ਆਮ ਆਦਮੀ ਦਾ ਰੇਖਾਕਾਰ - ਰਾਮਚੰਦਰ ਗੁਹਾ

ਜੀਵਨੀ ਦੀ ਇਕ ਦਿਲਚਸਪ ਉਪ-ਵੰਨਗੀ ਹੁੰਦੀ ਹੈ ਜਿਸ ਵਿਚ ਕੋਈ ਪੇਸ਼ੇਵਾਰ ਆਪਣੇ ਸ਼ੋਹਬੇ ਦੇ ਕਿਸੇ ਦੂਜੇ ਮਾਹਿਰ ਬਾਰੇ ਲਿਖਦਾ ਹੈ। ਆਪਣੀ ਪੜ੍ਹਤ ਮੁਤਾਬਿਕ ਇਸ ਦੀਆਂ ਮਿਸਾਲਾਂ ਦੀ ਇਕ ਫ਼ਹਿਰਿਸਤ ਬਣਾ ਸਕਿਆ ਹਾਂ ਜਿਸ ਵਿਚ ਰੌਇ ਹੈਰੋਡ ਦੀ ਲਿਖੀ ਜੌਨ੍ਹ ਮੇਅਨਾਰਡ ਕੇਨਜ਼ ਦੀ ਜੀਵਨੀ, ਐਸ਼ਲੀ ਮੈਲੇਟ ਵੱਲੋਂ ਲਿਖੀ ਕਲੇਅਰ ਗ੍ਰਿਮਟ ਦੀ ਜੀਵਨੀ, ਰਿਚਰਡ ਇਵਾਨਜ਼ ਦੀ ਲਿਖੀ ਐਰਿਕ ਹੌਬਸਬਾਮ ਦੀ ਜੀਵਨੀ ਅਤੇ ਪਾਲ ਥਿਰੌਕਸ ਦੀ ਕਲਮ ਤੋਂ ਲਿਖੀਆਂ ਵੀ.ਐੱਸ. ਨਾਇਪਾਲ ਦੀਆਂ ਯਾਦਾਂ।
       ਵਿਸ਼ਾ ਵਸਤੂ, ਬਿਰਤਾਂਤ ਅਤੇ ਸਾਹਿਤਕ ਮਿਆਰ ਦੇ ਲਿਹਾਜ਼ ਤੋਂ ਇਹ ਕਿਤਾਬਾਂ ਬਹੁਤ ਵੱਖੋ ਵੱਖਰੀਆਂ ਹਨ, ਪਰ ਇਨ੍ਹਾਂ ਦੇ ਤਿੰਨ ਪਹਿਲੂ ਸਾਂਝੇ ਹਨ। ਪਹਿਲਾ, ਇਨ੍ਹਾਂ ’ਚੋਂ ਹਰੇਕ ਜੀਵਨੀਕਾਰ ਉਮਰ ’ਚ ਉਸ ਸ਼ਖ਼ਸ ਨਾਲੋਂ ਛੋਟਾ ਹੈ ਜਿਸ ਬਾਰੇ ਉਸ ਨੇ ਜੀਵਨੀ ਲਿਖੀ ਹੈ। ਹੈਰੋਡ, ਕੇਨਜ਼ ਤੋਂ ਅਠਾਰਾਂ ਸਾਲ, ਮੈਲੇਟ, ਗ੍ਰਿਮਟ ਤੋਂ ਚੁਤਾਲੀ ਸਾਲ, ਇਵਾਨਜ਼ ਹੌਬਸਬਾਮ ਤੋਂ ਤੀਹ ਸਾਲ, ਅਤੇ ਥਿਰੌਕਸ, ਨਾਇਪਾਲ ਤੋਂ ਨੌਂ ਸਾਲ ਛੋਟਾ ਹੈ। ਦੂਜਾ, ਇਨ੍ਹਾਂ ’ਚੋਂ ਹਰੇਕ ਜੀਵਨੀਕਾਰ ਦੀ ਜੀਵਨੀ ਲਿਖਣ ਲਈ ਆਪਣੇ ਚੁਣੇ ਸ਼ਖ਼ਸ ਨਾਲ ਨਿੱਜੀ ਜਾਣ ਪਛਾਣ ਰਹੀ ਹੈ। ਹੈਰੋਡ ਤੇ ਕੇਨਜ਼ ਅਤੇ ਥਿਰੌਕਸ ਤੇ ਨਾਇਪਾਲ ਦੇ ਰਿਸ਼ਤੇ ਕਾਫ਼ੀ ਕਰੀਬੀ ਤੇ ਗੂੜ੍ਹੇ ਸਨ ਜਦੋਂਕਿ ਮੈਲੇਟ ਤੇ ਗ੍ਰਿਮਟ ਅਤੇ ਇਵਾਨਜ਼ ਤੇ ਹੌਬਸਬਾਮ ਦਾ ਮੇਲ ਜੋਲ ਥੋੜ੍ਹਚਿਰਾ ਸੀ। ਤੀਜਾ ਤੇ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਇਨ੍ਹਾਂ ’ਚੋਂ ਹਰੇਕ ਜੀਵਨੀਕਾਰ ਆਪਣੇ ਖੇਤਰ ਵਿਚ ਮੁਹਾਰਤ ਤਾਂ ਰੱਖਦਾ ਹੈ ਪਰ ਜੀਵਨੀ ਦਾ ਵਿਸ਼ਾ ਬਣੇ ਸ਼ਖ਼ਸ ਜਿੰਨਾ ਮਸ਼ਹੂਰ ਨਹੀਂ ਹੈ।
