ਜਰਨੈਲ ਮੂਲਾ ਸਿੰਘ ਅਤੇ ਹੋਲਾ-ਮਹੱਲਾ - ਵਿਜੈ ਬੰਬੇਲੀ

ਤਿੰਨ ਏਕੜ ਭੌਇੰ, ਪੌਣਾ ਕਿੱਲਾ ਖੂਹ ’ਤੇ ਚਾਹੀ ਅਤੇ ਦੋ ਏਕੜ ਚੋਅ (ਮੌਸਮੀ ਖੱਡ) ਨਾਲ ਲਾਗਵੀਂ ਬਰਾਨੀ ਜ਼ਮੀਨ ਦਾ ਮਾਲਕ ਮੱਸ ਫੁੱਟ ਮੂਲਾ ਸਿੰਘ ਵੀਹਵਿਆਂ ਵਿਚ ਚੀਨਿਆਂ ਦੀ ਸ਼ਿੰਘਾਈ ਵਿਚਲੀ ਫੈਕਟਰੀ ਵਿਚ ਚੌਕੀਦਾਰ ਲੱਗਾ ਹੋਇਆ ਸੀ। ਉਹਨਾਂ ਦੀ ਫੁੱਟਬਾਲ ਟੀਮ ਦੇ ਇਸ ਦਮਦਾਰ ਖਿਡਾਰੀ ਨੇ ਇਹ ਪਤਾ ਲੱਗਣ ’ਤੇ ਕਿ ਚਾਚਾ ਭਾਈ ਵੀਰ ਸਿੰਘ ਗ਼ਦਰੀ ਨੂੰ ਅੰਗਰੇਜ਼ਾਂ ਨੇ ਫਾਹੇ ਲਾ ਦਿੱਤਾ ਹੈ, 1916 ਵਿਚ ਕੈਨੇਡਾ ਜਾਣ ਦੀ ਬਜਾਇ ਵਤਨ ਦੀ ਬੰਦ-ਖਲਾਸੀ ਹਿੱਤ ਭਾਰਤ ਨੂੰ ਰਵਾਨਗੀ ਪਾ ਦਿੱਤੀ ਹਾਲਾਂਕਿ ਗੁਰਬੱਤ ਭੰਨੇ ਇਸ ਜਿਊੜੇ ਨੇ ਬਿਹਤਰ ਜ਼ਿੰਦਗੀ ਲਈ ਕੈਨੇਡਾ ਜਾਣ ਲਈ ਪਾਈ ਪਾਈ ਜੋੜ ਹਾਂਗਕਾਂਗ ਤੋਂ ਜਹਾਜ਼ ਦੀ ਟਿਕਟ ਕਟਾਈ ਹੋਈ ਸੀ।
ਫਿਰ ਚੱਲ ਸੋ ਚੱਲ, ਗ਼ਦਰ ਪਾਰਟੀ ਤੋਂ ਲੈ ਕੇ ਬਰਾਸਤਾ ਗੁਰਦੁਆਰਾ ਸੁਧਾਰ ਤੇ ਬੱਬਰ ਅਕਾਲੀ ਲਹਿਰ, ਕਿਰਤੀ ਪਾਰਟੀ ਤੋਂ ਸੋਸ਼ਲਿਸਟ ਕਾਂਗਰਸੀ। ਮਗਰੋਂ ਲਾਲ ਪਾਰਟੀ ਦੇ ਹਮਜੋਲੀ ਤੋਂ ਨਕਸਲਵਾੜੀ ਲਹਿਰ ਦੇ ਪਹੁ-ਫੁਟਾਲੇ ਤੱਕ ਇਹ ਯੋਧਾ ਵਤਨ ਅਤੇ ਕਿਰਤੀ-ਕਿਸਾਨਾਂ ਲਈ ਸਰਗਰਮ ਰਿਹਾ। ਆਮ ਲੋਕਾਈ ਲਈ ਢੱਡ-ਸਰੰਗੇ ’ਤੇ ਗਾਇਆ ਵੀ ਅਤੇ ਅੱਡ ਅੱਡ ਸਮੇਂ ਅੱਠ ਵਰ੍ਹੇ ਤੋਂ ਕਿਤੇ ਵੱਧ ਹਾਕਮਾਂ ਦੀਆਂ ਕੈਦਾਂ ਵੀ ਕੱਟੀਆ। ਜਥੇਦਾਰ ਮੂਲਾ ਸਿੰਘ ਬਾਹੋਵਾਲ ਨੂੰ ਜਰਨੈਲੀ ਦਾ ਖਿਤਾਬ ਉਦੋਂ ਮਿਲਿਆ ਜਦੋਂ ਸੰਨ 1922 ਵਿਚ ਆਨੰਦਪੁਰ ਵਿਚ ਮਰਿਆਦਾ ਨਾਲ ਤਿਉਹਾਰ ਹੋਲਾ-ਮਹੱਲਾ ਮਨਾਉਣ ਲਈ ਕੀਤੇ ਜਾਣ ਵਾਲੇ ਤਰੱਦਦਾਂ ਤਹਿਤ ਉਸ ਨੂੰ ਆਪਣਿਆਂ ਵੱਲੋਂ ਮੇਲਾ ਅਨੁਸ਼ਾਸਨੀ ਕਮੇਟੀ ਦਾ ਜਰਨੈਲ ਥਾਪਿਆ ਗਿਆ। ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਜਨਵਰੀ 1922 ਵਿਚ ਆਨੰਦਪੁਰ ਦੇ ਗੁਰਧਾਮਾਂ ਦੀ ਬੰਦ-ਖਲਾਸੀ ਕਰਵਾਉਣ ਵਾਲੇ ਦੁਆਬੇ, ਖਾਸਕਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਸਿਰਲੱਥ ਕਾਰਕੁਨਾਂ ਵਿਚ ਮੂਲਾ ਸਿੰਘ ਬਾਹੋਵਾਲ (ਮਾਹਿਲਪੁਰ) ਨੇ ਹੈਰਤ-ਅੰਗੇਜ਼ ਪਹਿਲਕਦਮੀਆਂ ਕੀਤੀਆਂ ਸਨ।
ਸੰਨ ਬਾਈ ਤੋਂ ਪਹਿਲਾਂ ਆਨੰਦਪੁਰ ਸਾਹਿਬ ਦਾ ਹੋਲਾ-ਮਹੱਲਾ ਅੱਜ ਵਾਂਗ ਨਹੀਂ ਸੀ ਲੱਗਦਾ, ਇਸ ਦੀ ਨੁਹਾਰ ਹੋਰ ਮੇਲਿਆਂ ਵਰਗੀ ਹੁੰਦੀ ਸੀ। ਪੁਜਾਰੀਆਂ-ਸੋਢੀਆਂ ਨੂੰ ਸਿਰਫ ਚੜ੍ਹਾਵੇ ਨਾਲ ਮਤਲਬ ਹੁੰਦਾ। ਨਿਹੰਗ ਸਿੰਘਾਂ ਅਤੇ ਡੇਰੇਦਾਰਾਂ ਦੇ ਧਾਰਮਿਕ ਦੀਵਾਨ ਵੀ ਸਜਦੇ ਪਰ ਬਹੁਤਾ ਮੇਲਾ ਐਵੇਂ ਹੁਲੜਬਾਜ਼ੀ ਅਤੇ ਮਸਤ-ਮੇਲੇ ਦਾ ਰੂਪ ਹੁੰਦਾ। ਸ਼ਰਧਾਵਾਨਾਂ ਨੂੰ ਬੜੀ ਠੇਸ ਲੱਗਦੀ।
ਹੁਣ ਵਰਗੇ ਅਨੁਸ਼ਾਸਤ ਮੇਲੇ ਦੀ ਪਿਰਤ ਦੇਸ਼ਭਗਤ ਮੂਲਾ ਸਿੰਘ ਵਰਗਿਆ ਨੇ ਹੀ ਤੋਰੀ ਸੀ। ਇਹ ਨਹੀਂ ਕਿ ਪਹਿਲਾਂ ਕੁਝ ਸੁਹਿਰਦਾਂ ਵਲੋਂ ਸੁਧਾਰ ਦੀਆਂ ਕੋਸ਼ਿਸ਼ਾਂ ਨਹੀਂ ਹੋਈਆਂ, ਹੋਈਆਂ ਸਨ ਪਰ ‘ਸੰਤਾਂ ਮਹੰਤਾਂ’ ਨੂੰ ਤਾਂ ਧੱਕੜਾਂ ਅਤੇ ਸਰਕਾਰ ਜੀ ਦੀ ਜ਼ਾਹਰਾ ਜਾਂ ਲੁਕਵੀਂ ਹਮਾਇਤ ਪ੍ਰਾਪਤ ਸੀ। ਜਦ ਗੁਰਧਾਮ ਸਹੀ ਅਗਵਾਈ ਦੇ ਹੱਥ ਆ ਗਏ ਤਾਂ ਹੋਰ ਕਾਰਜਾਂ ਅਤੇ ਕਾਰਨਾਂ ਤੋਂ ਬਿਨਾ ਮੇਲੇ ਵਿਚ ਵਿਗੜਿਆਂ-ਤਿਗੜਿਆਂ ਨੂੰ ਸਿਧਾਉਣ ਅਤੇ ਮੇਲੇ ਵਿਚ ਅਧਿਆਤਮਵਾਦੀ ਰਵਾਨ ਪੈਦਾ ਕਰਨ ਲਈ ਜਥੇਦਾਰ ਮੂਲਾ ਸਿੰਘ ਜਿਸ ਨੂੰ ਮਗਰੋਂ ਕਈ ਮਾਣਮੱਤੀਆਂ ਸਰਗਰਮੀਆਂ ਕਾਰਨ ਕਾਮਰੇਡ ਆਖਿਆ ਜਾਣ ਲੱਗ ਪਿਆ ਸੀ, ਨੂੰ ਪ੍ਰਬੰਧਕੀ ਕਮੇਟੀ ਅਤੇ ਗੁਰਧਾਮ ਜਥੇਦਾਰਾਂ ਵਲੋਂ ‘ਜਰਨੈਲ’ ਥਾਪਿਆ ਗਿਆ।
ਪਹਿਲੀ ਦਫਾ ਹੀ ਸਰਕਾਰੀ ਫੋਰਸਾਂ ਨੂੰ ਪਾਸੇ ਧਰ, ਇਹਨਾਂ ਅਮਨ-ਕਾਨੂੰਨ ਦੀ ਮੁਕੰਮਲ ਜਿ਼ੰਮੇਵਾਰੀ ਓਟੀ। ਵਿਗੜਿਆਂ-ਤਿਗੜਿਆਂ ਦਾ ਡੰਡਾ-ਪੀਰ ਅਤੇ ਚਾਂਭਲਿਆਂ-ਚਮਲਾਇਆਂ ਨੂੰ ਸਿਧਾਉਣ ਹਿੱਤ ਵਿਸ਼ੇਸ਼ ਇੰਤਜ਼ਾਮ ਕੀਤੇ। ਪਹਿਲੇ ਦਿਨ ਹੀ ਦਿਨ ਛੁਪਦੇ ਤੱਕ ਸਿਫਤੀ ਨਤੀਜੇ ਸਾਹਮਣੇ ਆਏ। ਅਗਲੇ ਦਿਨੀਂ ਹੱਲਾ-ਗੁੱਲਾ ਤਾਂ ਕੀ ਹੋਣਾ ਸੀ, ਵਿਗੜੇ-ਤਿਗੜੇ ਕੰਨ ਪਾਏ ਨਾ ਰੜਕੇ। ਉਦੋਂ ਤੋਂ ਹੀ ਵੱਡੇ ਮੇਲਿਆਂ ਵਿਚ ਸਿਆਸੀ ਕਾਨਫਰੰਸਾਂ ਦੀ ਪਿਰਤ ਪਈ। ਉਨ੍ਹਾਂ ਕਾਨਫਰੰਸਾਂ ਵਿਚ ਅੱਜ ਵਾਂਗ ਇੱਕ-ਦੂਜੇ ਨੂੰ ਛੁਟਿਆਇਆ ਨਹੀਂ ਸੀ ਜਾਂਦਾ ਸਗੋਂ ਰਹਿਬਰਾਂ ਅਤੇ ਦੇਸ਼ ਭਗਤ ਸਰਗਰਮੀ ‘ਤੇ ਕਾਰਜ ਵਿਉਂਤ ਉਲੀਕੀ ਜਾਂਦੀ।
ਠੁੱਕਦਾਰ ਅਗਵਾਈ ਕਾਰਨ ਇਥੋਂ ਹੀ ‘ਜਰਨੈਲ’ ਤਖੱਲਸ ਪੱਕੇ ਤੌਰ ’ਤੇ ਮੂਲਾ ਸਿੰਘ ਨਾਲ ਜੁੜ ਗਿਆ ਜਿਹੜਾ ਤੋੜ ਹਯਾਤੀ ਉਸ ਦੇ ਨਾਂ ਨਾਲ ਜੁੜਿਆਂ ਰਿਹਾ- ਜਰਨੈਲ ਮੂਲਾ ਸਿੰਘ ਬਾਹੋਵਾਲ। ਉਸ ਦੇ ਆਪਣੇ ਪਿੰਡ, ਬਾਹੋਵਾਲ (ਹੁਸ਼ਿਆਰਪੁਰ) ਉਸ ਦੇ ਨਾਂ ਉੱਤੇ ਉਸ ਦੇ ਕਾਰਜਾਂ ਨੂੰ ਪ੍ਰਨਾਇਆ ਇਲਾਕੇ ਦਾ ਨਾਮਣੇ ਵਾਲਾ ਅਗਾਂਹਵਧੂ ਕਲੱਬ ਹੈ। ਇਹੀ ਨਹੀਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਖੇਡ ਸਹੂਲਤਾਂ ਨਾਲ ਲੈਸ ਨਾਮਣੇ ਵਾਲਾ ਪੇਂਡੂ ਖੇਡ ਮੈਦਾਨ ਜਰਨੈਲ ਮੂਲਾ ਸਿੰਘ ਸਟੇਡੀਅਮ ਵੀ ਉਸੇ ਨੂੰ ਸਮਰਪਿਤ ਹੈ।
