ਧੀ ਬਾਪੂ ਦੀ ਚਮਕ  - ਗੌਰਵ ਧੀਮਾਨ

ਹਰ ਸਾਲ ਪੰਜਾਬ ਮੁੜ ਸਾਨੂੰ ਮਿਲਣ ਲਈ ਬਾਪੂ ਜੀ ਆ ਜਾਇਆ ਕਰਦੇ ਸੀ। ਮੈ ਉਸ ਵਕ਼ਤ ਪੰਦਰਾਂ ਸਾਲਾਂ ਦੀ ਸੀ। ਮੇਰੀ ਛੋਟੀ ਭੈਣ ਰਾਵੀ ਮੈਤੋਂ ਇੱਕ ਸਾਲ ਹੀ ਛੋਟੀ ਸੀ। ਅਸੀ ਦੋਵੇਂ ਇੱਕਠੇ ਹੀ ਰਹਿੰਦੀਆਂ ਸੀ। ਦੋਵਾਂ ਨੇ ਇੱਕੋ ਰੰਗ ਦੇ ਸੁੱਟ ਪਾਉਣੇ ਤੇ ਇੱਕੋ ਤਰ੍ਹਾਂ ਦੀ ਗੁੱਤ ਕਰਨੀ। ਪਿੰਡ ਦੇ ਲੋਕ ਵੇਖ ਮੱਚ ਉੱਠਦੇ ਸੀ। ਮੈ ਤੇ ਰਾਵੀ ਦੋਵੇਂ ਗੁਰੂਦੁਆਰਾ ਜਾਇਆ ਕਰਦੀ ਸੀ। ਮੇਰੇ ਬਾਪੂ ਜੀ ਦੀ ਪਿੰਡ ਵਿੱਚ ਬਹੁਤ ਇੱਜਤ ਸੀ। ਉਹ ਘੱਟ ਉਮਰ ਵਿੱਚ ਹੀ ਬਾਹਰ ਇਟਲੀ ਚਲੇ ਗਏ ਸੀ। ਹੌਲੀ ਹੌਲੀ ਵਕ਼ਤ ਬਦਲਿਆ ਤੇ ਉਹਨਾਂ ਨੇ ਸਬ ਖੁਸ਼ੀਆਂ ਦਿੱਤੀਆ ਜੋ ਸਾਨੂੰ ਸ਼ੁਰੂ ਤੋਂ ਹੀ ਮਿਲਦੀਆਂ ਆ ਰਹੀਆਂ ਸੀ। ਮੈ ਨਹੀ ਜਾਣਦੀ ਬਾਹਰ ਦੀ ਦੁਨੀਆ ਬਾਰੇ ਤੇ ਨਾ ਮੈ ਜਾਣਨਾ ਚਾਉਂਦੀ ਹਾਂ। ਮੈ ਰੱਬ ਤੇ ਮਾਂ ਬਾਪ ਦੇ ਨਾਮ ਤੋਂ ਸਿਵਾ ਕਿਸੇ ਨੂੰ ਨਹੀਂ ਚੁਣਿਆ। ਬਾਪੂ ਜੀ ਅੱਜ ਵੀ ਉਵੇਂ ਹੀ ਪਿਆਰ ਕਰਦੇ ਹਨ ਜਿਵੇਂ ਬਚਪਨ ਵਿੱਚ ਕਰਦੇ ਹੁੰਦੇ ਸੀ।
         ਮੈ ਇੱਕ ਇਨਸਾਨ ਨੂੰ ਸਹੀ ਸਮਝਦੀ ਹਾਂ ਉਹ ਮੇਰੇ ਬਾਪੂ ਜੀ ਹਨ। ਉਹਨਾਂ ਨੇ ਮੈਨੂੰ ਸਿਖਾਇਆ ਜਿੰਦਗੀ ਦਾ ਇੱਕ ਫ਼ੈਸਲਾ ਤੁਹਾਡੀ ਕਿਸਮਤ ਬਦਲ ਸਕਦਾ ਹੈ ਤੇ ਮੈ ਇੱਕ ਫ਼ੈਸਲੇ ਨੂੰ ਵਾਰ ਵਾਰ ਬਦਲਿਆ। ਜਦੋਂ ਮੇਰਾ ਰਿਸ਼ਤਾ ਬਾਹਰੋਂ ਆਉਣਾ ਮੈ ਨਾ ਪਸੰਦ ਕਰ ਮੋੜ ਦੇਣਾ। ਮੈ ਬਹੁਤ ਸਾਰੇ ਰਿਸ਼ਤੇ ਨਾ ਪਸੰਦ ਕੀਤੇ। ਮੇਰੇ ਬਾਪੂ ਜੀ ਵੀ ਮੇਰਾ ਪੂਰਾ ਸਾਥ ਦਿੰਦੇ ਸੀ। ਇੱਕ ਵਾਰੀ ਮੇਰੀ ਛੋਟੀ ਭੈਣ ਰਾਵੀ ਬੀਮਾਰ ਹੋ ਗਈ। ਉਸਦੀ ਹਾਲਤ ਬਹੁਤ ਜਿਆਦਾ ਖਰਾਬ ਹੋ ਗਈ ਤੇ ਉਸਨੂੰ ਹਸਪਤਾਲ਼ ਵੀ ਲਿਜਾਇਆ ਗਿਆ। ਉਹ ਇੱਕਦਮ ਬੀਮਾਰ ਹੋ ਗਈ ਸੀ।
           ਰਾਵੀ ਦੀ ਉਮਰ ਉਸ ਵਕ਼ਤ ਅਠਾਰਾਂ ਦੇ ਕਰੀਬ ਸੀ। ਮੈ ਉਸ ਵਕ਼ਤ ਬਹੁਤ ਪਰੇਸ਼ਾਨ ਸੀ। ਮੇਰੇ ਬਾਪੂ ਜੀ ਨੇ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਤੇ ਹਰ ਥਾਂ ਦੇ ਡਾਕਟਰ ਤੋਂ ਇਲਾਜ ਵੀ ਕਰਵਾਇਆ ਪਰ ਕਿਸੇ ਪਾਸੋਂ ਕੋਈ ਜਵਾਬ ਨਾ ਮਿਲਿਆ। ਉਸਨੂੰ ਅਸੀ ਘਰ ਲੈ ਆਏ। ਮੈ ਉਸਦੀ ਜਿੰਦਗੀ ਨੂੰ ਮਹਿਸੂਸ ਕਰ ਸਕਦੀ ਸੀ। ਮੈ ਉਸਦਾ ਰੋਜ਼ ਖਿਆਲ ਰੱਖਣਾ ਤੇ ਇੱਕ ਮਿੰਟ ਵੀ ਇੱਧਰ ਉਧਰ ਨਾ ਹੋਣਾ। ਮੈ ਕਈ ਰਾਤਾਂ ਜਾਗ ਕੱਟੀਆਂ ਪਰ ਮੇਰੀ ਰੱਬ ਨੇ ਕਿੱਥੇ ਸੁਣੀ। ਰੱਬ ਜੀ ਤੋਂ ਸਿਰਫ਼ ਇੱਕ ਚੀਜ਼ ਮੰਗੀ ਸੀ ਉਹ ਮੇਰੀ ਭੈਣ ਦੀ ਜਾਨ ਜੋ ਰੱਬ ਜੀ ਜਲਦੀ ਲੈ ਗਏ। ਮੈ ਉਸ ਵਕ਼ਤ ਭੱਜੀ ਭੱਜੀ ਚਾਚਾ ਜੀ ਕੋਲ਼ ਗਈ ਤੇ ਡਾਕਟਰ ਨੂੰ ਬਲਾਉਣ ਲਈ ਕਿਹਾ। ਚਾਚਾ ਜੀ ਜਾਣ ਚੁੱਕੇ ਸੀ ਤੇ ਮੈਨੂੰ ਆਖਿਆ ਤੂੰ ਪੁੱਤ ਘਰ ਪਹੁੰਚ ਮੈ ਡਾਕਟਰ ਲੈ ਕੇ ਆਉਣਾ।
         ਜਦੋਂ ਮੈ ਘਰ ਪਹੁੰਚੀ ਤਾਂ ਮੇਰੀ ਭੈਣ ਮੈਤੋਂ ਦੂਰੀ ਬਣਾ ਚੁੱਕੀ ਸੀ। ਮੇਰੀ ਰੂਹ ਕੰਬ ਉੱਠੀ ਸੀ ਤੇ ਮੈ ਕੁਝ ਦੇਰ ਇੱਕ ਥਾਈਂ ਖੜ੍ਹੀ ਰਹੀ। ਜਦੋਂ ਰਾਵੀ ਨੇੜ੍ਹੇ ਸਬ ਇੱਕਠੇ ਹੋਏ ਤਾਂ ਮੈ ਉਸ ਕੋਲ਼ ਗਈ। ਮੈ ਉਸਦੇ ਕੋਲ਼ ਫੁੱਟ ਫੁੱਟ ਰੋਈ। ਮੈ ਰੱਬ ਜੀ ਨੂੰ ਆਖਿਆ ਮੇਰੀ ਜਿੰਦਗੀ ਰਾਵੀ ਨੂੰ ਦਿੰਦਾ ਤੇ ਮੈਨੂੰ ਲੈ ਜਾਂਦਾ। ਮੈ ਰੋਈ ਜਾਂਦੀ ਸੀ ਤੇ ਮੈਨੂੰ ਚੁੱਪ ਕਰਾਉਣ ਵਾਲੇ ਵੀ ਰੋਈ ਜਾਂਦੇ ਸੀ। ਅੱਜ ਤੱਕ ਮੇਰੀ ਭੈਣ ਨੇ ਮੇਰੇ ਅੱਖਾਂ ਵਿੱਚੋਂ ਹੰਝੂ ਨਹੀਂ ਦੇਖੇ ਸੀ। ਉਹ ਦਿਨ ਮੈਨੂੰ ਚੰਗੀ ਤਰ੍ਹਾਂ ਯਾਦ ਜਿਸ ਦਿਨ ਮੇਰੀ ਰੂਹ ਦੀ ਇੱਕ ਤਾਰ ਟੁੱਟ ਗਈ ਸੀ। ਮੈ ਉਸ ਵਕ਼ਤ ਬਹੁਤ ਇਕੱਲੀ ਹੋ ਗਈ ਸੀ।
          ਵਕ਼ਤ ਨੇ ਰੰਗ ਪਾਉਣਾ ਸ਼ੁਰੂ ਕਰ ਦਿੱਤਾ। ਮੇਰੀ ਜਿੰਦਗੀ ਨੂੰ ਹੋਰ ਵਧੇਰੇ ਦੁੱਖ ਦਿੱਤਾ। ਮੇਰੇ ਬਾਪੂ ਜੀ ਕੁਝ ਚਿਰ ਹੀ ਘਰ ਰਹੇ ਫਿਰ ਉਹ ਵਾਪਿਸ ਇਟਲੀ ਚਲੇ ਗਏ। ਉਹਨਾਂ ਨੇ ਇਹ ਨਹੀਂ ਸੋਚਿਆ ਮੇਰੀ ਧੀ ਜਵਾਨ ਹੈ ਤੇ ਉਹ ਕੱਲੀ ਘਰ ਕੀ ਕਰੇਗੀ। ਮੇਰੇ ਬਾਪੂ ਜੀ ਨੇ ਫ਼ੈਸਲਾ ਕਰ ਲਿਆ ਸੀ ਤੇ ਉਹ ਮੈਨੂੰ ਛੱਡ ਕੇ ਜਾਣਾ ਸਹੀ ਨਹੀਂ ਸਮਝਦੇ ਸੀ ਪਰ ਉੱਥੇ ਉਹ ਕੰਮ ਛੱਡ ਕੇ ਆਏ ਸੀ। ਉਹਨਾਂ ਨੂੰ ਜਲਦੀ ਸੀ ਜਿਸ ਕਰਕੇ ਉਹ ਮੇਰੇ ਕੋਲ਼ ਨਾ ਰੁੱਕੇ। ਮੈ ਆਪਣੀ ਮਾਂ ਨਾਲ ਇਕੱਲੀ ਹੋ ਗਈ।
          ਮੇਰੇ ਮਾਤਾ ਜੀ ਮੈਨੂੰ ਬਹੁਤ ਪਿਆਰ ਕਰਦੇ ਹਨ। ਰੱਬ ਜਾਣਦਾ ਹੈ ਮੇਰੇ ਤੇ ਮਾਂ ਦਾ ਰਿਸ਼ਤਾ ਕੀ ਹੈ। ਇੱਕ ਮਾਂ ਹੀ ਹੈ ਜੋ ਆਪਣੇ ਪੁੱਤ ਨੂੰ ਪਾਲਦੀ ਹੈ। ਮੈ ਹਮੇਸ਼ਾ ਮਾਂ ਨੂੰ ਪਿਆਰ ਕੀਤਾ ਤੇ ਉਹਨਾਂ ਹੀ ਬਾਪੂ ਜੀ ਨੂੰ..