ਮੌਜੂਦਾ ਸਥਿਤੀ 'ਚ ਪੰਜਾਬੀਆਂ ਉਤੇ ਪ੍ਰਵਾਸ ਹੰਢਾਉਣ ਦਾ ਦਬਾਅ ਹੋਰ ਵਧੇਗਾ - ਗੁਰਮੀਤ ਸਿੰਘ ਪਲਾਹੀ

ਪੰਜਾਬ ਦੇ ਹਾਲਾਤ ਸੁਖਾਵੇਂ ਨਹੀਂ ਰਹਿਣ ਦਿੱਤੇ ਗਏ। ਇਸ ਵਾਸਤੇ ਜ਼ੁੰਮੇਵਾਰ ਕੌਣ ਹੈ, ਇਹ ਇੱਕ ਵੱਖਰਾ ਸਵਾਲ ਹੈ। ਪਰ ਇਸ ਵੇਲੇ ਪੰਜਾਬੀਆਂ ਦੇ ਮਨਾਂ ਵਿੱਚ ਸ਼ੰਕੇ, ਚਿੰਤਾ, ਫ਼ਿਕਰ, ਬੇਭਰੋਸਗੀ ਵਧ ਗਈ ਹੈ। ਸਭ ਤੋਂ ਵੱਧ ਫ਼ਿਕਰ ਉਹਨਾ ਪੰਜਾਬੀ ਮਾਪਿਆਂ ਨੂੰ ਹੈ, ਜਿਹਨਾ ਦੇ ਬੱਚੇ, ਬੱਚੀਆਂ ਜਵਾਨ ਹੋ ਗਏ ਹਨ ਜਾਂ ਹੋ ਰਹੇ ਹਨ।
     ਫ਼ਿਕਰ ਉਹਨਾ ਦਾ ਹੁਣ ਦੋਹਰਾ, ਤੇਹਰਾ ਹੈ। ਬੱਚਿਆਂ ਨੂੰ ਬੁਰੀ ਸੰਗਤ ਤੋਂ ਕਿਵੇਂ ਬਚਾਉਣਾ ਹੈ? ਬੱਚਿਆਂ ਨੂੰ ਗੈਂਗਸਟਰਾਂ ਤੋਂ ਕਿਵੇਂ ਬਚਾਉਣਾ ਹੈ? ਬੱਚਿਆਂ ਨੂੰ ਨਸ਼ਿਆਂ ਤੋਂ ਕਿਵੇਂ ਦੂਰ ਰੱਖਣਾ ਹੈ। ਇਸ ਦਾ ਇੱਕ ਹੱਲ ਉਹਨਾ ਨੂੰ ਸਾਹਮਣੇ ਦਿਸਦਾ ਹੈ, ਬੱਚਿਆਂ ਨੂੰ ਪ੍ਰਦੇਸੀਂ ਤੋਰ ਦਿਓ। ਔਝੜੇ ਰਾਹੀਂ ਪਾ ਦਿਓ। ਹਾਲਾਤ ਦੇ ਸਾਹਮਣੇ ਸਿਰ ਝੁਕਾਕੇ, ਉਹਨਾ ਨੂੰ ਪੜ੍ਹਾਈ ਦੇ ਬਹਾਨੇ, ਆਇਲਿਟਸ ਕੀਤੀਆਂ ਲੜਕੀਆਂ ਦੇ ਪੈਸੇ ਨਾਲ ਖਰੀਦੇ ਵਰ ਬਣਾਕੇ, ਰੁੱਗਾਂ ਦੇ ਰੁੱਗ ਰੁਪੱਈਏ ਏਜੰਟਾਂ ਨੂੰ ਦੇਕੇ ਅਮਰੀਕਾ ਤੇ ਹੋਰ ਮੁਲਕਾਂ ਦੀਆਂ ਸਰਹੱਦਾਂ ਟਪਾਉਣ ਲਈ ਜਾਨ ਜ਼ੋਖ਼ਮ 'ਚ ਪਾਕੇ ਬਸ ਗਲੋਂ ਲਾਹ ਦਿਓ। ਉਹਨਾ ਪਿਆਰੀਆਂ, ਦੁਲਾਰੀਆਂ ਜਾਨਾਂ ਨੂੰ ਜਿਹਨਾ ਨੂੰ ਮੱਖਣਾ, ਪੇੜਿਆਂ, ਦੁੱਧ ਮਲਾਈਆਂ ਖੁਆਕੇ ਲਾਡਾਂ ਨਾਲ ਪਾਲਿਆ, ਪੋਸਿਆ ਅਤੇ ਪ੍ਰਵਾਨ ਚੜ੍ਹਾਇਆ ਹੈ।
      ਪ੍ਰਵਾਸ ਪੰਜਾਬੀਆਂ ਲਈ ਨਵਾਂ ਨਹੀਂ ਹੈ। ਦਹਾਕਿਆਂ ਤੋਂ ਪੰਜਾਬੀ ਬਾਹਰਲੇ ਮੁਲਕਾਂ 'ਚ ਗਏ ਕਮਾਈਆਂ ਕਰਨ, ਮਲੇਸ਼ੀਆ ਤੋਂ ਲੈ ਕੇ ਬਰਤਾਨੀਆ, ਅਮਰੀਕਾ, ਕੈਨੇਡਾ ਅਤੇ ਫਿਰ ਅਸਟਰੇਲੀਆ, ਨਿਊਜ਼ੀਲੈਂਡ, ਅਰਬ ਦੇਸ਼। ਇੱਕ ਸਰਵੇ ਅਨੁਸਾਰ ਦੁਨੀਆ ਦੇ 103 ਦੇਸ਼ਾਂ 'ਚ ਪੰਜਾਬੀ ਵਸੇ ਹਨ, ਭਾਵੇਂ ਕਿਧਰੇ ਗਿਣਤੀ 'ਚ 5 ਜਾਂ 7 ਅਤੇ ਜਾਂ ਫਿਰ ਪੰਜ-ਸੱਤ ਹਜ਼ਾਰ ਅਤੇ ਜਾਂ ਫਿਰ ਹੁਣ ਗਿਣਤੀ ਲੱਖਾਂ 'ਚ ਪਹੁੰਚੀ ਹੋਈ ਹੈ। ਕੈਨੇਡਾ ਪੁੱਜਣ ਲਈ ਤਾਂ ਜਿਵੇਂ ਹੋੜ ਲੱਗੀ ਹੋਈ ਹੈ। ਅੰਦਾਜ਼ੇ ਮੁਤਾਬਕ ਡੇਢ ਲੱਖ ਵਿਦਿਆਰਥੀ ਪਿਛਲੇ ਕੁਝ ਸਾਲਾਂ ਤੋਂ ਹਰ ਸਾਲ ਅਤੇ ਪੱਕੇ ਤੌਰ 'ਤੇ ਮਾਪੇ ਅਤੇ ਹੋਰ ਸਪਾਂਸਰ ਅੱਲਗ।
      ਨੌਜਵਾਨ, ਅੱਧਖੜ, ਬਜ਼ੁਰਗ, ਬੱਚੇ, ਬੱਚੀਆਂ ਝੋਲੇ ਚੁੱਕ ਪਾਸਪੋਰਟ ਬਣਵਾ ਬਸ ਤੁਰੇ ਹੀ ਜਾ ਰਹੇ ਹਨ। ਕੋਈ ਹੱਦ ਬੰਨਾ ਹੀ ਨਹੀਂ। ਪਾਸਪੋਰਟ ਦਫ਼ਤਰ ਭਰੇ ਪਏ ਹਨ। ਏਜੰਟਾਂ ਦੇ ਦਫ਼ਤਰਾਂ 'ਚ ਵਾਰ ਫੇਰ ਹੀ ਕੋਈ ਨਹੀਂ। ਆਇਲਿਟਸ ਸੈਂਟਰ ਤੁੰਨੇ ਪਏ ਹਨ। ਅਬੈਂਸੀਆਂ 'ਚ ਬਹੁਤੇ ਪੰਜਾਬੀ ਦਿਸਦੇ ਹਨ ਅਤੇ ਜਹਾਜ਼ਾਂ 'ਚ ਪੰਜਾਬੀਆਂ ਦੀ ਭਰਮਾਰ ਅਚੰਭਾ ਨਹੀਂ ਜਾਪਦੀ। ਕਿਸੇ ਵੀ ਬਾਹਰਵੀਂ ਪੜ੍ਹੇ ਨੂੰ ਪੁੱਛ ਲਓ, ਕੀ ਕਰਦੇ ਹੋ, ਅੱਗੋਂ ਜਵਾਬ ਮਿਲਦਾ ਆਇਲਿਟਸ। ਕਿਸੇ ਥੋੜੇ ਵਧ ਉਮਰ ਵਾਲੇ ਨੂੰ ਪੁਛ ਲਓ ਕੀ ਪ੍ਰੋਗਰਾਮ ਹੈ ਤਾਂ ਜਵਾਬ ਮਿਲਦਾ ਹੈ ਬਸ ਲੱਭ ਰਹੇ ਆਂ ਕੋਈ ਏਜੰਟ, ਜੋ ਬੇੜਾ ਬੰਨ ਲਾ ਦਏ। ਕੋਈ ਵਿਰਲਾ ਟਾਵਾਂ ਲੜਕਾ, ਲੜਕੀ ਮਿਲਦਾ ਹੈ ਜਿਹੜਾ ਬੈਂਕ ਦੀ ਮੁਕਾਬਲਾ ਪ੍ਰੀਖਿਆ ਦੀ ਤਿਆਰੀ ਕਰਦਾ ਹੋਵੇ, ਆਈ.ਏ.ਐਸ., ਪੀ.ਸੀ.ਐਸ., ਆਈ.ਪੀ.ਐਸ. ਆਦਿ ਮੁਕਾਬਲੇ ਦੇ ਇਮਤਿਹਾਨ 'ਚ ਬੈਠਣ ਦੀ ਸੋਚ ਰੱਖਦਾ ਹੋਵੇ।
       ਮਜ਼ਬੂਰੀ ਬੱਸ ਬਚੇ-ਖੁਚੇ ਪਲੱਸ ਟੂ ਪਾਸ ਨੌਜਵਾਨ ਯੁਵਕ-ਯੁਵਤੀਆਂ ਆਰਟਸ ਕਾਲਜ, ਪ੍ਰੋਫੈਸ਼ਨਲ ਕਾਲਜ 'ਚ ਦਾਖ਼ਲਾ ਲੈਂਦੇ ਹਨ। ਕੋਰਸ ਪਾਸ ਕਰਦੇ ਹਨ ਅਤੇ ਮਨ 'ਚ ਇਹ ਧਾਰੀ ਬੈਠੇ ਹੁੰਦੇ ਹਨ ਕਿ ਨੌਕਰੀ ਤਾਂ ਮਿਲਣੀ ਨਹੀਂ ਡਿਗਰੀਆਂ ਦਾ ਆਖ਼ਰ ਫਾਇਦਾ ਕੀ? ਬੇਰੁਜ਼ਗਾਰੀ ਨੇ ਪੰਜਾਬੀਆਂ ਦੀ ਮੱਤ ਹੀ ਮਾਰ ਦਿੱਤੀ ਹੋਈ ਹੈ। ਦੇਸ਼ 'ਚ ਸਭ ਤੋਂ ਵੱਧ ਬੁਰੇਜ਼ਗਾਰੀ ਦਰ ਵਾਲੇ ਸੂਬਿਆਂ 'ਚੋਂ ਪੰਜਾਬ ਇੱਕ ਹੈ।
       ਇਹ ਜਾਣਦਿਆਂ ਹੋਇਆ ਵੀ ਕਿ ਵਿਦੇਸ਼ ਜਾਕੇ ਨੌਜਵਾਨਾਂ ਨੇ ਸਿਰਫ਼ ਨਾਮ ਦੀ ਪੜ੍ਹਾਈ ਕਰਨੀ ਹੈ। ਫਿਰ ਟਰੱਕ ਚਲਾਉਣਾ ਹੈ, ਰੈਸਟੋਰੈਂਟਾਂ 'ਚ ਕੰਮ ਕਰਨਾ ਹੈ, ਲੇਬਰ ਵਾਲੇ ਹੋਰ ਕੰਮ ਕਰਨੇ ਹਨ। ਪਰਮਾਨੈਂਟ ਰੈਜੀਡੈਂਟ ਬਨਣ ਲਈ ਇਹ ਸਭ ਸ਼ਰਤਾਂ ਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ। ਪੀ.