ਗ਼ਦਰੀ ਸ਼ਹੀਦ ਭਾਈ ਵੀਰ ਸਿੰਘ ਬਾਹੋਵਾਲ ਦੇ ਇਸ ਭਤੀਜੇ ਦੀਆਂ ਤਿੰਨੇ ਧੀਆਂ ਦੇਸ਼ਭਗਤ ਪਰਿਵਾਰਾਂ ਵਿਚ ਵਿਆਹੀਆਂ ਗਈਆਂ ਸਨ ਅਤੇ ਨੂੰਹ ਗਦਰੀ ਤੇ ਨਕਸਲੀ ਸ਼ਹੀਦ ਬੂਝਾ ਸਿੰਘ ਦੀ ਭਤੀਜੀ ਹੈ। ਇਹੀ ਨਹੀਂ, ਉਸ ਦਾ ਇੱਕ ਦੋਹਤਰਾ ਉਜਲ ਦੁਸਾਂਝ ਬ੍ਰਿਟਿਸ਼ ਕੋਲੰਬੀਆਂ (ਕੈਨੇਡਾ) ਦਾ ਪਹਿਲਾ ਪੰਜਾਬੀ ਪ੍ਰੀਮੀਅਰ (ਮੁੱਖ ਮੰਤਰੀ) ਬਣਿਆ ਅਤੇ ਦੂਜਾ ਦੋਹਤਰਾ ਪੰਜਾਬੀ ਕਹਾਣੀਕਾਰ ਤੇ ਫਿਲਮਸਾਜ਼ ਅਮਨਪਾਲ ਸਾਰਾ ਜਿਹੜਾ ਬੀਤੇ ਦਿਨੀਂ ਫੌਤ ਹੋ ਗਿਆ ਸੀ, ਮੇਰੇ ਪਿੰਡ ਬੰਬੇਲੀ ਦਾ ਜੰਮਪਲ, ਲੋਕ-ਪੱਖੀ ਲਿਖਾਰੀ ਅਤੇ ਕੈਨੇਡਾ ਵਿਚ ਪੰਜਾਬੀ ਲਈ ਤਰੱਦਦ ਕਰਨ ਵਾਲਿਆਂ ਵਿਚੋਂ ਇੱਕ ਸੀ। ਇਹ ਦੋਵੇਂ ਜਣੇ ਮੂਲਾ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਸਨ। ਪਹਿਲ-ਪਲੱਕੜੀਂ ਹੋਲੇ-ਮਹੱਲੇ ਅਤੇ ‘ਜਰਨੈਲੀ’ ਖਿਤਾਬ ਵਾਲੀ ਗੱਲ ਮੈਂ ਉਹਨਾਂ ਦੇ ਮੂੰਹੋਂ ਹੀ ਸੁਣੀ ਸੀ ਅਤੇ ਮਗਰੋਂ ਪ੍ਰੌੜਤਾ ਇਤਿਹਾਸ-ਲਿਖਤਾਂ ਨੇ ਕਰ ਦਿੱਤੀ। ਅਜਿਹੇ ਦਸਤਾਵੇਜ਼ਾਂ ਦੀ ਖੋਜ ਵਿਚੋਂ ਹੀ ਮੇਰੀ ਬਹੁ-ਪਰਤੀ ਪੁਸਤਕ ‘ਧਰਤੀ ਪੁੱਤਰ : ਜੀਵਨੀ ਜਰਨੈਲ ਮੂਲਾ ਸਿੰਘ ਬਾਹੋਵਾਲ’ ਨਿੱਕਲੀ ਜਿਹੜੀ ਤੁਰੰਤ ਦੇਸ਼ਭਗਤ ਯਾਦਗਰ ਹਾਲ, ਜਲੰਧਰ ਦੀ ਪੂੰਜੀ ਹੋ ਨਿੱਬੜੀ।
ਸੰਪਰਕ : 94634-39075