ਰੌਇ ਹੈਰੋਡ ਉੱਘਾ ਬਰਤਾਨਵੀ ਅਰਥਸ਼ਾਸਤਰੀ ਸੀ ਜਿਸ ਨੇ ਜ਼ਿਆਦਾਤਰ ਕੰਮ ਔਕਸਫੋਰਡ ਵਿਚ ਰਹਿ ਕੇ ਕੀਤਾ ਸੀ ਜਦੋਂਕਿ ਕੇਨਜ਼ ਦਾ ਬਹੁਤਾ ਸਮਾਂ ਕੈਂਬਰਿਜ ਵਿਚ ਬੀਤਿਆ ਸੀ ਅਤੇ ਉਹ ਵੀਹਵੀਂ ਸਦੀ ਦਾ ਸਭ ਤੋਂ ਪ੍ਰਮੁੱਖ ਅਰਥਸ਼ਾਸਤਰੀ ਸੀ। ਐਸ਼ਲੀ ਮੈਲੇਟ ਆਸਟਰੇਲੀਆ ਦਾ ਸਫ਼ਲ ਆਫ-ਸਪਿਨ ਗੇਂਦਬਾਜ਼ ਸੀ ਜਦੋਂਕਿ ਗ੍ਰਿਮਟ ਕ੍ਰਿਕਟ ਦੇ ਇਤਿਹਾਸ ਦਾ ਪਹਿਲਾ ਮਹਾਨ ਫਿਰਕੀ ਗੇਂਦਬਾਜ਼ ਹੋਇਆ ਹੈ ਜਿਸ ਤੋਂ ਬਾਅਦ ਬਿਲ ਓ’ਰਾਇਲੀ, ਰਿਚੀ ਬਿਨੌਡ ਅਤੇ ਸਭ ਤੋਂ ਉਪਰ ਸ਼ੇਨ ਵਾਰਨ ਜਿਹੇ ਫਿਰਕੀ ਗੇਂਦਬਾਜ਼ਾਂ ਦਾ ਨਾਂ ਚਲਦਾ ਹੈ। ਰਿਚਰਡ ਇਵਾਨਜ਼ ਨਾਮਵਰ ਇਤਿਹਾਸਕਾਰ ਹੈ ਤੇ ਵੀਹਵੀਂ ਸਦੀ ਦੇ ਜਰਮਨੀ ਬਾਰੇ ਆਈਆਂ ਕਈ ਕਿਤਾਬਾਂ ਦਾ ਰਚਨਾਕਾਰ ਹੈ। ਇਤਿਹਾਸਕਾਰ ਹੌਬਸਬਾਮ ਦੇ ਕਾਰਜ ਦਾ ਦਾਇਰਾ ਬਹੁਤ ਵਿਆਪਕ ਹੈ ਜਿਸ ਨੇ ਦੁਨੀਆ ਭਰ ਦੇ ਦੇਸ਼ਾਂ ਅੰਦਰ ਇਤਿਹਾਸਕ ਦਾਨਿਸ਼ਵਰੀ ਦੇ ਖੇਤਰ ਵਿਚ ਤਬਦੀਲੀ ਲਿਆਂਦੀ। ਪਾਲ ਥਿਰੌਕਸ ਨੇ ਜ਼ਹੀਨ ਨਾਵਲਕਾਰ ਅਤੇ ਸਫ਼ਰਨਾਮਾ ਲੇਖਕ ਹੋਣ ਨਾਤੇ ਨਾਮਣਾ ਖੱਟਿਆ ਹੈ ਜਦੋਂਕਿ ਨਾਇਪਾਲ ਨੇ ਇਸੇ ਵਿਧਾ ਵਿਚ ਸਾਹਿਤ ਦਾ ਨੋਬੇਲ ਪੁਰਸਕਾਰ ਜਿੱਤਿਆ ਸੀ।
         ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਹੁਣ ਈਪੀ ਊਨੀ ਦੀ ਲਿਖੀ ਆਰ.ਕੇ. ਲਕਸ਼ਮਣ ਦੀ ਜੀਵਨੀ ਨਾਲ ਇਸ ਕਤਾਰ ਵਿਚ ਦੋ ਭਾਰਤੀ ਨਾਂ ਵੀ ਜੁੜ ਗਏ ਹਨ। 1954 ਵਿਚ ਜਨਮਿਆ ਊਨੀ, ਲਕਸ਼ਮਣ ਤੋਂ ਤਕਰੀਬਨ ਤੇਤੀ ਸਾਲ ਛੋਟਾ ਅਤੇ ਖ਼ੁਦ ਹੁਨਰਮੰਦ ਤੇ ਸਫ਼ਲ ਕਾਰਟੂਨਿਸਟ ਹੈ। ਮੈਨੂੰ ਇਹ ਤਾਂ ਨਹੀਂ ਪਤਾ ਕਿ ਉਹ ਕਦੇ ਇਕ ਦੂਜੇ ਨੂੰ ਮਿਲੇ ਸਨ ਜਾਂ ਨਹੀਂ ਪਰ ਉਸ ਦੀ ਕਿਤਾਬ ਵਿਚ ਜਿਵੇਂ ਇਸ ਵਿਧਾ ਦੀ ਪਛਾਣ ਕਰਵਾਈ ਗਈ ਹੈ, ਉਸ ਤੋਂ ਉਸ ਦੀ ਆਪਣੀ ਕਲਾ ਦੇ ਉਸਤਾਦ ਲਈ ਅਕੀਦਤ ਦੇ ਢੰਗ ਦਾ ਪਤਾ ਚਲਦਾ ਹੈ। ਆਰ.ਕੇ. ਲਕਸ਼ਮਣ ਦਾ ਜਨਮ ਤੇ ਪਾਲਣ ਪੋਸ਼ਣ ਮੈਸੂਰ ਵਿਚ ਹੋਇਆ ਸੀ। ਉਸ ਨੇ ਆਪਣਾ ਪਹਿਲਾ ਸਕੈੱਚ ਆਪਣੇ ਘਰ ਦੇ ਫਰਸ਼ ’ਤੇ ਆਪਣੇ ਸਕੂਲ ਅਧਿਆਪਕ ਪਿਤਾ ਦਾ ਵਾਹਿਆ ਸੀ। ਲਕਸ਼ਮਣ ਬੰਬਈ ਦੇ ਮਸ਼ਹੂਰ ਜੇ.ਜੇ. ਸਕੂਲ ਆਫ ਆਰਟਸ ਵਿਚ ਪੜ੍ਹਨਾ ਚਾਹੁੰਦਾ ਸੀ ਪਰ ਉਹ ਦਾਖ਼ਲਾ ਲੈਣ ਵਿਚ ਨਾਕਾਮ ਰਿਹਾ। ਉਸ ਨੇ ਮੈਸੂਰ ਵਿਚ ਹੀ ਬੀਏ ਕੀਤੀ ਅਤੇ ਵਿਹਲੇ ਸਮੇਂ ’ਚ ਸ਼ਹਿਰ ਦੀਆਂ ਯਾਦਗਾਰ ਥਾਵਾਂ ’ਤੇ ਸਕੈੱਚ ਤੇ ਤਸਵੀਰਾਂ ਵਾਹੁੰਦਾ ਸੀ। ਆਪਣੇ ਘਰ ਆਉਂਦੇ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪੀਆਂ ਤਸਵੀਰਾਂ ਨੂੰ ਬਹੁਤ ਨੀਝ ਨਾਲ ਨਿਹਾਰਦਾ। ਉਹ ਖ਼ਾਸ ਤੌਰ ’ਤੇ ਨਿਊਜ਼ੀਲੈਂਡ ਦੇ ਡੇਵਿਡ ਲੋਅ ਦੀ ਕਲਾ ਤੋਂ ਬਹੁਤ ਮੁਤਾਸਿਰ ਹੋਇਆ ਜਿਸ ਦੇ ‘ਲੰਡਨ ਈਵਨਿੰਗ ਸਟੈਂਡਰਡ’ ਵਿਚ ਛਪੇ ਕਾਰਟੂਨ ਮਦਰਾਸ ਤੋਂ ਪ੍ਰਕਾਸ਼ਿਤ ਹੁੰਦੇ ‘ਦਿ ਹਿੰਦੂ’ ਅਖ਼ਬਾਰ ਵਿਚ ਛਪਿਆ ਕਰਦੇ ਸਨ।
         ਕਈ ਦਹਾਕਿਆਂ ਬਾਅਦ ਜੇ.ਜੇ. ਸਕੂਲ ਵਿਚ ਹੋਏ ਇਕ ਸਮਾਗਮ ਵਿਚ ਲਕਸ਼ਮਣ ਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਦੱਸਿਆ ਕਿ ਜੇ ਉਨ੍ਹਾਂ ਇਸ ਸੰਸਥਾ ਵਿਚ ਪੜ੍ਹਾਈ ਕੀਤੀ ਹੁੰਦੀ ਤਾਂ ਇਸ ਦੇ ਬਹੁਤ ਸਾਰੇ ਗ੍ਰੈਜੁਏਟਾਂ ਵਾਂਗ ਕਿਸੇ ਇਸ਼ਤਿਹਾਰ ਏਜੰਸੀ ਦਾ ਚੰਗੀ ਤਨਖ਼ਾਹ ਲੈਣ ਵਾਲਾ ਆਰਟ ਡਾਇਰੈਕਟਰ ਹੋਣਾ ਸੀ। ਜੇ.ਜੇ. ਸਕੂਲ ਵੱਲੋਂ ਉਨ੍ਹਾਂ ਨੂੰ ਦਾਖ਼ਲੇ ਦੇ ਯੋਗ ਨਾ ਸਮਝਣ ਦਾ ਇਤਿਹਾਸਕ ਲਾਹਾ ਇਹ ਹੋਇਆ ਕਿ ਸਾਨੂੰ ਲਕਸ਼ਮਣ ਦੇ ਰੂਪ ਵਿਚ ਇਕ ਮਹਾਨ ਕਾਰਟੂਨਿਸਟ ਮਿਲ ਗਿਆ।
        ਲਕਸ਼ਮਣ ਨੂੰ 1947 ਵਿਚ ਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਪਹਿਲੀ ਵਾਰ ਬੰਬਈ ਦੇ ਫਰੀ ਪ੍ਰੈਸ ਜਰਨਲ ਅਖ਼ਬਾਰ ਵਿਚ ਨੌਕਰੀ ਮਿਲੀ ਸੀ। ਜਲਦੀ ਹੀ ਉਹ ‘ਟਾਈਮਜ਼ ਆਫ ਇੰਡੀਆ’ ਵਿਚ ਚਲੇ ਗਏ ਜਿੱਥੇ ਉਹ ਆਪਣੇ ਕੰਮਕਾਜੀ ਜੀਵਨ ਦੇ ਅੰਤ ਤਕ ਸੇਵਾਵਾਂ ਦਿੰਦੇ ਰਹੇ। ਊਨੀ ਨੇ ਲਕਸ਼ਮਣ ਦੀ ਤਕਨੀਕ ਅਤੇ ਉਨ੍ਹਾਂ ਦੇ ਲਾਮਿਸਾਲ ਹੁਨਰ ਦੀ ਬਾਖ਼ੂਬੀ ਜਾਣ-ਪਛਾਣ ਕਰਵਾਈ ਹੈ। ਇਸ ਜੀਵਨੀ ਵਿਚ ਖ਼ੁਦ ਲਕਸ਼ਮਣ ਤੋਂ ਇਲਾਵਾ ਸਭ ਤੋਂ ਅਹਿਮ ਕਿਰਦਾਰ ਧੋਤੀ ਤੇ ਡੱਬੀਦਾਰ ਫਤੂਹੀ ਪਹਿਨੀ ‘ਕੌਮਨ ਮੈਨ’ ਭਾਵ ਆਮ ਆਦਮੀ ਦੀ ਰਚਨਾ ਹੈ ਜਿਸ ਦੀ ਮੌਜੂਦਗੀ ਤੇ ਤੱਕਣੀ ਮਾਤਰ ਰਾਹੀਂ ਉਹ ਭਾਰਤ ਦੇ ਰੋਜ਼ਮਰ੍ਹਾ ਜੀਵਨ ਦੇ ਵਿਰੋਧਾਭਾਸਾਂ ਤੇ ਗੁੰਝਲਾਂ ਨੂੰ ਪੂਰੀ ਤਰ੍ਹਾਂ ਬਿਆਨ ਕਰ ਦਿੰਦੇ ਸਨ।
      ਊਨੀ ਨੇ ਆਰ.ਕੇ. ਲਕਸ਼ਮਣ ਦੀ ਉਨ੍ਹਾਂ ਤੋਂ ਪਹਿਲੀ ਪੀੜ੍ਹੀ ਦੇ ਮਸ਼ਹੂਰ ਭਾਰਤੀ ਕਾਰਟੂਨਿਸਟਾਂ ਕੇ. ਸ਼ੰਕਰ ਪਿੱਲੇ ਨਾਲ ਦਿਲਚਸਪ ਤੁਲਨਾ ਕੀਤੀ ਹੈ। ਇਹ ਦੋਵੇਂ ਅਗਾਂਹਵਧੂ ਰਿਆਸਤਾਂ ਵਿਚ ਪ੍ਰਵਾਨ ਚੜ੍ਹੇ ਸਨ ਅਤੇ ਦੋਵੇਂ ਉੱਚ ਜਾਤੀ ਦੇ ਹਿੰਦੂ ਹੋਣ ਸਦਕਾ ਅੰਗਰੇਜ਼ੀ ਸਿੱਖਿਆ ਤੇ ਚੰਗੀਆਂ ਲਾਇਬ੍ਰੇਰੀਆਂ ਤੱਕ ਉਨ੍ਹਾਂ ਦੀ ਪਹੁੰਚ ਸੀ। ਊਨੀ ਦਾ ਤਰਕ ਹੈ ਕਿ ਇਨ੍ਹਾਂ ਦੋਵੇਂ ਮਹਾਨ ਕਲਾਕਾਰਾਂ ਦੇ ਆਪੋ ਆਪਣੀ ਕਿਸਮ ਦੀ ਕਾਰਟੂਨਿੰਗ ਦੇ ਦੋ ਖ਼ਾਸ ਕਿਸਮ ਦੇ ਸਕੂਲ ਹਨ। ਲਕਸ਼ਮਣ ਦੇ ਕਾਰਟੂਨਾਂ ’ਚੋਂ ਲੁਭਾਉਣਾ ਹਾਸਰਸ ਝਲਕਦਾ ਹੈ ਜਦੋਂਕਿ ਸ਼ੰਕਰ ਦਾ ਅੰਦਾਜ਼ ਤੇਜ਼ ਤਰਾਰ ਹੈ। ਇਕ ਪਾਠਕ ਦੇ ਤੌਰ ’ਤੇ ਊਨੀ ਦੀ ਇਸ ਵਿਆਖਿਆ ਨੂੰ ਲੈ ਕੇ ਮੇਰੇ ਕੁਝ ਸਵਾਲ ਹਨ। ਪਹਿਲਾ, ਜਿਵੇਂ ਕਿ ਬਹੁਤੀ ਥਾਈਂ ਖ਼ੁਦ ਊਨੀ ਅਤੇ ਲਕਸ਼ਮਣ ਦੇ ਬਿਆਨੀਏ ਦੀ ਸਿਆਸੀ ਸੁਰ ਭਾਰੂ ਹੁੰਦੀ ਹੈ। ਅਸਲ ਵਖਰੇਵਾਂ ਇਹ ਹੈ ਕਿ ਸ਼ੰਕਰ ਬਸਤੀਵਾਦ-ਵਿਰੋਧੀ ਰਾਸ਼ਟਰਵਾਦੀ ਹੋਣ ਨਾਤੇ ਇਹ ਮਹਿਸੂਸ ਕਰਦਾ ਸੀ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਨੂੰ ਆਜ਼ਾਦੀ ਸੰਗਰਾਮ ਦੇ ਆਦਰਸ਼ਾਂ ’ਤੇ ਖ਼ਰੀ ਉਤਰਨਾ ਚਾਹੀਦਾ ਹੈ ਜਿਸ ਕਰਕੇ ਉਹ ਆਪਣੀ ਵਿਚਾਰਧਾਰਾ ਨੂੰ ਖੁੱਲ੍ਹ ਕੇ ਉਜਾਗਰ ਕਰਦਾ ਹੈ ਜਦੋਂਕਿ ਗ਼ੈਰ-ਸਿਆਸੀ ਹੋਏ ਬਗ਼ੈਰ ਲਕਸ਼ਮਣ ਦਾ ਕੋਈ ਸਿਆਸੀ ਲਗਾਓ ਨਹੀਂ ਹੈ ਤੇ ਉਹ ਹਰੇਕ ਵਿਚਾਰਧਾਰਾ ਤੇ ਸਾਰੀਆਂ ਪਾਰਟੀਆਂ ਦੇ ਸਿਆਸਤਦਾਨਾਂ ਨੂੰ ਆਪਣੀ ਤਿਰਛੀ ਨਜ਼ਰ ਹੇਠ ਲੈਂਦਾ ਹੈ। ਦੂਜਾ ਇਹ ਕਿ ਸ਼ੰਕਰ ਦਾ ਭਾਰਤੀ ਕਾਰਟੂਨਿਸਟਾਂ ਦਾ ਇਕ ਸਕੂਲ ਰਿਹਾ ਹੈ, ਪਰ ਲਕਸ਼ਮਣ ਦਾ ਕੋਈ ਸ਼ਾਗਿਰਦ ਜਾਂ ਪੈਰੋਕਾਰ ਨਹੀਂ ਹੈ। ਨਾ ਹੀ ਉਹ ਕੋਈ ਘਰਾਣਾ ਸਿਰਜ ਸਕਦਾ ਸੀ ਤੇ ਨਾ ਹੀ ਉਸ ਨੇ ਸਿਰਜਿਆ। ਲਕਸ਼ਮਣ ਆਪਣੇ ਆਪ ’ਚ ਬਸ ਇਕ ਮਿਸਾਲ ਸੀ। ਉਸ ਦਾ ਕੋਈ ਵੀ ਸਮਕਾਲੀ ਉਸ ਦੀ ਤਰ੍ਹਾਂ ਲੀਕਾਂ ਨਹੀਂ ਵਾਹ ਸਕਦਾ ਸੀ, ਤੇ ਸਿਰਫ਼ ਇਕ ਫ਼ਿਕਰੇ ਵਿਚ ਆਪਣੀ ਗੱਲ ਕਹਿਣ ਦਾ ਫ਼ਨ ਹੋਰ ਕਿਸੇ ਕੋਲ ਨਹੀਂ ਸੀ। (ਜੇ ਕਿਤੇ ਉਸ ਨੇ ਕੋਈ ਇਸ਼ਤਿਹਾਰ ਏਜੰਸੀ ਜੁਆਇਨ ਕੀਤੀ ਹੁੰਦੀ ਤਾਂ ਉਸ ਨੇ ਇਕ ਛਾਇਆਕਾਰ ਦੀ ਥਾਂ ਸਟਾਰ ਕਾਪੀਰਾਈਟਰ ਤਾਂ ਹੋਣਾ ਸੀ)। ਉਸ ਜਿਹੀ ਆਜ਼ਾਦ ਖ਼ਿਆਲੀ, ਖ਼ਾਸ ਅੰਦਾਜ਼, ਹਾਸਰਸ ਤੇ ਊਲ-ਜਲੂਲ ਦਾ ਭਾਵ ਹੋਰ ਕਿਸੇ ਕੋਲ ਨਹੀਂ ਸੀ। ਉਸ ਦੀ ਜ਼ਹਿਨੀਅਤ ਦੇ ਕੁਝ ਹੋਰ ਪੱਖ ਵੀ ਸਨ ਜੋ ਕਿਸੇ ਵਿਆਖਿਆ ਜਾਂ ਵਿਸ਼ਲੇਸ਼ਣ ਦੇ ਦਾਇਰੇ ਵਿਚ ਨਹੀਂ ਆ ਸਕਦੇ। ਇਹ ਕਹਿਣਾ ਪਵੇਗਾ ਕਿ ਲਕਸ਼ਮਣ ਤੇ ਉਨ੍ਹਾਂ ਦਾ ਫ਼ਨ ਮੁੜ ਪੈਦਾ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਉਸ ਦੀ ਨਕਲ ਕੀਤੀ ਜਾ ਸਕਦੀ ਹੈ। ਜਿਵੇਂ ਕਦੇ ਆਪਣੀ ਕਿਸਮ ਦਾ ਇਕੋ ਇਕ ਕ੍ਰਿਕਟ ਖਿਡਾਰੀ ਗੈਰੀ ਸੋਬਰਜ਼ (ਵੈਸਟ ਇੰਡੀਜ਼ ਦਾ ਹਰਫ਼ਨਮੌਲਾ ਕ੍ਰਿਕਟ ਖਿਡਾਰੀ) ਹੋਇਆ ਸੀ, ਉਵੇਂ ਹੀ ਇਕੋ ਇਕ ਆਰ.ਕੇ. ਲਕਸ਼ਮਣ ਹੋਇਆ ਹੈ।
        ਲਕਸ਼ਮਣ ਨੇ ਆਪਣੇ ਜੀਵਨ ਵਿਚ ਦਰਜਨਾਂ ਪ੍ਰਧਾਨ ਮੰਤਰੀਆਂ ਦਾ ਕਾਰਜਕਾਲ ਦੇਖਿਆ ਸੀ ਅਤੇ ਕਈ ਮੌਕਿਆਂ ’ਤੇ ਉਨ੍ਹਾਂ ਦਾ ਮੌਜੂ ਵੀ ਉਡਾਇਆ ਸੀ। ਉਨ੍ਹਾਂ ਦੇ ਪੈੱਨ ਤੇ ਬੁਰਸ਼ ਦੀ ਧਾਰ ਨੇ ਕਿਸੇ ਵੀ ਕਮਤਰ ਸਿਆਸਤਦਾਨ ਨੂੰ ਨਹੀਂ ਬਖਸ਼ਿਆ ਸੀ (ਮਿਸਾਲ ਵਜੋਂ ਲਾਲ ਕ੍ਰਿਸ਼ਨ ਅਡਵਾਨੀ ਜਿਨ੍ਹਾਂ ਦੀ ਇਕ ਆਮ ਸਿਆਸਤਦਾਨ ਤੋਂ ਤੇਜ਼ ਤਰਾਰ ਉਸ਼ਟੰਡਬਾਜ਼ ਵਜੋਂ ਤਬਦੀਲੀ ਨੂੰ ਲਕਸ਼ਮਣ ਨੇ ਕਾਰਟੂਨਾਂ ਵਿਚ ਬਾਖ਼ੂਬੀ ਪੇਸ਼ ਕੀਤਾ ਸੀ)। ਲਕਸ਼ਮਣ ਦਾ ਸਮੁੱਚਾ ਕਾਰਜ ਪਾਏਦਾਰ ਹੈ ਪਰ ਊਨੀ ਦਾ ਖ਼ਿਆਲ ਹੈ ਕਿ ਜਦੋਂ ਉਹ ਇੰਦਰਾ ਗਾਂਧੀ ’ਤੇ ਸ਼ਬਦ ਜਾਂ ਤਸਵੀਰ ਰਾਹੀਂ ਕੋਈ ਟਿੱਪਣੀ ਕਰਦੇ ਸਨ ਤਾਂ ਉਨ੍ਹਾਂ ਦੀ ਕਲਾ ਬੇਮਿਸਾਲ ਢੰਗ ਨਾਲ ਸਾਹਮਣੇ ਆਉਂਦੀ ਸੀ। ਊਨੀ ਲਿਖਦੇ ਹਨ : ਜੇ ਸ਼੍ਰੀਮਤੀ ਗਾਂਧੀ ਬਾਰੇ ਲਕਸ਼ਮਣ ਦੇ ਕਾਰਟੂਨਾਂ ਦਾ ਸੰਗ੍ਰਹਿ ਕੀਤਾ ਜਾਵੇ ਤਾਂ ਇਹ ਉਨ੍ਹਾਂ ਦੀ ਲਾਜਵਾਬ ਸਿਆਸੀ ਜੀਵਨੀ ਬਣ ਸਕਦੀ ਹੈ ਜਿਨ੍ਹਾਂ ਵਿਚ ਅੱਖਾਂ ਫਾੜ ਕੇ ਤੱਕਣ ਵਾਲੀ ਇਕ ਸਿਖਾਂਦਰੂ, ਬਾਰੂਦੀ ਸੁਰੰਗਾਂ ਨਾਲ ਭਰੇ ਆਰਥਿਕ ਮੋਰਚੇ ’ਤੇ ਜੰਗਲੀ ਨਾਚ ਨੱਚਣ ਵਾਲੀ, ਪਾਰਟੀ ਦੇ ਖੰਡਰਾਂ ’ਚੋਂ ਪੁਰਾਣਾ ਸਾਜ਼ੋ ਸਾਮਾਨ ਲੱਭਦੀ ਹੋਈ ਇਕ ਸਿਆਸਤਦਾਨ, ਹੱਥ ਵਿਚ ਤਲਵਾਰ ਫੜ ਕੇ ਨਿਆਂ ਦੀ ਮੂਰਤੀ ਨੂੰ ਚਿੜਾਉਣ ਵਾਲੀ, ਚੁਣਾਵੀ ਹਾਰ ਤੋਂ ਬਾਅਦ ਸ਼ਹਿਰ ਦੇ ਬਾਹਰਵਾਰ ਆਪਣੇ ਪੁੱਤਰ ਸੰਜੇ ਨੂੰ ਪਰੈਮ ਵਿਚ ਪਾ ਕੇ ਲਿਜਾਂਦੀ ਹੋਈ- ਜਿਹੇ ਸਭ ਖਾਕੇ ਖਿੱਚੇ ਗਏ ਹਨ।
        ਊਨੀ ਨੇ ਉਸ ਸ਼ਹਿਰ ਮੁੰਬਈ ਨਾਲ ਲਕਸ਼ਮਣ ਦੇ ਰਿਸ਼ਤੇ ਦੀ ਵੀ ਪੜਤਾਲ ਕੀਤੀ ਹੈ ਜੋ ਆਰ.ਕੇ. ਲਕਸ਼ਮਣ ਦੀ ਕਰਮ ਭੂਮੀ ਬਣ ਗਿਆ। ਉਸ ਨੇ ਟਿੱਪਣੀ ਕੀਤੀ ਹੈ : ‘ਸ਼ਹਿਰਾਂ ਦੇ ਵਿਕਾਸ ਨਾਲ ਕਾਰਟੂਨਾਂ ਦਾ ਇਤਿਹਾਸ ਜੁੜਿਆ ਹੋਇਆ ਹੈ’ ਅਤੇ ਮੁੰਬਈ ਨੂੰ ਆਪਣੇ ਕਾਰਟੂਨਿਸਟ ਦੀ ਉਡੀਕ ਸੀ। ਲਕਸ਼ਮਣ ਨੇ ਆ ਕੇ ਆਪਣੇ ਰੋਜ਼ਮਰ੍ਹਾ ਦੇ ਮੁੱਦਿਆਂ ਨਾਲ ਜੂਝਦੇ ਅਖ਼ਬਾਰਾਂ ਦੇ ਪਾਠਕ ਸਮੂਹ ਨੂੰ ਦੱਸਿਆ ਸੀ ਕਿ ਇਹ ਅਫ਼ਰਾ-ਤਫ਼ਰੀ ਸਭ ਪਾਸੇ ਫੈਲੀ ਹੈ, ਤੇ ਇਸ ਨੂੰ ਦਿਲ ’ਤੇ ਲੈਣ ਦੀ ਲੋੜ ਨਹੀਂ ਹੈ, ਤੇ ਬਹੁਤੀ ਅਫ਼ਰਾ-ਤਫਰੀ ਲਈ ਦੂਰ ਦਿੱਲੀ ਵਿਚ ਬੈਠੇ ਹਾਕਮ ਜ਼ਿੰਮੇਵਾਰ ਹਨ। ਅਖ਼ਬਾਰੀ ਪਾਠਕਾਂ ਨੂੰ ਲਕਸ਼ਮਣ ਦੇ ‘ਕਾੱਮਨ ਮੈਨ’ ਵਿਚੋਂ ਕੁਝ ਨਾ ਕੁਝ ਅਪਣਾਪਣ ਨਜ਼ਰ ਆਉਂਦਾ ਸੀ।
