ਹੋਲੀ ਖੁਸ਼ੀਆਂ ਦਾ ਤਿਉਹਾਰ, ਪਰ ਮਨਾਓ ਸਾਵਧਾਨੀ ਨਾਲ..... - ਗੁਰਸੇਵਕ ਰੰਧਾਵਾ


ਹਰ ਸਾਲ ਹੋਲੀ ਦਾ ਤਿਉਹਾਰ ਫ਼ੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।  ਭਾਰਤ ਦੇਸ਼ ਵਿਚ ਹੋਲੀ ਦਾ ਤਿਉਹਾਰ ਆਪਣੀ ਖ਼ਾਸ ਮਹੱਤਤਾ ਰੱਖਦਾ ਹੈ। ਕਈ ਥਾਂਵਾਂ ਤੇ ਇਹ ਤਿਉਹਾਰ 'ਹੋਲਿਕਾ ਦਹਿਨ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਹੋਲੀ ਦਾ ਸੰਬੰਧ ਪ੍ਰਹਿਲਾਦ ਦੀ ਕਥਾ ਦੇ ਨਾਲ ਜੁੜਿਆ ਹੋਇਆ ਹੈ ਅਤੇ ਹੋਲੀ ਦੇ ਤਿਉਹਾਰ ਸਬੰਧੀ ਇਸ ਕਥਾ ਨੂੰ ਆਧਾਰ ਬਣਾ ਕੇ ਹੀ ਰਾਤ ਨੂੰ ਹੋਲੀ ਜਲਾਈ ਜਾਂਦੀ ਸੀ ਤੇ ਅੱਗ ਨਾਲ ਬਣੀ ਸੁਆਹ ਨੂੰ ਹੋਲਿਕਾ ਦੀ ਰਾਖ਼ ਮੰਨ ਕੇ ਸਵੇਰੇ ਉਡਾਇਆ ਜਾਂਦਾ ਸੀ। ਹੋਲੀ ਦਾ ਤਿਉਹਾਰ ਖ਼ੁਸ਼ੀ ਤੇ ਭਾਈਚਾਰੇ ਦਾ ਪ੍ਰਤੀਕ ਤਿਉਹਾਰ ਹੈ। ਬਸੰਤ ਰੁੱਤ ਵਿੱਚ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਜ਼ਿਆਦਾਤਰ ਲੋਕ ਇਕ-ਦੂਜੇ 'ਤੇ ਰੰਗ ਪਾ ਕੇ ਚਿਹਰੇ 'ਤੇ ਗੁਲਾਲ ਲਗਾ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਆਪਣੀ ਨਫ਼ਰਤ ਭੁੱਲਾ ਕੇ ਇੱਕ ਦੂਜੇ ਦੇ ਗਲੇ ਮਿਲਦੇ ਹਨ ਅਤੇ ਗਿਲੇ-ਸ਼ਿਕਵੇ ਦੂਰ ਕਰਦੇ ਹਨ। ਬੱਚੇ ਇਸ ਤਿਉਹਾਰ ਨੂੰ ਬੜੇ ਹੀ ਖੁਸ਼ੀ ਅਤੇ ਚਾਵਾਂ ਨਾਲ ਮਨਾਉਂਦੇ ਹਨ। ਹੋਲੀ ਦੇ ਤਿਉਹਾਰ ਦਾ ਆਰੰਭ ਉਸ ਸਮੇਂ ਹੁੰਦਾ ਹੈ ਜਦੋਂ ਸਰਦੀ ਆਪਣੇ ਅੰਤਲੇ ਪੜਾਅ ਤੇ ਹੁੰਦੀ ਹੈ ਅਤੇ ਗਰਮੀ ਦਾ ਆਰੰਭ ਹੋਣ ਵਾਲਾ ਹੁੰਦਾ ਹੈ।