ਆਰ. ਤੋਂ ਬਾਅਦ ਲੇਬਰ ਹੀ ਕਰਨੀ ਹੈ। ਪਰ ਤਸੱਲੀ ਉਹਨਾ ਨੂੰ ਇਸ ਗੱਲ ਦੀ ਰਹਿੰਦੀ ਹੈ ਕਿ ਉਹਨਾ ਨੂੰ ਮਜ਼ਦੂਰੀ ਤਾਂ ਇੱਜ਼ਤਦਾਰ ਮਿਲੇਗੀ, ਇਥੋਂ ਵਾਂਗਰ ਨਹੀਂ ਕਿ ਲੈਕਚਰਾਰ, ਅਧਿਆਪਕ, ਐਮਬੀਏ ਪ੍ਰਬੰਧਕ ਨੂੰ 10,000 ਰੁਪਏ ਮਹੀਨਾ ਹੱਥ ਆਉਣਾ ਹੈ, ਜਿਸ ਨਾਲ ਇਕੱਲਾ ਬੰਦਾ ਦੋ ਡੰਗ ਦੀ ਰੋਟੀ ਵੀ ਮਸਾਂ ਤੋਰਦਾ ਹੈ। ਮਾਪਿਆਂ ਪੱਲੇ ਕੀ ਪਏਗਾ? ਪੜ੍ਹਾਈ ਲਈ ਲਿਆ ਕਰਜ਼ਾ ਕਿਵੇਂ ਉਤਾਰੇਗਾ? ਆਪਣਾ ਅਗਲਾ ਗ੍ਰਹਿਸਥ ਜੀਵਨ ਕਿਵੇਂ ਗੁਜ਼ਾਰੇਗਾ?
       ਪ੍ਰਵਾਸ ਪ੍ਰਵਿਰਤੀ ਦੁਨੀਆ ਭਰ 'ਚ ਹੈ। ਲੋਕ ਚੰਗੇ ਰੁਜ਼ਗਾਰ, ਵਿਆਹ-ਸ਼ਾਦੀ, ਪੜ੍ਹਾਈ ਅਤੇ ਕਈ ਵੇਰ ਜਾਨ ਬਚਾਉਣ ਦੀ ਮਜ਼ਬੂਰੀ ਖ਼ਾਤਰ ਪ੍ਰਦੇਸੀਂ ਤੁਰ ਜਾਂਦੇ ਹਨ। ਪ੍ਰਵਾਸ ਤਾਂ ਦੇਸ਼ ਵਿੱਚ ਵੀ ਹੁੰਦਾ ਹੈ। ਪਿੰਡਾਂ ਤੋਂ ਸ਼ਹਿਰਾਂ ਵੱਲ ਲੋਕ ਰੁਜ਼ਗਾਰ ਲਈ ਜਾਂਦੇ ਹਨ। ਜਿਥੋਂ ਉਹ ਜਦੋਂ ਜੀਆ ਚਾਹਿਆ ਜਾਂ ਜਦੋਂ ਹਾਲਾਤ ਨੇ ਇਜਾਜ਼ਤ ਦਿੱਤੀ ਵਾਪਿਸ ਘਰ ਪਰਤਦੇ ਹਨ। ਪਰ ਪ੍ਰਦੇਸ਼ ਤਾਂ ਆਖ਼ਰ ਪ੍ਰਦੇਸ਼ ਹੈ। ਦੇਸ਼ਾਂ ਦੇ ਆਪਣੇ ਨਿਯਮ ਹੈ, ਪ੍ਰਦੇਸ ਜਾਣਾ ਕਿਵੇਂ ਹੈ ਤੇ ਮੁੜ ਆਉਣਾ ਕਿਵੇਂ ਹੈ। ਇਹ ਕਿਆਸ ਕਰਨਾ ਸੌਖਾ ਨਹੀਂ।
        ਜਿਹੜੇ ਲੋਕ ਦੇਸ਼ ਛੱਡਕੇ, ਦੂਜੇ ਦੇਸ਼ਾਂ ਚ ਜਾ ਵਸਦੇ ਹਨ, ਉਹਨਾ ਨੂੰ ਉਥੋਂ ਦੇ ਹਾਲਾਤਾਂ ਅਨੁਸਾਰ ਵੱਡੀਆਂ ਕੋਸ਼ਿਸ਼ਾਂ ਬਾਅਦ ਹੀ ਔਖਿਆਈਆਂ ਝਾਗ ਕੇ, ਸੌਖ ਮਿਲਦੀ ਹੈ। ਪੈਸੇ ਦੀ ਤੰਗੀ, ਨੌਕਰੀ ਦਾ ਫ਼ਿਕਰ, ਰਿਹਾਇਸ਼ ਦਾ ਪ੍ਰਬੰਧ, ਉਥੋਂ ਦੀ ਬੋਲੀ ਸਭਿਆਚਾਰ ਦਾ ਵਖਰੇਵਾਂ ਅਤੇ ਦਿੱਕਤਾਂ ਭਰਿਆ ਜੀਵਨ ਕੁਝ ਸਾਲ ਤਾਂ ਉਹਨਾ ਲਈ ਜੀਊਣ-ਮਰਨ ਬਰੋਬਰ ਰਹਿੰਦਾ ਹੈ। ਫਿਰ ਵੀ ਲੋਕ ਇਸੇ ਰਾਹ ਪਏ ਹਨ। ਪਹਿਲੀ ਜਨਵਰੀ-2023 ਨੂੰ ਛਪੀ ਇੱਕ ਰਿਪੋਰਟ ਅਨੁਸਾਰ ਸਾਲ 2022 'ਚ 70,000 ਪੰਜਾਬੀ ਕੈਨੇਡਾ ਲਈ ਪ੍ਰਵਾਸ ਕਰ ਗਏ।
       ਪੰਜਾਬ 'ਚ ਸੁਖਾਵੇਂ ਹਾਲਤ ਨਾ ਰਹਿਣ ਦੇ ਮੱਦੇਨਜ਼ਰ 2016 ਤੋਂ ਫਰਵਰੀ 2021 ਤੱਕ ਲਗਭਗ 9.84 ਲੱਖ ਪੰਜਾਬੀ ਪੰਜਾਬ ਅਤੇ ਚੰਡੀਗੜ੍ਹ ਵਿਚੋਂ ਪ੍ਰਵਾਸ ਕਰ ਗਏ। ਇਹਨਾ ਵਿਚੋਂ 3.79 ਲੱਖ ਵਿਦਿਆਰਥੀ ਅਤੇ 6 ਲੱਖ ਤੋਂ ਜ਼ਿਆਦਾ ਵਰਕਰ ਸਨ। ਇਸ ਗਿਣਤੀ-ਮਿਣਤੀ ਦੀ ਸੂਚਨਾ ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਵੀ ਮੁਰਲੀਧਰਨ ਨੇ 19 ਫਰਵਰੀ 2022 ਨੂੰ ਲੋਕ ਸਭਾ 'ਚ ਦਿੱਤੀ ਸੀ।
        ਅਸਲ 'ਚ ਤਾਂ 19 ਵੀਂ ਸਦੀ ਤੋਂ ਪੰਜਾਬੀ ਪੰਜਾਬ ਤੋਂ ਦੂਜੇ ਦੇਸਾਂ ਨੂੰ ਚਾਹਿਆ ਅਤੇ ਅਣਚਾਹਿਆ ਪ੍ਰਵਾਸ ਕਰ ਰਹੇ ਹਨ। ਪਹਿਲੀ ਸੰਸਾਰ ਜੰਗ ਵੇਲੇ ਭਾਰਤੀ ਫੌਜ 'ਚ ਵੱਡੀ ਗਿਣਤੀ ਪੰਜਾਬੀ ਭਰਤੀ ਕੀਤੇ ਗਏ, 19ਵੀਂ ਸਦੀ ਦੇ ਅੰਤ ਤੱਕ ਭਾਰਤੀ ਫੌਜ ਵਿੱਚ ਅੱਧੀ ਨਫ਼ਰੀ ਪੰਜਾਬੀਆਂ ਦੀ ਸੀ ਭਾਵ ਅੱਧੀ ਫੌਜ। ਉਹਨਾ ਵਿਚੋਂ ਅੱਧੇ ਸਿੱਖ ਸਨ। ਇਸੇ ਤਰ੍ਹਾਂ ਬ੍ਰਿਟਿਸ਼ ਰਾਜ ਵੇਲੇ ਸਿੱਖਾਂ ਨੂੰ ਕਾਰੀਗਰ ਦੇ ਤੌਰ 'ਤੇ ਭਰਤੀ ਕਰਕੇ ਅਫਰੀਕੀ ਕਲੋਨੀਆਂ ਕੀਨੀਆ, ਯੁਗੰਡਾ, ਤਨਜਾਨੀਆ ਭੇਜਿਆ ਗਿਆ। ਉਪਰੰਤ ਕੈਨੇਡਾ, ਅਮਰੀਕਾ, ਯੂ.