ਦੇਸ਼ ’ਤੇ ਡਰ ਤੇ ਸਹਿਮ ਦਾ ਪਰਛਾਵਾਂ - ਗੁਰਬਚਨ ਜਗਤ

ਮੈਂ ਬੜਾ ਲੰਬਾ ਸਮਾਂ ਪੁਲੀਸ ਵਿਚ ਸੇਵਾ ਕੀਤੀ ਹੈ, 1960ਵਿਆਂ ਦੇ ਮੱਧ ਤੋਂ ਸ਼ੁਰੂ ਕਰ ਕੇ ਇਸ ਸਦੀ ਦੀ ਸ਼ੁਰੂਆਤ ਤੱਕ। ਮੈਂ ਵੱਖ-ਵੱਖ ਤਰ੍ਹਾਂ ਦੇ ਜੁਰਮਾਂ ਅਤੇ ਅਮਨ ਕਾਨੂੰਨ ਸਬੰਧੀ ਪੈਦਾ ਹੋਏ ਹਾਲਾਤ ਦਾ ਗਵਾਹ ਹਾਂ। ਆਮ ਜੁਰਮ ਚੋਰੀ, ਸੰਨ੍ਹਮਾਰੀ ਤੱਕ ਸੀਮਤ ਸਨ, ਕਦੇ ਕਦਾਈਂ ਕੋਈ ਕਤਲ ਹੋ ਜਾਂਦਾ ਸੀ (ਕੁਝ ਜ਼ਿਲ੍ਹਿਆਂ ਵਿਚ ਇਸ ਦਾ ਸਾਲਾਨਾ ਅੰਕੜਾ ਇਕਹਿਰੇ ਅੰਕ ਵਿਚ ਹੀ ਰਹਿੰਦਾ, ਪਰ ਮਾਲਵਾ ਖ਼ਿੱਤੇ ਵਿਚ ਗਿਣਤੀ ਕੁਝ ਜ਼ਿਆਦਾ ਹੁੰਦੀ), ਪੰਜਾਬ ਵਿਚ ਜਬਰ ਜਨਾਹ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਸਨ। ਸਿਰਫ਼ ਦਹਿਸ਼ਤਗਰਦੀ ਦੇ ਉਭਾਰ ਤੋਂ ਬਾਅਦ ਹੀ ਉਹ ਦੌਰ ਆਇਆ ਜਦੋਂ ਇਨਸਾਨ ਦੀ ਕਰੂਰਤਾ ਤੇ ਬੇਰਹਿਮੀ ਪੂਰੀ ਤਰ੍ਹਾਂ ਜੱਗ ਜ਼ਾਹਰ ਹੋ ਰਹੀ ਸੀ। ਉਦੋਂ ਵੀ ਇਸ ਦੀ ਸ਼ੁਰੂਆਤ ਕਦੇ ਕਦਾਈਂ ਹੋਣ ਵਾਲੇ ਕਤਲਾਂ, ਗਾਂ ਦਾ ਮਾਸ ਸੁੱਟਣ, ਸਿਗਰਟਾਂ ਦੇ ਧੂੰਏਂ ਦੇ ਰੂਪ ਵਿਚ ਅਤੇ ਹੌਲੀ-ਹੌਲੀ ਸਮਾਜ ਵਿਚ ਵੰਡੀਆਂ ਪੈਣ ਤੇ ਬੇਗ਼ਾਨਗੀ ਪੈਦਾ ਹੋਣ ਵਜੋਂ ਹੋਈ। ਫਿਰ ਉਹ ਦਿਨ ਆਇਆ, ਜਦੋਂ ਇਹ ਸਟੇਟ/ਰਿਆਸਤ ਅਤੇ ਖਾੜਕੂਆਂ ਦਰਮਿਆਨ ਮੁਕੰਮਲ ਜੰਗ ਦਾ ਰੂਪ ਧਾਰ ਗਈ ਤੇ ਸਿਰਫ਼ ਬੰਦੂਕ ਹੀ ਬੋਲਣ ਲੱਗੀ ਸੀ। ਇਕ ਪੁਰਾਣੇ ਕਵੀ ਦੇ ਲਫ਼ਜ਼ਾਂ ਵਿਚ ‘ਤਬਾਹੀ ਦਾ ਰੋਣਾ ਰੋਵੋ ਅਤੇ ਜੰਗ ਦੇ ਕੁੱਤਿਆਂ ਨੂੰ ਖੁੱਲ੍ਹੇ ਛੱਡ ਦਿਉ’। ਅੱਜ ਸਾਨੂੰ ਅਜਿਹੇ ਹਾਲਾਤ ਦੇਖਣੇ ਪੈ ਰਹੇ ਹਨ ਜਿੱਥੇ ਲੀਡਰਸ਼ਿਪ ਖ਼ੁਦ ਹੀ ਅਸੁਰੱਖਿਆ ਦਾ ਖ਼ਤਰੇ ਦਾ ਘੁੱਗੂ ਵਜਾ ਰਹੀ ਹੈ। ਅੱਜ ਵੱਖੋ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਦੀ ਸਾਰੇ ਰੰਗਾਂ ਤੇ ਰੂਪਾਂ ਦੀ ਲੀਡਰਸ਼ਿਪ ਇਹ ਦਾਅਵੇ ਕਰਦੀ ਨਹੀਂ ਥੱਕਦੀ ਕਿ ਭਾਰਤ ਵਿਚ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਦਲਿਤ ਅਤੇ ਸਮਾਜ ਦੇ ਹੋਰ ਤਬਕੇ ਸੁਰੱਖਿਅਤ ਨਹੀਂ ਹਨ। ਆਖ਼ਰ ਸਾਨੂੰ ਭਾਰਤ ਦੇ ਆਮ ਸ਼ਹਿਰੀਆਂ ਨੂੰ ਖ਼ਤਰਾ ਕਿਸ ਤੋਂ ਹੈ - ਇਕ-ਦੂਜੇ ਤੋਂ? ਕੀ ਸਿਆਸੀ ਪਾਰਟੀਆਂ ਨੂੰ ਇਕ-ਦੂਜੀ ਪਾਰਟੀ ਤੋਂ ਖ਼ਤਰਾ ਹੈ? ਕੀ ਵੱਖੋ-ਵੱਖ ਧਰਮਾਂ-ਮਜ਼ਹਬਾਂ ਨੂੰ ਇਕ-ਦੂਜੇ ਤੋਂ ਖ਼ਤਰਾ ਹੈ? ਇਹ ਖ਼ਤਰਾ ਆਉਂਦਾ ਕਿੱਥੋਂ ਹੈ - ਇਹ ਸਿਆਸੀ ਤੇ ਧਾਰਮਿਕ ਆਗੂਆਂ ਅਤੇ ਉਨ੍ਹਾਂ ਦੀਆਂ ਮੁਹਰੈਲ ਸੰਸਥਾਵਾਂ ਦੋਵਾਂ ਦੇ ਇਕ ਖ਼ਾਸ ਵਰਗ ਤੋਂ ਆਉਂਦਾ ਹੈ। ਇਨ੍ਹਾਂ ਨੂੰ ਹੀ ਹਰ ਨੁੱਕਰ, ਹਰ ਖੂੰਜੇ ਵਿਚੋਂ ਖ਼ਤਰਾ ਦਿਖਾਈ ਦਿੰਦਾ ਹੈ, ਇਹੋ ਸੰਸਥਾਵਾਂ ਵੱਖੋ-ਵੱਖ ਮੰਚਾਂ ਤੋਂ ਖ਼ਤਰੇ ਦੀ ਆਵਾਜ਼ ਉਠਾਉਂਦੀਆਂ ਹਨ। ਫਿਰ ਸਰਕਾਰ ਅਤੇ ਇਸ ਦੀਆਂ ਅਮਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਢਿੱਲ-ਮੱਠ ਕਾਰਨ ਇਹ ਆਵਾਜ਼ ਜ਼ਿਆਦਾ ਤੋਂ ਜ਼ਿਆਦਾ ਉੱਚੀ ਤੇ ਤਿੱਖੀ ਹੁੰਦੀ ਜਾਂਦੀ ਹੈ।