      ਇਹ ਕਿਤਾਬ ਪੜ੍ਹ ਕੇ ਮੈਨੂੰ ਸਮੁੰਦਰੀ ਕੰਢਿਆਂ ਤੇ ਕਾਰਟੂਨਿਸਟਾਂ ਦੇ ਰਿਸ਼ਤੇ ਦਾ ਖ਼ਿਆਲ ਆਇਆ। ਆਧੁਨਿਕ ਭਾਰਤ ਵਿਚ ਇਸ ਫ਼ਨ ਦੇ ਜ਼ਿਆਦਾਤਰ ਮਾਹਿਰ ਕੇਰਲ ਸੂਬੇ ਤੋਂ ਹਨ ਜਿਨ੍ਹਾਂ ਵਿਚ ਸ਼ੰਕਰ ਤੋਂ ਇਲਾਵਾ ਅਬੂ ਅਬਰਾਹਮ, ਓ.ਵੀ. ਵਿਜਯਨ, ਮੰਜੁਲਾ ਪਦਮਨਾਭਨ ਅਤੇ ਖ਼ੁਦ ਉੂਨੀ ਸ਼ਾਮਲ ਹਨ। ਮਾਰੀਓ ਮਿਰਾਂਡਾ ਗੋਆ ਤੋਂ ਹੈ। ਆਪਣਾ ਮੁਕਾਮ ਬਣਾਉਣ ਵਾਲੇ ਨੌਜਵਾਨ ਕਾਰਟੂਨਿਸਟਾਂ ਵਿਚ ਸ਼ੁਮਾਰ ਸਤੀਸ਼ ਆਚਾਰੀਆ ਵੀ ਤਟੀ ਕਰਨਾਟਕ ਨਾਲ ਸਬੰਧਿਤ ਹੈ। ਲਕਸ਼ਮਣ ਦਾ ਜੱਦੀ ਸ਼ਹਿਰ ਮੈਸੂਰ ਕਰਨਾਟਕ ਦੇ ਧੁਰ ਅੰਦਰ ਪੈਂਦਾ ਹੈ, ਪਰ ਚੰਗੇ ਭਾਗੀਂ ਉਹ ਬੰਬਈ ਹਿਜਰਤ ਕਰ ਗਏ ਅਤੇ ਉੱਥੇ ਰਹੇ ਤੇ ਕੰਮ ਕੀਤਾ। ਇਕ ਪੱਖ ਤੋਂ ਉਨ੍ਹਾਂ ਦਾ ਪੇਸ਼ੇਵਾਰ ਜੀਵਨ ਉਨ੍ਹਾਂ ਦੀ ਚੜ੍ਹਦੀ ਉਮਰ ਦੇ ਨਾਇਕ ਡੇਵਿਡ ਲੋਅ ਦੀ ਝਲਕ ਪੇਸ਼ ਕਰਦਾ ਹੈ ਜਿਨ੍ਹਾਂ ਨੂੰ ਨਿਉੂਜ਼ੀਲੈਂਡ ਦੇ ਬੈਕਵਾਟਰਜ਼ (ਸਮੁੰਦਰੀ ਜਲ ਦੇ ਵਹਾਓ ਵਾਲਾ ਨਦੀ ਖੇਤਰ) ਤੋਂ ਚੱਲ ਕੇ ਦੁਨੀਆ ਦੇ ਸਭ ਤੋਂ ਦਿਲਚਸਪ ਸ਼ਹਿਰ ਭਾਵ ਲੰਡਨ ਰੁਖ਼ਸਤ ਹੋਣਾ ਪਿਆ ਸੀ। ਸਮੁੰਦਰੀ ਕੰਢਿਆਂ ’ਤੇ ਵਸੇ ਇਨ੍ਹਾਂ ਸ਼ਹਿਰਾਂ ਵਿਚ ਪਹੁੰਚ ਕੇ ਉਨ੍ਹਾਂ ਦੋਵਾਂ ਨੂੰ ਜੋ ਸਮਾਜਿਕ ਤੇ ਆਰਥਿਕ ਵੰਨ-ਸੁਵੰਨਤਾ ਦੀ ਚੇਤਨਾ ਤੇ ਹੱਲਾਸ਼ੇਰੀ, ਦੁਨੀਆਂ ਭਰ ਦੀਆਂ ਧਾਰਾਵਾਂ ਦਾ ਗਿਆਨ, ਬੌਧਿਕ ਤੇ ਸਭਿਆਚਾਰਕ ਰਚਨਾਤਮਿਕਤਾ ਮਿਲ ਸਕੀ, ਉਹ ਸ਼ਾਇਦ ਉਨ੍ਹਾਂ ਦੇ ਇਲਾਕਿਆਂ ’ਚੋਂ ਨਹੀਂ ਮਿਲ ਸਕਣੀ ਸੀ।
ਸੰਪਰਕ : ramachandraguha@yahoo.in