ਸਰ ਸਯਦ ਅਹਿਮਦ ਖਾਂ ਦੀ ਚੇਤਨਾ ਅਤੇ ਪੰਜਾਬ - ਕਰਾਂਤੀ ਪਾਲ

17 ਅਕਤੂਬਰ, 1817 ਨੂੰ ਸਰ ਸਯਦ ਅਹਿਮਦ ਖਾਂ ਦਾ ਜਨਮ ਦਿੱਲੀ ਵਿਚ ਹੋਇਆ। 1857 ਦੀ ਤ੍ਰਾਸਦੀ ਵਿਚੋਂ ਉਭਰਨ ਲਈ ਉਨ੍ਹਾਂ ਆਪਣਾ ਪੂਰਾ ਜੀਵਨ ਸਮਾਜ ਅਤੇ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ, ਖ਼ਾਸ ਕਰ ਕੇ ਭਾਰਤੀ ਮੁਸਲਮਾਨ ਸਮਾਜ ਨੂੰ ਜੋ ਸਿੱਖਿਆ ਦੇ ਖੇਤਰ ਵਿਚ ਸਭ ਤੋਂ ਪਿਛੜੇ ਹੋਏ ਸਨ ਅਤੇ ਆਧੁਨਿਕ ਸਿੱਖਿਆ ਨੂੰ ਇਸਲਾਮ ਵਿਰੋਧੀ ਮੰਨਦੇ ਸਨ। ਉਨ੍ਹਾਂ ਲਈ ਸਿੱਖਿਆ ਦੇ ਖੇਤਰ ਵਿਚ ਚੇਤਨਾ ਲਗਾਈ। 19ਵੀਂ ਸਦੀ ਦਾ ਭਾਰਤ ਸਿਆਸੀ ਅਤੇ ਸਮਾਜੀ ਪੱਖ ਵਿਚ ਗੁਜ਼ਰ ਰਿਹਾ ਸੀ। ਦੋਹਾਂ ਪੱਖਾਂ ਤੋਂ ਕੁਝ ਨਾ ਕੁਝ ਹੋ ਰਿਹਾ ਸੀ। ਅੰਗਰੇਜ਼ ਵੀ ਇਹੀ ਚਾਹੁੰਦੇ ਸਨ ਕਿ ਮੁਸਲਮਾਨ ਸਿੱਖਿਆ ਅਤੇ ਸੰਸਕ੍ਰਿਤੀ ਦੇ ਪੱਖ ਤੋਂ ਪਿਛੜੇ ਰਹਿਣ। ਇਸੇ ਕਰ ਕੇ 1883 ਵਿਚ ਅੰਗਰੇਜ਼ਾਂ ਨੇ ਫ਼ਾਰਸੀ ਦੀ ਥਾਂ ਅੰਗਰੇਜ਼ੀ ਨੂੰ ਅਦਾਲਤ ਦੀ ਭਾਸ਼ਾ ਬਣਾ ਦਿੱਤਾ।
      ਸਰ ਸਯਦ ਅਹਿਮਦ ਖਾਂ ਨੇ ਮੁਸਲਮਾਨਾਂ ਲਈ ਦੋ ਕੰਮ ਜ਼ਿੰਮੇਵਾਰੀ ਨਾਲ ਕੀਤੇ, ਇਕ ਤਾਂ ਉਨ੍ਹਾਂ ਨੇ ਅੰਗਰੇਜ਼ਾਂ ਅਤੇ ਮੁਸਲਮਾਨਾਂ ਦੇ ਵਿਚਕਾਰ ਜਿਹੜੀਆਂ ਦੂਰੀਆਂ ਪਈਆਂ ਹੋਈਆਂ ਸਨ, ਉਨ੍ਹਾਂ ਨੂੰ ਸੁਧਾਰਿਆ ਅਤੇ ਦੂਜਾ ਆਧੁਨਿਕ ਸਿੱਖਿਆ ਦਾ ਪ੍ਰਚਾਰ ਕੀਤਾ ਤਾਂ ਕਿ ਮੁਸਲਮਾਨਾਂ ਦਾ ਪਿਛੜਾਪਣ ਦੂਰ ਹੋ ਜਾਵੇ। ਸਰ ਸਯਦ ਨੇ ਜਦੋਂ 'ਆਇਨ-ਏ-ਗ਼ਾਲਿਬ' ਤੋਂ ਲਿਖਵਾਇਆ, ਤਾਂ ਗ਼ਾਲਿਬ ਨੇ ਲਿਖਿਆ, ''ਤੁਸੀਂ ਆਪਣਾ ਸਮਾਂ ਬਰਬਾਦ ਕੀਤਾ ਹੈ। ਆਇਨ ਨੂੰ ਇਕ ਪਾਸੇ ਰੱਖ ਕੇ ਮੇਰੇ ਨਾਲ ਗੱਲਬਾਤ ਕਰੋ, ਅੰਗਰੇਜ਼ਾਂ ਦੇ ਤੌਰ ਤਰੀਕਿਆਂ ਨੂੰ ਸਮਝੋ ਅਤੇ ਉਨ੍ਹਾਂ ਦੇ ਇਲਮ/ਅਦਬ ਨੂੰ ਜਾਣੋ।" ਗ਼ਾਲਿਬ ਦੀ ਇਹ ਗੱਲ ਸਰ ਸਯਦ ਦੇ ਦਿਲ ਨੂੰ ਲੱਗ ਗਈ। 1869 ਵਿਚ ਜਦੋਂ ਗ਼ਾਲਿਬ ਦਾ ਦੇਹਾਂਤ ਹੋ ਗਿਆ ਤਾਂ ਸਰ ਸਯਦ ਲੰਡਨ ਚਲਾ ਗਿਆ ਜਿੱਥੇ ਉਨ੍ਹਾਂ ਦੀ ਸਿੱਖਿਆ ਪ੍ਰਣਾਲੀ ਦਾ ਡੂੰਘਾ ਅਧਿਐਨ ਕੀਤਾ। 1870 'ਚ ਉੱਥੋਂ ਵਾਪਿਸ ਆ ਗਏ।
      ਪੱਛਮੀ ਸਿੱਖਿਆ ਪ੍ਰਣਾਲੀ ਲਈ ਸਭ ਤੋਂ ਵੱਡੀ ਰੁਕਾਵਟ ਮੁਸਲਮਾਨਾਂ ਦਾ ਸਮਾਜਿਕ ਅੰਧ-ਵਿਸ਼ਵਾਸ ਅਤੇ ਅੰਗਰੇਜ਼ੀ ਸਿੱਖਿਆ ਲਈ ਨਫ਼ਰਤ ਸੀ। ਮੁਸਲਮਾਨ ਅੰਗਰੇਜ਼ੀ ਸਿੱਖਿਆ ਨੂੰ ਈਸਾਈ ਬਣਾਉਣ ਦਾ ਜ਼ਰੀਆ ਸਮਝਦੇ ਸਨ। ਮੁਸਲਮਾਨਾਂ ਦੀ ਸਿੱਖਿਆ ਬਾਰੇ ਸੋਚ ਨੂੰ ਲੈ ਕੇ ਲੇਖ ਲਿਖਵਾਏ ਗਏ। ਸਭ ਤੋਂ ਵਧੀਆ ਲੇਖ ਲਈ ਇਨਾਮ ਦਾ ਐਲਾਨ ਵੀ ਕੀਤਾ ਗਿਆ। ਮੁਕਾਬਲੇ ਲਈ ਕੁੱਲ 32 ਲੇਖ ਪਹੁੰਚੇ। ਪਹਿਲਾ ਇਨਾਮ ਬਨਾਰਸ ਕਾਲਜ ਦੇ ਐੱਮਏ ਦੇ ਵਿਦਿਆਰਥੀ ਸਯਦ ਅਸ਼ਰਫ ਅਲੀ ਨੂੰ ਮਿਲਿਆ। ਇਨ੍ਹਾਂ ਲੇਖਾਂ ਦੇ ਆਧਾਰ 'ਤੇ ਸਰ ਸਯਦ ਨੇ ਵਿਸ਼ਲੇਸ਼ਣਾਤਮਕ ਰਿਪੋਰਟ ਤਿਆਰ ਕੀਤੀ। ਇਸ ਰਿਪੋਰਟ ਨੂੰ 'ਸੈਂਟਰਲ ਗਵਰਨਮੈਂਟ' ਅਤੇ 'ਸਟੇਟ ਗਵਰਨਮੈਂਟ' ਕੋਲ ਭੇਜ ਦਿੱਤਾ। ਫਿਰ 9 ਅਗਸਤ, 1872 ਵਿਚ 'ਸੈਕੈਟਰੀ ਆਫ਼ ਸਟੇਟ ਫ਼ਾਰ ਇੰਡੀਆ' ਨੇ ਯੋਜਨਾ ਦੀ ਤਾਰੀਫ਼ ਕਰਦਿਆਂ ਸਰਕਾਰ ਵੱਲੋਂ ਸਹਿਯੋਗ ਦੇਣ ਦਾ ਵਾਅਦਾ ਕੀਤਾ।
       ਇਸ ਤੋਂ ਬਾਅਦ ਕਾਲਜ ਬਣਾਉਣ ਲਈ ਕਮੇਟੀ ਤਿਆਰ ਕੀਤੀ ਗਈ ਜਿਸ ਦਾ ਮਕਸਦ ਚੰਦਾ ਇਕੱਠਾ ਕਰਨਾ ਸੀ, ਜਿਸ ਦੇ ਸਰ ਸਯਦ ਆਜੀਵਨ ਮੈਂਬਰ ਚੁਣੇ ਗਏ। 1872 ਵਿਚ ਅਪੀਲ ਜਾਰੀ ਕੀਤੀ ਗਈ ਕਿ ਕਾਲਜ ਕਿੱਥੇ ਹੋਵੇਗਾ। ਕਮੇਟੀ ਦੇ ਮੈਂਬਰਾਂ ਦਾ ਬਹੁਮੱਤ ਇਸ ਗੱਲ 'ਤੇ ਆ ਕੇ ਟਿਕ ਗਿਆ ਕਿ ਕਾਲਜ ਅਲੀਗੜ੍ਹ ਵਿਚ ਹੋਵੇਗਾ। ਇਸ ਕਮੇਟੀ ਨੇ ਕਿਹਾ ਕਿ ਅਲੀਗੜ੍ਹ ਵਾਤਾਵਰਨ ਅਤੇ ਸਿਹਤ ਦੀ ਦ੍ਰਿਸ਼ਟੀ ਤੋਂ ਵਧੀਆ ਹੈ। 74 ਏਕੜ ਫ਼ੌਜੀ ਛਾਉਣੀ ਦੀ ਜਗ੍ਹਾ ਵੀ ਪਈ ਹੈ। ਰੇਲਵੇ ਦੇ ਨਾਲ ਨਾਲ ਜੀਟੀ ਰੋਡ ਵੀ ਮੁੱਖ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। ਫਰਵਰੀ 1873 ਵਿਚ ਸਰ ਸਯਦ ਦੇ ਪੁੱਤ ਜਸਟਿਸ ਸਯਦ ਮਹਿਮੂਦ ਨੇ ਸੰਸਥਾ ਦੇ ਢਾਂਚੇ ਬਾਰੇ ਗੱਲਬਾਤ ਕਰਦਿਆਂ ਕਿਹਾ : ਅਸੀਂ ਇਕ ਕਾਲਜ ਨਹੀਂ ਸਗੋਂ ਯੂਨੀਵਰਸਿਟੀ ਦੀ ਸਥਾਪਨਾ ਕਰਾਂਗੇ। ਇਸ ਵਿਚ ਬ੍ਰਿਟਿਸ਼ ਸਰਕਾਰ ਦਾ ਕੋਈ ਦਖ਼ਲ ਨਹੀਂ ਹੋਵੇਗਾ ਅਤੇ ਮੈਰਿਟ ਦੇ ਆਧਾਰ 'ਤੇ ਵਿਦਿਆਰਥੀਆਂ ਦਾ ਦਾਖ਼ਲਾ ਹੋਵੇਗਾ।
