ਕੋਚਿੰਗ ਫੈਕਟਰੀਆਂ ਦਾ ਸਾਮਰਾਜ - ਅਵਿਜੀਤ ਪਾਠਕ
ਸਾਡੇ ਦੇਸ਼ ਵਿਚ ਉਚੇਰੀ ਵਿੱਦਿਆ ਅਤੇ ਖ਼ਾਸ ਕਰਕੇ ਡਾਕਟਰੀ ਤੇ ਇੰਜਨੀਅਰਿੰਗ ਦੇ ਪੇਸ਼ੇ ਨਾਲ ਜੁੜੇ ਅਦਾਰਿਆਂ ਵਿਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਦਾ ਕੋਚਿੰਗ ਸੈਂਟਰਾਂ ਵਿਚ ਪੜ੍ਹਨਾ ਸਮੂਹਿਕ ਵਰਤਾਰਾ ਬਣ ਗਿਆ ਹੈ। ਦੇਸ਼ ਦੀ ਮੱਧਵਰਗੀ ਜਮਾਤ ਦੇ ਲੋਕਾਂ ਨੂੰ ਇਉਂ ਲੱਗਦਾ ਹੈ ਜਿਵੇਂ ਉਨ੍ਹਾਂ ਕੋਲ ਆਪਣੇ ਬੱਚਿਆਂ ਨੂੰ ਡਾਕਟਰ ਜਾਂ ਇੰਜਨੀਅਰ ਬਣਾਉਣ ਤੋਂ ਬਿਨਾਂ ਕੋਈ ਵਿਕਲਪ ਨਹੀਂ। ਉਨ੍ਹਾਂ ਦੀ ਅਸੁਰੱਖਿਆ ਦੀ ਭਾਵਨਾ ਕੁਝ ਹੱਦ ਤਕ ਇਸ ਲਈ ਸਹੀ ਹੈ ਕਿਉਂਕਿ ਹੋਰ ਖੇਤਰਾਂ ਵਿਚ ਰੁਜ਼ਗਾਰ ਦੀ ਵੱਡੀ ਕਮੀ ਹੈ। ਸਮਾਜ ਵਜੋਂ ਅਸੀਂ ਇਹ ਮਹਿਸੂਸ ਹੀ ਨਹੀਂ ਕਰ ਰਹੇ ਕਿ ਇਹ ਸਿਸਟਮ ਆਪਣੇ ਆਪ ਵਿਚ ਬਿਮਾਰ ਹੈ। ਮੱਧਵਰਗੀ ਜਮਾਤ ਦੁਆਰਾ ਸਵੀਕਾਰ ਕੀਤੇ ਇਸ ਵਰਤਾਰੇ ਕਾਰਨ ਸਾਡੇ ਨੌਜਵਾਨ ਸਿਰਜਣਾਤਮਕਤਾ ਤੋਂ ਲਗਾਤਾਰ ਵਾਂਝੇ ਹੋ ਰਹੇ ਹਨ। ਇਹ ਮਹਾਮਾਰੀ ਹੈ, ਅਸੀਂ ਇਸ ਦਾ ਸ਼ਿਕਾਰ ਹੋ ਰਹੇ ਹਾਂ ਅਤੇ ਇਸੇ ਰਾਹੀਂ ਸਫ਼ਲਤਾ ਲੱਭ ਰਹੇ ਹਾਂ। ਮੱਧਵਰਗ ਦਾ ਸੁਪਨਾ ਹੀ ਉਸ ਦਾ ਸਰਾਪ ਹੈ।
ਦੇਸ਼ ਦੇ ਉਚੇਰੇ ਵਿੱਦਿਅਕ ਅਦਾਰਿਆਂ ਵਿਚ ਦਾਖਲੇ ਲਈ ਕਰਾਏ ਜਾਂਦੇ ਮੁਕਾਬਲਾ-ਇਮਤਿਹਾਨਾਂ ਵਿਚ ਸਫ਼ਲਤਾ ਦਿਵਾਉਣ ਲਈ ਪ੍ਰਸਿੱਧ ਰਾਜਸਥਾਨ ਦੇ ਕੋਟਾ ਸ਼ਹਿਰ ਤੋਂ ਨੌਜਵਾਨ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਵਰਤਾਰਾ ਹੁਣ ਆਮ ਹੋ ਗਿਆ ਹੈ। ਇਹ ਜਾਪਦਾ ਹੈ ਕਿ ਅਸੀਂ ਸਭ ਨੇ ਇਸ ਨੂੰ ਸਹਿਜ ਰੂਪ ਵਿਚ ਸਵੀਕਾਰ ਵੀ ਕਰ ਲਿਆ ਹੈ। ਸਾਡੇ ਨੌਜਵਾਨ ਵਿਦਿਆਰਥੀ ਭਾਵੇਂ ਕਿੰਨੀ ਵੀ ਮਾਨਸਿਕ ਪੀੜ ਤੇ ਸਦਮੇ ’ਚੋਂ ਲੰਘਣ ਪਰ ਅਸੀਂ ਆਪਣੇ ਬੱਚਿਆਂ ਨੂੰ ਕੋਟਾ ਭੇਜਣਾ ਬੰਦ ਨਹੀਂ ਕਰਾਂਗੇ ਅਤੇ ਉਨ੍ਹਾਂ ਨੂੰ ਇਹ ਪ੍ਰਵਾਨ ਕਰਨ ਲਈ ਮਜਬੂਰ ਕਰਦੇ ਰਹਾਂਗੇ ਕਿ ਜਿੰਨੀ ਦੇਰ ਤੱਕ ਉਹ ਇਨ੍ਹਾਂ ’ਚੋਂ ਕੋਈ ਦਾਖ਼ਲਾ ਟੈਸਟ ਪਾਸ ਕਰ ਕੇ ਡਾਕਟਰ ਜਾਂ ਕੰਪਿਊਟਰ ਇੰਜਨੀਅਰ ਬਣਨ ਵਿਚ ਸਫ਼ਲ ਨਹੀਂ ਹੋ ਜਾਂਦੇ, ਓਨਾ ਚਿਰ ਉਨ੍ਹਾਂ ਦੀ ਜ਼ਿੰਦਗੀ ਦਾ ਕੋਈ ਮਾਅਨਾ ਨਹੀਂ ਹੈ। ਜਾਂ ਫਿਰ ਸਾਡੇ ’ਚੋਂ ਕੁਝ ਲੋਕ ਆਪਣੇ ਬੱਚਿਆਂ ਦਾ ਤਣਾਅ ਘਟਾਉਣ ਲਈ ਜ਼ਿਆਦਾ ਕਾਊਂਸਲਿੰਗ ਦੀਆਂ ਫਰਿਆਦਾਂ ਕਰਨਗੇ, ਹੋਰ ਜ਼ਿਆਦਾ ਮੋਟੀਵੇਸ਼ਨਲ ਵਕਤਾਵਾਂ ਤੇ ਕੂੰਜੀ ਗਾਈਡਾਂ ਮੁਹੱਈਆ ਕਰਾਉਣ ਦੀ ਮੰਗ ਕਰਨਗੇ ਤਾਂ ਕਿ ਉਹ (ਨੌਜਵਾਨ) ਸਮਾਜਿਕ ਡਾਰਵਿਨਵਾਦ ਦੀ ਇਸ ਖੇਡ ਵਿਚ ਇਕਾਗਰਚਿਤ ਬਣੇ ਰਹਿਣ, ਆਪਣਾ ਦਮ ਖ਼ਮ ਬਣਾ ਕੇ ਰੱਖ ਸਕਣ ਅਤੇ ਅੰਤ ਨੂੰ ਇਹ ਦੌੜ ਸਰ ਕਰ ਸਕਣ। ਉਂਝ, ਇਸ ਗੱਲ ਦੇ ਆਸਾਰ ਨਹੀਂ ਜਾਪਦੇ ਕਿ ਮਾਪੇ ਤੇ ਅਧਿਆਪਕ ਇਹ ਆਖਣ ਦੀ ਹਿੰਮਤ ਜੁਟਾ ਸਕਣਗੇ ਕਿ ਅਸਲ ਵਿਚ ਇਹ ਸਿਸਟਮ ਹੀ ਆਪਣੇ ਆਪ ਵਿਚ ਬਿਮਾਰ ਹੈ ਅਤੇ ਇਸ ਖੇਡ ਵਿਚ ਸ਼ਾਮਿਲ ਹਰ ਸ਼ਖ਼ਸ ਦੀ ਅੰਤ ਨੂੰ ਹਾਰ ਹੁੰਦੀ ਹੈ ਜਦੋਂਕਿ ਦਿਲਕਸ਼ ਪੈਕੇਜ ਸਹਿਤ ਨੌਕਰੀਆਂ ਪਾਉਣ ਵਾਲੇ ਵਿਦਿਆਰਥੀ ਵੀ ਮਨੋਂ ਫੱਟੜ ਤੇ ਅੰਦਰੋਂ ਖੋਖ਼ਲੇ ਹੋ ਕੇ ਰਹਿ ਜਾਂਦੇ ਹਨ।
ਕੀ ਇਸ ਵਰਤਾਰੇ ਦਾ ਕੋਈ ਬਦਲ ਨਹੀਂ?
ਐਸੇ ਵੀ ਮਾਪੇ ਹਨ ਜਿਨ੍ਹਾਂ ਦੇ ਬੱਚੇ ਇਸ ਦਬਾਓ ਥੱਲੇ ਸੰਤਾਪ ਝੱਲ ਰਹੇ ਹਨ। ਫਿਰ ਵੀ ਉਹ ਇਸ ਗੱਲ ਦੇ ਕਾਇਲ ਹਨ ਕਿ ਇਸ ਸਿਸਟਮ ਦਾ ਕੋਈ ਬਦਲ ਹੀ ਨਹੀਂ ਹੈ। ਜਿਵੇਂ ਕਿ ਕੋਚਿੰਗ ਕੇਂਦਰਾਂ ਦੇ ਮਾਹਿਰ ਪਹਿਲਾਂ ਹੀ ਮਹਾਨ ਅਧਿਆਪਕਾਂ ਤੇ ਸਿੱਖਿਆਦਾਨੀਆਂ ਦੀ ਥਾਂ ਲੈ ਚੁੱਕੇ ਹਨ ਤਾਂ ਇਹ ਗੱਲ ਜ਼ੋਰ ਨਾਲ ਪ੍ਰਚਾਰੀ ਜਾ ਰਹੀ ਹੈ ਕਿ ਬਹੁਤ ਹੀ ਉਲਝਣ ਭਰੇ ਟੈਸਟਾਂ ਵਿਚ ਭੌਤਿਕ ਵਿਗਿਆਨ ਅਤੇ ਗਣਿਤ ਦੇ ਪ੍ਰਸ਼ਨ ਹੱਲ ਕਰਨ ਦੇ ਹੁਨਰ ਤੇ ਰਫ਼ਤਾਰ ਨੂੰ ਗ੍ਰਹਿਣ ਕਰਨ ਤੋਂ ਸਿਵਾਏ ਸਿੱਖਿਆ ਹੋਰ ਕੁਝ ਵੀ ਨਹੀਂ ਹੈ। ਇਸ ਤੋਂ ਇਲਾਵਾ ਜਿਵੇਂ ਕਿ ਸਫ਼ਲਤਾ, ਉਤਪਾਦਕਤਾ ਅਤੇ ਕਾਰਗੁਜ਼ਾਰੀ ਦੀ ਬਾਜ਼ਾਰ-ਮੁਖੀ ਵਿਚਾਰਧਾਰਾ ਮੁਤਾਬਿਕ ਸਾਡੇ ’ਚੋਂ ਬਹੁਤੇ ਲੋਕ ਇਸ ਇਕਤਰਫ਼ਾਪੁਣੇ ਦੀ ਹੋਂਦ ’ਤੇ ਕਿੰਤੂ ਕਰਨ ਦੇ ਕਾਬਿਲ ਨਹੀਂ ਰਹਿੰਦੇ। ਅਸੀਂ ਆਪਣੇ ਬੱਚਿਆਂ ਨੂੰ ਚੰਗਾ ਖਾਣਾ ਖੁਆ ਕੇ, ਚੰਗੇ ਕੱਪੜੇ ਪਹਿਨਾ ਕੇ ਅੰਗਰੇਜ਼ੀ ਬੋਲਣ ਵਾਲੇ ਇਕ ਸਰੋਤ ਦੇ ਰੂਪ ਵਿਚ ਦੇਖਦੇ ਹਾਂ ਜਿਸ ਦਾ ਟੈਕਨੋ ਕਾਰਪੋਰੇਟ ਜਗਤ ਵੱਲੋਂ ਖੁੱਲ੍ਹ ਕੇ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਹਰ ਕੋਈ ਇਹੀ ਸੋਚਦਾ ਹੈ ਕਿ ਸਫ਼ਲਤਾ ਦੇ ਇਸ ਮੰਤਰ ਤੋਂ ਪਰ੍ਹੇ ਹੋਰ ਕੁਝ ਵੀ ਨਹੀਂ ਹੈ ਤੇ ਜੇ ਹੈ ਤਾਂ ਨਿਰੀ ਅਸਫ਼ਲਤਾ ਹੈ!
ਅਧਿਆਪਕਾਂ ਦੀ ਭੂਮਿਕਾ
ਇਕ ਅਧਿਆਪਕ ਅਤੇ ਇਸ ਪ੍ਰਚੱਲਤ ਦਿਮਾਗ਼ੀ ਰੋਗ ਦੇ ਪਾਰਖੂ ਦੇ ਤੌਰ ’ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਅਸਲ ਬਦਲ ਉਹ ਉਤਪਾਦ ਹਨ ਜੋ ਬਾਜ਼ਾਰ ਵਿਚ ਨਹੀਂ ਲਿਆਂਦੇ ਜਾਣਗੇ ਤੇ ਹਰ ਕੋਈ ਝਟਪਟ ਇਨ੍ਹਾਂ ਨੂੰ ਗ੍ਰਹਿਣ ਵੀ ਨਹੀਂ ਕਰੇਗਾ। ਇਸ ਦੀ ਬਜਾਏ ਜੀਵਨ ਨਾਲ ਜੁੜੇ ਬਦਲ ਤਲਾਸ਼ ਕਰਨ ਜਾਂ ਸਿੱਖਿਆ ਅਤੇ ਸਮਾਜਿਕ ਸੱਭਿਆਚਾਰਕ ਹੋਂਦ ਦੀ ਨਵੀਂ ਲੀਹ ’ਤੇ ਚੱਲਣ ਲਈ ਸਾਨੂੰ ਇਕ ਸਮਾਜਿਕ ਸਿੱਖਿਆ ਲਹਿਰ ਸ਼ੁਰੂ ਕਰਨ ਲਈ ਜੂਝਣਾ ਪਵੇਗਾ ਤਾਂ ਕਿ ਸਾਡੇ ਬੱਚਿਆਂ ਨੂੰ ਜ਼ਿੰਦਗੀ ਦਾ ਨਵਾਂ ਸੰਕਲਪ ਦਿੱਤਾ ਜਾ ਸਕੇ। ਅਧਿਆਪਕਾਂ ਵਜੋਂ ਸ਼ੁਰੂਆਤੀ ਰੂਪ ਵਿਚ ਸਾਨੂੰ ਅੰਤਰਝਾਤ ਮਾਰਨੀ ਪਵੇਗੀ ਤਾਂ ਕਿ ਰਚਨਾਤਮਿਕ ਤੌਰ ’ਤੇ ਕੂੰਜੀਵਤ ਅਧਿਆਪਨ ਵਿਚ ਸਾਡਾ ਭਰੋਸਾ ਬਹਾਲ ਹੋ ਸਕੇ ਅਤੇ ਅਸੀਂ ਦੋਸਤਾਂ, ਸਾਥੀਆਂ, ਤਬੀਬਾਂ ਅਤੇ ਫਿਰਤੂਆਂ ਦੀਆਂ ਭੂਮਿਕਾਵਾਂ ’ਤੇ ਯਕੀਨ ਕਰ ਸਕੀਏ। ਸਾਨੂੰ ਇਹ ਗੱਲ ਕਹਿਣ ਦੀ ਜੁਰਅਤ ਜੁਟਾਉਣੀ ਪਵੇਗੀ ਕਿ ਕੋਚਿੰਗ ਸੈਂਟਰ ਵਿਚ ਬੈਠਾ ਕੋਈ ਰਣਨੀਤੀਕਾਰ ਅਸਲ ਵਿਚ ਅਧਿਆਪਕ ਨਹੀਂ ਹੁੰਦਾ। ਮੇਰੇ ਕਹਿਣ ਦਾ ਭਾਵ ਹੈ ਕਿ ਉਹ ਪਾਓਲੋ ਫ੍ਰੇਅਰ, ਜੌਹਨ ਡੈਵੀ, ਰਾਬਿੰਦਰਨਾਥ ਟੈਗੋਰ ਅਤੇ ਜਿਦੂ ਕ੍ਰਿਸ਼ਨਾਮੂਰਤੀ ਵੱਲੋਂ ਚਿਤਵਿਆ ਅਧਿਆਪਕ ਤਾਂ ਬਿਲਕੁਲ ਨਹੀਂ ਹੁੰਦਾ।
ਸਾਨੂੰ ਆਪਣੀ ਆਵਾਜ਼ ਉਠਾਉਣੀ ਪਵੇਗੀ, ਮਾਪਿਆਂ ਤੇ ਵਡੇਰੇ ਸਮਾਜ ਨਾਲ ਰਾਬਤਾ ਬਣਾਉਣਾ ਪਵੇਗਾ ਅਤੇ ਪੂਰੇ ਆਤਮ-ਵਿਸ਼ਵਾਸ ਨਾਲ ਇਹ ਦਲੀਲ ਰੱਖਣੀ ਪਵੇਗੀ ਕਿ ਕੋਚਿੰਗ ਫੈਕਟਰੀਆਂ ਦੇ ਸਾਮਰਾਜ ਲਾਜ਼ਮੀ ਤੌਰ ’ਤੇ ਇਕ ਸਿੱਖਿਆ ਵਿਰੋਧੀ ਸਰਗਰਮੀ ਵਿਚ ਲੱਗੇ ਹੋਏ ਹਨ। ਇਸ ਦਾ ਕਾਰਨ ਇਹ ਹੈ ਕਿ ਸਿੱਖਿਆ ਕੋਈ ਮਹਿਜ਼ ਮੈਡੀਕਲ/ਇੰਜਨੀਅਰਿੰਗ ਕਾਲਜਾਂ ਵਿਚ ਦਾਖ਼ਲਾ ਟੈਸਟ ਪਾਸ ਕਰਨ ਦਾ ਨੁਸਖਾ ਨਹੀਂ ਹੁੰਦੀ ਸਗੋਂ ਸਿੱਖਿਆ ਸਾਡੇ ਬੱਚਿਆਂ ਅੰਦਰ ਛੁਪੀਆਂ ਬਹੁਤ ਕਿਸਮ ਦੀਆਂ ਖ਼ੂਬੀਆਂ ਮਸਲਨ, ਸੋਚਣ ਤੇ ਤਰਕ ਕਰਨ ਦੀ ਬੌਧਿਕ ਖ਼ੂਬੀ, ਮਨੁੱਖੀ ਹੋਂਦ ਦੇ ਅੰਤਰੀਵ ਤੱਕ ਜਾਣ ਦੀ ਕਲਾਤਮਿਕ ਕਲਪਨਾ ਅਤੇ ਪਿਆਰ ਦੇ ਹੁਨਰ, ਸਾਂਭ ਸੰਭਾਲ ਤੇ ਦੂਜੇ ਨਾਲ ਜੁੜਨ ਦੇ ਇਖ਼ਲਾਕ ਆਦਿ ਨੂੰ ਸਿੰਜਣ ਤੇ ਬਾਹਰ ਲਿਆਉਣ ਦਾ ਸਮੁੱਚਾ ਅਮਲ ਹੁੰਦਾ ਹੈ।
ਅਫ਼ਸੋਸ ਇਸ ਗੱਲ ਦਾ ਹੈ ਕਿ ਸਿੱਖਿਆ ਦੇ ਮੂਲ ਅਤੇ ਲਾਜ਼ਮੀ ਆਧਾਰ ਦੀ ਥਾਂ ਜ਼ਿੰਦਗੀ ਦੇ ਮਾਤਰ ਤਕਨੀਕੀ ਤੇ ਸੰਦਮੂਲਕ ਰੁਝਾਨ ਨੇ ਲੈ ਲਈ ਹੈ। ਉਨ੍ਹਾਂ ਸਾਰੇ ਅਧਿਆਪਕਾਂ ਨੂੰ ਬੰਦ ਖਲਾਸੀ ਦੀ ਸਿੱਖਿਆ ਖ਼ਿਲਾਫ਼ ਇਸ ਸਾਜ਼ਿਸ਼ ਦਾ ਵਿਰੋਧ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਅਜੇ ਤਾਈਂ ਆਪਣੀ ਦਿਆਨਤਦਾਰੀ ਖੁਰਨ ਨਹੀਂ ਦਿੱਤੀ। ਹੋ ਸਕਦਾ ਹੈ ਕਿ ਇੰਜ ਕਲਾਸਰੂਮਾਂ ਵਿਚਲੀਆਂ ਸਾਡੀਆਂ ਵਿਧੀਆਂ, ਬੱਚਿਆਂ ਤੇ ਮਾਪਿਆਂ ਨਾਲ ਸਾਡਾ ਵਿਚਾਰ ਵਟਾਂਦਰਾ ਅਤੇ ਬੰਦ ਖਲਾਸੀ ਕਰਨ ਵਾਲੀ ਸਿੱਖਿਆ ਦੇ ਅਧਿਆਪਕਾਂ ਤੇ ਹਰਕਾਰਿਆਂ ਵਜੋਂ ਸਾਡੀ ਭੂਮਿਕਾ ਮਕਾਨਕੀ ਟੈਸਟਾਂ, ਮਾਪਿਆਂ ਦੀ ਬੇਚੈਨੀ ਅਤੇ ਅਸੁਰੱਖਿਆ ਦਾ ਲਾਹਾ ਤਕਾ ਕੇ ਮੁਨਾਫ਼ਾ ਕਮਾਉਣ ਵਾਲੇ ਕੋਚਿੰਗ ਕੇਂਦਰਾਂ ਅਤੇ ਆਪਣੇ ਮੁਲਾਜ਼ਮਾਂ ਨੂੰ ਕਾਰਗੁਜ਼ਾਰੀ ਤੇ ਉਤਪਾਦਕਦਾ ਦੇ ਤਰਕ ਤਹਿਤ ਉਂਗਲਾਂ ’ਤੇ ਨਚਾਉਣ ਵਾਲੇ ਟੈਕਨੋ-ਕਾਰਪੋਰੇਟ ਸਾਮਰਾਜ ਦੇ ਨਾਪਾਕ ਗੱਠਜੋੜ ਤੋਂ ਸਿੱਖਿਆ ਨੂੰ ਬਚਾਉਣ ਵਿਚ ਸਹਾਈ ਹੋ ਜਾਵੇ।
ਮਾਪਿਆਂ ਦੇ ਫ਼ਰਜ਼
ਇਸ ਤੋਂ ਇਲਾਵਾ, ਮਾਪਿਆਂ ਵਜੋਂ ਸਾਨੂੰ ਅੰਤਰਝਾਤ ਮਾਰਨ ਦੀ ਲੋੜ ਹੈ। ਮਾਪੇ ਬਣਨ ਦਾ ਫ਼ਰਜ਼ ਮਹਿਜ਼ ਕੋਈ ਇਤਫ਼ਾਕ ਨਹੀਂ ਹੈ। ਮਾਪੇ ਬਣਨ ਲਈ ਜ਼ਿੰਦਗੀ ਭਰ ਸਿੱਖਣ ਦੀ ਲੋੜ ਹੁੰਦੀ ਹੈ। ਇਹ ਮਹਿਜ਼ ਇੰਨੀ ਕੁ ਗੱਲ ਨਹੀਂ ਹੈ ਕਿ ਆਪਣੇ ਬੱਚਿਆਂ ’ਤੇ ਪੈਸੇ ਖਰਚ ਕਰ ਦਿੱਤੇ ਜਾਣ, ਜਾਂ ਉਨ੍ਹਾਂ ਨੂੰ ਪ੍ਰਾਈਵੇਟ ਟਿਊਟਰਾਂ ਤੇ ਕੋਚਿੰਗ ਕੇਂਦਰਾਂ ਕੋਲ ਭੇਜ ਦਿੱਤਾ ਜਾਵੇ ਅਤੇ ਸਾਡੇ ਆਪਣੇ ਡਰ, ਤੌਖ਼ਲੇ ਅਤੇ ਗੁੱਝੀਆਂ ਖ਼ੁਆਹਿਸ਼ਾਂ ਉਨ੍ਹਾਂ ’ਤੇ ਲੱਦ ਦਿੱਤੀਆਂ ਜਾਣ। ਇਸ ਦੀ ਬਜਾਏ ਮਾਪੇ ਬਣਨ ਲਈ ਸੁਣਨ ਦੀ ਕਲਾ ਧਾਰਨ ਕਰਨੀ ਪੈਂਦੀ ਹੈ ਜਿਸ ਲਈ ਖਲੂਸ, ਕਰੁਣਾ, ਸੰਵਾਦ ਤੇ ਆਪਸਦਾਰੀ ਦੀ ਲੋੜ ਪੈਂਦੀ ਹੈ। ਤਦ ਹੀ ਸ਼ਾਇਦ ਅਸੀਂ ਆਪਣੇ ਬੱਚਿਆਂ ਨੂੰ ਜਾਣ ਸਕਦੇ ਹਾਂ ਅਤੇ ਉਨ੍ਹਾਂ ਅੰਦਰ ਛੁਪੀਆਂ ਖ਼ੂਬੀਆਂ ਤੇ ਰੁਚੀਆਂ, ਉਨ੍ਹਾਂ ਦੀਆਂ ਸੰਭਾਵਨਾਵਾਂ ਤੇ ਉੁਨ੍ਹਾਂ ਦੇ ਸਵਾਲਾਂ ਤੇ ਜਵਾਬਾਂ ਨੂੰ ਜਾਣ ਸਕਾਂਗੇ। ਅਫ਼ਸੋਸ ਦੀ ਗੱਲ ਹੈ ਕਿ ਅਸੀਂ ਦਖ਼ਲਅੰਦਾਜ਼ੀ ਨੂੰ ਪਿਆਰ ਜਾਂ ਸਿੱਖਿਆ ਨੂੰ ਬੋਰਡ ਜਾਂ ਦਾਖ਼ਲਾ ਪ੍ਰੀਖਿਆਵਾਂ ਵਿਚ ਹਾਸਿਲ ਕੀਤੇ ਅੰਕਾਂ ਦੀ ਕਾਰਗੁਜ਼ਾਰੀ ਸਮਝ ਬੈਠੇ ਹਾਂ। ਕੀ ਸਾਨੂੰ ਅਹਿਸਾਸ ਹੈ ਕਿ ਮਾਪੇ ਹੋਣ ਦੇ ਨਾਤੇ ਆਪਣੇ ਬੱਚਿਆਂ ਨੂੰ ਵਿਲੱਖਣ ਅਤੇ ਖ਼ੁਦਮੁਖ਼ਤਾਰ ਸ਼ਖ਼ਸੀਅਤਾਂ ਦੀ ਥਾਂ 99 ਫ਼ੀਸਦੀ ਅੰਕ ਲੈਣ ਵਾਲੇ ਟੌਪਰਾਂ ਦੇ ਰੂਪ ਵਿਚ ਜਿਣਸਾਂ ਵਿਚ ਤਬਦੀਲ ਕਰਨ ਲਈ ਅਸੀਂ ਵੀ ਕਸੂਰਵਾਰ ਹਾਂ।
ਸ਼ਾਇਦ ਸਮਾਂ ਆ ਗਿਆ ਹੈ ਕਿ ਅਸੀਂ ਇਹ ਅਹਿਸਾਸ ਕਰਨਾ ਸ਼ੁਰੂ ਕਰ ਦੇਈਏ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਸ ਸਫ਼ਲਤਾ ਦੀ ਪੌੜੀ ’ਤੇ ਚੜ੍ਹਾਉਣ ਲਈ ਇੰਨੇ ਵੱਡੇ ਪੱਧਰ ’ਤੇ ਯਤਨ ਕਰ ਰਹੇ ਹਾਂ ਉਹ ਇਸ ਹਿੰਸਾ, ਇਕ ਦੂਜੇ ਨੂੰ ਲਿਤਾੜ ਦੇਣ ਵਾਲੀ ਚੂਹਾ ਦੌੜ, ਸਮੂਹਿਕ ਮਾਨਸਿਕ ਪੀੜਾ, ਕੰਮ ਤੋਂ ਉਦਾਸੀਨਤਾ ਵਿਚ ਗ੍ਰਸੀ ਦੁਨੀਆ ਨੂੰ ਬਦਲ ਨਹੀਂ ਸਕਦੀ। ਅਸੀਂ ਇਹ ਕਦੋਂ ਮਹਿਸੂਸ ਕਰਾਂਗੇ ਕਿ ਆਪਣਾ ਮਨਭਾਉਂਦਾ ਕੰਮ ਕਰਨ ਨਾਲੋਂ ਜ਼ਿੰਦਗੀ ਵਿਚ ਹੋਰ ਕੁਝ ਵੀ ਅਹਿਮ ਨਹੀਂ ਹੈ।