ਕਿਤਾਬੀ ਇਲਮ - ਰਵਿੰਦਰ ਸਿੰਘ ਕੁੰਦਰਾ

ਦਾਨਿਸ਼ਵਰੀ ਦਾ ਸਫ਼ਰ ਤਾਂ, ਚੜ੍ਹ ਹੁੰਦਾ ਅੱਖਰਾਂ ਦੀ ਘਨੇੜੀ।
ਨਹੀਂ ਤੇ ਰਾਤ ਅਗਿਆਨਤਾ ਦੀ, ਹੋ ਜਾਂਦੀ ਘੋਰ ਹਨੇਰੀ।

ਜ਼ਿੰਦਗੀ ਦਾ ਇਲਮ ਹੈ ਉਜਾਲਾ, ਜੋ ਕਦੀ ਮਿਟ ਨਹੀਂ ਸਕਦਾ,
ਦਿਖਾਵੇ ਰਾਹ ਰਾਹਬਰ ਬਣ ਕੇ, ਜਿਸ ਦੀ ਸ਼ਾਨ ਸਦਾ ਉਚੇਰੀ।

ਰੁਕ ਜਾਂਦੇ ਨੇ ਸਭ ਰਸਤੇ, ਮੰਜ਼ਿਲਾਂ ਨੂੰ ਜਾਂਦੇ ਜਾਂਦੇ,
ਬਿਨ ਇਲਮੋਂ ਨਹੀਂ ਮਿਲਦੀ, ਸਭਿਆਚਾਰ ਨੂੰ ਉਮਰ ਲੰਮੇਰੀ।

ਨਹੀਂ ਪਾ ਸਕੇ ਉਹ ਰੁਤਬੇ, ਜੋ ਨਾ ਝਰੀਟ ਸਕੇ ਕੁੱਝ ਅੱਖਰ,
ਇਤਿਹਾਸ ਗਵਾਹ ਹੈ ਸਾਡਾ, ਭਾਵੇਂ ਘੋਖੋ ਇਸਨੂੰ ਲੱਖ ਵੇਰੀ।

ਰਹਿਣ ਜ਼ਿੰਦਾ ਉਹ ਲੇਖਕ, ਜੋ ਨਵੇਂ ਕੁੱਝ ਪੂਰਨੇ ਪਾਂਦੇ,
ਤਹਿਰੀਰ ਬੁਨਿਆਦ ਬਣ ਜਾਂਦੀ, ਜਿਸ 'ਤੇ ਜਾਵੇ ਕੌਮ ਉਸੇਰੀ।

ਚੁੱਕ ਤਲਵਾਰਾਂ ਜੋ ਤੁਰ ਪੈਂਦੇ, ਕਲਮ ਸਿਰ ਕਰਨ ਕਲਮਾਂ ਦੇ,
ਜ਼ਮਾਨਾ ਲਾਹਣਤ ਪਾਵੇ ਉਨ੍ਹਾਂ ਨੂੰ, ਉਹ ਖੱਟਦੇ ਨਫ਼ਰਤ ਘਨੇਰੀ।

ਜੇ ਕਦੀ ਖੁਸ ਗਏ ਅੱਖਰ, ਤਾਂ ਲੱਗੇਗੀ ਮੌਤ ਦੀ ਕਚਹਿਰੀ,
ਜਿੱਥੇ ਜ਼ਿੰਦਗੀ ਬੇਤਾਣ ਬੇਚਾਰੀ, ਜਾਇਗੀ ਹਰੇਕ ਪਾਸਿਉਂ ਘੇਰੀ।

ਕੂੜੇਦਾਨ ਵਿੱਚ ਪਈ ਕਿਤਾਬ, ਕਰੇ ਸਵਾਲ ਪਾਠਕ ਨੂੰ,
ਕੀ ਇਹੀ ਸੀ ਕੀਮਤ ਤੇਰੇ ਮਨ, ਜੋ ਪਾਈ ਆਖ਼ਰ ਤੂੰ ਮੇਰੀ?

ਕਲਮੋਂ ਅਤੇ ਕਿਤਾਬੋਂ ਬੇਮੁੱਖ, ਹੋ ਜਾਵਣ ਵਾਲਿਆ ਲੋਕਾ!
ਮਦਾਰੀ ਦੇ ਤਮਾਸ਼ੇ ਤੋਂ ਭੈੜੀ, ਹੋ ਜਾਵੇਗੀ ਹਾਲਤ ਤੇਰੀ।

ਕਿਤਾਬ ਦਾ ਡੂੰਘਾ ਦਰਦ, ਕਹਿੰਦਾ ਹੈ ਚੀਖ ਚੀਖ ਤੈਨੂੰ,
ਫੜ ਹਾਲੇ ਵੀ ਪੱਲਾ ਮੇਰਾ, ਮਤਾਂ ਮਿਟ ਜਾਏ ਦਾਸਤਾਂ ਤੇਰੀ!
ਕਵੈਂਟਰੀ ਯੂ ਕੇ
ਟੈਲੀਫੋਨ: 07748772308