ਤਮਾਸ਼ਾ-ਏ-ਪੰਜਾਬ ! - ਬੁੱਧ ਸਿੰਘ ਨੀਲੋਂ

ਮੇਹਰਬਾਨ, ਕਦਰਦਾਨ !
ਆਪੋ ਆਪਣੇ ਘਰ, ਥਾਂ, ਜਿਥੇ ਵੀ ਹੋ ਬੈਠ ਜਾਓ। ਬਸ ਥੋੜੇ ਕੁ ਪਲ ਵਿਚ ਤਮਾਸ਼ਾ ਸ਼ੁਰੂ ਹੋਣ ਵਾਲਾ ਐ। ਐ ਮਮਤਾ, ਏ ਸੋਨੀਆ, ਓ ਮਾਨ ਭਾਈ। ਜਰਾ ਚੁੱਪ ਦਾ ਦਾਨ ਬਖਸ਼ੋ ਤੇ ਮੇਰੇ ਵੱਲ ਧਿਆਨ ਧਰੋ । ਪੰਜਾਬ ਤਾਂ ਸਾਰਾ ਹੀ ਗੰਦਗੀ ਨਾਲ ਭਰ ਗਿਆ ਹੈ । ਨਸ਼ਾ, ਲੁੱਟਮਾਰ , ਚੋਰ ਬਜ਼ਾਰ , ਮਾਫੀਆ ਦਾ ਰਾਜ , ਸੁੱਤੇ ਲੋਕ ਜਾਗਦੀ ਸਰਕਾਰ । ਮੇਰੀ ਗੱਲ ਸੁਣ ਸਰਦਾਰ । ਕੀ...ਕਿਹਾ ਸਮਾਂ ਨਹੀਂ ...ਅੱਛਾ ਕੰਮ ਕੀ ਕਰਦਾ ਹੈ.....ਮੋਟਰ ਸਾਈਕਲ ਉਤੇ ਗੇੜੀਆਂ ਮਾਰਨ ਤੋਂ ਬਿਨ੍ਹਾਂ ਕੰਮ ਕੀ ਹੈ ! ਚੱਲ ਛੱਡ...ਆਪਾਂ ਕੀ ਲੈਣਾ ਹੈ । ਲਾਣੇਦਾਰਾ ਬਹਿ ਜਾ ਤੇਰੀ ਵੀ ਗੱਲ ਸੁਣਦਾਂ । ਓ ਜਮੂਰੇ ਕਰੀਏ ਫੇਰ ਡਰਾਮਾ… ਜੀ… ਅੱਛਾ ਫੇਰ ਹੋ ਜਾ ਤਿਆਰ ...ਇਸ ਲਕੀਰ ਉਪਰ ਸਾਰੇ ਖੜ੍ਹ ਜੋ । ਕੋਈ ਹਿੱਲੇ ਨਾ...ਤੇ ਜਿਹੜਾ ਵੀ ਹਿੱਲਿਆ ...ਕਾਲੀ ਮਾਂ ਉਹਦਾ ਨਾਸ ਕਰੇਗੀ । ਕੀ ਗੱਲ ਕਾਹਦਾ ਡਰ ਹੈ । ਉਹ ਨੌਜਵਾਨਾਂ ਬਕ ਬਕ ਨਾ ਕਰ ਧਿਆਨ ਕਰ । ਸੁਣ ਬਾਬੇ ਦੀਆਂ ਗੱਲਾਂ । ਲੋ ਜੀ ਨਾਟਕ ਸ਼ੁਰੂ ਹੈ । ਮਾਰੋ ਤਾੜੀ....ਬੱਲੇ ਬੱਲੇ ..ਸ਼ਾਬਸ਼ੇ ਬਈ । ਬਹੁਤ ਸਿਆਣੇ ਹੋ ਕਹੇ ਤੇ ਹੀ ਮਾਰਦਾ ਹੋ ਨਹੀਂ ਚੁਪ ਚਾਪ ਤਮਾਸ਼ਾ ਦੇਖਦੇ ਹੋ। ਦੋਖੋ ਜਰੂਰ ਦੇਖੋ ..ਤੁਹਾਨੂੰ ਦੇਖਣ ਤੋਂ ਕੋਈ ਨਹੀਂ ਰੋਕਦਾ । ਕਿਸੇ ਬੋਲਣਾ ਨਹੀਂ । ਗੱਲਬਾਤ ਨਹੀਂ ਕਰਨੀ । ਬਸ ਸਭ ਨੇ ਸੁਣਨਾ ਹੈ ...ਲਓ ਜੀ ਮਨ ਦਾ ਬਕਵਾਸ ਸ਼ੁਰੂ ਹੈ । ...ਕੀ ਗੱਲ ...ਬੱਤੀ ਬੰਦ ਹੋ ਗੀ..। ਓ ਬਿਜਲੀ ਵਾਲੋ ..ਤੁਹਾਡੇ ਬਹਿ ਕੱਟਾ...।