ਅੱਜ ਦੇਸ਼ ਭਰ ਵਿਚ ਹੋਣ ਵਾਲੇ ਜੁਰਮਾਂ ਨੂੰ ਦੇਖ ਤੇ ਇਸ ਬਾਰੇ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਖ਼ਾਲਸ ਗਿਣਤੀ ਅਤੇ ਨਾਲ ਹੀ ਇਨ੍ਹਾਂ ਨਾਲ ਜੁੜੀ ਹੋਈ ਬੇਰਹਿਮੀ ਵਿਚ ਭਾਰੀ ਤਬਦੀਲੀ ਆ ਚੁੱਕੀ ਹੈ। ਕਰੂਰਤਾ ਅਤੇ ਅੰਨ੍ਹੇਵਾਹ ਹਿੰਸਾ ਅੱਜ ਬਲਾਤਕਾਰਾਂ, ਕਤਲਾਂ, ਅਗਵਾ ਦੀਆਂ ਘਟਨਾਵਾਂ ਤੇ ਜਬਰੀ ਵਸੂਲੀਆਂ ਦੀ ਪਛਾਣ ਬਣ ਚੁੱਕੀ ਹੈ। ਭਾਵੇਂ ਦਿੱਲੀ ਹੋਵੇ, ਹੈਦਰਾਬਾਦ ਹੋਵੇ, ਮੁੰਬਈ, ਯੂਪੀ ਜਾਂ ਬਿਹਾਰ ਆਦਿ ਕੋਈ ਵੀ ਥਾਂ, ਹਰ ਥਾਂ ਅਣਮਨੁੱਖਤਾ ਦਾ ਪੱਧਰ ਇਕੋ ਜਿਹਾ ਹੈ। ਅੱਜ ਸਾਡੀ ਭਾਸ਼ਾ ਬਦਲ ਕੇ ਨਫ਼ਰਤ ਦੀ ਭਾਸ਼ਾ ਦਾ ਰੂਪ ਧਾਰ ਚੁੱਕੀ ਹੈ ਅਤੇ ਅਜਿਹਾ ਕੁਝ ਵੀ ਖੁੱਲ੍ਹੇਆਮ ਤੇ ਸ਼ਰੇਆਮ ਕੀਤਾ ਜਾਂਦਾ ਹੈ। ਔਰਤਾਂ ਇਸ ਆਲਮ ਤੋਂ ਸਭ ਤੋਂ ਵੱਧ ਪੀੜਤ ਹੁੰਦੀਆਂ ਹਨ... ਉਨ੍ਹਾਂ ਨੂੰ ਕੁੱਟਿਆ-ਮਾਰਿਆ ਜਾਂਦਾ ਹੈ, ਜਬਰ ਜਨਾਹ ਕੀਤੇ ਜਾਂਦੇ ਹਨ ਤੇ ਸਾੜ ਦਿੱਤਾ ਜਾਂਦਾ ਹੈ ਅਤੇ ਕਤਲ ਕੀਤੀਆਂ ਗਈਆਂ ਔਰਤਾਂ ਦੀਆਂ ਲਾਸ਼ਾਂ ਨੂੰ ਫਰਿੱਜਾਂ ਤੇ ਫਰੀਜ਼ਰਾਂ ਵਿਚ ਲੁਕਾ ਕੇ ਰੱਖਿਆ ਜਾਂਦਾ ਹੈ। ਇੰਝ ਜਾਪਦਾ ਹੈ ਜਿਵੇਂ ਇਹ ਉਨ੍ਹਾਂ ਦੇ ਸ਼ਿਕਾਰ ਦਾ ਦੌਰ ਹੋਵੇ ਅਤੇ ਇਸ ਦੌਰ ਵਿਚ ਸ਼ਾਮ ਪੈਣ ਤੋਂ ਬਾਅਦ ਇਕੱਲੀ ਘਰੋਂ ਨਿਕਲਣ ਵਾਲੀ ਔਰਤ ਮੂਰਖ ਹੀ ਸਮਝੀ ਜਾਵੇਗੀ। ਅੱਜ ਸਮਾਜ ਵਿਚ ਖ਼ਰਾਬੀਆਂ ਵਧਦੀਆਂ ਹੀ ਜਾ ਰਹੀਆਂ ਹਨ, ਭਾਵੇਂ ਉਹ ਫ਼ਿਰਕੂ ਹੋਣ ਜਾਂ ਸਮਾਜਿਕ ਤੇ ਜਾਤ ਆਧਾਰਿਤ। ਗਾਇਕਾਂ ਤੇ ਰੈਪਰਾਂ ਵੱਲੋਂ ਗੀਤਾਂ ਵਿਚ ਮੁਜਰਮਾਂ ਦੇ ਸੋਹਲੇ ਗਾਏ ਜਾ ਰਹੇ ਹਨ ਅਤੇ ਗੈਂਗਾਂ ਤੇ ਗਰੋਹਾਂ ਦੀ ਹਿੰਸਾ ਨੂੰ ਵਡਿਆਇਆ ਜਾ ਰਿਹਾ ਹੈ। ਗੈਂਗਸਟਰਾਂ ਦੇ ਸੋਸ਼ਲ ਮੀਡੀਆ ਅਤੇ ਹੋਰ ਸੰਚਾਰ ਸਾਧਨਾਂ ਉੱਤੇ ਅਣਗਿਣਤ ਫਾਲੋਅਰ ਹਨ। ਇਸ ਦੌਰਾਨ ਸਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲੀ ਗੱਲ ਸਾਰੀਆਂ ਵੱਡੀਆਂ ਸਿਆਸੀ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਸ ਵਰਤਾਰੇ ਪ੍ਰਤੀ ਧਾਰੀ ਹੋਈ ਖ਼ਾਮੋਸ਼ੀ ਹੈ। ਇਸ ਖ਼ਿਲਾਫ਼ ਸਥਾਨਕ ਪੱਧਰ ’ਤੇ ਵਿਰੋਧ ਅਤੇ ਰੋਸ ਮੁਜ਼ਾਹਰੇ ਤਾਂ ਜ਼ਰੂਰ ਹੁੰਦੇ ਹਨ, ਪਰ ਅਜਿਹਾ ਕੁਝ ਵੱਡਾ ਤੇ ਟਿਕਾਊ ਨਹੀਂ ਹੁੰਦਾ ਜਿਹੜਾ ਵੱਖੋ-ਵੱਖ ਸਰਕਾਰਾਂ ਨੂੰ ਇਸ ਖ਼ਿਲਾਫ਼ ਠੋਸ ਤੇ ਫ਼ੈਸਲਾਕੁਨ ਕਾਰਵਾਈ ਕਰਨ ਲਈ ਮਜਬੂਰ ਕਰ ਸਕੇ। ਇਸ ਦੇ ਸਿੱਟੇ ਵਜੋਂ ਅਪਰਾਧ ਵੀ ਵਧਦੇ ਜਾਂਦੇ ਹਨ ਤੇ ਅਪਰਾਧੀ ਵੀ। ਅੱਜ ਸਾਰਾ ਫ਼ੌਜਦਾਰੀ ਨਿਆਂ ਪ੍ਰਬੰਧ ਉਧਾਰੇ ਸਾਹਾਂ ਉੱਤੇ ਹੈ, ਪੁਲੀਸ, ਕਾਰਜਪਾਲਿਕਾ, ਨਿਆਂਪਾਲਿਕਾ ਆਦਿ ਸਭ ਇਸ ‘ਦੇਖੋ ਤੇ ਉਡੀਕੋ’ ਦੀ ਨੀਤੀ ਦਾ ਹਿੱਸਾ ਹਨ। ਅਸੀਂ ਆਮ ਲੋਕ ਵੀ ਇਨ੍ਹਾਂ ਅਣਮਨੁੱਖੀ ਕਾਰਿਆਂ ਦੇ ਪ੍ਰਭਾਵ ਤੋਂ ਮੁਕਤ ਹੋ ਗਏ ਜਾਪਦੇ ਹਾਂ, ਪੀੜਤਾਂ ਲਈ ਹਮਦਰਦੀ ਗ਼ਾਇਬ ਹੋ ਚੁੱਕੀ ਹੈ, ਸਿਰਫ਼ ਮੈਂ ਤੇ ਮੇਰਾ ਵਿਚ ਹੀ ਦਿਲਚਸਪੀ ਬਾਕੀ ਬਚੀ ਹੈ। ਸਰਪ੍ਰਸਤੀ ਤੋਂ ਬਿਨਾਂ ਨਾ ਤਾਂ ਜੁਰਮ ਵਧ-ਫੁੱਲ ਸਕਦਾ ਹੈ, ਨਾ ਇਸ ਬਿਨਾਂ ਮੁਜਰਮ ਤੇ ਇੰਤਹਾਪਸੰਦ ਲਹਿਰਾਂ ਵਧ-ਫੁੱਲ ਸਕਦੀਆਂ ਹਨ, ਅਫ਼ਸਰਸ਼ਾਹੀ ਤੇ ਪੁਲੀਸ ਵਿਚਲੇ ਭ੍ਰਿਸ਼ਟ ਤੇ ਅਪਰਾਧੀ ਅਨਸਰ ਵੀ ਇਸ ਤੋਂ ਬਿਨਾਂ ਪਣਪ ਨਹੀਂ ਸਕਦੇ। ਸਹਿਯੋਗ/ਹਮਾਇਤ ਅਤੇ ਸਰਪ੍ਰਸਤੀ ਅੱਜ ਸੂਖ਼ਮ ਜਾਂ ਲੁਕਵੇਂ ਨਹੀਂ ਰਹੇ, ਇਹ ਹੁਣ ਕਾਫ਼ੀ ਖੁੱਲ੍ਹੇ ਤੇ ਪ੍ਰਤੱਖ ਦਿਖਾਈ ਦਿੰਦੀਆਂ ਹਨ।
       ਸਾਡੀ ਲੀਡਰਸ਼ਿਪ ਦੇ ਸਰਗਰਮ ਹੋਣ ਦੀ ਮਹਿਜ਼ ਇਕ ਖ਼ੁਰਦਬੀਨੀ ਮਿਸਾਲ ਵਜੋਂ ਦਿੱਲੀ ਐਮਸੀਡੀ (ਦਿੱਲੀ ਮਿਉਂਸਿਪਲ ਕਾਰਪੋਰੇਸ਼ਨ) ਦੇ ਕਮੇਟੀ ਮੈਂਬਰਾਂ ਦੀ ਚੋਣ ਦੇ ਦ੍ਰਿਸ਼ਾਂ ਦੇਖੇ ਜਾ ਸਕਦੇ ਹਨ। ਉੱਥੇ ਸਾਡੀ ਲੀਡਰਸ਼ਿਪ ਦੀ ਪੂਰੀ ਨੁਮਾਇਸ਼ ਹੋ ਰਹੀ ਸੀ, ਜਦੋਂ ਮਰਦ ਮਰਦਾਂ ਨੂੰ ਘਸੁੰਨ ਜੜ ਰਹੇ ਸਨ, ਔਰਤਾਂ ਇਕ-ਦੂਜੀ ਦੇ ਵਾਲ ਪੁੱਟ ਰਹੀਆਂ ਸਨ ਤੇ ਜਿਸ ਨੂੰ ਜਿਵੇਂ ਸੂਤ ਬੈਠਦਾ ਸੀ ਲੱਗਾ ਹੋਇਆ ਸੀ। ਇਹ ਸਾਡੀ ਜਮਹੂਰੀਅਤ ਦੀ ਕਾਰਜਸ਼ੀਲਤਾ ਹੈ। ਇਸੇ ਤਰ੍ਹਾਂ ਅਜਨਾਲਾ ਵਿਚ ਹਥਿਆਰਬੰਦ ਭੀੜ ਵੱਲੋਂ ਪੁਲੀਸ ਸਟੇਸ਼ਨ ਉੱਤੇ ਕੀਤਾ ਗਿਆ ਹਮਲਾ ਅਤੇ ਗ੍ਰਿਫ਼ਤਾਰ ਕੀਤੇ ਹੋਏ ਵਿਅਕਤੀ ਨੂੰ ਦਬਾਅ ਹੇਠ ਰਿਹਾਅ ਕੀਤਾ ਜਾਣਾ- ਸਭ ਕੁਝ ਨੂੰ ਖ਼ੁਦ-ਬ-ਖ਼ੁਦ ਬਿਆਨਦਾ ਹੈ। ਫਿਰ ਮੀਡੀਆ ਰਿਪੋਰਟਾਂ ਮੁਤਾਬਿਕ, ਅਖੌਤੀ ਹਾਈ ਸਕਿਉਰਿਟੀ ਜੇਲ੍ਹ ਵਿਚ ਬੰਦ ਸਿੱਧੂ ਮੂਸੇਵਾਲਾ ਦੇ ਦੋ ਕਥਿਤ ਕਾਤਲਾਂ ਦੀ ਦੋ ਗਰੋਹਾਂ ਦੇ ਮੈਂਬਰਾਂ ਦਰਮਿਆਨ ਹੋਈਆਂ ਝੜਪਾਂ ਦੌਰਾਨ ਹੋਈ ਹੱਤਿਆ ਵੀ ਸਾਡੇ ਜ਼ਮਾਨੇ ਦੀ ਝਲਕ ਹੈ। ਜ਼ਾਹਿਰ ਹੈ ਕਿ ਇਹ ਝੜਪ ਇਕ ਘੰਟੇ ਤੋਂ ਵੱਧ ਚੱਲੀ। ਇਨ੍ਹਾਂ ਕਤਲਾਂ ਅਤੇ ਅਧਿਕਾਰੀਆਂ ਦੀ ਢਿੱਲ-ਮੱਠ ਨਾਲ ਅਫ਼ਵਾਹਾਂ ਹੋਰ ਫੈਲਣਗੀਆਂ ਤੇ ਇਸ ਪਿੱਛੇ ਕੋਈ ਸਾਜ਼ਿਸ਼ ਹੋਣ ਦੀ ਚਰਚਾ ਨੂੰ ਹਵਾ ਮਿਲੇਗੀ। ਇਸ ਬਾਰੇ ਅਜਿਹੇ ਕਾਫ਼ੀ ਸਵਾਲ ਹਨ ਜਿਨ੍ਹਾਂ ਕਾਰਨ ਮਾਮਲੇ ਦੀ ਹਾਈ ਕੋਰਟ ਦੇ ਜੱਜ ਵੱਲੋਂ ਜੁਡੀਸ਼ਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਦਹਿਸ਼ਤਗਰਦਾਂ ਵੱਲੋਂ ਕਸ਼ਮੀਰੀ ਪੰਡਤਾਂ ਦੀਆਂ ਹੱਤਿਆਵਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਵਿਚ ਪਿਛਲੇ ਦਿਨੀਂ ਪੁਲਵਾਮਾ ਵਿਚ ਹੋਈ ਹੱਤਿਆ ਨਾਲ ਹੋਰ ਇਜ਼ਾਫ਼ਾ ਹੋਇਆ ਹੈ। ਆਖ਼ਰ ਕਦੋਂ ਤੱਕ ਕਸ਼ਮੀਰੀ ਪੰਡਤਾਂ ਦੇ ਪਰਿਵਾਰ ਮੋਏ ਆਪਣਿਆਂ ਦਾ ਮਾਤਮ ਮਨਾਉਂਦੇ ਰਹਿਣਗੇ? ਉਹ ਸਾਡੇ ਲਈ ਮਹਿਜ਼ ਇਕ ਗਿਣਤੀ ਹਨ, ਪਰ ਉਨ੍ਹਾਂ ਦਾ ਮ੍ਰਿਤਕਾਂ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ।
      ਇਸ ਹਾਲਾਤ ਸਬੰਧੀ ਅੰਤਿਮ ਜ਼ਿੰਮੇਵਾਰੀ ਸਿਆਸੀ ਲੀਡਰਸ਼ਿਪ ਦੇ ਸਿਰ ਪੈਂਦੀ ਹੈ ਜਿਸ ਵੱਲੋਂ ਵਧਦੀਆਂ ਸਮੱਸਿਆਵਾਂ ਦੇ ਹੱਲ ਲਈ ਵੇਲੇ ਸਿਰ ਕੋਈ ਦਖ਼ਲ ਨਹੀਂ ਦਿੱਤਾ ਜਾਂਦਾ ਅਤੇ ਹਾਲਾਤ ਨੂੰ ਬਦ ਤੋਂ ਬਦਤਰ ਹੋ ਜਾਣ ਦਿੱਤਾ ਜਾਂਦਾ ਹੈ। ਇਨ੍ਹਾਂ ਸਾਰੀਆਂ ਸਿਆਸੀ ਚਾਲਾਂ ਦੇ ਨਤੀਜੇ ਵਜੋਂ ਇਸ ਸਰਜ਼ਮੀਨ ਉੱਤੇ ਨਿਰਾਸ਼ਾ ਤੇ ਸਹਿਮ ਦਾ ਸਾਇਆ ਮੰਡਰਾ ਰਿਹਾ ਹੈ। ਤੁਸੀਂ ਤੇ ਮੈਂ ਆਪਣੇ, ਆਪਣੇ ਪਰਿਵਾਰਾਂ ਤੇ ਆਪਣੇ ਭਾਈਚਾਰਿਆਂ ਲਈ ਖ਼ੌਫ਼ਜ਼ਦਾ ਹਾਂ। ਡਰ ਦੀ ਇਹ ਭਾਵਨਾ ਸਾਨੂੰ ਵੰਡਣ ਅਤੇ ਚੋਣਾਂ ਜਿੱਤਣ ਤੇ ਸੱਤਾ ਹਥਿਆਉਣ ਦੇ ਇਕੋ-ਇਕ ਮਕਸਦ ਨਾਲ ਸਾਡੇ ਦਿਲ ਵਿਚ ਬਿਠਾਈ ਗਈ ਹੈ। ਚੋਣਾਂ ਹੀ ਸਾਡੀਆਂ ਸਿਆਸੀ ਪਾਰਟੀਆਂ ਲਈ ਸਭ ਕੁਝ ਬਣ ਗਈਆਂ ਹਨ। ਇਸ ਸੌਦੇਬਾਜ਼ੀ ਵਿਚ ਨਫ਼ਰਤ ਤੇ ਬਦਜ਼ੁਬਾਨੀ ਆਦਰਸ਼ ਬਣ ਗਈ ਹੈ ਤੇ ਸੱਭਿਅਕ ਗੱਲਬਾਤ ਹੁਣ ਇਕ ਅਪਵਾਦ ਹੈ। ਜੇ ਹਰੇਕ ਮੰਚ ਤੋਂ ਨਫ਼ਰਤ ਦਾ ਹੀ ਪ੍ਰਚਾਰ ਹੋਵੇਗਾ ਅਤੇ ਹੋਰਨਾਂ ਤੋਂ ਖ਼ਤਰਾ ਹੋਣ ਦਾ ਰੌਲਾ ਪਾਇਆ ਜਾਵੇਗਾ ਤਾਂ ਅਸੀਂ ਅਮਨ-ਚੈਨ ਤੇ ਵਿਕਾਸ ਕਿੱਥੋਂ ਭਾਲਾਂਗੇ। ਦੇਸ਼ ਨੂੰ ਫ਼ੌਰੀ ਤੌਰ ’ਤੇ ਭਾਰੀ ਸੁਧਾਰ ਤੇ ਦਰੁਸਤੀ ਦੀ ਲੋੜ ਹੈ ਅਤੇ ਅਜਿਹਾ ਸਿਖਰ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਜੋ ਫਿਰ ਹੇਠ ਵੱਲ ਆਵੇ। ਨਫ਼ਰਤ ਦੀ ਭਾਸ਼ਾ ਨੂੰ ਪਿਆਰ ਦੀ ਭਾਸ਼ਾ ਵਿਚ ਬਦਲਣਾ ਹੋਵੇਗਾ, ਫੁੱਟ ਦੀ ਥਾਂ ਏਕਤਾ ਲਿਆਉਣੀ ਹੋਵੇਗੀ। ਜੇ ਅਸੀਂ ਇਹ ਜ਼ਰੂਰੀ ਸੁਧਾਰ ਨਹੀਂ ਕਰਦੇ ਤਾਂ ਸਾਨੂੰ ਆਪਣੇ ਆਪ ਨੂੰ ਹੋਰ ਵੀ ਵੱਡੇ ਖ਼ਤਰੇ ਲਈ ਤਿਆਰ ਕਰ ਲੈਣਾ ਚਾਹੀਦਾ ਹੈ, ਜਿਵੇਂ ਅੰਗਰੇਜ਼ੀ ਕਵੀ ਯੇਟਸ ਨੇ ਲਿਖਿਆ ਹੈ :
ਫਿਰ ਉੱਠਿਆ ਖ਼ੂਨ ’ਚ ਲਥਪਥ ਜਵਾਰਭਾਟਾ
ਤੇ ਡੁੱਬ ਗਈ ਮਾਸੂਮੀਅਤ, ਹਰ ਥਾਂ
ਚੰਗੇ ਲੋਕਾਂ ’ਚ ਵਿਸ਼ਵਾਸ ਦੀ ਕਮੀ ਏ
ਤੇ ਬੁਰੇ ਲੋਕ ਭਰੇ ਹੋਏ ਨੇ ਪੁਰਜੋਸ਼ ਵੇਗ ਨਾਲ।
* ਸਾਬਕਾ ਚੇਅਰਮੈਨ, ਯੂਪਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।