ਕੇ, ਅਤੇ ਹੋਰ ਦੇਸ਼ਾਂ 'ਚ ਪੰਜਾਬੀਆਂ ਨੇ ਵਹੀਰਾਂ ਘੱਤ ਦਿੱਤੀਆਂ।
       ਕਦੇ ਵਿਦੇਸ਼ ਗਏ ਪੰਜਾਬੀਆਂ ਨੇ ਆਪਣੇ ਸੂਬੇ 'ਚ ਜ਼ਮੀਨ, ਜ਼ਾਇਦਾਦ ਖਰੀਦਣ ਘਰ ਬਨਾਉਣ ਲਈ ਬੇਅੰਤ ਰਕਮਾਂ ਭੇਜੀਆਂ। ਖ਼ਾਸ ਕਰਕੇ ਦੁਆਬੇ ਖਿੱਤੇ 'ਚ ਵੱਡੀਆਂ-ਵੱਡੀਆਂ ਕੋਠੀਆਂ ਬਣਾਈਆਂ। ਖ਼ਾਸ ਕਰਕੇ ਪਿੰਡਾਂ 'ਚ। ਸਰਬ ਸਾਂਝੇ ਕੰਮ ਕੀਤੇ ਗਏ। ਗਰਾਊਂਡਾਂ, ਸਕੂਲ, ਅੰਡਰਗਰਾਊਂਡ ਸੀਵਰੇਜ, ਬੁਢਾਪਾ ਪੈਨਸ਼ਨਾਂ, ਲੜਕੀਆਂ ਦੀ ਪੜ੍ਹਾਈ ਤੇ ਵਿਆਹਾਂ ਲਈ ਰਕਮਾਂ ਖਰਚੀਆਂ।
       ਪਰ ਅੱਜ ਪੰਜਾਬ ਦੇ ਉਹਨਾ ਪੰਜਾਬੀਆਂ ਦੀ ਸੋਚ ਬਦਲ ਗਈ ਹੈ। ਉਹ ਆਪਣੀਆਂ ਜ਼ਮੀਨਾਂ, ਜਾਇਦਾਦ ਪੰਜਾਬ 'ਚੋਂ ਵੇਚਕੇ ਉਹਨਾ ਮੁਲਕਾਂ 'ਚ ਲੈ ਜਾ ਰਹੇ ਹਨ, ਜਿਥੇ ਉਹਨਾ ਦੇ ਘਰ ਹਨ, ਜਾਇਦਾਦ ਹੈ, ਬੱਚੇ ਹਨ (ਜਿਹੜੇ ਪੰਜਾਬ ਵੱਲ ਮੂੰਹ ਨਹੀਂ ਕਰਦੇ)। ਉਹਨਾ ਦਾ ਕਹਿਣ ਹੈ ਪੰਜਾਬ ਦੇ ਸਿਆਸਤਦਾਨਾਂ ਨੇ, ਪੰਜਾਬ ਰਹਿਣ ਦੇ ਲਾਇਕ ਹੀ ਨਹੀਂ ਰਹਿਣ ਦਿੱਤਾ। ਇਥੇ ਇਹੋ ਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਕੋਈ ਵੀ ਸੂਝਵਾਨ ਆਪਣੀ ਔਲਾਦ, ਆਪਣਾ ਧਨ, ਇਥੇ ਬਰਬਾਦ ਨਹੀਂ ਕਰਨਾ ਚਾਹੇਗਾ ਭਾਵੇਂ ਕਿ ਉਹਨਾ ਦਾ ਤੇਹ, ਪਿਆਰ, ਆਪਣੀ ਜਨਮ ਭੂਮੀ ਨਾਲ ਅੰਤਾਂ ਦਾ ਹੈ।