ਹੋਲੀ ਤੋਂ ਇਕ ਦਿਨ ਬਾਅਦ ‘ਹੋਲੇ ਮੁਹੱਲੇ’ ਦੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਜੋੜ ਮੇਲਾ ਲੱਗਦਾ ਹੈ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਹੋਲਾ ਮੁਹੱਲਾ ਮਨਾਉਂਦੇ ਹਨ, ਇਹ ਦ੍ਰਿਸ਼ ਬੜਾ ਹੀ ਮਨਮੋਹਕ ਹੁੰਦਾ ਹੈ। ਹੋਲਾ ਮਹੱਲਾ ਮਨਾਉਣ ਦੀ ਸ਼ੁਰੂਆਤ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਹੋਈ ਸੀ। ਇਹ ਤਿਉਹਾਰ ਹੁਣ ਵੀ ਰਵਾਇਤੀ ਢੰਗ ਅਤੇ ਪੂਰੇ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ। ‘ਹੋਲੇ ਮਹੱਲੇ’ ਮੌਕੇ ਆਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ ਜੁੜਦਾ ਹੈ। ਹੋਲੀ ਦੇ ਤਿਉਹਾਰ ਮੌਕੇ ਕਈ ਲੋਕ ਕੈਮੀਕਲ ਵਾਲੇ ਰੰਗ ਅਤੇ ਪੱਕੇ ਰੰਗ ਦੀ ਵਰਤੋਂ ਵੀ ਕਰਨ ਲੱਗ ਪਏ ਹਨ ਜੋ ਸਿਹਤ ਲਈ ਹਾਨੀਕਾਰਕ ਹਨ। ਇਨ੍ਹਾਂ ਦੀ ਵਰਤੋਂ ਨਾਲ ਅੱਖਾਂ, ਚਿਹਰੇ ’ਤੇ ਤੇ ਚਮੜੀ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਰੰਗ ਕਈ ਦਿਨਾਂ ਤੱਕ ਨਹੀਂ ਉੱਤਰਦਾ ਅਤੇ ਇਹ ਰੰਗ ਅੱਖਾਂ ਵਿੱਚ ਪੈ ਜਾਣ ਨਾਲ ਅੱਖਾਂ ਦੀ ਨਜ਼ਰ ਤਕ ਜਾ ਸਕਦੀ ਹੈ। ਇਸਤੋਂ ਇਲਾਵਾ ਕੈਮੀਕਲ ਰੰਗਾਂ ਕਾਰਨ ਸਿਰ ਦੇ ਵਾਲ ਝੜ੍ਹਨੇ ਅਤੇ ਚਮੜੀ ਦੀਆਂ ਕਈ ਬਿਮਾਰੀਆਂ ਦੀ ਸ਼ਿਕਾਇਤ ਵੀ ਹੋ ਜਾਂਦੀ ਹੈ । ਜਿੰਨਾ ਹੋ ਸਕੇ ਅਜਿਹੇ ਰੰਗਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
 ਇਸ ਤੋਂ ਇਲਾਵਾ ਬਹੁਤ ਸਾਰੇ ਸ਼ਰਾਰਤੀ ਲੋਕ ਰੰਗਾਂ ਦੀ ਥਾਂ ਆਂਡਿਆਂ, ਟਮਾਟਰਾਂ, ਗਰੀਸ ਅਤੇ ਮਕੈਨੀਕਲ ਤੇਲ ਦੀ ਵਰਤੋਂ ਵੀ ਇੱਕ ਦੂਜੇ ਤੇ ਸੁੱਟਣ ਲਈ ਕਰਦੇ ਹਨ ਜੋ ਕਿ ਸਰੀਰ ਲਈ ਬਹੁਤ ਹੀ ਹਾਨੀਕਾਰਕ ਹੈ ਅਤੇ ਇਸ ਨਾਲ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਦਾ ਹੈ। ਹੋ ਸਕੇ ਤਾਂ ਪਾਣੀ ਦੀ ਵਰਤੋਂ ਵੀ ਸੁਯੋਗ ਢੰਗ ਨਾਲ ਕਰਨੀ ਚਾਹੀਦੀ ਹੈ। ਜਿੰਨਾ ਸੰਭਵ ਹੋਵੇ ਪ੍ਰਾਕ੍ਰਿਤਿਕ ਰੰਗਾਂ ਦਾ ਉਪਯੋਗ ਹੀ ਕਰਨਾ ਚਾਹੀਦਾ ਹੈ। ਹੋਲੀ ਦਾ ਤਿਉਹਾਰ ਬੇਸ਼ੱਕ ਧੂਮਧਾਮ ਨਾਲ ਮਨਾਓ, ਪਰ ਸਾਵਧਾਨੀ ਵਰਤਣੀ ਬਹੁਤ ਲਾਜ਼ਮੀ ਹੈ। ਹੋਲੀ ਖੇਡਣ ਤੋਂ ਪਹਿਲਾਂ ਸਿਰ ਅਤੇ ਸਰੀਰ 'ਤੇ ਨਾਰੀਅਲ ਦੇ ਤੇਲ ਦੀ ਵਰਤੋ ਕਰੋ ਕਿਉਂਕਿ ਤੇਲ ਵਾਲਾਂ ਅਤੇ ਚਮੜੀ ਨੂੰ ਸੁਰੱਖਿਅਤ ਕਰਦਾ ਹੈ, ਜਿਸ ਨਾਲ ਰੰਗ ਜਲਦੀ ਨਿਕਲ ਜਾਂਦਾ ਹੈ। ਅੱਖਾਂ ਵਿੱਚ ਰੰਗ ਪੈਣ ਤੋਂ ਬਚਣ ਲਈ ਐਨਕ ਦਾ ਇਸਤਮਾਲ ਕਰੋ ਅਤੇ ਆਪਣੇ ਨਾਲ ਰੁਮਾਲ ਜਾਂ ਸਾਫ਼ ਕੱਪੜਾ ਜ਼ਰੂਰ ਰੱਖੋ, ਤਾਂ ਕਿ ਅੱਖਾਂ ’ਚ ਰੰਗ ਜਾਂ ਗੁਲਾਲ ਪੈਣ ’ਤੇ ਉਸ ਨੂੰ ਤੁਰੰਤ ਸਾਫ਼ ਕਰ ਸਕੋ। ਹੋਲੀ ਖੇਡਦੇ ਸਮੇਂ ਪੂਰੇ ਸਰੀਰ ਨੂੰ ਜ਼ਿਆਦਾ ਤੋਂ ਜ਼ਿਆਦਾ ਢਕ ਕੇ ਰੱਖੋ। ਹੋਲੀ ਖੇਡਣ ਤੋਂ ਬਾਅਦ ਆਪਣੇ ਚਿਹਰੇ 'ਤੇ ਲੱਗੇ ਰੰਗ ਨੂੰ ਜ਼ਿਆਦਾ ਦੇਰ ਤੱਕ ਨਾ ਰੱਖੋ। ਕਿਉਂਕਿ ਰੰਗ ਸਾਫ਼ ਨਾ ਕਰਨ ’ਤੇ ਤੁਹਾਡੇ ਚਿਹਰੇ ’ਤੇ ਧੱਫੜ ਅਤੇ ਚਮੜੀ ਖੁਸ਼ਕੀ ਹੋ ਸਕਦੀ ਹੈ। ਰੰਗ ਉਤਾਰਨ ਲਈ ਸਰੀਰ ’ਤੇ ਠੰਡੇ ਅਤੇ ਤਾਜੇ ਪਾਣੀ ਦਾ ਇਸਤੇਮਾਲ ਕਰੋ ਇਸ ਨਾਲ ਰੰਗ ਆਸਾਨੀ ਨਾਲ ਨਿਕਲ ਜਾਵੇਗਾ। ਰੰਗ ਛੁਡਾਉਂਦੇ ਸਮੇਂ ਚਮੜੀ ਨੂੰ ਜ਼ਿਆਦਾ ਨਾ ਰਗੜੋ, ਨਹੀਂ ਤਾਂ ਚਮੜੀ ਛਿੱਲਣ ਦਾ ਡਰ ਰਹਿੰਦਾ ਹੈ। ਚਿਹਰੇ ਦਾ ਰੰਗ ਉਤਾਰਨ ਲਈ ਕਾੱਟਨ ’ਚ ਜੈਤੂਨ ਦੇ ਤੇਲ ਨੂੰ ਮਿਲਾ ਕੇ ਉਸਦੀ ਵਰਤੋਂ ਕਰੋ। ਹੋਲੀ ਦਾ ਤਿਉਹਾਰ ਆਪਸੀ ਸਾਂਝ, ਏਕਤਾ ਤੇ ਪਿਆਰ ਦਾ ਸੁਨੇਹਾ ਦਿੰਦਾ ਹੈ। ਹੋਲੀ ਖੁਸ਼ੀਆਂ ਦਾ ਪ੍ਰਤੀਕ ਤਿਉਹਾਰ ਹੈ। ਹੋਲੀ ਦੇ ਤਿਉਹਾਰ ਨੂੰ ਮਨਾਉਣ ਦਾ ਅਸਲ ਉਦੇਸ਼ ਮਨੁੱਖਤਾ ਦੇ ਦਿਲਾਂ ਵਿੱਚ ਪਿਆਰ ਤੇ ਭਾਈਚਾਰੇ ਦੀ ਭਾਵਨਾ ਨੂੰ ਉਜ਼ਾਗਰ ਕਰਨਾ ਹੈ। ਸੋ ਇਸ ਤਿਉਹਾਰ ਨੂੰ ਸਾਵਧਾਨੀ ਅਤੇ ਚਾਵਾਂ ਨਾਲ ਮਨਾਉਣਾ ਚਾਹੀਦਾ ਹੈ।

ਗੁਰਸੇਵਕ ਰੰਧਾਵਾ
ਪਟਿਆਲਾ।
ਮੋ: 94636-80877