ਚੱਲੋ ਆਪਾਂ ਨਾਟਕ ਕਰਦੇ ਹਾਂ । ਬੰਦਾ ਨਾਟਕ ਕਿਉਂ ਕਰਦਾ ਹੈ । ਘਰ ਲਈ ਪਰਵਾਰ ਵਾਸਤੇ । ਪਰ ਆ ਕੀ ਕਰਦਾ, ਕਿਸਦੇ ਵਾਸਤੇ ?...ਸਮਝ ਗੇ ਹੋ...ਛੜੇ ਬੰਦੇ ਦੀ ਹੁੰਦੀ ਹੈ ਅੱਖ ਇੱਲ ਵਰਗੀ...? ਚੱਲ ਛੱਡ ਪਰੇ ਛੜੇ ਤੋਂ ਆਪਾਂ ਕੀ ਲੈਣਾ ਸਾਡਾ ਕਿਹੜਾ ਘਰ ਵੇਚਿਆ ਹੈ । ਤੇਈ ਕੰਪਨੀਆਂ ਤੇ ਜਨਤਕ ਅਦਾਰੇ ਹੀ ਵੇਚੇ ਹਨ । ਸਾਡਾ ਕੀ ਵੇਚਿਆ ਹੈ ?
ਦੱਸ ਤੇਰਾ ਕੀ ਵੇਚਿਆ
…. ਤੇਰਾ ਕੀ ਵੇਚਿਆ
ਕੁਸ਼ ਨਹੀਂ ...ਫੇਰ ਰੌਲਾ ਕਾਹਦਾ ਹੈ ।
ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ ...ਹਮਾਰਾ
ਜੋਰ ਸੇ ਬੋਲੋ ...ਜੈ ਮਾਤਾ ਦੀ ...ਹਰ ਹਰ ਮਹਾਂ ਦੇਵ ...ਅੱਲ੍ਹਾ ਹੂ ਆਕਬਰ
....ਜੋ ਹਮ ਸੇ ਟਕਰਾਏਗਾ ਚੂਰ ਚੂਰ ਹੋ ਜਾਏਗਾ !
………..
ਡੁਗ ਡੁਗ, ਬੰਸਰੀ ਵੱਜਦੀ ਐ
ਨਾਰਦ ਮੁੰਨੀ ਮੀਡੀਆ ਪੂਰੀ ਤਰ੍ਹਾਂ ਪਲ ਪਲ ਦੀ ਖਬਰ ਦੁਨੀਆਂ ਤੱਕ ਪੁਜਦੀ ਕਰਦਾ ਐ ।
ਹਾਂ ਜਮੂਰੇ !
ਜੀ ਉਸਤਾਦ। ਫੇਰ ਕਰੀਏ ਖੇਲ ਸ਼ੁਰੂ, ਕੇ ਅਜੇ ਦੇਖ ਲਵਾਂ ਕਿੰਨੇ ਬਹਿ ਗਏ। ਬੱਲੇ ਆ ਤੇ ਸੁਸਰੀ ਵਾਂਗ ਈ ਸੌ ਗਏ। ਬਹੁਤੇ ਤਾਂ ਮਰਨੋ ਡਰਦੇ ਡਰ ਨਾਲ ਹੀ ਮਰੀ ਜਾ ਰਹੇ ਹਨ ....ਗੱਡੀਆਂ ਵਾਲਿਆਂ ਨੂੰ ਬਹੁਤ ਡਰ ਲੱਗ ਰਿਹਾ ਹੈ...!
