੁਬਾਰੇ ਦੀ ਆਪਣੇ ਤੌਰ ’ਤੇ ਆਪਣਾ ਪੰਧ ਤੈਅ ਕਰਨ ਦੀ ਸੀਮਤ ਸਮਰੱਥਾ ਕਾਰਨ ਵਾਪਰਿਆ। ਉਨ੍ਹਾਂ ਕਿਹਾ, “ਚੀਨ ਜ਼ਿੰਮੇਵਾਰ ਮੁਲਕ ਹੈ, ਇਸ ਨੇ ਕੌਮਾਂਤਰੀ ਕਾਨੂੰਨਾਂ ਦਾ ਹਮੇਸ਼ਾ ਸਖ਼ਤੀ ਨਾਲ ਪਾਲਣ ਕੀਤਾ ਹੈ।”
ਇਸ ਦੌਰਾਨ ਅਮਰੀਕੀਆਂ ਨੇ ਪਤਾ ਲਾਇਆ ਕਿ ਗ਼ੁਬਾਰਾ 28 ਜਨਵਰੀ ਨੂੰ ਐਲਿਉਸ਼ਨ ਟਾਪੂਆਂ ਦੇ ਉੱਤਰ ਵਿਚ ਅਮਰੀਕੀ ਹਵਾਈ ਹੱਦ ’ਚ ਦਾਖ਼ਲ ਹੋਇਆ, ਇਸ ਤੋਂ ਬਾਅਦ ਇਸ ਦੇ ਸੂਬਿਆਂ ਅਲਾਸਕਾ, ਇਡਾਹੋ, ਮੌਨਟਾਨਾ, ਉਤਰੀ ਤੇ ਦੱਖਣੀ ਕੈਰੋਲਾਈਨਾ ਦੇ ਆਸਮਾਨ ਵਿਚ ਉਡਦਾ ਰਿਹਾ, ਫਿਰ ਅੰਧ ਮਹਾਂਸਾਗਰ ਵੱਲ ਰੁਖ਼ ਕਰ ਗਿਆ। ਗ਼ੁਬਾਰਾ ਜਾਣਕਾਰੀ ਇਕੱਤਰ ਕਰਨ ਲਈ ਵੱਖੋ-ਵੱਖ ਸੰਵੇਦਨਸ਼ੀਲ ਥਾਵਾਂ ਉਪਰੋਂ ਲੰਘਿਆ ਜਿਨ੍ਹਾਂ ਵਿਚ ਮੌਨਟਾਨਾ ਵੀ ਸ਼ਾਮਲ ਹੈ ਜਿਥੇ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲਾਂ ਦੇ ਕਰੀਬ 150 ਅਸਲ੍ਹਾਖ਼ਾਨੇ ਹਨ।
       ਆਮ ਕਰ ਕੇ ਅਜਿਹੇ ਗ਼ੁਬਾਰੇ 80 ਹਜ਼ਾਰ ਤੋਂ ਇਕ ਲੱਖ ਫੁੱਟ ਤੱਕ ਦੀ ਉਚਾਈ ਉਤੇ ਉਡਦੇ ਹਨ ਪਰ ਚੀਨ ਦਾ ਇਹ ਗ਼ੁਬਾਰਾ ਕਾਫ਼ੀ ਨੀਵਾਂ, ਭਾਵ ਕਰੀਬ 60 ਹਜ਼ਾਰ ਫੁੱਟ ਦੀ ਉਚਾਈ ’ਤੇ ਉਡ ਰਿਹਾ ਸੀ। ਗ਼ੁਬਾਰੇ ਦੇ ਕਈ ਦਿਨਾਂ ਤੱਕ ਅਮਰੀਕੀ ਅੰਬਰਾਂ ਉਤੇ ਉੱਡਦੇ ਰਹਿਣ ਕਾਰਨ ਆਮ ਲੋਕਾਂ ਵਿਚ ਰੋਹ ਭੜਕ ਰਿਹਾ ਸੀ ਅਤੇ ਉਹ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੇ ਸਨ, ਜਿਵੇਂ ਰੱਖਿਆ ਅਧਿਕਾਰੀਆਂ ਨੇ ਇਸ ਨੂੰ ਪਛਾਨਣ ਵਿਚ ਇੰਨੀ ਦੇਰ ਕਿਉਂ ਕੀਤੀ? ਕੀ ਅਮਰੀਕੀ ਸਲਾਮਤੀ ਢਾਂਚੇ ਵਿਚ ਖੱਪੇ ਤੇ ਖ਼ਾਮੀਆਂ ਹਨ ਜਿਸ ਕਾਰਨ ਗ਼ੁਬਾਰਾ ਇੰਨੇ ਦਿਨ ਲੁਕਿਆ ਰਿਹਾ? ਚੀਨ ਨੇ ਬਲਿੰਕਨ ਦੀ ਤੈਅਸ਼ੁਦਾ ਫੇਰੀ ਤੋਂ ਐਨ ਪਹਿਲਾਂ ਅਜਿਹਾ ਅਹਿਮਕਾਨਾ ਕੰਮ ਕਿਉਂ ਕੀਤਾ ਅਤੇ ਇਸ ਗ਼ੁਬਾਰੇ ਨੇ ਕਿਹੜੀ ਖ਼ੁਫ਼ੀਆ ਜਾਣਕਾਰੀ ਇਕੱਤਰ ਕੀਤੀ ਹੈ?
       ਗ਼ੌਰਤਲਬ ਹੈ ਕਿ ਅਮਰੀਕਾ, ਚੀਨ ਤੇ ਹੋਰਨਾਂ ਮੁਲਕਾਂ ਵੱਲੋਂ ਆਪਣੇ ਵਿਰੋਧੀਆਂ ਦੀ ਨਿਗਰਾਨੀ ਕਰਨਾ ਆਮ ਗੱਲ ਹੈ ਪਰ ਚੌਕਸੀ ਨਾਲ ਕੀਤਾ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਅਜਿਹੀਆਂ ਨਿਗਰਾਨੀ ਕਾਰਵਾਈਆਂ ਜਪਾਨ, ਭਾਰਤ, ਵੀਅਤਨਾਮ, ਫਿਲਪੀਨਜ਼, ਤਾਇਵਾਨ ਆਦਿ ਮੁਲਕਾਂ ਦੇ ਟਿਕਾਣਿਆਂ ਉਤੇ ਵੀ ਕਰ ਚੁੱਕਾ ਹੈ।
       ਇਸ ਘਟਨਾ ਕਾਰਨ ਅਮਰੀਕੀ ਸਦਰ ਜੋਅ ਬਾਇਡਨ ਦੀ ਵਿਰੋਧੀ ਧਿਰ ਰਿਪਬਲਿਕਨਾਂ ਨੂੰ ਉਨ੍ਹਾਂ ਉਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ। ਰਿਪਬਲਿਕਨਾਂ ਨੇ ਸਵਾਲ ਉਠਾਇਆ ਕਿ ਗ਼ੁਬਾਰੇ ਦੇ ਲੋਕਾਂ ਦੀ ਨਜ਼ਰ ਵਿਚ ਆਉਣ ਤੋਂ ਪਹਿਲਾਂ ਰਾਸ਼ਟਰਪਤੀ ਨੇ ਕਿਉਂ ਇਸ ਬਾਰੇ ਜਨਤਕ ਤੌਰ ’ਤੇ ਜਾਣਕਾਰੀ ਸਾਂਝੀ ਨਹੀਂ ਕੀਤੀ? ਉਨ੍ਹਾਂ ਨੇ ਇਸ ਨੂੰ ਮਿਜ਼ਾਈਲ ਰਾਹੀਂ ਫੁੰਡਣ ਦੇ ਹੁਕਮ ਦੇਣ ਵਿਚ ਇੰਨਾ ਚਿਰ ਕਿਉਂ ਲਾਇਆ? ਅਮਰੀਕੀ ਹਵਾਈ ਹੱਦ ਦੀ ਨਿਗਰਾਨੀ ਕਰਨ ਵਾਲੇ ਸੈਂਸਰ ਇਸ ਦਾ ਪਤਾ ਲਾਉਣ ਵਿਚ ਨਾਕਾਮਯਾਬ ਕਿਉਂ ਰਹੇ? ਉਨ੍ਹਾਂ ਇਥੋਂ ਤੱਕ ਆਖਿਆ ਕਿ ਜੇ ਅਮਰੀਕਾ ਦੇ ਵਿਰੋਧੀਆਂ ਵੱਲੋਂ ਅਜਿਹੇ ਗ਼ੁਬਾਰਿਆਂ ਦਾ ਇਸਤੇਮਾਲ ਸੰਵੇਦਨਸ਼ੀਲ ਟਿਕਾਣਿਆਂ ਨੂੰ ਨਕਾਰਾ ਕਰਨ ਵਾਸਤੇ ਪਰਮਾਣੂ ਤੇ ਹੋਰ ਧਮਾਕਾਖੇਜ਼ ਸਮੱਗਰੀ ਭੇਜਣ ਲਈ ਕੀਤਾ ਜਾਂਦਾ ਹੈ ਤਾਂ ਕੀ ਹੋਵੇਗਾ?
      ਜਵਾਬ ਵਿਚ ਪੈਂਟਾਗਨ (ਅਮਰੀਕੀ ਰੱਖਿਆ ਵਿਭਾਗ) ਦੀ ਦਲੀਲ ਸੀ ਕਿ ਅਮਰੀਕੀ ਹਵਾਈ ਹੱਦ ਵਿਚ ਅਜਿਹੇ ਗ਼ੁਬਾਰੇ ਉਡਣ ਦੀਆਂ ਘਟਨਾਵਾਂ ਪਹਿਲਾਂ ਟਰੰਪ ਦੀ ਹਕੂਮਤ ਦੌਰਾਨ ਵੀ ਵਾਪਰਦੀਆਂ ਰਹੀਆਂ ਹਨ (ਜਿਨ੍ਹਾਂ ਦਾ ਪਤਾ ਬਾਅਦ ਵਿਚ ਲੱਗਾ), ਇਸ ਨੇ ਹਾਲਾਤ ਹੋਰ ਖ਼ਰਾਬ ਕਰ ਦਿੱਤੇ ਕਿਉਂਕਿ ਕੁਝ ਧਿਰਾਂ ਨੇ ਬਾਇਡਨ ਉਤੇ ਚੀਨ ਪ੍ਰਤੀ ਨਰਮ ਹੋਣ ਦਾ ਇਲਜ਼ਾਮ ਲਾਇਆ। ਇਹ ਆਮ ਰਾਇ ਸੀ ਕਿ ਜਦੋਂ ਤੱਕ 6 ਫਰਵਰੀ ਨੂੰ ਫੁੰਡੇ ਇਸ ਗ਼ੁਬਾਰੇ ਦੇ ਮਲਬੇ ਦੀ ਜਾਂਚ ਮੁਕੰਮਲ ਨਹੀਂ ਹੋ ਜਾਂਦੀ, ਉਦੋਂ ਤੱਕ ਬਲਿੰਕਨ ਦੀ ਚੀਨ ਫੇਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।