      ਸਰ ਸਯਦ ਨੇ ਸੰਸਥਾ ਲਈ ਚੰਦਾ ਜਮ੍ਹਾ ਕਰਨ ਵਾਸਤੇ ਬਹੁਤ ਸਾਰੇ ਤਰੀਕੇ ਵਰਤੇ। ਦਾਨ ਲਿਆ, ਲਾਟਰੀ ਦੀਆਂ ਟਿਕਟਾਂ ਵੇਚੀਆਂ। 26 ਅਕਤੂਬਰ, 1877 ਨੂੰ ਤੀਹ ਹਜ਼ਾਰ ਰੁਪਏ ਦੀ ਲਾਟਰੀ ਪਾਉਣ ਦੀ ਸਹਿਮਤੀ ਪ੍ਰਾਪਤ ਕਰ ਲਈ। ਆਪਣੀ ਸਿਹਤ ਦੀ ਪ੍ਰਵਾਹ ਨਾ ਕਰਦੇ ਹੋਏ ਉਨ੍ਹਾਂ ਦੂਰ ਦੂਰ ਤੱਕ ਜਾ ਕੇ ਚੰਦਾ ਮੰਗਿਆ। ਉਸ ਨੂੰ ਸਭ ਤੋਂ ਵੱਧ ਕਾਮਯਾਬੀ ਪੰਜਾਬ ਤੋਂ ਮਿਲੀ ਜਿੱਥੇ ਪਟਿਆਲੇ ਦੇ ਰਾਜਾ ਮਹਿੰਦਰ ਸਿੰਘ ਨੇ ਦਿਲ ਖੋਲ੍ਹ ਕੇ ਮਦਦ ਕੀਤੀ। ਇਸੇ ਕਰ ਕੇ ਸਰ ਸਯਦ ਪੰਜਾਬ ਨੂੰ 'ਜਿੰਦਾਦਿਲ ਪੰਜਾਬ' ਆਖਦੇ ਸਨ। ਸਰ ਸਯਦ ਨੇ ਵੱਖ ਵੱਖ ਸਮੇਂ ਦੌਰਾਨ ਪੰਜਾਬ ਦੇ ਪੰਜ ਚੱਕਰ ਲਾਏ। ਪੰਜਾਬ ਦੇ ਦੌਰੇ ਬਾਰੇ ਉਨ੍ਹਾਂ ਦਾ ਸਫ਼ਰਨਾਮਾ ਵੀ ਉਰਦੂ ਵਿਚ ਪ੍ਰਕਾਸ਼ਿਤ ਹੋ ਚੁੱਕਾ ਹੈ।
      1884 ਵਿਚ ਜਦੋਂ ਸਰ ਸਯਦ ਅਲੀਗੜ੍ਹ ਕਾਲਜ ਲਈ ਚੰਦਾ ਇਕੱਠਾ ਕਰਨ ਇਕ ਵਾਰ ਫਿਰ ਪੰਜਾਬ ਪੁੱਜੇ ਤਾਂ ਸਾਰੇ ਧਰਮਾਂ ਦੇ ਲੋਕਾਂ ਨੇ ਉਸ ਦਾ ਸੁਆਗਤ ਕੀਤਾ। ਉਸ ਸਮੇਂ 'ਟ੍ਰਿਬਿਊਨ' ਅਖ਼ਬਾਰ (ਲਾਹੌਰ) ਨੇ ਲਿਖਿਆ : ''ਅਸੀਂ ਉਸ ਸ਼ਖ਼ਸ ਦਾ ਭਾਸ਼ਣ ਤੇ ਉਹ ਗੱਲਾਂ ਸੁਣ ਕੇ ਬਹੁਤ ਖ਼ੁਸ਼ ਹੋਏ ਹਾਂ, ਜਿਹੜੀਆਂ ਕਦੇ ਵੀ ਕਿਸੇ ਹਮਵਤਨੀ ਮੁਸਲਮਾਨ ਦੇ ਮੂੰਹੋਂ ਨਹੀਂ ਸੁਣੀਆਂ। ਜੋ ਗੱਲਾਂ ਸਯਦ ਅਹਿਮਦ ਖਾਂ ਨੇ ਆਖੀਆਂ ਹਨ, ਉਹ ਮੁਸਲਮਾਨਾਂ ਲਈ ਹੀ ਨਹੀਂ ਸਗੋਂ ਹਿੰਦੂਆਂ ਲਈ ਵੀ ਅਰਥ ਰੱਖਦੀਆਂ ਹਨ।" ਗੌਰਮਿੰਟ ਸਕੂਲ ਜਲੰਧਰ ਦੇ ਵਿਦਿਆਰਥੀਆਂ ਵੱਲੋਂ ਪੜ੍ਹੇ ਗਏ ਭਾਸ਼ਣ 'ਚ ਕਿਹਾ ਗਿਆ ਕਿ ਜਨਾਬ ਸਯਦ ਸਾਹਿਬ ਕਿਸੇ ਖ਼ਾਸ ਕੌਮ ਜਾਂ ਵਿਸ਼ੇਸ਼ ਸੰਪਰਦਾਇ ਦੇ ਮਦਦਗਾਰ ਨਹੀਂ ਹਨ।
       8 ਜਨਵਰੀ, 1877 ਨੂੰ ਵਾਇਸਰਾਏ ਹਿੰਦ ਲਾਰਡ ਲਿਟਨ ਨੇ ਮੁਹੰਮਦ ਐਂਗਲੋ ਓਰੀਐਂਟਲ (ਐੱਮਏਓ) ਕਾਲਜ ਦਾ ਨੀਂਹ ਪੱਥਰ ਰੱਖਿਆ। ਪੰਜਾਹ ਕਮਰਿਆਂ ਵਿਚੋਂ ਪੰਜ ਕਮਰੇ ਲੁਧਿਆਣਾ, ਜਲੰਧਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵੱਲੋਂ ਬਣਵਾਏ ਗਏ। 27 ਜਨਵਰੀ, 1884 ਨੂੰ ਗੁਰਦਾਸਪੁਰ ਵਿਚ ਉਨ੍ਹਾਂ ਦੇ ਸਨਮਾਨ ਲਈ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਪੰਜਾਬ ਦੀਆਂ ਔਰਤਾਂ ਨੇ ਗੁਰਦਾਸਪੁਰ ਦੇ ਜੁਡੀਸ਼ਲ ਕਮਿਸ਼ਨਰ ਸਰਦਾਰ ਮੁਹੰਮਦ ਰਿਯਾਤ ਦੀ ਪਤਨੀ ਦੀ ਅਗਵਾਈ ਹੇਠ ਕੀਤਾ ਗਿਆ ਸੀ। ਇਤਿਹਾਸ ਵਿਚ ਅਜਿਹਾ ਪਹਿਲਾ ਮੌਕਾ ਹੈ ਜਦੋਂ ਔਰਤਾਂ ਨੇ ਆਪਣੇ ਲਈ ਆਵਾਜ਼ ਉਠਾਈ ਅਤੇ ਆਪਣੀ ਗੱਲ ਸਰ ਸਯਦ ਅਹਿਮਦ ਖਾਂ ਨਾਲ ਸਾਂਝੀ ਕੀਤੀ।
