ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ   - ਸੁਖਪਾਲ ਸਿੰਘ ਗਿੱਲ



ਕੁਦਰਤ ਦੀ ਨਿਆਮਤ ਹੈ ਕਿ ਮੌਸਮ ਅਤੇ ਰੁੱਤਾਂ ਦੀ ਤਬਦੀਲੀ ਹੁੰਦੀ ਰਹਿੰਦੀ ਹੈ। ਇਨ੍ਹਾਂ ਦਾ ਆਪਣਾ ਹੀ ਮਿਜ਼ਾਜ ਹੁੰਦਾ ਹੈ। ਕਿਸਾਨਾਂ, ਪਿੰਡਾਂ ਦੇ ਲੋਕਾਂ, ਰੁੱਤਾਂ, ਤਿੱਥਾਂ ਅਤੇ ਦੇਸੀ ਮਹੀਨਿਆਂ ਦਾ ਆਪਸ ਵਿੱਚ ਰੂਹਾਨੀ ਅਤੇ ਕੁਦਰਤ ਮੇਲ ਹੁੰਦਾ ਹੈ। ਹਰ ਦੇਸੀ ਮਹੀਨਾ, ਹਰ ਰੁੱਤ, ਫਸਲਾਂ, ਮੇਲੇ ਖੁਸ਼ਹਾਲੀ ਲਈ ਇਕ-ਦੂਜੇ ਨਾਲ ਜੁੜੇ ਹੋਏ ਹਨ। ਫਸਲਾਂ ਦੀ ਆਮਦ ਦੀ ਖੁਸ਼ੀ ਜਿਮੀਦਾਰ ਦੇ ਮੂੰਹੋ ਝੱਲਕਦੀ ਹੈ ਜਿਉਂ-ਜਿਉਂ ਕਣਕ ਹਰੀ ਤੋਂ ਸੁਨਹਿਰੀ ਹੁੰਦੀ ਹੈ ਤਿਉਂ-ਤਿਉਂ ਕਿਸਾਨ ਦੀ ਖੁਸ਼ੀ ਦੂਣੀ ਹੁੰਦੀ ਜਾਂਦੀ ਹੈ। ਭਾਵੇਂ ਮੰਡੀਆਂ ਵਿੱਚ ਰੁਲਣਾ ਵੀ ਪੈਦਾ ਹੈ। ਅੱਜ ਦੀ ਚੇਤਰ ਅਤੇ ਵਿਸਾਖ ਮੁੱਖੀ ਰੁੱਤ ਬਾਗਾਂ ਵਿੱਚ ਬਹਾਰਾ ਦਾ ਰੰਗ ਫੈਰਨ ਲਈ ਤਿਆਰ ਹੋ ਗਈ ਹੈ। ਫਸਲ ਵੀ ਬੂਹੇ ਤੇ ਦਸਤਕ ਦੇਣ ਲਈ ਤਿਆਰ ਹੈ।
    ਫਸਲਾਂ ਰੰਗ ਫੇਰਨ ਦੇ ਨਾਲ-ਨਾਲ ਬਾਗ ਵੀ ਬਹਾਰ ਰੁੱਤ ਵੱਲ ਤੁਰੇ ਹੋਏ ਹਨ। ਇਸ ਉੱਤੇ ਕਣਕ, ਵਿਸਾਖੀ, ਕੋਇਲ ਅਤੇ ਅੰਬਾਂ ਨੂੰ ਪਿਆ ਬੂਰ ਪ੍ਰਕ੍ਰਿਤੀ ਨੂੰ ਰੌਣਕਮਈ ਅਤੇ ਖੁਸਬੂਦਾਰ ਬਣਾਉਂਦਾ ਹੈ। ਫਸਲਾਂ ਬਾਗਾਂ ਨਾਲ ਬਹੁਤ ਸਾਰਾ ਸਾਹਿਤ ਵੀ ਜੁੜਿਆ ਹੋਇਆ ਹੈ। ਹਾੜ੍ਹੀ ਦੀ ਰਾਣੀ ਕਣਕ ਗੁਰਬਤ ਦੇ ਝੰਬੇ ਨੂੰ ਖੁਸ਼ੀਆਂ ਅਤੇ ਆਰਥਿਕ ਖੁਸ਼ਹਾਲੀ ਦੇਣ ਲਈ ਤਿਆਰ ਹੈ। ਲਾਲਾ ਧਨੀ ਰਾਮ ਚਾਤਰਿਕ ਨੇ ਮੇਲਿਆਂ ਬਾਰੇ ਦਿੱਤਾ ਸੁਨੇਹਾ ਅੱਜ ਭਾਵੇ ਸਮੇਂ ਦਾ ਹਾਣੀ ਤਾਂ ਨਹੀ ਲੱਗਦਾ ਪਰ ਫਸਲਾਂ, ਰੁੱਤਾਂ, ਮੇਲੇ ਅਤੇ ਮੌਸਮ ਉਸੇ ਤਰ੍ਹਾਂ ਦਸਤਕ ਦੇ ਰਹੇ ਹਨ:
“ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟਕੇ, ਲੰਬੜਾ ਅਤੇ ਸ਼ਾਹਾਂ ਦਾ ਹਿਸਾਬ ਕੱਟਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢਕੇ, ਮਾਲ ਟਾਂਡਾ ਸਾਭਣੇ ਨੂੰ ਕਾਮਾ ਛੱਡਕੇ,
ਪੱਗ ਝੱਗਾ ਚਾਦਰ ਨਵਾਂ ਸਿਵਾਇਕੇ, ਸੰਮਾ ਵਾਲੀ ਡਾਂਗ ਉੱਤੇ ਤੇਲ ਲਾਇਕੇ
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ”
    ਇਸ ਉੱਤੇ ਪੁਗਰਦੀ ਪ੍ਰਕ੍ਰਿਤੀ ਦਾ ਮੁੱਖ ਅੰਗ ਅੰਬ ਅਤੇ ਹੋਰ ਬੂਟਿਆਂ ਨੂੰ ਪੁਗਾਰਾ ਫੁਟਨਾ ਹੈ। ਕਣਕ ਅਤੇ ਅੰਬ ਨੂੰ ਬੂਰ ਵੀ ਪਿਆ ਹੈ। ਇਸ ਬਾਰੇ ਸਾਹਿਤਕ ਪੰਕਤੀ ਇਉਂ ਸੁਨੇਹਾ ਦਿੰਦੀ ਹੈ।
“ਪੱਕ ਪਈਆਂ ਕਣਕਾਂ ਲੁਕਾਠ ਰੱਸਿਆ, ਬੂਰ ਪਇਆ ਅੰਬਾਂ ਨੂੰ ਗੁਲਾਬ ਹੱਸਿਆ ”
        ਲੋਹੜੀ ਤੋਂ ਲੈਕੇ ਵਿਸਾਖੀ ਤੱਕ ਤਰ੍ਹਾਂ-ਤਰ੍ਹਾਂ ਦੀ ਬਨਸਪਤੀ ਉਤਰਾਅ-ਚੜਾਅ ਲਿਆਂਦੀ ਹੈ। ਇਹ ਸਮਾਂ ਆਪਣੀ ਬੁੱਕਲ ਵਿੱਚ ਕਾਫੀ ਕੁੱਝ ਸਮਾਈ ਬੈਠਾ ਹੈ। ਅੰਬ ਪੰਜਾਬ ਖਾਸ ਕਰਕੇ ਦੁਆਬਾ ਖੇਤਰ ਵਿੱਚ ਕਾਫੀ ਪਰਚਲਿਤ ਰਹੇ ਹਨ। ਇਸ ਬਾਰੇ ਇਕ ਸੱਭਿਆਚਾਰਕ ਪੰਗਤੀ ਧੀਆਂ ਨੂੰ ਮੁਖਾਤਿਬ ਹੋਕੇ ਇਉਂ ਖੁਸਬੂ ਬਿਖੇਰਦੀ ਹੈ।
“ਬੂਰ ਪਿਆਂ ਕਣਕਾਂ ਨੂੰ ਮਾਏ, ਵਿੱਚ ਬਾਗੀ ਅੰਬੀਆਂ ਪੱਕੀਆਂ,
ਅੱਗ ਦੇ ਭਾਬੜ ਵਰਗੀਆਂ ਧੀਆਂ, ਸਾਂਭ ਜਿਹਨਾਂ ਨੇ ਰੱਖਿਆ”
        “ਅੰਬੀਆਂ ਨੂੰ ਤਰਸੇਗਾ, ਛੱਡਕੇ ਦੇਸ ਦੁਆਬਾ”

