ਪੁਕਾਰਾਂ - ਵਿਨੋਦ ਫ਼ਕੀਰਾ

ਮਸਤਾਨੀ ਚਾਲ ਚਲਦੀ ਨੂੰ ਬਾਹੋਂ ਫੜ ਬਿਠਾਇਆ,
ਪੰਜਾਬ ਆਖਿਆ ਦੱਸ ਜਵਾਨੀਏ ਤੂੰ ਇਹ ਕੀ ਹਾਲ ਬਣਾਇਆ ?
ਗਿੱਧਾ ਭੰਗੜਾ ਸਿੰਗਾਰ ਰੂਪ ਤੇਰੇ ਦੇ,
ਉਨ੍ਹਾਂ ਨੂੰ ਤੈਂ ਭੰਗ ਦੇ ਭਾੜੇ ਗਵਾਇਆ।
ਤੇਰੀ ਮੌਜ਼'ਚ ਆ ਕੇ ਆਸ਼ਕਾਂ,
ਮੱਥਾ ਪਰਬਤਾਂ ਸੰਗ ਸੀ ਲਾਇਆ।
ਰਣ ਭੂਮੀ, ਕਦੇ ਦੇਸ਼ ਦੀ ਖਾਤਰ,
ਜਵਾਨਾਂ ਜੀਵਨ ਵਾਰ ਵਿਖਾਇਆ।
ਝਾਤ ਮਾਰ ਪਿਛੋਕੜ ਆਪਣੇ ਤੇ,
ਰਾਝਾਂ ਯੋਗੀ ਬਣ ਕੇ ਸੀ ਆਇਆ।
ਘੱਟ ਨਾ ਕੀਤਾ ਸਤਿਕਾਰ ਸ਼ਾਇਰਾਂ ਨੇ,
ਜੋਬਨ ਰੁੱਤੇ ਮਰਨ ਦਾ ਬਚਨ ਨਿਭਾਇਆ।
ਵੇਖ ਮਲੂਕ ਜਿਹੀ ਜਿੰਦ ਸੱਸੀ ਦੀ,
ਤੱਤੀ ਰੇਤ ਨੂੰ ਗਲ ਲਗਾਇਆ।
ਜਵਾਨੀਏ, ਨੀ ਜਵਾਨੀਏ ਮਾਣ ਮੱਤੀਏ,
ਮਾਰ ਇੱਕ ਝੱਲਕ ਤੂੰ ਰਾਜ ਪਾਟ ਛੁਡਾਇਆ।
ਪਤਾ ਨਹੀਂ ਲੱਗ ਕਿਸ ਦੇ ਪਿੱਛੇ,
ਟੀਕਾ ਕਿਸ ਨਸ'ਚ ਤੂੰ ਲਾਇਆ।
ਚਿੱਟੇ, ਨੀਲੇ ਪੈ ਨਸ਼ਿਆਂ ਵਿੱਚ,
ਨੀ ਤੂੰ ਆਪਣਾ ਰੂਪ ਵਟਾਇਆ।
ਹੁਣ ਵੀ ਮੁੜਿਆ ਕੁੱਝ ਨਹੀਂ ਘੱਟਿਆ,
ਵੇਖ ਲੈ ਮੌਤ ਨੇ ਹਰ ਘਰ ਦਾ ਕੁੰਡਾ ਖੜਕਾਇਆ।
ਬਿਨ ਤੇਰੇ ਮੈਂ ਕਿਸ ਕੰਮ ਦਾ ਹਾਂ,
ਬੰਜਰ ਵਾਹੇ ਕੇ ਮੈਨੂੰ ਖੁਸ਼ਹਾਲ ਤੂੰ ਬਣਾਇਆ।
ਆ ਜਾ ਮਿਲ ਦੋਵੇਂ ਨੱਚੀਏ ਗਾਈਏ,
ਜਾਏ ਹਰ ਚਿਹਰਾ ਮੁੜ ਮੁਸਕਰਾਇਆ।
ਮਾਣ ਮਿਲੇ ਮੈਨੂੰ ਤੇਰੇ ਕਰਕੇ,
ਜਾਏ ਦੂਣਾ ਇਹ ਵਧਾਇਆ।
ਮੈਂ ਪੁਕਾਰਾਂ ਪੰਜਾਬ ਨੀ ਤੈਨੂੰ,
ਜਵਾਨੀਏ ਸਮਾਂ ਨਾ ਜਾਏ ਗਵਾਇਆ।
ਜਵਾਨੀਏ ਸਮਾਂ ਨਾ ਜਾਏ ਗਵਾਇਆ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com

16 Oct. 2018