ਚੰਗੀ ਸਿਹਤ ਲਈ  ‘NO’  ਕਿੰਨੀ ਜ਼ਰੂਰੀ - ਸੰਜੀਵ ਕੁਮਾਰ ਸ਼ਰਮਾ

ਅੰਗਰੇਜ਼ੀ ਵਿੱਚ ‘NO’ ਯਾਨੀ ਨਾਂਹ। ਤੰਦਰੁਸਤੀ ਲਈ ‘ਨਾਂਹ’ ਸ਼ਬਦ ਕਿੰਨਾ ਮਹੱਤਵ ਰੱਖਦਾ ਹੈ, ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਤੰਦਰੁਸਤੀ ਕੇਵਲ ਗ੍ਰਹਿਣ ਕੀਤੇ ਜਾ ਰਹੇ ਭੋਜਨ ਉੱਤੇ ਹੀ ਨਿਰਭਰ ਨਹੀਂ ਕਰਦੀ, ਬਲਕਿ ਸਾਡੀ ਮਾਨਸਿਕ ਅਵਸਥਾ ਦਾ ਵੀ ਇਸ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇਸ ਲਈ ਨਾਕਾਰਾਤਮਕ ਲੋਕਾਂ ਨਾਲ ਬਹੁਤਾ ਮੇਲ-ਜੋਲ ਰੱਖਣ ਨੂੰ ਨਾਂਹ, ਆਲਸ ਨੂੰ ਨਾਂਹ, ਸਮਾਂ ਬਰਬਾਦ ਕਰਨ ਤੋਂ ਨਾਂਹ (ਵਿਸ਼ੇਸ਼ ਰੂਪ ਵਿੱਚ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਤੋਂ ਨਾਂਹ) ਲਾਲਚ ਤੇ ਨਫ਼ਰਤ ਨੂੰ ਨਾਂਹ, ਸਭ ਤੋਂ ਮਹੱਤਵਪੂਰਣ ਮਿੱਟੀ, ਹਵਾ, ਜਲ ਨੂੰ ਪ੍ਰਦੂਸ਼ਿਤ ਕਰਨ ਨੂੰ ਨਾਂਹ ਕਰਨੀ ਜ਼ਰੂਰੀ ਹੈ।
ਪਰ ਅੱਜ ਅਸੀਂ ਜਿਸ ‘NO’ ਬਾਰੇ ਗੱਲ ਕਰਾਂਗੇ, ਉਹ ਹੈ ਨਾਇਟ੍ਰਿਕ ਆਕਸਾਈਡ ਜਾਂ ਜਿਸ ਨੂੰ ਨਾਈਟ੍ਰੋਜਨ ਮੋਨੋਆਕਸਈਡ ਵੀ ਕਿਹਾ ਜਾਂਦਾ ਹੈ। ‘NO’ ਇੱਕ ਗੰਧਹੀਣ, ਰੰਗਹੀਣ, ਜ਼ਹਿਰੀਲੀ ਗੈਸ ਹੈ, ਜਿਹੜੀ ਨਾਈਟ੍ਰੋਜਨ ਗੈਸ ਦੀ ਆਕਸੀਡੇਸ਼ਨ ਦੇ ਸਿੱਟੇ ਵਜੋਂ ਪੈਦਾ ਹੁੰਦੀ ਹੈ। ਆਕਸੀਡੇਸ਼ਨ ਇੱਕ ਅਜਿਹੀ ਰਸਾਇਣਿਕ ਪ੍ਰਕਿਰਿਆ ਹੈ, ਜਿਸ ਵਿੱਚ ਕੋਈ ਪਦਾਰਥ ਆਕਸੀਜਨ ਜਾਂ ਅਜਿਹੇ ਹੀ ਕਿਸੇ ਦੂਜੇ ਪਦਾਰਥ ਦੇ ਸੰਪਰਕ ਵਿੱਚ ਆਉਂਦਾ ਹੈ। ਉਦਾਹਰਨ ਦੇ ਤੌਰ ’ਤੇ ਕੱਟ ਕੇ ਰੱਖੇ ਹੋਏ ਸੇਬ/ਆਲੂ ਦਾ ਰੰਗ ਭੂਰਾ/ਕਾਲਾ ਪੈ ਜਾਣਾ। ‘NO’ ਇੱਕ ਅਜਿਹੀ ਗੈਸ ਹੈ, ਜਿਹੜੀ ਜੈਵਿਕ ਕਿਰਿਆਵਾਂ ਵਿੱਚ ਸੰਕੇਤਾਂ (ਸਿਗਨਲਾਂ) ਦਾ ਪ੍ਰਸਾਰ ਕਰਦੀ ਹੈ। ਅਮਰੀਕਾ ਦੇ ਤਿੰਨ ਚਿਕਿਤਸਾ-ਵਿਗਿਆਨੀਆਂ ਰਾਬਰਟ ਐਫ ਫੁਰਚਗੋਟ, ਲੂਈਸ ਜੇ ਇਗਨਾਰੋ ਅਤੇ ਫੈਰਿਡ ਮੁਰਾਡ ਨੂੰ ਸੰਨ 1998 ਵਿੱਚ ‘NO’ ਗੈਸ ਦੀ ਦਿਲ ਦੇ ਰੋਗਾਂ ਦੇ ਇਲਾਜ ਵਿੱਚ ਮਹੱਤਵਪੂਰਣ ਭੂਮਿਕਾ ਦੀ ਖੋਜ ਦੇ ਲਈ ਨੋਬਲ ਪੁਰਸਕਾਰ ਦਿੱਤਾ ਗਿਆ। ਇਨ੍ਹਾਂ ਦੀ ਖੋਜ ਕਾਰਡੀਓਵੈਸਕੂਲਰ ਪ੍ਰਣਾਲੀ ਵਿੱਚ ‘NO’ ਦੀ ਭੂਮਿਕਾ ਸੰਕੇਤਨ-ਅਣੂ (ਸਿਗਨਲਿੰਗ ਮੋਲਿਕਿਊਲ) ਦੇ ਰੂਪ ਵਿੱਚ ਪਛਾਣ ਕਰਨ ਨੂੰ ਲੈ ਕੇ ਸੀ।
      ਵਿਗਿਆਨੀਆਂ ਨੇ ਸਿੱਧ ਕੀਤਾ ਕਿ ਕੁਦਰਤੀ ਤੌਰ ’ਤੇ ਸਰੀਰ ਵਿੱਚ ਪੈਦਾ ਹੋਣ ਵਾਲਾ ਇਹ ਅਣੂ ਖੂਨ ਦੀਆਂ ਨਾੜੀਆਂ ਵਿੱਚ ਇੱਕ ਸੰਦੇਸ਼ਵਾਹਕ ਦਾ ਕੰਮ ਕਰਦਾ ਹੈ ਅਤੇ ਉਨ੍ਹਾਂ ਨੂੰ ਦੱਸਦਾ ਹੈ ਕਿ ਕਦੋਂ ਫੈਲਣਾ ਜਾਂ ਚੌੜੇ ਹੋਣਾ ਹੈ ਅਤੇ ਕਦੋਂ ਸੁੰਗੜ ਜਾਣਾ ਜਾਂ ਟਿਕ ਜਾਣਾ ਹੈ। ਇਸ ਪ੍ਰਕਿਰਿਆ ਦੇ ਸਿੱਟੇ ਵਜੋਂ ਸਰੀਰ ਵਿੱਚ ਖੂਨ ਦਾ ਵਹਾਅ ਸਹੀ ਹੋ ਜਾਂਦਾ ਹੈ ਅਤੇ ਖੂਨ, ਆਕਸੀਜਨ ਅਤੇ ਦੂਸਰੇ ਪੋਸ਼ਕ ਤੱਤ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਪਹੁੰਚ ਜਾਂਦੇ ਹਨ। ਇਸ ਨਾਲ ਦਿਲ ਅਤੇ ਦਿਮਾਗ ਬਿਹਤਰ ਢੰਗ ਨਾਲ ਕੰਮ ਕਰਦੇ ਹਨ।