        ਦੂਜਾ ਹੁਣ ਪੰਜਾਬ ਵਿਚੋਂ ਜਿਸ ਤੇਜੀ ਨਾਲ ਪ੍ਰਵਾਸ ਹੋ ਰਿਹਾ ਹੈ, ਉਹ ਚਿੰਤਾਜਨਕ ਹੈ। ਕਦੇ ਪੈਸਾ-ਧੰਨ ਪੰਜਾਬ 'ਚ ਆਉਂਦਾ ਸੀ, ਨਿਵੇਸ਼ ਹੁੰਦਾ ਸੀ। ਪੰਜਾਬ ਦੀ ਆਰਥਿਕਤਾ ਸੁਧਰਦੀ ਸੀ। ਹੁਣ ਕਰੋੜਾਂ ਰੁਪਏ ਪੰਜਾਬ 'ਚ ਕਨੈਡਾ, ਯੂ.ਕੇ., ਅਸਟਰੇਲੀਆ, ਅਮਰੀਕਾ, ਨਿਊਜੀਲੈਂਡ ਦੀਆਂ ਯੂਨੀਵਰਸਿਟੀਆਂ ਨੂੰ ਫ਼ੀਸਾਂ ਅਤੇ ਹੋਰ ਖ਼ਰਚੇ ਲਈ ਜਾ ਰਹੇ ਹਨ। ਧੜਾਧੜ ਛੋਟੀਆਂ ਜ਼ਮੀਨਾਂ ਬੈਂਕਾਂ ਕੋਲ ਗਿਰਵੀ ਰੱਖਕੇ ਕਰਜ਼ਾ ਲਿਆ ਜਾ ਰਿਹਾ ਹੈ, ਕਾਲਜ ਫ਼ੀਸਾਂ ਤਾਰਨ ਲਈ ਅਤੇ ਹੋਰ ਖ਼ਰਚੇ ਲਈ। ਪੰਜਾਬ ਜਿਹੜਾ ਆਰਥਿਕ ਪੱਖੋਂ ਮਜ਼ਬੂਤ ਗਿਣਿਆ ਜਾ ਰਿਹਾ ਸੀ, ਕਮਜ਼ੋਰ, ਕੰਗਾਲ ਹੋਣ ਵੱਲ ਅੱਗੇ ਵੱਧ ਰਿਹਾ ਹੈ। ਕਿਸ ਕਾਰਨ ? ਪ੍ਰਵਾਸ ਕਾਰਨ। ਸੂਬੇ ‘ਚ ਫੈਲੇ ਅਸੁਰੱਖਿਆ ਦੇ ਮਾਹੌਲ ਕਾਰਨ। ਪੰਜਾਬ ਦਾ ਬਰੇਨ (ਦਿਮਾਗ) ਅਤੇ ਵੈਲਥ (ਦੌਲਤ) ਲਗਾਤਾਰ ਬਾਹਰ ਜਾ ਰਹੀ ਹੈ। ਕਾਲਜਾਂ, ਪ੍ਰੋਫੈਸ਼ਨਲ ਕਾਲਜਾਂ 'ਚ ਪੰਜਾਬੀ ਨੌਜਵਾਨਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਦੂਜੇ ਸੂਬਿਆਂ ਤੋਂ ਆਏ ਤੇ ਪ੍ਰਵਾਸ ਹੰਢਾਉਣ ਵਾਲੇ ਮਾਪਿਆਂ ਦੇ ਬੱਚਿਆਂ ਦੀ ਗਿਣਤੀ ਸਕੂਲਾਂ, ਕਾਲਜਾਂ, ਪ੍ਰੋਫੈਸ਼ਨਲ ਕਾਲਜਾਂ 'ਚ ਵਧ ਰਹੀ ਹੈ। ਇੰਜ ਕੀ ਬਚੇਗਾ ਪੰਜਾਬ 'ਚ ਪੰਜਾਬੀਆਂ ਦਾ?