ਓ ਜਮੂਰੇ ਦੱਸ ਕੀ ਖੇਲ ਦਖਾਵਾ …... ,
ਤਾਜ ਮਹਿਲ ਜਾਂ ਬਾਲੀਵੁਡ ਦੀ ਹੀਰੋਇਨ ?
ਬੋਲ ਜਮੂਰੇ ਬੋਲ !
ਦੱਸ ਕੀ ਦੇਖਣਾ ਹੈ...?
ਉਸਤਾਦ ਦੇਖਾਂਗੇ ਤਾਂ ਬਾਅਦ ਵਿੱਚ ਪਹਿਲਾਂ ਰੋਟੀ ਮੰਗਾਂ ..ਭੁੱਖ ਬਹੁਤ ਲੱਗੀ ਹੈ ... ਨਾਲੇ ਆਪ ਖਾਅ ਤੇ ਮੈਨੂੰ ਖਲਾਅ ਤੇ ਨਾਲੇ ਲੋਕਾਂ ਨੂੰ ਖਵਾਅ ।
ਉਹ ਜਮੂਰੇ ਤੇਰਾ ਨਾ ਕਦੇ ਢਿੱਡ ਭਰਿਆ। ਹਰ ਵੇਲੇ ਰੋਟੀ, ਰੋਟੀ। ਬਹਿ ਜਾ ਟਿਕ ਕਿ ..ਨਹੀਂ ਪਊ ਸੋਟੀ। ਬਹੁਤ ਐ ਮੋਟੀ। ਫੇਰ ਨਾ ਰੋਕੀ।
ਚੰਗਾ ਉਸਤਾਦ, ਕਰ ਜੋ ਕਰਨਾ। ਮੇਰੀ ਤਾਂ ਭੁੱਖ ਨੇ ਬੋਲਤੀ ਓ ਬੰਦ ਕਰਤੀ।
ਲੋਓ ਬੀ ਤਮਾਸ਼ਾ ਸ਼ੁਰੂ ਐ ।
ਨੋਟ ਬੰਦ, ਲੌਕ ਡਾਊਨ, ਤਾਲੀ, ਥਾਲੀ, ਮੋਮਬੱਤੀ ।
ਜਮੂਰੇ ਆਗੇ ਆਗੇ ਦੇਖ ਹੋਤਾ ਐ ਕਿਆ ?
ਉਸਤਾਦ ਤੇਰੇ ਨਾਲੋਂ ਤਾਂ ਖੁਸਰੇ ਚੰਗੇ ਆ ਕੱਲ ਉਹਨਾਂ ਮੈਨੂੰ ਰੋਟੀ ਖੁਆਈ। ਤੂੰ ਤੇ ਉਸਤਾਦ ਜਮਾਂ ਈ ਬੁੱਦੂ ਐਂ। ਐਵੇਂ ਗੱਲਾਂ ਨਾਲ ਕੜਾਹ ਬਣਾਈ ਜਾਨਾਂ। ਕੋਈ ਖੇਲ ਦਿਖਾ। ਐਵੈ ਨਾਗਪੁਰੀ ਝੋਲੇ ਚੋਂ ਕੱਢ ਕੇ ਸੱਪ ਸਰਾਲ ਸਿਟੀ ਜਾਨਾ। ਨਾ ।
ਤਮਾਸ਼ਾ ਜਾਰੀ ਐ। ਵਿਚੋਂ ਈ ਇਕ ਕਾਮਰੇਡ ਬੋਲਿਆ
ਓ ਮਦਾਰੀਆ, ਆ ਆਪਣਾ ਤਮਾਸ਼ਾ ਬੰਦ ਕਰ ।
ਭਾਰਤੀ ਲੋਕੋ! ਕੁੱਝ ਸੋਚੋ, ਮਰਨਾ ਨੀ, ਜਿਉਣਾ ਐ।
ਇਹ ਕਹੀ ਜਾ ਰਿਹਾ ਅਸੀਂ ਗੁਲਾਮ ਆਂ, ਐਪਲ ਦਾ ਫੋਨ, ਡੇਢ ਕਰੋੜ ਰੁਪਏ ਦੀ ਗੱਡੀ ਐ। ਮੁਫਤ ਦੇ ਸੁਰੱਖਿਆ ਬੰਦੇ। ਫੇਰ ਗੁਲਾਮ ਕੌਣ ਹੋਇਆ ਐ ? ਸਰਕਾਰ ਅੱਖਾਂ ਮੀਚ ਕੇ ਬੈਠੀ ਐ। ਦੋਵੇਂ ਪਾਸੇ ਧਰਮ ਦੀ ਸ਼ਰਧਾ ਐ। ਕਮਾਲ ਐ, ਅਕਲ ਦਾ ਤਖਤ ਦਿਆਲ ਐ। ਸਿਆਸਤਦਾਨ ਤੇ ਧਰਨੇ-ਪ੍ਰਦਰਸ਼ਨ ਕਰਨ ਵਾਲੇ ਚੁੱਪ, ਕਿਹੜਾ ਮੂੰਹ ਨੂੰ ਛਿੱਕਲੀਆਂ ਲਾ ਗਿਆ ਐ ?
ਲੋਕ ਬੋਲਦੇ ਹੁੰਦੇ ਨੇ ਪਰ ਹੁਣ ਇਹ ਵੀ ਚੁੱਪ ਹਨ।
ਪਿਆਰਿਓ ਦੇਸ਼ ਦੇ ਦੁਲਾਰਿਓ, ਮਦਾਰੀ ਦੇ ਦੁਰਕਾਰਿਓ
ਆਓ ! ਆਓ! ਕੁੱਝ ਕਰੀਏ ਤੇ ਹੁਣ ਨਾ ਡਰ ਨਾਲ ਮਰੀਏ
ਖੁਰਦੀ ਅਕਲ ਨੂੰ ਭੋਰੀਏ, ਕੁੱਝ ਕਰਨਾ ਲੋੜੀਏ ?
ਦੇਸ਼ ਵਾਸੀਓ ਯਾਦ ਕਰੋ, ਆਪਣੇ ਪੁਰਖਿਆਂ ਨੂੰ। ਉਹ ਵਿਦੇਸ਼ ਤੋਂ ਆਏ ਸੀ ਤੇ ਵਿਦੇਸ਼ ਦੌੜ ਰਹੇ। ਉਲਟੀ ਗੰਗਾ ਵਗ ਤੁਰੀ ਐ।
ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਵਾਲਿਆਂ ਨੇ ਜੋ ਪੰਜਾਬ ਦੇ ਖੁਰ ਜਾਣ ਤੋਂ ਬਹੁਤ ਹੀ ਚਿੰਤੁਤ ਹਨ ...ਪਰ ਕੀਤਾ ਕੀ ਜਾਵੇ ?..ਇਸ ਸੰਬੰਧੀ ਵਿਚਾਰ ਚਰਚਾ ਕਰਨ ਲਈ ਲੋਕਾਈ ਦਾ ਇਕੱਠੇ ਹੋਣਾ ਜਰੂਰੀ ਐ..ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ ਸੋਚੇ ਇਸਨੂੰ ਕਿਵੇਂ ਸੰਭਾਲਿਆ ਜਾ ਸਕੇ...?
………...
ਜਦੋਂ ਲੋਕ ਹਰ ਤਰ੍ਹਾਂ ਦਾ ਟੈਕਸ ਦੇਂਦੇ ਹਨ ਤੇ ਫੇਰ ਵੀ ਨਾ ਬੱਚਿਆਂ ਨੂੰ ਸਿਖਿਆ ਤੇ ਨਾ ਨੌਜਵਾਨਾਂ ਨੂੰ ਰੁਜ਼ਗਾਰ ...ਨਾ ਮੋਹ ਪਿਆਰ , ਜੋ ਹੱਥਾਂ ਵਿੱਚ ਚੁੱਕੀ ਫਿਰਦੇ ਹਨ ਡਿਗਰੀਆਂ , ਨਸ਼ਾ, ਬੇਰੁਜ਼ਗਾਰੀ ਤੇ ਭਿ੍ਸ਼ਟਾਚਾਰ. ਧੱਕੇਸ਼ਾਹੀ. ਖੁੱਦਕੁਸ਼ੀਆ ਤੇ ਦੁਰਕਾਰ, ਪਾਣੀ ਦਾ ਡਿੱਗ ਰਿਹਾ ਮਿਆਰ,ਪੁਲਿਸ ਵਧੀਕੀਆਂ. ਤੇ ਡਾਂਗ ਸੱਭਿਆਚਾਰ, ਪੰਜਾਬ ਵਿੱਚ ਵਧਿਆ ਲੋਟੂ ਮਾਫੀਆ ਤੇ ਸਰਕਾਰ ਸਿਆਸਤਦਾਨ ਦੇ ਲਾਰੇ ...ਵੱਧ ਰਹੇ ਅਪਰਾਧ ਤੇ ਡਿੱਗ ਰਿਹਾ ਇਖਲਾਕ ..ਆਓ ਕਰੀਏ ਵਿਚਾਰ , ਕੀ ਏ ਆਪਣਾ ਇਹ ਸੱਭਿਆਚਾਰ ? ਮਨਾਂ ਦੇ ਅੰਦਰ ਉਠਦੇ ਸਵਾਲ, ਜਿਹਨਾਂ ਦੇ ਜਵਾਬ ਦੀ ਤਲਾਸ਼ , ਸਿਆਸਤਦਾਨਾਂ ਦੇ ਜੁਲਮੇ ਤੇ ਗੱਪਾ, ਕੀ ਹੋਇਆ ਕੀ ਕੀ ਦੱਸਾਂ, ਸਿਰ ਫੇਹ ਦੇਈਏ , ਹੁਣ ਸਿਆਸੀ ਸੱਪਾਂ ਨੇ ਲੋਕਾਂ ਦਾ ਜੋ ਨਾਸ ਮਾਰਿਆ ਹੈ ..ਤੁਸੀਂ ਜੋ ਮੁੱਲ ਤਾਰਿਆ, ਹੁਣ ਤਾਂ ਹਰ ਕੋਈ ਗਾਵੇ, ਕੀਤਾ ਕੀ ਜਾਵੇ ? ਕੀ ਕਰੀਏ?  ਕੀ ਕਰੀਏ ? ……..
ਕਿਵੇਂ ਕਰੀਏ ?...ਇਹਨਾਂ ਸਵਾਲਾਂ ਦਾ ਹਲ ਕੀ ਹੈ? .... ਸਾਂਝੀ ਜੰਗ ਲੜੀ ਜਾਵੇ
………..
ਹਾਲਾਤ-ਏ-ਪੰਜਾਬ
ਪੰਜਾਬ ਵਿੱਚ ਨਸ਼ਿਆਂ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਹਰ ਰੋਜ਼ ਨੌਜਵਾਨ ਮਰ ਰਹੇ ਹਨ ਤੇ ਸਰਕਾਰ ਗੱਲਾਂ ਦਾ ਫਿੱਕਾ ਕੜਾਹ ਛਕਾ ਰਹੀ ਹੈ ....ਹਰ ਰੋਜ਼ ਨਵੀਂ ਗੱਪ ਮਾਰੀ ਜਾ ਰਹੀ ਹੈ ....ਮੀਟਿੰਗ ਹੋ ਰਹੀਆਂ ਹਨ।
ਮਗਰਮੱਛ ਸ਼ਰੇਆਮ ਚਿੱਟਾ ਵੇਚ ਰਹੇ ਹਨ...ਹਰ ਪਿੰਡ ਤੇ ਘਰਾਂ ਤੱਕ ਮਾਲ ਪੁੱਜਦਾ ਕਰਵਾਉਣ ਦੀ ਪਹੁੰਚ ਹੈ।
ਲੋਕ ਪੁਲਿਸ ਨੂੰ ਤਸ਼ਕਰਾਂ ਦੇ ਨਾਮ ਦੱਸਦੇ ਹਨ ...ਵੇਚਣ ਵਾਲਿਆਂ ਨੂੰ ਫੜਕੇ ਪੁਲਿਸ ਦੇ ਹਵਾਲੇ ਵੀ ਕਰਦੇ ਹਨ ...ਪਰ ਫੇਰ ਵੀ ਕੋਈ ਡਰ ਨਹੀਂ ...ਪੁਲਿਸ ਕਾਗਜ਼ਾਂ ਦਾ ਢਿੱਡ ਭਰਦੀ ਹੈ ....ਪਬਲਿਕ ਮੀਟਿੰਗ ਕਰਦਿਆਂ ਲੋਕਾਂ ਨੂੰ ਸੂਚਨਾ ਦੇਣ ਦੀ ਸਲਾਹ ਦੇਂਦੀ ਹੈ ...ਭਲਾ ਪੁਲਿਸ ਨੂੰ ਪਤਾ ਨਹੀਂ ਕਿ ਉਸਦੇ ਇਲਾਕੇ ਦੇ ਵਿੱਚ ਕੌਣ ਕੀ ਕਰਦੈ ? ਕਿਹੜਾ ਕੀ ਚਰਦਾ ਹੈ। ਮਾਨਯੋਗ ਹਾਈਕੋਰਟ ਵਿੱਚ ਪੰਜ ਤੋਂ ਬੰਦ ਫਾਈਲਾਂ ਪਈਆਂ ਹਨ। ਕੋਈ ਪੁੱਛ ਨੀ ਸਕਦਾ। ਜੇ ਕੋਈ ਪੁੱਛ ਦਾ ਐ। ਕੋਰਟ ਬੰਦੇ ਨੂੰ ਅੰਦਰ ਕਰ ਦੇਂਦੀ ਐ।
ਸਭ ਨੂੰ ਸਭ ਦਾ ਪਤਾ ਹੈ ਪਰ ਕੰਨਾਂ ਵਿੱਚ ਰੂੰ ਪਾਈ ਹੋਈ ਹੈ ਕਿਉਂਕਿ ਜੇ ਮਗਰਮੱਛ ਫੜ ਲਏ ਤਾਂ ਖਰਚ ਪਾਣੀ ਕਿਵੇਂ ਚੱਲੂ?
ਯਾਦ ਕਰੋ ਵਿਰਸੇ ਨੂੰ ਦੁਸ਼ਮਣ ਨੂੰ ਦੇਸ਼ ਪੰਜਾਬ ਵਿੱਚ ਵੜਣ ਤੋਂ ਰੋਕਣ ਵਾਲਿਆਂ ਬਾਬਿਆਂ ਨੂੰ, ਜਿਹੜੇ ਹਿੱਕ ਤਾਣ ਲੜਦੇ ਸੀ ਤੇ ਤੁਸੀਂ ਪਿੱਠ ਕਰਕੇ ਭੱਜ ਰਹੇ ਹੋ।
ਕੀ ਹੋਇਆ ਜੇ ਸੱਤਾ ਦੀ ਤਾਕਤ ਨਹੀਂ, ਲੜਨ, ਜਿਉਣ ਦੀ ਸ਼ਕਤੀ ਤਾਂ ਹੈ।
ਮਸਲਿਆਂ ਨੇ ਸਾਰੇ ਲੋਕ ਦੁਖੀ ਕੀਤੇ ਹਨ ...ਪਰ ਇਹਨਾਂ ਮਸਲਿਆਂ ਦਾ ਹਲ ਕੀ ਕਰੀਏ ? ਇਹ ਮਸਲੇ ਵਿਚਾਰ ਕਰਨ ਦੇ ਲਈ ਪੰਜਾਬ ਨੂੰ ਹੱਸਦਾ ਵਸਦਾ ਦੇਖਣ ਦੀ ਉਮੀਦ ਰੱਖਦੇ ਆਗਾਂਹਵਧੂ ਸੁਚੇਤ ਤੇ ਸੂਝਵਾਨ ਚਿੰਤਕਾਂ ਨੂੰ ਇਕ ਮੰਚ ਤੇ ਵਿਚਾਰ ਸਾਂਝਾ ਕਰਨ ਤੇ ਕੋਈ ਨਵੀਂ ਰਣਨੀਤੀ ਤਿਆਰ ਕਰਨ ਦਾ ਖੁਲ੍ਹਾ ਸੱਦਾ ਦਿੱਤਾ ਹੈ...