    ਪ੍ਰਕ੍ਰਿਤੀ ਦੀ ਪਰਤੀ ਰੌਣਕ ਅੱਜ ‘ਰੁੱਤ ਨਵਿਆਂ ਦੀ ਆਈ’ ਦਾ ਸੁਨੇਹਾ ਦਿੰਦੀ ਹੈ। ਖੁਸਬੂਆਂ ਪ੍ਰਕ੍ਰਿਤੀ ਫੁੱਲ ਅਤੇ ਸਾਹਿਤ ਜਰੀਏ ਅਤੀਤ ਦਾ ਵਰਤਮਾਨ ਨਾਲ ਮੇਲ ਵੀ ਹੁੰਦਾ ਹੈ। ਅੱਜ ਫਸਲਾਂ, ਵੇਲਾਂ, ਬੂੱਟੇ ਅਤੇ ਪੰਛੀਆਂ ਦਾ ਸੁਮੇਲ ਧਰਤੀ ਨੂੰ ਨਿਹਾਰਦਾ ਹੈ। ਸੁਸਤੀ ਦੇ ਦਿਨਾਂ ਵਿੱਚ ਰੂਹਾਂ ਨੂੰ ਖੁਸ਼ ਰੱਖਦਾ ਹੈ।
“ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ,
ਪੁੰਗਰੀਆਂ ਵੇਲਾਂ, ਵੇਲਾਂ ਰੁਖੀਂ ਚੜ੍ਹੀਆ, ਫੁੱਲਾਂ ਹੇਠੋਂ ਫਲਾਂ ਨੇ ਪੁਰੋਈਆਂ ਲੜੀਆਂ”

    ਇਸ ਰੁੱਤੇ ਸੁਰੀਲੀ ਕੋਇਲ ਦੀ ਆਮਦ ਵੀ ਕੰਨੀ ਪੈਂਦੀ ਹੈ ਇਹ ਪੰਛੀ ਸੁਣਿਆ ਵੱਧ ਅਤੇ ਦੇਖਿਆ ਘੱਟ ਜਾਂਦਾ ਹੈ। ਲੁੱਕ ਕੇ ਆਵਾਜਾਂ ਮਾਰਦੀ ਕੋਇਲ ਨੂੰ ਭਾਈ ਵੀਰ ਸਿੰਘ ਨੇ ਇਉਂ ਰੂਪਮਾਨ  ਕੀਤਾ ਸੀ:-
“ਕੋਇਲ ਕੂਕੇਂਦੀ ਆ ਗਈ, ਬੋਲੀ ਪਿਆਰੀ ਪਾ ਗਈ,
ਜੀ ਵੜਦਿਆਂ ਜੀ ਭਾ ਗਈ, ਉਚੜ ਓ ਚਿਤੀ ਲਾ ਗਈ”

    ਅੱਜ ਅੰਬਾਂ ਨੂੰ ਪਿਆ ਬੂਰ, ਫਸਲਾਂ ਦਾ ਜੋਬਨ ਅਤੇ ਹੱਸਦਾ ਗੁਲਾਬ ਰੁੱਤ ਬਦਲਣ ਨਾਲ ਉਦਾਸੀ ਨੂੰ ਖੁਸ਼ੀ ਦੇ ਖੇੜਿਆਂ ਵਿੱਚ ਬਦਲਕੇ  ਮਾਨਸਿਕ ਅਤੇ ਸਮਾਜਿਕ ਅਤੇ ਆਰਥਿਕ ਸੰਤੁਲਨ ਬਣਾ ਰਿਹਾ ਹੈ। 

 ਸੁਖਪਾਲ ਸਿੰਘ ਗਿੱਲ
 ਅਬਿਆਣਾ ਕਲਾਂ
 ਮੋ: 98781-11445