       27 ਮਾਰਚ, 1898 ਨੂੰ ਜਦੋਂ ਸਰ ਸਯਦ ਦੀ ਮੌਤ ਹੋਈ ਤਾਂ ਉਸ ਸਮੇਂ ਉੱਥੇ ਕਾਲਜ ਵਿਚ 285 ਮੁਸਲਮਾਨ ਅਤੇ 64 ਹਿੰਦੂ ਵਿਦਿਆਰਥੀ ਪੜ੍ਹ ਰਹੇ ਸਨ। ਖਲੀਫ਼ਾ ਸਯਦ ਮੁਹੰਮਦ ਹਸਨ ਜਿਨ੍ਹਾਂ ਨੇ ਇਸ ਕਾਲਜ ਦੀ ਸਥਾਪਨਾ ਲਈ ਬਹੁਤ ਮਦਦ ਕੀਤੀ, ਮਹਾਰਾਜਾ ਪਟਿਆਲਾ ਦੇ ਮੁੱਖ ਮੰਤਰੀ ਸਨ। ਉਨ੍ਹਾਂ ਮਹਾਰਾਜੇ ਦੇ ਸਹਿਯੋਗ ਸਦਕਾ ਕਾਫ਼ੀ ਚੰਦਾ ਇਸ ਕਾਲਜ ਨੂੰ ਭੇਂਟ ਕਰਵਾਇਆ। ਉਨ੍ਹਾਂ ਦੇ ਨਾਂ ਉੱਤੇ ਗੇਟ ਵੀ ਬਣਾਇਆ ਹੋਇਆ ਹੈ। ਮਹਾਰਾਜਾ ਪਟਿਆਲਾ ਮਹਿੰਦਰ ਸਿੰਘ ਇਸ ਕਾਲਜ ਦੇ ਪਹਿਲੇ ਵਿਜ਼ਟਰ ਸਨ। ਇਸੇ ਤਰ੍ਹਾਂ ਬਰਕਤ ਅਲੀ ਖਾਨ (ਸ਼ਾਹਜਹਾਨਪੁਰ) ਸਨ ਜੋ ਉਹ ਸਾਰੀ ਉਮਰ ਪੰਜਾਬ ਰਹੇ, ਉਨ੍ਹਾਂ ਨੇ ਵੀ ਇਸ ਕਾਲਜ ਲਈ ਪੰਜਾਬ ਤੋਂ ਚੰਦਾ ਇਕੱਠਾ ਕਰ ਕੇ ਭੇਜਿਆ।
      ਜਦੋਂ ਕਾਲਜ ਤਿਆਰ ਹੋ ਗਿਆ ਅਤੇ ਵਿਦਿਆਰਥੀਆਂ ਨੇ ਦਾਖਲਾ ਲੈ ਲਿਆ ਤਾਂ ਉਸ ਸਮੇਂ ਪਾਣੀ ਮਸ਼ਕ ਰਾਹੀਂ ਕਾਲਜ ਵਿਚ ਵਿਦਿਆਰਥੀਆਂ ਲਈ ਆਉਂਦਾ ਸੀ। ਮਸ਼ਕ ਚਮੜੇ ਦੀ ਬਣੀ ਹੁੰਦੀ ਹੈ। ਜਦੋਂ ਇਸ ਗੱਲ ਦਾ ਪਤਾ ਸਯਦ ਖਾਂ ਨੂੰ ਲੱਗਿਆ ਤਾਂ ਉਨ੍ਹਾਂ ਪਾਣੀ ਪੀਣ ਲਈ ਉਚੇਚਾ ਖੂਹ ਪੁਟਵਾਇਆ, ਕਿਉਂਕਿ ਕਾਲਜ ਵਿਚ ਵਿਦਿਆਰਥੀ ਤਾਂ ਸਾਰੇ ਧਰਮਾਂ ਦੇ ਪੜ੍ਹਦੇ ਸਨ।

ਸੰਪਰਕ : 92165-35617

17 Oct. 2018