       ਇਹ ਵੇਲਾ ਸਰਕਾਰਾਂ, ਸਿਆਸਤਦਾਨਾਂ, ਪੰਜਾਬ ਹਿਤੈਸ਼ੀਆਂ, ਬੁੱਧੀਜੀਵੀਆਂ ਲਈ ਸੋਚਣ ਵਿਚਾਰਨ ਅਤੇ ਅਮਲ ਕਰਨ ਦਾ ਹੈ। ਅੰਨ੍ਹੇ-ਵਾਹ ਹੋ ਰਹੇ ਪ੍ਰਵਾਸ ਨੂੰ ਰੋਕਣ ਦਾ ਹੈ। ਪੰਜਾਬ ਦੀ ਮੌਜੂਦਾ ਸਥਿਤੀ ਨੂੰ ਸੁਧਾਰਨ ਦਾ ਹੈ। ਸਿਆਸੀ ਰੋਟੀਆਂ ਸੇਕਣ ਤੇ ਰਾਜ ਭਾਗ ਹਥਿਆਉਣ ਵਾਲੀ ਖੇਡ ਤੋਂ ਸਿਆਸਤਦਾਨਾਂ ਦੇ ਬਾਜ ਆਉਣ ਦਾ ਹੈ।
ਨੌਜਵਾਨਾਂ ਲਈ ਸਰਕਾਰਾਂ ਨੌਕਰੀਆਂ ਦਾ ਪ੍ਰਬੰਧ ਕਰਨ। ਮੁਕਾਬਲੇ ਦੇ ਇਮਤਿਹਾਨ ਆਈ. ਏ. ਐੱਸ., ਪੀ.ਸੀ.ਐੱਸ. ਇਮਤਿਹਾਨਾਂ ਲਈ ਮੁਫ਼ਤ ਟਰੈਨਿੰਗ ਦਾ ਪ੍ਰਬੰਧ ਕਰਨ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਦਾ ਮਾਹੌਲ ਠੀਕ ਅਤੇ ਸੁਰੱਖਿਅਤ ਕਰਨ ਲਈ ਸਭ ਧਿਰਾਂ ਸਿਰ ਜੋੜ ਕੇ ਬੈਠਣ।
ਇਸ ਵੇਲੇ ਉਹਨਾਂ ਦੇਸੀ, ਵਿਦੇਸ਼ੀ ਤਾਕਤਾਂ ਦਾ ਪਰਦਾ ਫਾਸ਼ ਕਰਨ ਦੀ ਲੋੜ ਵੀ ਹੈ ਜੋ ਪਿਆਰੇ ਪੰਜਾਬ ਨੂੰ ਤਬਾਹ ਕਰਨ 'ਤੇ ਤੁਲੀਆਂ ਹੋਈਆਂ ਹਨ।
- ਗੁਰਮੀਤ ਸਿੰਘ ਪਲਾਹੀ
ਸੰਪਰਕ - 9815802070