ਮੇਰੇ ਕਰਕੇ ਉਹਨਾਂ ਦੀ ਇੱਜਤ ਨਾ ਖਰਾਬ ਹੋ ਤਾਂ ਕਰਕੇ ਮੈ ਪੜ੍ਹਾਈ ਵੀ ਅਧੂਰੀ ਹੀ ਕੀਤੀ। ਮੈ ਬਾਰਾਂ ਪੜ੍ਹੀ ਹਾਂ ਤੇ ਉਹ ਜਿਹੜੀ ਥਾਂ ਸੀ ਉਹ ਕੁੜੀਆ ਵਾਲੀ ਸੀ ਜਿੱਥੇ ਮੇਰਾ ਕਿਸੇ ਮੁੰਡੇ ਨਾਲ ਮੇਲ ਨਹੀਂ ਸੀ। ਮੈ ਖੁਸ਼ ਸੀ ਉਸ ਵਕ਼ਤ ਜਦੋਂ ਪੜ੍ਹਦੀ ਹੁੰਦੀ ਸੀ। ਮੈਨੂੰ ਚਿੱਤਰਕਾਰੀ ਤੇ ਲਿੱਖਣ ਦਾ ਵੀ ਬਹੁਤ  ਸ਼ੌਕ ਸੀ। ਮੈ ਆਪਣੇ ਆਪ ਵਿੱਚ ਮਗਨ ਰਹਿੰਦੀ ਸੀ। ਮੇਰਾ ਰੱਬ ਜਦੋਂ ਮੇਰੇ ਨਾਲ ਹੁੰਦਾ ਉਸ ਵਕ਼ਤ ਮੈ ਖੂਬ ਖਿੱਲ ਉੱਠਦੀ ਸੀ। ਮੈ ਆਪਣੇ ਵਕਤ ਨੂੰ ਸਮਝਦੀ ਸੀ।
          ਹੌਲੀ ਹੌਲੀ ਦਿਨ ਬੀਤਦੇ ਗਏ ਤੇ ਮੈ ਦਿਨਾਂ ਨੂੰ ਬਦਲ ਕੇ ਰੱਬ ਨਾਲ ਹੋਰ ਗੂੜ੍ਹੀ ਜੁੜਦੀ ਗਈ। ਮੈ ਹਰ ਐਤਵਾਰ ਰੱਬ ਘਰ ਜਾਂਦੀ ਸੀ। ਜੋ ਬਾਕੀ ਦਿਨ ਹੁੰਦੇ ਸੀ ਉਹ ਦਿਨ ਮੈ ਘਰ ਰਹਿ ਕੇ ਪਾਠ ਕਰਦੀ ਸੀ। ਮੇਰਾ ਮਨ ਬਿਲਕੁੱਲ ਸ਼ਾਂਤ ਰਹਿੰਦਾ ਸੀ। ਮੈ ਆਪਣੇ ਬਾਪੂ ਦੀ ਪੱਗ ਕਦੇ ਨਾ ਰੋਲਣੀ ਚਾਹੀ। ਮੈ ਭਾਵੇਂ ਉਹਨਾਂ ਨਜਰਾਂ ਤੋਂ ਦੂਰ ਹਾਂ ਪਰ ਹਾਂ ਉਹਨਾਂ ਦੀ ਅੱਖ ਦਾ ਤਾਰਾ। ਉਹ ਮੈਨੂੰ  ਬਹੁਤ ਪਿਆਰ ਕਰਦੇ ਹਨ ਤੇ ਮੇਰੀ ਖੁਸ਼ੀ ਨੂੰ ਵਧੇਰੇ ਸਮਝਦੇ ਹਨ। ਅੱਜ ਵੀ ਮੈਨੂੰ ਉਹ ਰਿਸ਼ਤੇ ਆਉਂਦੇ ਹਨ ਜੋ ਮੈਨੂੰ ਘੱਟ ਉਮਰੇ ਵੀ ਆਉਂਦੇ ਰਹੇ। ਮੇਰਾ ਜਵਾਬ ਅੱਜ ਵੀ ਨਾ ਵਿੱਚ ਹੀ ਹੈ। ਮੇਰਾ ਮਨ ਬਿਲਕੁੱਲ ਨਹੀਂ ਹੈ ਕਿ ਮੈ ਕਿਸੇ ਸੰਗ ਲੱਗ ਕੇ ਜਿੰਦਗੀ ਪੂਰੀ ਕਰਾਂ। ਮੇਰੀ ਮਾਂ ਮੇਰਾ ਰੱਬ ਮੇਰੇ ਬਾਪੂ ਜੀ ਮੇਰਾ ਸਬ ਨੇ ਤੇ ਮੈ ਉਹਨਾਂ ਨੂੰ ਛੱਡਣਾ ਨਹੀਂ ਚਾਉਂਦੀ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016