ਰੱਬ ਦੇ ਹੁਸਨ-ਬਾਗ਼ ਦੇ ਵਾਰਿਸ - ਸਵਰਾਜਬੀਰ

ਤੱਤੀ ਤਵੀ ’ਤੇ ਬੈਠਾ ਇਹ ਪਲ
ਕੇਹਾ ਪਲ ਹੈ…?
ਇਸ ਪਲ ਨੇ, ਫ਼ਰੀਦ ਤੇ ਕਬੀਰ ਨੂੰ
ਸ਼ਬਦ ਦੀਆਂ ਬਾਂਹਾਂ ’ਚ ਵਲ ਲਿਆ ਹੈ
ਇਸ ਪਲ ਨੇ, ਬੇਣੀ ਤੇ ਜੈਦੇਵ ਨੂੰ ਪੜ੍ਹ ਲਿਆ ਹੈ
ਇਸ ਪਲ ਨੇ ਸਧਨੇ ਤੇ ਪੀਪੇ ਨੂੰ ਫੜ ਲਿਆ ਹੈ
ਇਸ ਪਲ ਦੇ ਹੋਠਾਂ ’ਤੇ ਹੈ ਰਵਿਦਾਸ ਦਾ ਹਰਫ਼
ਉਹ ਜਾਣਦਾ ਹੈ ਉਹ ਹੈ ਕਿਸ ਦੀ ਤਰਫ਼
ਇਹ ਮੀਆਂ ਮੀਰ ਤੇ ਭੀਖਨ ਨੂੰ
ਗਲਵੱਕੜੀ ’ਚ ਲੈਣ ਦੀ ਸਜ਼ਾ ਹੈ
ਇਹ ਸੱਤਾ ਦੀ ਅਦਾ ਹੈ
ਇਹ ਏਦਾਂ ਹੀ ਰਹੀ ਸਦਾ ਹੈ
ਇਸ ਪਲ ਨੇ, ਨਾਮੇ ਤੇ ਧੰਨੇ ਨੂੰ
ਬੁੱਕਲ ’ਚ ਸਮੇਟਿਆ ਹੈ
ਰਾਮਾਨੰਦ ਤੇ ਸੈਣੁ ਵਿਚਲੀ ਲੀਕ ਨੂੰ ਮੇਟਿਆ ਹੈ
ਸਭ ਨੂੰ ’ਕੱਠਿਆਂ ਕਰ ਬਹਾਇਆ ਹੈ
ਜਲੌਅ ਲਗਾਇਆ ਹੈ
ਅਸੀਂ ਵੀ ਜਲੌਅ ਲਗਾਏ ਨੇ
ਆਪਣੇ ਵੱਖਰੇ ਕਰ ਬੈਠਾਏ ਨੇ
ਲੀਕਾਂ ਵਾਹੀਆਂ ਨੇ
ਵੰਡੀਆਂ ਪਾਈਆਂ ਨੇ
ਗੂੜ੍ਹੇ ਕੀਤੇ ਨੇ ਬੰਦੇ ਨੂੰ ਵੰਡਦੇ ਅੱਖਰ
ਏਸੇ ਲਈ ਹੁਣ ਵੀ ਤਪ ਰਹੀ ਹੈ ਤਵੀ
ਅਜੇ ਵੀ ਓਸ ’ਤੇ ਬੈਠਾ ਹੈ ਓਹੀ ਰਵੀ
- (ਗੁਰੂ ਅਰਜਨ ਦੇਵ ਜੀ ਬਾਰੇ ਕਵਿਤਾ ‘ਪੰਜਵਾਂ ਬੁੰਗਾ’)
       - ਇਹ ਹੈ ਸਾਡੀ ਵਿਰਾਸਤ : ਸਾਡੇ ਗੁਰੂਆਂ, ਭਗਤਾਂ, ਸੂਫ਼ੀਆਂ ਅਤੇ ਹੋਰ ਰਹਿਬਰਾਂ ਦੀ ਸਿਰਜੀ, ਸਾਂਝੀਵਾਲਤਾ ਤੇ ਸਰਬੱਤ ਦਾ ਭਲਾ ਚਾਹੁਣ ਵਾਲੀ ਵਿਰਾਸਤ, ਨਿਰਭਉ ਤੇ ਨਿਰਵੈਰ ਹੋਣ ਦੀ ਵਿਰਾਸਤ, ਕੁਰਬਾਨੀਆਂ ਨਾਲ ਭਰੀ ਤੇ ਬਿਬੇਕ ਦਾਨ ਮੰਗਦੀ ਹੋਈ, ਉਹ ਵਿਰਾਸਤ, ਜਿਸ ਵਿਚ ਸਾਨੂੰ ਆਪਣੇ ਤਨ ਦੀ ਧਰਤੀ ’ਚ ਚੰਗੇ ਅਮਲਾਂ ਦੇ ਬੀਜ ਬੀਜਣ, ਉਨ੍ਹਾਂ ਨੂੰ ਸੱਚ ਦੇ ਪਾਣੀ ਨਾਲ ਸਿੰਜਣ ਤੇ ਈਮਾਨ ਕਮਾਉਣ ਦੀ ਸਿੱਖਿਆ ਦਿੱਤੀ ਗਈ ਹੈ (ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ।।), ਉਹ ਵਿਰਾਸਤ, ਜਿਸ ਵਿਚ ਜਾਤ-ਪਾਤ ਤੇ ਵਰਣ-ਆਸ਼ਰਮ ਨੂੰ ਨਕਾਰਿਆ ਗਿਆ ਹੈ (ਜਾਤੀ ਦੈ ਕਿਆ ਹਥਿ ਸਚੁ ਪਰਖੀਐ।।), ਉਹ ਵਿਰਾਸਤ, ਜਿਸ ਵਿਚ ਦਿਲ ਤੋਂ ਸੱਚੇ ਹੋਣ ’ਤੇ ਜ਼ੋਰ ਦਿੱਤਾ ਗਿਆ ਹੈ (ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ)। ਸਾਨੂੰ ਸੱਚੇ ਅਮਲ ਕਰਨ ਦੇ ਸੰਦੇਸ਼ ਦੀ ਵਿਰਾਸਤ ਦਿੱਤੀ ਗਈ ਹੈ। ਅਸੀਂ ਇਸ ਵਿਰਾਸਤ ਦੇ ਵਾਰਿਸ ਹਾਂ।
     ਗੁਰੂ ਅਰਜਨ ਦੇਵ ਜੀ ਨੇ ਸਾਂਝੀਵਾਲਤਾ ਦੀ ਵਿਰਾਸਤ ਨੂੰ ਵਿਆਪਕ ਅਰਥ ਦਿੰਦਿਆਂ ਸ਼ੇਖ ਫ਼ਰੀਦ ਤੋਂ ਲੈ ਕੇ ਦੂਰ-ਦੁਰਾਡੇ ਦੇ ਭਗਤਾਂ ਦੀ ਬਾਣੀ ਨੂੰ ਆਦਿ ਗ੍ਰੰਥ ਵਿਚ ਸ਼ਾਮਲ ਕੀਤਾ, ਸਾਨੂੰ ਸੰਕੀਰਨਤਾ ’ਚੋਂ ਕੱਢਦਿਆਂ ਸਾਂਝੀਵਾਲ ਬਣਨ ਦਾ ਸੱਦਾ ਦਿੱਤਾ। ਅਜਿਹੇ ਸੱਦੇ ਨੂੰ ਜਾਰੀ ਰੱਖਦਿਆਂ ਸੂਫ਼ੀਆਂ ਤੇ ਕਿੱਸਾਕਾਰਾਂ ਨੇ ਧਾਰਮਿਕ ਕੱਟੜਤਾ ਦੇ ਵਿਰੁੱਧ ਮਨੁੱਖੀ ਆਜ਼ਾਦੀ ਦਾ ਹੋਕਾ ਦਿੱਤਾ। 18ਵੀਂ-19ਵੀਂ ਸਦੀ ਵਿਚ ਸਿੱਖ ਸੰਘਰਸ਼ ਨੇ ਸਮਾਜ ਵਿਚ ਜਮਹੂਰੀ ਰੂਹ ਫੂਕੀ ਜਿਸ ਨੇ ਪੰਜਾਬ ਨੂੰ ਨਵੇਂ ਨੈਣ-ਨਕਸ਼ ਦਿੱਤੇ, ਉਸ ਪੰਜਾਬ ਦਾ ਵਰਣਨ ਪੰਜਾਬੀ ਸ਼ਾਇਰ ਪੀਰਾ ਦਿੱਤਾ ਤਰੱਗੜ ਨੇ ਇਸ ਤਰ੍ਹਾਂ ਕੀਤਾ ਹੈ :
ਜਿੱਥੇ ਰੱਬ ਦੇ ਹੁਸਨ ਦਾ ਬਾਗ਼ ਖਿੜਿਆ
ਤਾਜ਼ਾ ਸਦਾ ਜਿਉਂ ਫੁੱਲ ਗੁਲਾਬ ਦਾ ਜੀ।
ਆਸ਼ਕ ਹੱਕ1 ਹੋਂਦੇ ਕੰਧੀ2 ਓਸ ਦੇ ’ਤੇ
ਇਹ ਅਸਰ ਹੈ ਉਸ ਦੇ ਆਬ ਦਾ ਜੀ।
ਹੁੱਬਲ ਵਤਨ3 ਈਮਾਨ ਹੈ ਨਬੀ ਕਹਿਆ
ਸਿਫ਼ਤ ਵਤਨ ਦੀ ਹੱਕ ਅਵਾਬ4 ਦਾ ਜੀ।
ਸਦਾ ਦੇਸ ਪੰਜਾਬ ਦੀ ਟੁੱਕੜੀ ’ਤੇ
ਰਹੇ ‘ਖ਼ਾਦਮਾ’5 ਫ਼ਜਲ ਜ਼ਨਾਬ6 ਦਾ ਜੀ।
(1. ਸੱਚ, 2. ਦਰਿਆ ਦਾ ਕੰਢਾ, 3. ਦੇਸ਼ ਪ੍ਰੇਮ, 4. ਰੱਬ ਦਾ ਧਿਆਨ ਕਰਨ ਵਾਲੇ ਲੋਕ, 5. ਪੀਰਾਂ ਦਿੱਤਾ ਤਰਗੜ ਦਾ ਤੁਖੱਲਸ, 6. ਏਥੇ ਭਾਵ ਪਰਮਾਤਮਾ ਤੋਂ ਹੈ)
ਸਾਨੂੰ ਵਿਰਸੇ ਵਿਚ ‘ਰੱਬ ਦੇ ਹੁਸਨ ਦਾ ਬਾਗ਼’ ਮਿਲਿਆ ਸੀ, ਅਸੀਂ ਉਸ ਨੂੰ ਵੀਰਾਨ ਕੀਤਾ, 1947 ਵਿਚ ਪੰਜਾਬੀ ਕੌਮ ਨੇ ਗੁਰੂਆਂ, ਭਗਤਾਂ ਤੇ ਸੂਫ਼ੀਆਂ ਦੀ ਵਰੋਸਾਈ ਸਾਂਝੀਵਾਲਤਾ ਦਾ ਚੋਲਾ ਲੀਰੋ-ਲੀਰ ਕਰ ਦਿੱਤਾ, ਇਕ-ਦੂਜੇ ਨੂੰ ਵੱਢਿਆ-ਟੁੱਕਿਆ, ਔਰਤਾਂ ਨਾਲ ਜਬਰ-ਜਨਾਹ ਕੀਤਾ ਤੇ ‘ਹੁਸਨ ਦੇ ਬਾਗ਼’ ਨੂੰ ਖ਼ਿੱਤਿਆਂ ਵਿਚ ਵੰਡ ਕੇ ‘ਸਰਦਾਰ’ ਕਹਾਏ।
(2)
ਵਿਰਾਸਤ ਬਹੁਤ ਜਟਿਲ ਵਰਤਾਰਾ ਹੈ। ਕਿਸੇ ਭੂਗੋਲਿਕ ਖ਼ਿੱਤੇ ਦੇ ਲੋਕ ਉਸ ਖ਼ਿੱਤੇ ਦੇ ਇਤਿਹਾਸ, ਮਿਥਿਹਾਸ, ਲੋਕ-ਸੋਚ ਅਤੇ ਉੱਥੇ ਪਨਪੇ ਧਰਮਾਂ, ਪੰਥਾਂ, ਸੰਪਰਦਾਵਾਂ ਤੇ ਸਮਾਜਿਕ ਬਣਤਰਾਂ ਦੇ ਵਾਰਿਸ ਹੁੰਦੇ ਹਨ, ਉਹ ਬੀਤੇ ਵਿਚ ਹੋਈਆਂ ਜਿੱਤਾਂ, ਹਾਰਾਂ, ਸੰਘਰਸ਼ਾਂ ਅਤੇ ਸਹੇ ਤੇ ਕੀਤੇ ਗਏ ਜ਼ੁਲਮਾਂ ਤੇ ਵਧੀਕੀਆਂ ਦੀਆਂ ਯਾਦਾਂ ਦੇ ਵਾਰਿਸ ਵੀ ਹੁੰਦੇ ਹਨ, ਉਹ ਵਾਰਿਸ ਹੁੰਦੇ ਹਨ ਬੀਤੇ ਵਿਚ ਸਹੀਆਂ ਦੁੱਖ-ਦੁਸ਼ਵਾਰੀਆਂ, ਪਰੇਸ਼ਾਨੀਆਂ, ਮੱਕਾਰੀਆਂ ਤੇ ਧੋਖਿਆਂ ਦੇ ਵਰਤਾਰਿਆਂ ਦੇ। ਬੀਤੇ ਵਿਚ ਮੋਹ-ਘਿਰਣਾ ਦੇ ਬਿਰਤਾਂਤ ਪਏ ਹੁੰਦੇ ਹਨ, ਵਾਰਿਸਾਂ ਨੇ ਉਨ੍ਹਾਂ ’ਚੋਂ ਮਨੁੱਖਤਾ ਦਾ ਬਿਰਤਾਂਤ ਲੱਭਣਾ ਹੁੰਦਾ ਹੈ। ਵਾਰਿਸ ਸ਼ਾਹ ਕਿੱਸਾ ਹੀਰ ਵਾਰਿਸ ਵਿਚ ਆਪਣੀ ਤੇ ਪੰਜਾਬ ਦੀ ਵਿਰਾਸਤ ਲੱਭਦਿਆਂ ਸ਼ੇਖ ਫ਼ਰੀਦ, ਪੰਜ ਪੀਰਾਂ, ਬਾਲ ਨਾਥ, ਭਗਵਾਨ ਕ੍ਰਿਸ਼ਨ ਤੇ ਹੋਰ ਨਾਇਕਾਂ ਨੂੰ ਯਾਦ ਕਰਦਾ ਅਤੇ ਉਨ੍ਹਾਂ ਦੇ ਬੋਲਾਂ ਨੂੰ ਆਪਣੀ ਸ਼ਾਇਰੀ ਵਿਚ ਗੁੰਨ੍ਹਦਾ ਹੈ : ‘‘ਸ਼ਕਰ ਗੰਜ ਨੇ ਆਣ ਮੁਕਾਮ ਕੀਤਾ, ਦੁਖ ਦਰਦ ਪੰਜਾਬ ਦਾ ਦੂਰ ਹੈ ਜੀ।’’ (ਸ਼ਕਰਗੰਜ ਭਾਵ ਬਾਬਾ ਸ਼ੇਖ ਫ਼ਰੀਦ ਜੀ)। ਉਹ ਵਿਰਸੇ ਵਿਚ ਬੋਲਾਂ ਨੂੰ ਵੀ ਆਪਣੀ ਸ਼ਾਇਰੀ ਵਿਚ ਗੁੰਨ੍ਹਦਾ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ।।’’ ਭਾਵ ਜਿਨ੍ਹਾਂ ਦੀ ਖੇਤੀ ਉੱਜੜ ਗਈ ਹੈ, ਉਨ੍ਹਾਂ ਨੂੰ ਖਲਵਾੜੇ ਲਈ ਥਾਂ ਕਿਉਂ ਚਾਹੀਦੀ ਹੈ। ਖੇਤੀ ਉਜੜਨ ਦੇ ਬਿੰਬ ਨੂੰ ਵਾਰਿਸ ਸ਼ਾਹ ਇਉਂ ਯਾਦ ਕਰਦਾ ਹੈ, ‘‘ਇਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖਾਂ ਆਇਕੇ ਕਦੋਂ ਬੁਝਾਂਵਦਾ ਈ।’’ ਏਸੇ ਬੰਦ ਵਿਚ ਵਾਰਿਸ ਸ਼ਾਹ ਨੇ ਲਿਖਿਆ ਹੈ, ‘‘ਭਲਾ ਦੱਸ ਖਾਂ ਚਿਰੀ ਵਿਛੁੰਨਿਆ ਨੂੰ, ਕਦੋਂ ਰੱਬ ਸੱਚਾ ਘਰ ਲਿਆਂਵਦਾ ਈ।’’ ‘ਚਿਰੀ ਵਿਛੁੰਨਿਆ’ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਕਥਨ, ‘‘ਸਚੁ ਕਹੈ ਨਾਨਕੁ ਸਬਦਿ ਸਾਚੈ ਮੇਲਿ ਚਿਰੀ ਵਿਛੁੰਨਿਆ।।’’ ਤੋਂ ਲਏ ਗਏ ਹਨ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ।।’’ ਬੁੱਲ੍ਹੇ ਸ਼ਾਹ ਇਸ ਤੁੱਕ ਨੂੰ ਦੁਬਾਰਾ ਇਸ ਤਰ੍ਹਾਂ ਲਿਖਦਾ ਹੈ, ‘‘ਬੁੱਲ੍ਹੇ ਸ਼ਾਹ ਹੁਣ ਚੁੱਪ ਚੰਗੇਰੀ।’’ ਸੂਫ਼ੀਆਂ ਤੇ ਭਗਤਾਂ ਵਿਚ ਗੁਰਬਾਣੀ ਦੀ ਗੂੰਜ ਥਾਂ ਥਾਂ ’ਤੇ ਸੁਣਾਈ ਦਿੰਦੀ ਹੈ।
     ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਸ਼ੇਖ ਫ਼ਰੀਦ ਦੇ ਸਲੋਕਾਂ ਦੀ ਵਿਆਖਿਆ ਕੀਤੀ ਅਤੇ ਪੰਜਾਬ ਦੀ ਵਿਰਾਸਤ ਦੇ ਨਕਸ਼ ਸਿਰਜੇ। ਉਦਾਹਰਨ ਦੇ ਤੌਰ ’ਤੇ ਸ਼ੇਖ ਫ਼ਰੀਦ ਜੀ ਦਾ ਸ਼ਬਦ ਹੈ, ‘‘ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ।।’’ ਗੁਰੂ ਨਾਨਕ ਦੇਵ ਜੀ ਨੇ ਇਸ ਸੋਚ-ਸੰਸਾਰ ਨੂੰ ਇਸ ਤਰ੍ਹਾਂ ਅੱਗੇ ਵਧਾਇਆ, ‘‘ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ।।’’ ਗੁਰੂ ਅਮਰਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਸ਼ੇਖ ਫ਼ਰੀਦ ਦੇ ਸਲੋਕਾਂ ਦੀ ਵਿਆਖਿਆ ਕਰਦਿਆਂ ਲਕਬ ਫ਼ਰੀਦ ਵਰਤਿਆ। ਉਦਾਹਰਨ ਦੇ ਤੌਰ ’ਤੇ ਸ਼ੇਖ ਫ਼ਰੀਦ ਜੀ ਦਾ ਸਲੋਕ ਹੈ, ‘‘ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ।। ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ।।’’ ਗੁਰੂ ਅਰਜਨ ਦੇਵ ਜੀ ਨੇ ਇਸ ਸਲੋਕ ਵਿਚਲੇ ਵਿਚਾਰ ਦੀ ਏਦਾਂ ਵਿਆਖਿਆ ਕੀਤੀ, ‘‘ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ।। ਜੋ ਜਨ ਪੀਰਿ ਨਿਵਾਜਿਆ ਤਿੰਨਾ੍ ਅੰਚ ਨ ਲਾਗ।।’’ ਗੁਰੂ ਅਰਜਨ ਦੇਵ ਜੀ (ਲਕਬ ਫ਼ਰੀਦ ਵਰਤਦਿਆਂ) ਕਹਿੰਦੇ ਹਨ ਕਿ ਧਰਤੀ ਤਾਂ ਸੁਹਾਵਣੀ ਹੈ ਪਰ ਏਥੇ ਵਿਹੁਲਾ (ਵਿਸ਼/ਜ਼ਹਿਰ ਭਰਿਆ) ਬਾਗ ਲੱਗਾ ਹੋਇਆ ਹੈ ਜਿਸ ਵਿਚ ਦੁੱਖਾਂ ਦੀ ਅੱਗ ਲੱਗੀ ਹੋਈ ਹੈ, ਪੀਰ/ਗੁਰੂ ਦੀ ਮਦਦ ਨਾਲ ਹੀ ਉਸ ਅੱਗ ਤੋਂ ਬਚਿਆ ਜਾਂਦਾ ਹੈ। ਬਾਬਾ ਫ਼ਰੀਦ ਦੀ ਬਾਣੀ ਵਿਚੋਂ ਤੁਰਿਆ ਸ਼ਬਦ ਬਿਰਹਾ, ਗੁਰੂ ਸਾਹਿਬਾਨ ਦੀ ਬਾਣੀ ’ਚੋਂ ਹੁੰਦਾ ਹੋਇਆ ਸ਼ਿਵ ਕੁਮਾਰ ਜਿਹੇ ਕਵੀਆਂ ਤਕ ਪਹੁੰਚਦਾ ਹੈ।