ਇਸ ਵਿੱਚ ਪੰਜਾਬ ਦੇ ਹਰ ਖੇਤਰ ਵਿੱਚ ਸਮਾਜ ਦੇ ਕਾਰਜ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਕਾਲਮਨਵੀਸ, ਪੱਤਰਕਾਰ, ਬੁੱਧੀਜੀਵੀਆਂ ,ਵਿਦਿਆਰਥੀਆਂ, ਧਾਰਮਿਕ ਸੰਸਥਾਵਾਂ ਦੇ ਅਗਾਂਹਵਧੂ ਸੋਚ ਦੇ ਸੁਚੇਤ ਵਰਗ ਦੇ ਜਿਉਂਦੇ ਤੇ ਜਾਗਦੇ ਲੋਕ ਸਾਹਮਣੇ ਆਉਣ ਹੈ ਤਾਂ ਹੀ ਗੁਆਚ ਰਹੇ, ਖੁਰ ਰਹੇ, ਪਲ ਪਲ ਮਰ ਰਹੇ ਪੰਜਾਬ ਨੂੰ ਬਚਾਉਣ ਦੇ ਲਈ ਕੋਈ ਸਾਂਝਾ ਮੰਚ ਬਣਾਇਆ ਜਾ ਸਕੇਗਾ ।
ਪੰਜਾਬ ਦਾ ਹਰ ਮਨੁੱਖ ਵਿਅਕਤੀਗਤ ਤੇ ਪਰੇਸ਼ਾਨ ਤਾਂ ਹੈ ਪਰ ਕੀ ਕਰੀਏ ? ਕਿਵੇਂ ਪੰਜਾਬ ਨੂੰ ਬਚਾਇਆ ਜਾਵੇ ਸਬੰਧੀ ਦੁਬਿਧਾ ਵਿੱਚ ਹੈ। ਇਹ ਸੱਚ ਹੈ ਕਿ ਹੁਣ ਘਰਾਂ ਵਿੱਚ ਬੈਠ ਕੇ ਆਪਣੀ ਮੌਤ ਦੀ ਉਡੀਕ ਕਰਨ ਦੇ ਨਾਲੋ ਕਿਸੇ ਸੰਘਰਸ਼ ਦੇ ਵਿੱਚ ਲੜਨ ਦੀ ਲੋੜ ਹੈ..
ਸਿਆਸਤਦਾਨ ਪੰਜਾਬ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ ਤੇ ਅਸੀਂ ਬਹੁਗਿਣਤੀ ਲੋਕ ਲੁੱਟੇ ਜਾ ਰਹੇ ਹਾਂ .
ਪਰ ਹੁਣ ਸਮਾਂ ਲੰਘਦਾ ਜਾ ਰਿਹਾ ਹੈ ..ਹੁਣ ਚੁਪ ਕਰਕੇ ਬੈਠ ਜਾਣ ਦਾ ਸਮਾਂ ਨਹੀਂ।
ਲੋਕਤੰਤਰ ਦਾ ਬਦਲ ਹੁਣ ਪੂਰਨ ਸਵਰਾਜ ਹੈ…...
ਯਾਦ ਕਰੋ ਬਾਬਾ ਨਾਨਕ ਨੂੰ, ਜਿਸ ਆਖਿਆ ਸੀ :
ਏਹੀ ਮਾਰ ਪਈ ਕੁਰਲਾਣੈ
ਤੈ ਕੀ ਦਰਦ ਨਾ ਆਇਆ।
ਹੁਣ ਦਰਦ ਕਿਉਂ ਨੀ ਆਉਂਦਾ ? ਕਿਥੇ ਐ ਹੁਣ ਉਹ ?