      ਉਨ੍ਹਾਂ ਦੀ ਇਸ ਖੋਜ ਨੇ ਚਿਕਿਤਸਾ ਜਗਤ ਵਿੱਚ ਇੱਕ ਸਨਸਨੀ ਲਿਆ ਦਿੱਤੀ ਕਿ ਕਿਵੇਂ ਇੱਕ ਜ਼ਹਿਰੀਲਾ, ਸਾਧਾਰਨ ਵਾਯੂ-ਪ੍ਰਦੂਸ਼ਕ ਜੀਵਨ ਦੇ ਲਈ ਏਨਾ ਲਾਹੇਵੰਦ ਹੋ ਸਕਦਾ ਹੈ। ਸਰੀਰ ਵਿੱਚ ਇਸ ਦੀ ਕਮੀ ਦੇ ਕਾਰਨ ਨਾੜੀਆਂ ਸੁੰਗੜਨ ਲੱਗ ਜਾਂਦੀਆਂ ਹਨ, ਕੋਲੇਸਟ੍ਰੋਲ ਜਮ੍ਹਾਂ ਹੋਣ ਲਗਦਾ ਹੈ, ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ, ਵਿਅਕਤੀ ਥੱਕਿਆ-ਥੱਕਿਆ ਮਹਿਸੂਸ ਕਰਦਾ ਹੈ, ਯਾਦਾਸ਼ਤ ਅਤੇ ਮਾਨਸਿਕ ਤਾਕਤ ’ਤੇ ਅਸਰ ਪੈਂਦਾ ਹੈ, ਆਦਿ ਅਨੇਕਾਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਇਹ ਫੇਫੜਿਆਂ ਦੇ ਐੱਲਵੀਓਲੀ (Alveoli) ਵਿੱਚ ਮੌਜੂਦ ਬਹੁਤ ਹੀ ਬਾਰੀਕ ਖੂਨ ਦੀਆਂ ਨਾੜੀਆਂ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਫੈਲਾਉਣ ਦਾ ਕੰਮ ਕਰਦੀ ਹੈ ਅਤੇ ਸੰਕਰਮਣ ਨੂੰ ਖਤਮ ਕਰ ਕੇ ਉਨ੍ਹਾਂ ਨੂੰ ਤੰਦਰੁਸਤ ਬਣਾਉਂਦੀ ਹੈ। ਕੋਵਿਡ ਦੇ ਇਲਾਜ ਵਿੱਚ NO ਨੇਜ਼ਲ ਸਪਰੇਅ ਅਤੇ ਸਾਹ ਰਾਹੀਂ ‘NO’ ਲੈਣ ਦੀ ਪ੍ਰਕਿਰਿਆ ਕਾਫੀ ਲਾਭਦਾਇਕ ਸਿੱਧ ਹੋਈ ਹੈ।
      ਸਰੀਰ ਵਿੱਚ ‘NO’ ਦੀ ਸਹੀ ਮਾਤਰਾ ਰੋਗ-ਪ੍ਰਤੀਰੋਧਕ ਸ਼ਕਤੀ (ਇਮਿਊਨਿਟੀ) ਨੂੰ ਵਧਾਉਂਦੀ ਹੈ ਅਤੇ ਮਰਦਾਂ ਦੀ ਮਰਦਾਂਵੀ ਤਾਕਤ ਨੂੰ ਵਧਾਉਣਾ ਹੈ। ਇਸੇ ਤਰ੍ਹਾਂ ਸਰੀਰ ਵਿੱਚ ਮੌਜੂਦ ਸਫੇਦ ਖੂਨ ਦੇ ਕਣ NO ਦੀ ਮਦਦ ਨਾਲ ਨਾ ਸਿਰਫ ਨੁਕਸਾਨ ਪਹੁੰਚਾਉਣ ਵਾਲੇ ਬੈਕਟੀਰੀਆ, ਫੰਜਾਈ (ਉੱਲੀ) ਅਤੇ ਪਰਜੀਵੀਆਂ ਦਾ ਨਾਸ਼ ਕਰਦੇ ਹਨ, ਬਲਕਿ ਸਰੀਰ ਵਿੱਚ ਪੈਦਾ ਹੋਣ ਵਾਲੀਆਂ ਰਸੌਲੀਆਂ (ਟਿਊਮਰਜ਼) ਤੋਂ ਵੀ ਰੱਖਿਆ ਕਰਦੇ ਹਨ, ਜਿਸ ਨਾਲ ਕੈਂਸਰ ਵਰਗੀ ਬਿਮਾਰੀ ਦੇ ਵਾਧੇ ਵਿੱਚ ਰੁਕਾਵਟ ਆਉਂਦੀ ਹੈ। ਸਰੀਰ ਵਿੱਚ ‘NO’ ਦੀ ਸਹੀ ਮਾਤਰਾ ਅੰਤੜੀਆਂ ਦੀਆਂ ਝਿੱਲੀਆਂ ਵਿੱਚ ਖੂਨ ਦੀ ਮਾਤਰਾ ਨੂੰ ਨਿਯੰਤ੍ਰਿਤ ਰੱਖਦੀ ਹੈ, ਜਿਸ ਦੇ ਸਿੱਟੇ ਵਜੋਂ ਪਾਚਨ ਤੰਤਰ, ਜਿਗਰ, ਗੁਰਦੇ ਆਦਿ ਸਭ ਸਹੀ ਢੰਗ ਨਾਲ ਕੰਮ ਕਰਦੇ ਹਨ। ਇਸ ਤੋਂ ਇਲਾਵਾ ‘NO’ ਜ਼ਖ਼ਮਾਂ ਨੂੰ ਠੀਕ ਕਰਨ, ਕੋਸ਼ਿਕਾਵਾਂ    
ਆਕਸੀਡੇਸ਼ਨ ਦੀ ਕਿਰਿਆ ਨਾਲ: ਸਾਡਾ ਸਰੀਰਿਕ ਤੰਤਰ ਕੁਦਰਤੀ ਢੰਗ ਨਾਲ ਆਕਸੀਡੇਸ਼ਨ ਦੀ ਕਿਰਿਆ ਕਰ ਕੇ ‘NO’ ਨੂੰ ਬਣਾਉਂਦਾ ਹੈ ਪਰ ਜਿਵੇਂ ਜਿਵੇਂ ਸਾਡੀ ਉਮਰ ਵਧਦੀ ਜਾਂਦੀ ਹੈ, ਇਹ ਪ੍ਰਕਿਰਿਆ ਧੀਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਰੀਰ ਦੀ NO ਪੈਦਾ ਕਰਨ ਦੀ ਸਮਰੱਥਾ ਘੱਟਦੀ ਜਾਂਦੀ ਹੈ। ਨਤੀਜੇ ਵਜੋਂ ਕਾਰਡੀਓਵੈਸਕੂਲਰ ਪ੍ਰਣਾਲੀ ਵਿੱਚ ਲਚਕੀਲਾਪਣ ਘੱਟ ਜਾਂਦਾ ਹੈ, ਜਿਸ ਕਰ ਕੇ ਆਕਸੀਜਨ-ਯੁਕਤ ਖੂਨ ਸਰੀਰ ਦੇ ਅਹਿਮ ਅੰਗਾਂ ਤੱਕ ਪੂਰੀ ਤਰ੍ਹਾਂ ਨਹੀਂ ਪਹੁੰਚ ਪਾਉਂਦਾ ਅਤੇ ਅਨੇਕਾਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਅਸੀਂ ਆਪਣੇ ਆਪ ਨੂੰ ਵੱਧ ਤੋਂ ਵੱਧ ਸਰਗਰਮ, ਕਿਰਿਆਸ਼ੀਲ ਅਤੇ ਤੰਦਰੁਸਤ ਰੱਖਣਾ ਹੈ ਤਾਂਕਿ ਸਰੀਰ ਦੀ NO ਪੈਦਾ ਕਰਨ ਦੀ ਸਮਰੱਥਾ ਵੱਧ ਤੋਂ ਵੱਧ ਸਮੇਂ ਤੱਕ ਬਣੀ ਰਹੇ।
ਭੋਜਨ ਦੁਆਰਾ : ਇਹ ਵੀ ਕੁਦਰਤੀ ਢੰਗ ਹੀ ਹੈ, ਜਿਸ ਵਿੱਚ ਸਹੀ ਖਾਣ-ਪੀਣ ਨਾਲ ਸਰੀਰ ਵਿੱਚ NO ਦੀ ਮਾਤਰਾ ਵਧਦੀ ਹੈ। ਹਾਲਾਂਕਿ ਇਹ ਮਾਸਾਹਾਰੀ ਅਤੇ ਸ਼ਾਕਾਹਾਰੀ ਦੋਨਾਂ ਤਰ੍ਹਾਂ ਦੇ ਭੋਜਨ ਵਿੱਚ ਮੌਜੂਦ ਹੁੰਦਾ ਹੈ ਪਰ ਮਾਸਾਹਾਰੀ ਭੋਜਨ ਵਿੱਚ ਇਹ ਬਹੁਤਾ ਕਰ ਕੇ ਫੂਡ ਪ੍ਰੀਜ਼ਰਵੇਟਿਵ ਦੇ ਰੂਪ ਵਿੱਚ ਮੌਜੂਦ ਹੁੰਦਾ ਹੈ, ਜਿਸ ਨੂੰ ਸਾਡਾ ਸਰੀਰ ਕੁਦਰਤੀ ਢੰਗ ਤਰ੍ਹਾਂ ਗ੍ਰਹਿਣ ਨਹੀਂ ਕਰ ਸਕਦਾ ਅਤੇ ਅਮਲੀ ਤੌਰ ’ਤੇ ਸਰੀਰ ਨੂੰ ਉਸ ਦਾ ਲਾਭ ਨਹੀਂ ਪਹੁੰਚਦਾ। ਇਸ ਨੂੰ ਪ੍ਰਾਪਤ ਕਰਨ ਦਾ ਅਸਲ ਕੁਦਰਤੀ ਢੰਗ ਸ਼ਾਕਾਹਾਰ ਜਾਂ ਪੌਦਿਆਂ ਤੋਂ ਹੈ। ਹਰੀਆਂ ਪੱਤੇਦਾਰ ਸਬਜ਼ੀਆਂ ਪਾਲਕ, ਮੇਥੀ, ਧਨੀਆ, ਪੁਦੀਨਾ, ਤੁਲਸੀ, ਸਲਾਦ-ਪੱਤਾ, ਆਦਿ ‘NO’ ਦਾ ਬਹੁਤ ਵੱਡਾ ਸਰੋਤ ਹਨ। ਇਸ ਤੋਂ ਇਲਾਵਾ ਚੁਕੰਦਰ ਵੀ ਇੱਕ ਬਹੁਤ ਵਧੀਆ ਸਰੋਤ ਹੈ। ਬਾਡੀ-ਬਿਲਡਰ ਜਾਂ ਹਾਈ-ਫਿਟਨੈੱਸ ਟਰੇਨਿੰਗ ਕਰਨ ਵਾਲੇ ਅੱਜ ਕੱਲ੍ਹ ਆਪਣੀ ਟਰੇਨਿੰਗ ਤੋਂ ਪਹਿਲਾਂ ਚੁਕੰਦਰ ਦਾ ਜੂਸ ਪੀਂਦੇ ਹਨ ਜਾਂ ਚੁਕੰਦਰ ਖਾਂਦੇ ਹਨ ਕਿਉਂਕਿ ਇਹ ਸਰੀਰ ਵਿੱਚ NO ਦੇ ਪੱਧਰ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਅਨਾਰ, ਖੱਟੇ ਫਲ, ਤਰਬੂਜ਼, ਬੀਜ ਅਤੇ ਗਿਰੀਆਂ, ਲਸਣ, ਅਦਰਕ ਅਤੇ ਬਰੌਕਲੀ ਵੀ NO ਦੇ ਚੰਗੇ ਸ੍ਰੋਤ ਹਨ। ‘NO’ ਬਣਨ ਦੀ ਰਸਾਇਣਿਕ ਪ੍ਰਕਿਰਿਆ ਸਾਡੇ ਮੂੰਹ ਤੋਂ ਸ਼ੁਰੂ ਹੁੰਦੀ ਹੈ, ਜਿਥੇ ਭੋਜਨ ਸਭ ਤੋਂ ਪਹਿਲਾਂ ਲਾਰ ਵਿੱਚ ਮੌਜੂਦ ਬੈਕਟੀਰੀਆ ਨਾਲ ਮਿਲ ਕੇ ਨਾਈਟ੍ਰੇਟ (NO3) ਬਣਾਉਂਦਾ ਹੈ। ਪਾਚਨ ਤੰਤਰ ਵਿੱਚ ਪਹੁੰਚ ਕੇ ਅਗਲੀ ਕਿਰਿਆ ਹੁੰਦੀ ਹੈ ਅਤੇ ਇਹ ਨਾਈਟ੍ਰਾਈਟ (NO2) ਵਿੱਚ ਤਬਦੀਲ ਹੋ ਜਾਂਦਾ ਹੈ ਅਤੇ ਪਾਚਨ ਤੋਂ ਬਾਅਦ ਇਹ ਨਾਇਟ੍ਰਿਕ ਆਕਸਾਈਡ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਕਰ ਕੇ ਇਥੇ ਭੋਜਨ ਨੂੰ ਚੰਗੀ ਤਰ੍ਹਾਂ ਚਬਾਉਣ ਦਾ ਬਹੁਤ ਵੱਡਾ ਮਹੱਤਵ ਹੈ। ਇਸੇ ਕਰ ਕੇ ਮਾਉਥਵਾਸ਼, ਵਿਸ਼ੇਸ਼ ਕਰਕੇ ਰਸਾਇਣ-ਯੁਕਤ ਮਾਉਥਵਾਸ਼ ਵਰਤੋਂ ਵਿੱਚ ਨਹੀਂ ਲਿਆਉਣੇ ਚਾਹੀਦੇ ਕਿਉਂਕਿ ਉਹ ਮੂੰਹ ਵਿੱਚ ਮੌਜੂਦ ਨਾ ਸਿਰਫ ਮਾੜੇ ਬੈਕਟੀਰੀਆ ਨੂੰ ਹੀ ਖਤਮ ਕਰਦੇ ਹਨ ਬਲਕਿ ਚੰਗੇ ਬੈਕਟੀਰੀਆ ਨੂੰ ਵੀ ਖਤਮ ਕਰ ਦਿੰਦੇ ਹਨ। ਇਸੇ ਤਰ੍ਹਾਂ ਐਸਿਡ-ਰੋਧਕ (antacids) ਦੀ ਵਰਤੋਂ ਵੀ ਨਾਇਟ੍ਰਿਕ ਆਕਸਾਈਡ ਦੇ ਬਣਨ ਵਿੱਚ ਰੁਕਾਵਟ ਬਣਦੀ ਹੈ।
ਅੰਦਰੂਨੀ ਢੰਗ : ਤੀਜਾ ਅਤੇ ਬਹੁਤ ਹੀ ਮਹੱਤਵਪੂਰਨ ਅਤੇ ਰੋਚਕ ਢੰਗ ਅੰਦਰੂਨੀ ਹੈ, ਜਿਹੜਾ ਬਹੁਤ ਹੀ ਕਾਰਗਰ ਹੈ। ਇਸ ਪ੍ਰਕਿਰਿਆ ਨਾਲ ਅਸੀਂ ਸਾਡੇ ਸਰੀਰ ਦੇ ਅੰਦਰ ਪਹਿਲਾਂ ਤੋਂ ਹੀ ਮੌਜੂਦ ‘NO’ ਦੇ ਭੰਡਾਰ ਵਿਚੋਂ ਕੁਝ NO ਨੂੰ ਆਪਣੀ ਸੰਚਾਰ ਪ੍ਰਣਾਲੀ ਦੇ ਵਿੱਚ ਲੈ ਕੇ ਆਉਂਦੇ ਹਾਂ। NO ਦੇ ਇਹ ਭੰਡਾਰ ਸਾਇਨਸ (ਨੱਕ ਦੇ ਦੋਨੋਂ ਪਾਸੇ, ਨੱਕ ਤੇ ਮੱਥੇ ਦੇ ਵਿਚਕਾਰ ਅਤੇ ਮੱਥੇ ਦੇ ਵਿਚਕਾਰ ਖੋਪੜੀ ਵਿਚਕਾਰ ਖਾਲੀ ਥਾਵਾਂ) ਵਿੱਚ ਮੌਜੂਦ ਹੁੰਦੇ ਹਨ। ਇਸ ਭੰਡਾਰ ਵਿਚੋਂ NO ਨੂੰ ਲੈਣ ਲਈ ਇਸ ਨੂੰ ਸਰਗਰਮ ਜਾਂ ਉਤੇਜਿਤ ਕਰਨਾ ਪੈਂਦਾ ਹੈ ਤਾਂਕਿ ਉਹ ਉਥੋਂ ਚੱਲ ਕੇ ਸਾਡੇ ਸਰੀਰ ਨੂੰ ਮਿਲ ਸਕੇ। ਇਸੇ ਕਰ ਕੇ ਮੂੰਹ ਦੇ ਮੁਕਾਬਲੇ ਨੱਕ ਰਾਹੀਂ ਸਾਹ ਲੈਣ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਨੱਕ ਰਾਹੀਂ ਸਾਹ ਲੈਣ ਨਾਲ ਨਾ ਸਿਰਫ ਗਰਮ, ਨਮੀ-ਯੁਕਤ, ਸ਼ੁੱਧ ਅਤੇ ਸਾਫ-ਸੁਥਰੀ ਹਵਾ ਸਾਡੇ ਫੇਫੜਿਆਂ ਵਿੱਚ ਜਾਂਦੀ ਹੈ, ਬਲਕਿ ਸਾਇਨਸ ਵਿੱਚ ਮੌਜੂਦ NO ਵੀ ਸਾਡੇ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ। ਇਸੇ ਕਰ ਕੇ ਯੋਗ ਵਿੱਚ ਸਾਹ ਲੈਣ ਦੀ ਕਿਰਿਆ ਨੂੰ ਬਹੁਤ ਵੱਡਾ ਮਹੱਤਵ ਦਿੱਤਾ ਜਾਂਦਾ ਹੈ ਅਤੇ ਇਸ ਲਈ ਅਨੇਕਾਂ ਪ੍ਰਾਣਾਯਾਮ ਦੱਸੇ ਗਏ ਹਨ। ਸਵੀਡਨ ਦੇ ਕੈਰੋਲਿਨਸਕਾ ਇੰਸਟੀਚਿਊਟ ’ਚ 2003 ਵਿੱਚ ਵਿਗਿਆਨੀਆਂ ਨੇ ਖੋਜ ਕੀਤੀ ਕਿ 130Hz ਦੀ ਫ੍ਰੀਕੁਐਂਸੀ ’ਤੇ ਸਾਇਨਸ ਵਿੱਚ ਪੈਦਾ ਕੀਤਾ ਕੰਪਨ NO ਨੂੰ ਬਾਹਰ ਲੈ ਕੇ ਆਉਂਦਾ ਹੈ। 2003 ਵਿੱਚ ਹੀ ਯੂਰੋਪੀਅਨ ਰੈਸਪਿਰੇਟਰੀ ਜਰਨਲ ਵਿੱਚ ਵੀ ਵਿਗਿਆਨਿਕ ਤੌਰ ’ਤੇ ਇਹ ਸਿੱਧ ਕੀਤਾ ਗਿਆ। ਯੋਗ ਵਿੱਚ ‘ਭ੍ਰਾਮਰੀ ਪ੍ਰਾਣਾਯਾਮ’ ਇਸੇ ਤਰ੍ਹਾਂ ਦਾ ਕੰਪਨ ਪੈਦਾ ਕਰਦਾ, ਜਿਸ ਨਾਲ ਸਾਇਨਸ ’ਚੋਂ NO ਰਿਲੀਜ਼ ਹੁੰਦਾ ਹੈ।
ਅੱਜ-ਕੱਲ੍ਹ ਬਾਜ਼ਾਰ ਵਿੱਚ ‘NO’ ਵਧਾਉਣ ਵਾਲੇ ਸਪਲੀਮੈਂਟ (NO Boosters) ਵੀ ਉਪਲਬੱਧ ਹਨ ਪਰ ਇਨ੍ਹਾਂ ਦੀ ਵਰਤੋਂ ਕਦੇ ਵੀ ਯੋਗ ਚਿਕਿਤਸਕ ਦੀ ਸਲਾਹ ਤੋਂ ਬਿਨਾਂ ਨਹੀਂ ਕਰਨੀ ਚਾਹੀਦੀ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਹਰੇਕ ਵਿਅਕਤੀ ਦੇ ਸਰੀਰ ਦੀ ਬਣਤਰ ਵੱਖਰੀ ਹੁੰਦੀ ਹੈ। ਇਸ ਕਰ ਕੇ ਕੋਈ ਵੀ ਚੀਜ਼ ਲੋੜ ਤੋਂ ਵੱਧ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਵਰਤੋਂ ਵਿੱਚ ਲਿਆਉਣੀ ਚਾਹੀਦੀ ਹੈ ਕਿਉਂਕਿ “ਅਤਿ ਸਰਵਤ੍ਰ ਵਰਜਯੇਤ”।
ਸੰਪਰਕ : 98147-11605