      ਭਗਤ ਰਵਿਦਾਸ ਨੇ ਸਾਨੂੰ ਬੇਗਮਪੁਰੇ ਦਾ ਸੰਕਲਪ ਦਿੱਤਾ, ‘‘ਬੇਗਮ ਪੁਰਾ ਸਹਰ ਕੋ ਨਾਉ।। ਦੂਖੁ ਅੰਦੋਹੁ ਨਹੀ ਤਿਹਿ ਠਾਉ।।’’ ਪੰਜਾਬ ਦੇ ਭਗਤ ਕਾਨ੍ਹਾ ਜੀ ਨੇ ਰਾਗ ਵਡਹੰਸ ਵਿਚ ਇਸ ਵਿਰਾਸਤ ਨੂੰ ਏਦਾਂ ਸਾਂਭਿਆ, ‘‘ਖੁਲ ਮੈਂਡੀ ਅਖੜੀਏ ਨੀ ਦੇਖਾਂ ਸਰਬ ਭੂਤ ਭਗਵਾਨਾ।। ਉਥੇ ਬੇਗਮ ਨਗਰੀ ਬੇਗਮ ਲੋਕ।। ਲੋਕ ਬਸੈ ਬਉਰਾਨਾ।।’’ ਅਤੇ ਰਾਗੁ ਮਾਰੂ ਵਿਚ ਕਿਹਾ, ‘‘ਸਹਰ ਨਾਮ ਬੇਗਮਪੁਰਾ, ਉਹਾਂ ਬਸੈ ਸੁ ਬੇਗਮ ਹੋਇ।।’’ ਕਾਦਰ ਯਾਰ ਨੇ ਬਾਬਾ ਨਾਨਕ ਜੀ ਦੀ ਵਿਰਾਸਤ ਨੂੰ ਏਦਾਂ ਯਾਦ ਕੀਤਾ, ‘‘ਕਾਦਰ ਯਾਰ ਹੈ ਸੁੱਖ ਵਿਚਾਰ ਦੇ ਵਿਚ/ ਜਿਵੇਂ ਆਪ ਹੈ ਨਾਨਕ ਫੁਰਮਾਂਵਦਾ ਜੀ।’’ (ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ।।’’ ਵੀਚਾਰੁ (ਵਿਚਾਰ) ਸ਼ਬਦ ਗੁਰੂ ਸਾਹਿਬਾਨ ਦੀ ਬਾਣੀ ਵਿਚ ਅਨੇਕ ਵਾਰ ਆਉਂਦਾ ਹੈ।)
(3)
ਸਾਂਝੀਵਾਲਤਾ ਵਿਚਾਰਾਂ ਤੇ ਸ਼ਬਦਾਂ ਵਿਚ ਹੀ ਨਹੀਂ ਪਨਪਦੀ, ਇਸ ਨੇ ਲੋਕਾਂ ਦੀ ਜ਼ਿੰਦਗੀ ਵਿਚ ਅਮਲੀ ਰੂਪ ਲੈਣਾ ਹੁੰਦਾ ਹੈ, ‘ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ’ ਪੰਜਾਬ ਦੀ ਸੁਰਤ ਦਾ ਮਹਾਂਮੰਤਰ ਬਣਿਆ। ਕਿਰਤੀ ਬਣੇ ਪੰਜਾਬ ਨੇ ਕਿਰਤ ਵੀ ਕੀਤੀ ਤੇ ਜਾਬਰਾਂ ਨਾਲ ਲੋਹਾ ਵੀ ਲਿਆ। ਸਾਂਝੀਵਾਲਤਾ ਜਾਬਰਾਂ ਨਾਲ ਲੋਹਾ ਲੈਂਦੀ ਲੋਕਾਈ ਦੇ ਸੰਘਰਸ਼ਾਂ ਵਿਚ ਪਨਪੀ। ਚੇਤਿਆਂ ਵਿਚ ਵਸੇ ਸਿਕੰਦਰ-ਪੋਰਸ ਦੇ ਸੰਘਰਸ਼ ਤੋਂ ਲੈ ਕੇ ਦੁੱਲੇ ਭੱਟੀ ਦੀ ਬਗ਼ਾਵਤ, ਸਿੱਖ ਮਿਸਲਾਂ ਦੇ ਸੰਘਰਸ਼, 1857 ਵਿਚ ਅਹਿਮਦ ਖਰਲ ਦੀ ਬਗ਼ਾਵਤ, ਕੂਕਾ ਲਹਿਰ, ਗ਼ਦਰ ਪਾਰਟੀ ਲਹਿਰ, ਜੱਲ੍ਹਿਆਂਵਾਲਾ ਬਾਗ਼ ਨਾਲ ਸਬੰਧਿਤ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਭਗਤ ਸਿੰਘ ਦੇ ਸਾਥੀਆਂ ਦੀ ਬਗ਼ਾਵਤ, ਕਿਰਤੀ ਲਹਿਰ ਅਤੇ ਹੋਰ ਕਿਸਾਨ ਤੇ ਮਜ਼ਦੂਰ ਸੰਘਰਸ਼ਾਂ ਦੀ ਵਿਰਾਸਤ ਪੰਜਾਬ ਦੀ ਵਿਰਾਸਤ ਹੈ।
       ਆਉ, ਯਾਦ ਰੱਖੀਏ ਕਿ ਲਾਹੌਰ ਦੇ ਹਿੰਦੂਆਂ ਤੇ ਮੁਸਲਮਾਨਾਂ ਨੇ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨੂੰ ਆਪਣਾ ਹਾਕਮ ਬਣਨ ਦਾ ਸੱਦਾ ਦਿੱਤਾ ਸੀ। ਉਸ ਸਮੇਂ ਖ਼ਾਲਸੇ ਨੂੰ ਪੰਜਾਬ ਤੇ ਪੰਜਾਬੀਅਤ ਦੇ ਹਰਾਵਲ ਦਸਤੇ ਵਜੋਂ ਮਾਨਤਾ ਮਿਲੀ ਜਿਸ ਦੀ ਗਵਾਹੀ ਅੰਗਰੇਜ਼ਾਂ ਅਤੇ ਖ਼ਾਲਸਾ ਰਾਜ ਵਿਚਕਾਰ ਹੋਈ ਜੰਗ ਸਮੇਂ ਮਿਲਦੀ ਹੈ ਜਦੋਂ ਸ਼ਾਹ ਮੁਹੰਮਦ ਪੰਜਾਬੀਆਂ ਨੂੰ ਇਸ ਤਰ੍ਹਾਂ ਸੰਬੋਧਿਤ ਹੁੰਦਾ ਹੈ, ‘‘ਸ਼ਾਹ ਮੁਹੰਮਦਾ ਤੁਸੀਂ ਪੰਜਾਬੀਓ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ।’’ ਅੰਗਰੇਜ਼ੀ ਬਸਤੀਵਾਦ ਨੇ ਪੰਜਾਬੀ ਸਮਾਜ ਵਿਚ ਵੱਡੀਆਂ ਵੰਡੀਆਂ ਪਾਈਆਂ ਤੇ ਇਹ ਨੂੰ ਫ਼ਿਰਕੂ ਲੀਹਾਂ ’ਤੇ ਵੰਡ ਦਿੱਤਾ।
(4)
ਪੰਜਾਬੀਆਂ ਦੀ ਜ਼ਿੰਦਗੀ ਵਿਚ ਸਾਂਝੀਵਾਲਤਾ ਕਿਵੇਂ ਘੁਲੀ-ਮਿਲੀ ਸੀ? ਮੈਂ ਇਸ ਦੀ ਇਕ ਉਦਾਹਰਨ ਦੇਣ ਲਈ ਲੋਕ-ਇਤਿਹਾਸਕਾਰ ਨਰੈਣ ਸਿੰਘ ਦੀ ਕਿਤਾਬ ‘ਅਕਾਲੀ ਮੋਰਚੇ ਅਤੇ ਝੱਬਰ’ ’ਚੋਂ ਕੁਝ ਅੰਸ਼ ਪੇਸ਼ ਕਰਦਾ ਹਾਂ ਜਿਨ੍ਹਾਂ ਦਾ ਸਾਰ ਕੁਝ ਇੰਝ ਹੈ : 13 ਅਪਰੈਲ 1919 ਨੂੰ ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ ਹੋਇਆ ਜਿੱਥੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਸਭ ਦਾ ਲਹੂ ਡੁੱਲ੍ਹਿਆ। ਸਾਰਾ ਪੰਜਾਬ ਰੋਸ ਵਿਚ ਉੱਠ ਖਲੋਤਾ। ਰੋਹ ਵਿਚ ਆਏ ਲੋਕਾਂ ਨੇ ਕਈ ਥਾਵਾਂ ’ਤੇ ਰੇਲਵੇ ਸਟੇਸ਼ਨ, ਕਚਹਿਰੀਆਂ ਅਤੇ ਹੋਰ ਸਰਕਾਰੀ ਦਫ਼ਤਰ ਸਾੜੇ, ਪੁਲ ਤੋੜ ਦਿੱਤੇ, ਰੇਲ ਦੀਆਂ ਪਟੜੀਆਂ ਪੁੱਟ ਦਿੱਤੀਆਂ। ਇਹ ਖ਼ਬਰਾਂ ਚੂਹਣਕਾਣੇ (ਜ਼ਿਲ੍ਹਾ ਸ਼ੇਖੂਪੁਰਾ) ਪਹੁੰਚੀਆਂ ਤੇ ਉੱਥੇ ਵੀ ਅਜਿਹੀਆਂ ਕਾਰਵਾਈਆਂ ਹੋਈਆਂ। ਅੰਗਰੇਜ਼ ਫ਼ੌਜ ਨੇ ਚੂਹੜਕਾਣੇ ਵਿਚ ਗੋਲੀ ਵੀ ਚਲਾਈ ਜਿਸ ਵਿਚ ਕਈ ਲੋਕ ਫੱਟੜ ਹੋਏ ਅਤੇ ਕਈ ਮਾਰੇ ਗਏ। ਬਾਅਦ ਵਿਚ ਹੋਈਆਂ ਗ੍ਰਿਫ਼ਤਾਰੀਆਂ ਵਿਚ ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਚੂਹੜਕਾਣਾ ਅਤੇ ਹੋਰ ਲੋਕ ਵੀ ਫੜੇ ਗਏ। ਰਾਵਲਪਿੰਡੀ ਵਿਚ ਝਟਪਟ ਹੋਏ ਮੁਕੱਦਮੇ ਵਿਚ ਸਤਾਰਾਂ ਆਦਮੀਆਂ ਨੂੰ ਕਾਲੇ ਪਾਣੀਆਂ (ਅੰਡੇਮਾਨ ਤੇ ਨਿਕੋਬਾਰ ਟਾਪੂ) ਦੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਇਨ੍ਹਾਂ ਛੇ ਨੂੰ ਫਾਂਸੀ ਦਾ ਹੁਕਮ ਹੋਇਆ : ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਚੂਹੜਕਾਣਾ, ਕਾਹਨ ਸਿੰਘ ਚੂਹੜਕਾਣਾ, ਜਾਗੀਰ ਸਿੰਘ ਮਰੀਦਕਾ, ਮਾਹਣਾ ਸਿੰਘ ਨੋਖਰ ਤੇ ਮੇਹਰਦੀਨ ਲੁਹਾਰ ਕਾਲੋਕਾ। ਬਾਅਦ ਵਿਚ ਇਹ ਸਜ਼ਾ ਵੀ ਕਾਲੇ ਪਾਣੀਆਂ ਵਿਚ ਉਮਰ ਕੈਦ ਵਿਚ ਬਦਲ ਦਿੱਤੀ ਗਈ। ਕਰਤਾਰ ਸਿੰਘ ਝੱਬਰ ਤੇ ਉਨ੍ਹਾਂ ਦੇ ਲਗਭਗ 50 ਸਾਥੀਆਂ ਨੂੰ ਕਾਲੇ ਪਾਣੀ ਭੇਜਣ ਲਈ ਕਲਕੱਤੇ ਵਾਲੀ ਗੱਡੀ ਵਿਚ ਬਿਠਾ ਦਿੱਤਾ। ਝੱਬਰ ਹੋਰਾਂ ਦੇ ਸਾਹਮਣੇ ਨਿਜ਼ਾਮਾਬਾਦ ਦਾ ਮਿਸਤਰੀ ਦੀਨ ਮੁਹੰਮਦ ਬੈਠਾ ਸੀ। ਦਿੱਲੀ ਸਟੇਸ਼ਨ ’ਤੇ ਕਰਤਾਰ ਸਿੰਘ ਸਿਰਾਂਵਲੀ ਚੱਕ ਨੰ: 20 ਵਾਲੇ ਨੇ ਝੱਬਰ ਜੀ ਨੂੰ ਨਿਤਨੇਮ ਲਈ ਗੁਟਕਾ ਤੇ ਹਨੂੰਮਾਨ ਨਾਟਕ ਭੇਟ ਕੀਤਾ। ਅਲੀਗੜ੍ਹ ਸਟੇਸ਼ਨ ਪਹੁੰਚਣ ’ਤੇ ਅਲੀਗੜ੍ਹ ਮੁਸਲਿਮ ਕਾਲਜ ਦੇ 200 ਵਿਦਿਆਰਥੀਆਂ ਨੇ ਪਲੈਟਫਾਰਮ ’ਤੇ ਆ ਕੇ ਬੰਦੇ ਮਾਤਰਮ ਦੇ ਨਾਅਰੇ ਲਾਏ। ਕਲਕੱਤਾ ਤੋਂ ਉਨ੍ਹਾਂ ਨੂੰ ਅੰਡੇਮਾਨ-ਨਿਕੋਬਾਰ ਲਈ ਇਕ ਸਮੁੰਦਰੀ ਜਹਾਜ਼ ’ਤੇ ਬਿਠਾ ਦਿੱਤਾ ਗਿਆ।
ਨਰੈਣ ਸਿੰਘ ਲਿਖਦੇ ਹਨ, ‘‘ਜਹਾਜ਼ ਪੰਜਾਹ ਕੁ ਮੀਲ ਦੂਰ ਗਿਆ ਹੋਵੇਗਾ ਤਾਂ ਇਨ੍ਹਾਂ ਵਿਚੋਂ ਮੁਹੰਮਦ ਦੀਨ ਮਾਸ਼ਕੀ ਅੰਮ੍ਰਿਤਸਰੀ ਨੇ ਹੀਰ ਦਾ ਇਕ ਬੈਂਤ ਪੜ੍ਹਨਾ ਸ਼ੁਰੂ ਕੀਤਾ। ‘ਠੂਠਾ ਨਾਲ ਤਕਦੀਰ ਦੇ ਭੱਜ ਗਿਆ।’
ਤਕਦੀਰ ਅੱਲ੍ਹਾ ਦੀ ਨੂੰ ਕੌਣ ਮੋੜੇ
ਤਕਦੀਰ ਨਾ ਕਿਸੇ ਤੋਂ ਹਟਦੀ ਵੇ।
ਮੂਸਾ ਲਗਿਆ ਪਾਰ ਫਰਾਊਨ ਉਤੋ
ਤਕਦੀਰ ਦਰਯਾ ਉਲਟਦੀ ਵੇ।
ਪੰਛੀ ਮ੍ਰਿਗ ਫਾਹੀ ਵਿਚ ਆਣ ਫਾਹੇ
ਖ਼ਬਰ ਨਹੀਂ ਤਕਦੀਰ ਦੇ ਝਟ ਦੀ ਵੇ।
ਬੜੀ ਮਿੱਠੀ ਸੁਰ ਨਾਲ ਹੀਰ ਵਿਚੋਂ ਇਹ ਬੈਂਤ ਵੈਰਾਗ ਭਰਿਆ ਸੁਣ ਕੇ ਬਹੁਤ ਸਾਰੇ ਪੰਜਾਬੀ ਵੈਰਾਗ ਵਿਚ ਆ ਗਏ।’’ ਇਹ ਹੈ ਪੰਜਾਬੀਅਤ, ਸੰਘਰਸ਼ ਤੇ ਸੁਖ਼ਨ ਦਾ ਮੇਲ, ਦਿਲਾਂ ਦਾ ਮੇਲ।
     ਅੰਡੇਮਾਨ ਜੇਲ੍ਹ ਵਿਚ ਝੱਬਰ ਨੂੰ ਮਾਸਟਰ ਚਤਰ ਸਿੰਘ (ਜਿਸ ਨੇ ਖ਼ਾਲਸਾ ਕਾਲਜ ਦੇ ਅੰਗਰੇਜ਼ ਪ੍ਰਿੰਸੀਪਲ ਦੇ ਭੁਲੇਖੇ ਇਕ ਹੋਰ ਅੰਗਰੇਜ਼ ’ਤੇ ਕਾਤਲਾਨਾ ਹਮਲਾ ਕੀਤਾ ਸੀ) ਵੀ ਮਿਲਿਆ ਤੇ 1915 ਵਿਚ ਕੈਦ ਹੋਏ ਕੈਦੀਆਂ ’ਚੋਂ ਗੁਜਰਾਤ ਜ਼ਿਲ੍ਹੇ ਦੇ ਕ੍ਰਿਪਾ ਰਾਮ ਤੇ ਹੁਸ਼ਿਆਰਪੁਰ ਦੇ ਹਿਰਦਾ ਰਾਮ ਵੀ। ਗ਼ਦਰੀ ਊਧਮ ਸਿੰਘ ਕਸੇਲ ਤੇ ਮੋਹੀ ਪਿੰਡ (ਲੁਧਿਆਣਾ) ਦੇ ਭਾਈ ਕਪੂਰ ਸਿੰਘ ਵੀ ਮਿਲੇ ਤੇ ਭਾਈ ਪਰਮਾਨੰਦ ਵੀ। ਹੋਰ ਕਈ ਆਗੂ ਵੀ ਮਿਲੇ। 1920 ਵਿਚ ਕਈ ਕੈਦੀ, ਜਿਨ੍ਹਾਂ ਵਿਚ ਕਰਤਾਰ ਸਿੰਘ ਝੱਬਰ ਵੀ ਸ਼ਾਮਲ ਸੀ, ਰਿਹਾਅ ਕਰ ਦਿੱਤੇ ਗਏ। ਕਲਕੱਤੇ ਆਏ ਤਾਂ ਰਾਤ ਦਾ ਖਾਣਾ ਕਾਂਗਰਸੀ ਆਗੂਆਂ ਮੁਹੰਮਦ ਅਲੀ ਤੇ ਸ਼ੌਕਤ ਅਲੀ ਭਰਾਵਾਂ ਦੇ ਘਰ ਹੋਇਆ ਜਿੱਥੇ ਝੱਬਰ ਜੀ ਨੇ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਸਭ ਨੂੰ ਇਕੋ ਬਰਤਨ ਵਿਚੋਂ ਭੋਜਨ ਛਕਾਇਆ।
ਇਹ ਪੰਜਾਬ ਦੀ ਸਾਂਝੀਵਾਲਤਾ ਦੀ ਇਕ ਕਹਾਣੀ ਹੈ, ਅਜਿਹੀਆਂ ਹਜ਼ਾਰਾਂ ਕਹਾਣੀਆਂ ਹਨ ; ਉਹੀ ਸਾਡੀ ਵਿਰਾਸਤ ਹਨ।
(5)
ਪੰਜਾਬੀ ਰੱਬ ਦੇ ਹੁਸਨ-ਬਾਗ਼ ਦੇ ਵਾਰਿਸ ਹਨ, ਹਰ ਖ਼ਿੱਤੇ ਵਿਚ ਅਜਿਹੀ ਗੁਲਜ਼ਾਰ ਖਿੜਦੀ ਹੈ ਅਤੇ ਉੱਥੋਂ ਦੇ ਲੋਕਾਂ ਨੇ ਉਸ ਨੂੰ ਸੰਭਾਲਣਾ ਹੁੰਦਾ ਹੈ। ਆਪਣੀ ਵਿਰਾਸਤ ਨੂੰ ਸਾਂਭਦਿਆਂ ਪੰਜਾਬੀਆਂ ਨੇ ਸੰਘਰਸ਼ ਕੀਤੇ ਤੇ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਨੇ ਮਹਾਨ ਜਿੱਤਾਂ ਪ੍ਰਾਪਤ ਕੀਤੀਆਂ ਤੇ ਉਨ੍ਹਾਂ ਤੋਂ ਕਈ ਖ਼ੁਨਾਮੀਆਂ ਵੀ ਹੋਈਆਂ (ਜਿਵੇਂ 1947 ਦੀ ਵੰਡ ਵੇਲੇ)। ਇਸ ਵਿਰਾਸਤ ਵਿਚ ਸਾਨੂੰ ਸਹਿਣਸ਼ੀਲਤਾ ਅਤੇ ਅਦਬ ਦਾ ਸਬਕ ਵੀ ਸਿਖਾਇਆ ਗਿਆ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਅਸੀ ਬੋਲਵਿਗਾੜ ਵਿਗਾੜਹ ਬੋਲ।।’’ ਭਾਵ ਅਸੀਂ ਬਦਜ਼ੁਬਾਨ ਆਪਣੇ ਵਿਚਾਰਹੀਣ ਬੋਲਾਂ ਨਾਲ ਸਾਰਾ ਕੁਝ ਖ਼ਰਾਬ ਕਰ ਲੈਂਦੇ ਹਾਂ। ਕਰੋਧ ਭਰੀ ਬੋਲ-ਬਾਣੀ ਨਾਲ ਆਪਸੀ ਪ੍ਰੀਤ ਟੁੱਟ ਜਾਂਦੀ ਹੈ, ‘‘ਟੂਟਿ ਪਰੀਤਿ ਗਈ ਬੁਰ ਬੋਲਿ।।’’ ਬੁੱਲ੍ਹੇ ਸ਼ਾਹ ਨੇ ਇਸ ਵਿਚਾਰ ਨੂੰ ਏਦਾਂ ਪ੍ਰਗਟਾਇਆ, ‘‘ਇਕ ਲਾਜ਼ਮ ਬਾਤ ਅਦਬ ਦੀ ਹੈ।।’’ ਸਾਡੀ ਵਿਰਾਸਤ ਅਦਬ ਦੀ ਵਿਰਾਸਤ ਹੈ, ਕਰੋਧ ਤੇ ਨਫ਼ਰਤ ਦੀ ਨਹੀਂ। ਆਉ, ਅਦਬ ਨਾਲ ਸੰਵਾਦਮਈ ਹੁੰਦੇ ਹੋਏ ਪੰਜ ਪਾਣੀਆਂ ਦੀ ਇਸ ਧਰਤ ’ਤੇ ਖਿੜੇ ਰੱਬ ਦੇ ਹੁਸਨ-ਬਾਗ਼ ਦੇ ਸੱਚੇ-ਸੁੱਚੇ ਵਾਰਿਸ ਬਣੀਏ।