ਹੁਣ ਕਿਰਤ ਕਰਨੀ ਤੇ ਕਿਰਤ ਦੀ ਰਾਖੀ ਕਰਨੀ ਹੈ  ਪੰਜਾਬੀਆਂ ਦਾ ਮੁੱਖ ਫਰਜ਼ ਐ।
ਆਪਣੀ ਹਉਮੈ ਨੂੰ ਛੱਡਕੇ ਪੰਜਾਬ ਦੇ ਲਈ ਇਕ ਸਾਂਝਾ ਮੰਚ ਬਣਾਇਆ ਜਾਵੇ...ਤਾਂ ਹੀ ਪੰਜਾਬ ਬਚ ਸਕਦਾ ਹੈ ...ਨਹੀ ...ਤਾਂ ਸਭ ਕੁੱਝ ਤੁਹਾਡੇ ਸਾਹਮਣੇ ਹੈ..
ਪੰਜਾਬ ਨੂੰ ਬਚਾਉਣ ਲਈ ਆਓ ਰਲਮਿਲ ਕੇ ਇੱਕ ਹੰਭਲਾ ਮਾਰੀਏ ਤੇ ਆਪਣੇ ਜਿਉਂਦੇ ਹੋਣ ਦੀ ਸ਼ਹਾਦਤ ਦੇਈਏ ।
ਮੁੱਠੀ ਵਿੋਚੋਂ ਕਿਰਦੇ ਪੰਜਾਬ ਨੂੰ ਬਚਾਈਏ।
ਇੱਕ ਸਾਂਝਾ ਹੰਭਲਾ ਮਾਰੀਏ, ਦੁਸ਼ਮਣ ਨੂੰ ਲਲਕਾਰੀਏ
ਹੁਣ ਲੜਨ ਦੀ ਲੋੜ ਹੈ ਨਾ ਕਿ ਮਰਨ ਦੀ ।
ਭਵਸਾਗਰ ਤਰਨ ਦੀ ਲੋੜ ਹੈ
ਕਿਛੁ ਸੁਣੀਏ ਕਿਛੁ ਕਹੀਏ
ਨਵੇਂ ਵਸਤਰ ਬੁਣੀਏ, ਨਵੇਂ ਆਗੂ ਚੁਣੀਏ
ਆਓ ਪੰਜਾਬੀਓ ਆਓ, ਨਾ ਬਦੇਸ਼ਾਂ ਨੂੰ ਭੱਜੀ ਜਾਓ ਨਾ ਪੁਰਖਿਆਂ ਤੇ ਵਿਰਸੇ ਦੇ ਦਾਗਦਾਰ ਬਣੋ।
ਆਓ ਸਿਰ ਜੋੜੀਏ, ਕੇਹਾ ਕਰਨਾ ਲੋੜੀਏ, ਕੋਈ ਕਾਫਲਾ ਤੋਰੀਏ, ਉਡੀਕਦਾ ਪੰਜਾਬ ਹੈ , ਤੁਹਾਡੀ ਸ਼ਕਤੀਆਂ ਨੂੰ
ਮੰਗਦਾ ਹਿਸਾਬ ਹੈ .... ਕਿਉ ਰੋ ਰਿਹਾ ਪੰਜਾਬ ਹੈ?
ਆਓ ਪੰਜਾਬ ਬਚਾਈਏ, ਦੇਸ਼ ਬਚਾਈਏ।
ਅੱਗ ਘਰਾਂ ਅੰਦਰ ਆ ਵੜੀ ਐ।
ਹੁਣ ਸੜ ਕੇ ਮਰਨੈ ਜਾਂ ਲੜ ਕੇ ਜਿਉਣਾ ਐ? ਫੈਸਲਾ ਤੁਹਾਡਾ ਐ!!
ਬੁੱਧ ਸਿੰਘ ਨੀਲੋਂ
ਸੰਪਰਕ : 9464370823