ਚੁੰਝਾਂ-ਪੌਂਹਚੇ - ਨਿਰਮਲ ਸਿੰਘ ਕੰਧਾਲਵੀ

05.03.2023
+ ਨਿਵੇਸ਼ ਤੋਂ ਸੱਖਣੇ ਦੋ ਦਿਨਾਂ ਸੰਮੇਲਨ ਲਈ ਸਰਕਾਰ ਨੇ ਬਰਬਾਦ ਕੀਤੇ ਕਰੋੜਾਂ ਰੁਪਏ- ਵਿਰੋਧੀ ਪਾਰਟੀਆਂ
* ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।
+ 'ਆਪ' ਨੇ ਸਿਰਫ਼ ਰਾਜਸੀ ਲਾਹੇ ਲਈ ਸੁਖਬੀਰ ਦਾ ਨਾਂ ਨਾਮਜਦ ਕਰਵਾਇਆ- ਅਕਾਲੀ ਦਲ
* ਉਨ੍ਹੀ ਤਖਤੋ ਤਖਤੀ ਬੰਨ੍ਹ ਲਈਆਂ, ਪਾ ਲਈਆਂ ਲਹੌਰ ਦੇ ਰਾਹ।
+ ਪੰਜਾਬ ਸਰਕਾਰ ਨੇ ਰਾਜਪਾਲ ਦੀ ਚਿੱਠੀ 'ਤੇ ਧਾਰੀ ਚੁੱਪ-ਇਕ ਖ਼ਬਰ
* ਕੁਝ ਬੋਲ ਵੇ ਦਿਲਾਂ ਦੀ ਘੁੰਡੀ ਖੋਲ੍ਹ ਵੇ ਕਿ ਅੱਧੀ ਰਾਤੋਂ ਰਾਤ ਟੱਪ ਗਈ।
+ ਸਿਸੋਦੀਆ ਦੀ ਗ੍ਰਿਫਤਾਰੀ ਨੇ ਪੰਜਾਬ ਸਰਕਾਰ 'ਚ ਮਚਾਈ ਹਲਚਲ-ਇਕ ਖਬਰ
* ਪਾਣੀ ਡੋਲ੍ਹ ਗਈ ਝਾਂਜਰਾਂ ਵਾਲੀ ਕਿ ਕੈਂਠੇ ਵਾਲਾ ਤਿਲਕ ਪਿਆ।
+ ਗੈਂਗਵਾਰ ਤੋਂ ਬਾਅਦ ਗੋਇੰਦਵਾਲ ਦਾ ਜੇਲ੍ਹ ਪ੍ਰਸ਼ਾਸ਼ਨ ਜਾਗਿਆ-ਇਕ ਖ਼ਬਰ
* ਸੱਪ ਲੰਘ ਗਿਆ, ਲਕੀਰ ਕੁੱਟੀ ਜਾਂਦੇ ਆ।
+ ਪੰਜਾਬ ਦੇ ਲੋਕਾਂ ਨੂੰ ਝੱਲਣਾ ਪੈ ਸਕਦਾ ਹੈ ਨਵੇਂ ਟੈਕਸਾਂ ਦਾ ਬੋਝ- ਇਕ ਖ਼ਬਰ
* ਅਸਾਂ ਯਾਰ ਦੀ ਰਜ਼ਾ ਦੇ ਵਿਚ ਰਹਿਣਾ, ਕੁੱਲੀ 'ਤੇ ਭਾਵੇੰ ਕੱਖ ਨਾ ਰਹੇ।
+ ਪੰਜਾਬ ਦੇ ਮੌਜੂਦਾ ਹਾਲਾਤ ਲਈ ਭਗਵੰਤ ਮਾਨ ਜ਼ਿੰਮੇਵਾਰ- ਸੁਖਬੀਰ ਬਾਦਲ
* ਕੀਤੀਆਂ ਲੱਧੀ ਦੀਆਂ, ਪੇਸ਼ ਦੁੱਲੇ ਦੇ ਆਈਆਂ।
+ ਪੰਜਾਬ ਤੋਂ ਬਾਹਰ ਹੋਵੇਗੀ ਬਰਗਾੜੀ ਬੇਅਦਬੀ ਮਾਮਲੇ ਦੀ ਸੁਣਵਾਈ- ਇਕ ਖ਼ਬਰ
* ਯਾਨੀ ਕਿ ਨਿਰੰਕਾਰੀ ਕੇਸ ਵਾਂਗ ਹੀ ਸੌਦਾ ਸਾਧ ਬਰੀ ਕਰ ਦਿਤਾ ਜਾਵੇਗਾ।
+ ਦਿੱਲੀ 'ਚ ਪੰਜ ਕਿਸਾਨ ਜਥੇਬੰਦੀਆਂ ਵਲੋਂ ਸੰਸਦ ਵਲ ਮਾਰਚ 13 ਤਰੀਕ ਨੂੰ ਕੀਤਾ ਜਾਵੇਗਾ- ਰਾਜੇਵਾਲ
* ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂ।
+ ਹੁਣ ਸਮਾਰਟ ਸਕੂਲਾਂ 'ਤੇ ਸਕੂਲ ਆਫ ਐਮੀਨੈਂਸ ਦੇ ਬੋਰਡ ਲਾਉਣ ਦੀ ਤਿਆਰੀ-ਇਕ ਖ਼ਬਰ
* ਬੋਤਲਾਂ ਨਵੀਆਂ, ਸ਼ਰਾਬ ਪੁਰਾਣੀ।
+ ਹਰਿਅਣਾ ਸਰਕਾਰ ਨੇ ਸੌਦਾ ਸਾਧ ਦੀ ਪੈਰੋਲ ਨੂੰ ਜਾਇਜ਼ ਦੱਸਿਆ- ਇਕ ਖ਼ਬਰ
* ਐਰੇ ਗੈਰੇ ਨੂੰ ਸ਼ੱਕਰ ਦਾ ਦਾਣਾ, ਭਗਤੇ ਨੂੰ ਖੰਡ ਪਾ ਦਿਉ।
+ ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ ਜਨਰਲ ਇਜਲਾਸ ਨੇ ਹਰਿਆਣਾ ਮੈਨੇਜਮੈਂਟ ਐਕਟ 2014 ਨੂੰ ਰੱਦ ਕਰਨ ਦੀ ਕੀਤੀ ਮੰਗ-- ਇਕ ਖ਼ਬਰ
* ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।