        ਚੀਨੀ ਸਰਕਾਰ ਵੀ ਓਨੀ ਹੀ ਹਮਲਾਵਰ ਸੀ। ਚੀਨ ਦੇ ਉਪ ਵਿਦੇਸ਼ ਮੰਤਰੀ ਸ਼ੀ ਫੇਂਗ ਨੇ ਪੇਈਚਿੰਗ ਸਥਿਤ ਅਮਰੀਕੀ ਸਫ਼ਾਰਤਖ਼ਾਨੇ ਨੂੰ ਦਿੱਤੇ ਵਿਰੋਧ ਪੱਤਰ ਵਿਚ ਕਿਹਾ ਕਿ ਇਹ ਘਟਨਾ “ਪੂਰੀ ਤਰ੍ਹਾਂ ਇਕ ਹਾਦਸਾ ਸੀ ਜਿਹੜਾ ਬੇਵੱਸੀ ਵਿਚ ਵਾਪਰਿਆ ਪਰ ਅਮਰੀਕਾ ਨੇ ਜਾਣਬੁੱਝ ਕੇ ਇਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ। ਇਸ ਦਾ ਗ਼ੁਬਾਰੇ ਉਤੇ ਕੀਤਾ ਹਥਿਆਰਬੰਦ ਹਮਲਾ ਗ਼ੈਰ-ਜ਼ਿੰਮੇਵਾਰਾਨਾ ਅਤੇ ਨਾਕਾਬਲੇ-ਬਰਦਾਸ਼ਤ ਕਾਰਵਾਈ ਹੈ।” ਨਾਲ ਹੀ ਕਿਹਾ ਕਿ ਪੇਈਚਿੰਗ ਭਵਿੱਖ ਵਿਚ ਵਾਪਰਨ ਵਾਲੀ ਅਜਿਹੀ ਕਿਸੇ ਘਟਨਾ ਪ੍ਰਤੀ ਇਸੇ ਤਰ੍ਹਾਂ ਦੀ ਪ੍ਰਤੀਕਿਰਿਆ ਦੇਣ ਲਈ ਆਜ਼ਾਦ ਹੈ।
       ਇਸ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ ਕਿ ਚੀਨ ਨੇ ਬਲਿੰਕਨ ਦੀ ਫੇਰੀ ਤੋਂ ਐਨ ਪਹਿਲਾਂ ਅਜਿਹੀ ਕਾਰਵਾਈ ਕਿਉਂ ਕੀਤੀ। ਇਕ ਵੱਡੀ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਚੀਨ ਵੀ ਅਮਰੀਕਾ ਵੱਲੋਂ ਹਰ ਉੱਚ ਪੱਧਰੀ ਮੀਟਿੰਗ ਤੋਂ ਪਹਿਲਾਂ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਕਾਰਵਾਈਆਂ ਤੋਂ ਅੱਕ ਚੁੱਕਾ ਸੀ ਜਿਵੇਂ ਵੱਖ ਵੱਖ ਚੀਨੀ ਅਦਾਰਿਆਂ, ਕੰਪਨੀਆਂ ਜਾਂ ਅਧਿਕਾਰੀਆਂ ਉਤੇ ਬੰਦਸ਼ਾਂ ਲਾਉਣਾ ਜਾਂ ਉਨ੍ਹਾਂ ਨੂੰ ਕਾਲੀ ਸੂਚੀ ਵਿਚ ਪਾਉਣਾ ਆਦਿ। ਹਾਲੀਆ ਦਿਨਾਂ ਦੌਰਾਨ ਅਮਰੀਕਾ ਦੀਆਂ ਚੀਨ ਖ਼ਿਲਾਫ਼ ਭੜਕਾਹਟ ਭਰੀਆਂ ਕਾਰਵਾਈਆਂ ਵਿਚ ਕਾਫ਼ੀ ਵਾਧਾ ਹੋਇਆ ਸੀ ਜਿਨ੍ਹਾਂ ਵਿਚ ਸਮੁੰਦਰਾਂ ਵਿਚ ਜਹਾਜ਼ਰਾਨੀ ਦੀ ਆਜ਼ਾਦੀ ਦੇ ਹੱਕ ਦੇ ਇਸਤੇਮਾਲ ਲਈ ਅਮਰੀਕੀ ਸੁਮੰਦਰੀ ਫ਼ੌਜ ਦੇ ਸੇਧਿਤ ਮਿਜ਼ਾਈਲਾਂ ਨਾਲ ਲੈਸ ਸਮੁੰਦਰੀ ਜਹਾਜ਼ ਯੂਐੱਸਐੱਸ ਚਾਂਸਲਰਵਿਲੇ ਨੂੰ ਦੱਖਣੀ ਚੀਨ ਸਾਗਰ ਵਿਚੋਂ ਲੰਘਾਉਣਾ, ਤਾਇਵਾਨ ਨੂੰ 10 ਅਰਬ ਅਮਰੀਕੀ ਡਾਲਰ ਦੀ ਕੀਮਤ ਵਾਲੇ ਹਥਿਆਰਾਂ ਦੀ ਵਿਕਰੀ ਦੀ ਮਨਜ਼ੂਰੀ ਦੇਣਾ, ਪੇਈਚਿੰਗ ਨੂੰ ਨਿਸ਼ਾਨਾ ਬਣਾ ਕੇ ਅਮਰੀਕੀ ਕਾਂਗਰਸ ਦੀ ਚੀਨ ਸਬੰਧੀ ਵਿਸ਼ੇਸ਼ ਕਮੇਟੀ ਕਾਇਮ ਕਰਨਾ ਆਦਿ ਸ਼ਾਮਲ ਹਨ। ਅਜਿਹੀ ਕਮੇਟੀ ਤਾਂ ਕਦੇ ਸਾਬਕਾ ਸੋਵੀਅਤ ਸੰਘ ਖ਼ਿਲਾਫ਼ ਵੀ ਨਹੀਂ ਬਣਾਈ ਸੀ। ਅਮਰੀਕਾ ਵੱਲੋਂ ਜਪਾਨ ਦੀ ਫ਼ੌਜ ਦੀ ਮਜ਼ਬੂਤੀ ਨੂੰ ਹੁਲਾਰਾ ਦੇਣਾ, ਚੀਨ ਨੂੰ ਮਾਈਕਰੋ-ਚਿਪਸ ਦੀ ਵਿਕਰੀ ਰੋਕਣ ਲਈ ਨਵੇਂ ਗੱਠਜੋੜ ਕਰਨ, ਚੀਨ ਦੇ ਕਰੀਬ ਟਾਪੂ ਮੁਲਕ ਗੁਆਮ ਵਿਚ ਨਵਾਂ ਫ਼ੌਜੀ ਅੱਡਾ ਕਾਇਮ ਕਰਨ ਅਤੇ ਨਾਲ ਹੀ ਫਿਲਪੀਨਜ਼ ਵਿਚ ਚਾਰ ਨਵੇਂ ਟਿਕਾਣਿਆਂ ਨੂੰ ਆਪਣੇ ਕਬਜ਼ੇ ਵਿਚ ਲੈਣ ਵਰਗੀਆਂ ਕਾਰਵਾਈਆਂ ਨੂੰ ਵੀ ਚੀਨ ਨੇ ਪਸੰਦ ਨਹੀਂ ਕੀਤਾ।
      ਕੁਝ ਚੀਨੀ ਆਗੂਆਂ ਦਾ ਖ਼ਿਆਲ ਹੈ ਕਿ ਅਮਰੀਕਾ ਨੇ ਇਨ੍ਹਾਂ ਫ਼ੌਜੀ ਤੇ ਮਾਲੀ ਕਾਰਵਾਈਆਂ ਰਾਹੀਂ ਚੀਨ ਲਈ ਕਸੂਤੀ ਹਾਲਤ ਬਣਾਈ ਹੈ ਅਤੇ ਉਹ ਚੀਨ ਦੇ ਖੰਭ ਕੁਤਰਨ ਦੀਆਂ ਕੋਸ਼ਿਸ਼ਾਂ ਹੀ ਨਹੀਂ ਕਰ ਰਿਹਾ, ਜੰਗ ਤੱਕ ਦੀਆਂ ਤਿਆਰੀਆਂ ਕਰ ਰਿਹਾ ਹੈ। ਇਹ ਵੀ ਰਾਇ ਹੈ ਕਿ ਅਮਰੀਕੀ ਅਧਿਕਾਰੀਆਂ ਨਾਲ ਆਲ੍ਹਾ ਮਿਆਰੀ ਮੀਟਿੰਗਾਂ ਤਸਵੀਰਾਂ ਖਿਚਵਾਉਣ ਦੇ ਮੌਕਿਆਂ ਨਾਲ ਮਹਿਜ਼ ਰਸਮ ਬਣ ਕੇ ਰਹਿ ਗਈਆਂ ਹਨ, ਅਸਲ ਵਿਚ ਅਮਰੀਕਾ ਕਦੇ ਵੀ ਚੀਨ ਨੂੰ ਸੰਜੀਦਗੀ ਨਾਲ ਨਹੀਂ ਲੈਂਦਾ। ਗ਼ੁਬਾਰਾ ਭੇਜ ਕੇ ਚੀਨ ਆਪਣੀ ਇਸ ਤਾਕਤ ਦਾ ਸੁਨੇਹਾ ਦੇਣਾ ਚਾਹੁੰਦਾ ਸੀ ਕਿ ਉਹ ਅਮਰੀਕੀ ਸਰਜ਼ਮੀਨ ਦੇ ਧੁਰ ਅੰਦਰ ਤੱਕ ਪੁੱਜਣ ਦੇ ਸਮਰੱਥ ਹੈ, ਜੇ ਵਾਸ਼ਿੰਗਟਨ ਸੱਚਮੁੱਚ ਚੀਨ ਨਾਲ ਅਮਨ ਤੇ ਸਹਿਯੋਗ ਕਾਇਮ ਕਰਨ ਲਈ ਗੱਲਬਾਤ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਚੀਨ ਦੇ ਸਰੋਕਾਰਾਂ ਦਾ ਖ਼ਿਆਲ ਰੱਖਣਾ ਪਵੇਗਾ।
      ਜਿਉਂ ਜਿਉਂ ਅਮਰੀਕਾ ਤੇ ਚੀਨ ਵਿਚਕਾਰ ਵਿਰੋਧ ਵਧੇਗਾ, ਉਨ੍ਹਾਂ ਦੀ ਆਪਸੀ ਸੋਚ ਅਤੇ ਧਾਰਨਾਵਾਂ ਵਿਚ ਵਖਰੇਵੇਂ ਬਦ ਤੋਂ ਬਦਤਰ ਹੁੰਦੇ ਜਾਣਗੇ। ਜਿੱਥੇ ਅਮਰੀਕਾ ਖੁਦ ਨੂੰ ਸੰਸਾਰ ਦੀ ਇਕੋ-ਇਕ ਸੁਪਰਪਾਵਰ ਅਤੇ ਮੌਜੂਦਾ ਕੌਮਾਂਤਰੀ ਢਾਂਚੇ ਦਾ ਸਰਪ੍ਰਸਤ ਮੰਨਦਾ ਹੈ, ਉਥੇ ਚੀਨ ਆਪਣੇ ਆਪ ਨੂੰ ਬਰਾਬਰੀ ਵਾਲਾ ਮੰਨਦਾ ਹੈ ਤੇ ਚਾਹੁੰਦਾ ਹੈ ਕਿ ਉਸ ਦੇ ਹਿੱਤਾਂ ਦੀ ਸਲਾਮਤੀ ਲਈ ਅਮਰੀਕਾ ਬਣਦੀ ਥਾਂ ਦੇਵੇ। ਅਮਰੀਕਾ ਚੀਨ ਦਾ ਇਹ ਦਾਅਵਾ ਮੰਨਣ ਲਈ ਤਿਆਰ ਨਹੀਂ ਅਤੇ ਉਸ ਦਾ ਖ਼ਿਆਲ ਹੈ ਕਿ ਜੇ ਚੀਨ ਉਸ ਤੋਂ ਆਰਥਿਕ, ਵਪਾਰਕ ਤੇ ਤਕਨੀਕੀ ਸਹਿਯੋਗ ਦਾ ਲਾਹਾ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਅਮਰੀਕਾ ਦੇ ਵਿਰੋਧੀ ਵਜੋਂ ਵਿਹਾਰ ਕਰਨ ਤੋਂ ਗੁਰੇਜ਼ ਕਰਨਾ ਹੋਵੇਗਾ ਅਤੇ ਉਸ (ਅਮਰੀਕਾ) ਦੀਆਂ ਸ਼ਰਤਾਂ ਮਨਜ਼ੂਰ ਕਰਨੀਆਂ ਪੈਣਗੀਆਂ।
        ਦੋਹਾਂ ਮੁਲਕਾਂ ਦੇ ਨਜ਼ਰੀਏ ਵਿਚ ਅਜਿਹੀਆਂ ਭਾਰੀ ਅਸਮਾਨਤਾਵਾਂ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਗ਼ੁਬਾਰੇ ਵਾਲੀ ਘਟਨਾ ਕਾਰਨ ਅਮਰੀਕਾ-ਚੀਨ ਰਿਸ਼ਤੇ ਹੋਰ ਖ਼ਰਾਬ ਹੋਣਗੇ, ਖ਼ਾਸਕਰ ਇਸ ਕਾਰਨ ਵੀ ਕਿ ਅਮਰੀਕਾ ਵਿਚ ਇਸ ਗੱਲ ’ਤੇ ਸਹਿਮਤੀ ਬਣ ਰਹੀ ਹੈ ਕਿ ਚੀਨ ਨੂੰ ਸਿਆਸੀ, ਮਾਲੀ, ਤਕਨੀਕੀ ਤੇ ਫ਼ੌਜੀ ਖੇਤਰਾਂ ਵਿਚ ਪਿੱਛੇ ਧੱਕਿਆ ਜਾਵੇ। ਜੇ ਗ਼ੁਬਾਰੇ ਦੇ ਮਲਬੇ ਦੀ ਜਾਂਚ ਤੋਂ ਇਹ ਸਾਹਮਣੇ ਆਉਂਦਾ ਹੈ ਕਿ ਚੀਨ ਨੇ ਅਮਰੀਕਾ ਦੇ ਰਣਨੀਤਕ ਟਿਕਾਣਿਆਂ ਦੀ ਸੰਵੇਦਨਸ਼ੀਲ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਅਮਰੀਕਾ ਵਿਚ ਚੀਨ ਨੂੰ ਇਸ ਦੀ ਸਜ਼ਾ ਦੇਣ ਦੀ ਮੰਗ ਜ਼ੋਰ ਫੜੇਗੀ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਕਿ ਚੀਨੀ ਸਦਰ ਸ਼ੀ ਵੀ ਹਮਲਾਵਰਾਨਾ ਨੀਤੀਆਂ ਨਾਲ ਖ਼ੁਸ਼ੀ ਮਹਿਸੂਸ ਕਰਦੇ ਹਨ, ਅਮਰੀਕਾ ਵੱਲੋਂ ਪੇਈਚਿੰਗ ਉਤੇ ਲਾਈਆਂ ਬੰਦਸ਼ਾਂ ਨਾਲ ਚੀਨ ਦਾ ਅਮਰੀਕੀ ਨੀਤੀਆਂ ਪ੍ਰਤੀ ਵਿਰੋਧ ਹੋਰ ਸਖ਼ਤ ਹੋਵੇਗਾ।
*  ਲੇਖਕ ਸਾਬਕਾ ਰਾਜਦੂਤ ਹੈ।