ਸਿੱਖ ਸਰੋਕਾਰ ਅਤੇ ਸਿੱਖ ਪੱਤਰਕਾਰੀ ਦੇ ਸੰਦਰਭ ਚ ਸ੍ਰੀ ਅਕਾਲ ਤਖਤ ਸਾਹਿਬ ਦੀ ਭੂਮਿਕਾ  - ਬਘੇਲ ਸਿੰਘ ਧਾਲੀਵਾਲ


ਸਿੱਖ ਸਰੋਕਾਰਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਆਪਸੀ ਗਹਿਰਾ ਰਿਸ਼ਤਾ ਹੈ,ਭਾਵ ਦੋਵਾਂ ਨੂੰ ਇੱਕ ਦੂਜੇ ਤੋ ਨਿਖੇੜ ਕੇ ਨਹੀ ਦੇਖਿਆ ਜਾ ਸਕਦਾ।ਸਿੱਖ ਸਮੱਸਿਆਵਾਂ ਦੇ ਸੰਦਰਭ ਵਿੱਚ ਭਾਰਤ ਪੱਧਰ ਤੇ ਹਾਲਾਤ ਸੰਵੇਦਨਸ਼ੀਲ ਬਣੇ ਹੋਏ ਹਨ।ਇਸ ਦਾ ਕਾਰਨ ਪੱਤਰਕਾਰੀ ਵਿੱਚ ਆਏ ਨਿਘਾਰ ਨੂੰ ਮੰਨਣਾ ਪਵੇਗਾ।।ਕੋਈ ਪਿਛਲੇ ਤਕਰੀਬਨ ਦੋ ਕੁ ਦਹਾਕਿਆਂ ਤੋ ਭਾਰਤੀ ਪੱਤਰਕਾਰੀ ਨੇ ਆਪਣੇ  ਫਰਜਾਂ ਤੋਂ ਮੂਲ਼ੋਂ ਹੀ ਪਾਸਾ ਬੱਟ ਲਿਆ ਹੋਇਆ ਹੈ। ਲੰਘੇ ਇੱਕ ਦਹਾਕੇ ਦੌਰਾਨ ਭਾਰਤੀ ਮੀਡੀਆ ਲੋਕਾਂ ਵਿੱਚੋਂ ਆਪਣੀ ਭਰੋਸੇਯੋਗਤਾ ਲੱਗਭੱਗ ਗੁਆ ਬੈਠਾ ਹੈ।ਇਸ ਦਾ ਕਾਰਨ ਸਾਫ ਤੇ ਸਪੱਸਟ ਹੈ ਕਿ ਮੀਡੀਆ ਕੁੱਝ ਕੁ ਵੱਡੇ ਘਰਾਣਿਆਂ ਦੀ ਨਿੱਜੀ ਜਾਇਦਾਦ ਦਾ ਹਿੱਸਾ ਬਣ ਕੇ ਰਹਿ ਗਿਆ ਹੈ।ਜਿਸ ਦਾ ਭਾਵ ਹੈ ਕਿ ਸਰਮਾਏਦਾਰੀ ਸਿਸਟਮ ਨੇ ਲੋਕਤੰਤਰ ਦੇ ਚੌਥੇ ਥੰਮ ਦੀਆਂ ਜੜਾਂ ਖੋਖਲੀਆਂ ਕਰ ਦਿੱਤੀਆਂ ਹਨ।ਸਚਾਈ ਇਹ ਹੈ ਕਿ ਭਾਰਤ ਅੰਦਰ ਪੱਤਰਕਾਰੀ ਦਾ ਕੋਈ  ਬਜੂਦ  ਬਚਿਆ ਹੀ ਨਹੀ ਹੈ। ਵੱਡੇ ਘਰਾਣਿਆਂ ਤੋ ਮਿਲੇ ਦਿਸ਼ਾ ਨਿਰਦੇਸ਼ ਮੁਤਾਬਿਕ ਹੀ ਮੀਡੀਆ ਹਾਉਸ ਪਰੋਗਰਾਮ ਪ੍ਰਸਾਰਿਤ ਕਰਦੇ ਹਨ।ਇਹੋ ਕਾਰਨ ਹੈ ਕਿ ਟੀ ਵੀ ਚੈਨਲਾਂ ਤੇ ਇੱਕ ਤਰਫਾ ਪਰਚਾਰ ਸੁਨਣ ਨੂੰ ਮਿਲਦਾ ਹੈ।ਲੋਕਾਂ ਦੀ ਅਵਾਜ਼ ਚੁੱਕਣ ਵਾਲਾ ਮੀਡੀਆ ਲੱਗਭੱਗ ਦਮ ਤੋੜ ਚੁੱਕਾ ਹੈ,ਜਾਂ ਕਿਹਾ ਜਾ ਸਕਦਾ ਹੈ ਕਿ ਨਿਰਪੱਖ ਪੱਤਰਕਾਰੀ ਆਖਰੀ ਸਾਹਾਂ ‘ਤੇ ਹੈ। ਦੇਸ ਦੇ ਅਖਬਾਰਾਂ/ਚੈਨਲਾਂ ਰਾਹੀ ਲੋਕਾਂ ਨੂੰ ਜੋ ਫਿਰਕੂ ਨਫਰਤ ਪਰੋਸ ਕੇ ਦਿੱਤੀ ਜਾ ਰਹੀ ਹੈ,ਬਹੁ ਗਿਣਤੀ ਵਿੱਚ ਭੋਲ਼ੇ ਭਾਲ਼ੇ ਲੋਕ ਉਹਨੂੰ ਸੱਚ ਸਮਝ ਕੇ ਪ੍ਰਤੀਕਰਮ ਦਿੰਦੇ ਹਨ। ਨਤੀਜੇ ਵਜੋਂ ਭਾਰੀਚਾਰਕ ਸਾਝਾਂ ਖਤਰੇ ਵਿੱਚ ਪੈ ਰਹੀਆਂ ਹਨ। ਘੱਟ ਗਿਣਤੀਆਂ ਦੀ ਹੋਂਦ ‘ਤੇ ਖਤਰੇ ਮੰਡਰਾਉਣ ਲੱਗੇ ਹਨ।ਸਪੱਸਟ ਸਬਦਾਂ ਵਿੱਚ ਇਹ ਕਹਿਣਾ ਵੀ ਗਲਤ ਨਹੀ ਹੋਵੇਗਾ ਕਿ ਮੌਜੂਦਾ ਸਮੇ ਦੌਰਾਨ ਭਾਰਤੀ ਮੀਡੀਆ ਸਿਸਟਮ ਦੇ ਹੱਕ ਚ ਵਰਤਿਆ ਜਾਣ ਵਾਲਾ ਲੋਕ ਵਿਰੋਧੀ ਸੰਦ ਬਣ ਕੇ ਰਹਿ ਗਿਆ ਹੈ। ਅਜਿਹੇ ਅਤਿ ਨਾਜੁਕ  ਸਮੇ ਦੌਰਾਨ ਖੇਤਰੀ ਪੱਤਰਕਾਰੀ ਉਦੋਂ ਹੋਰ ਵੀ ਖਤਰੇ ਵਿੱਚ ਪੈ ਜਾਂਦੀ ਹੈ,ਜਦੋਂ ਉਹਦੇ ਹਿਤ ਘੱਟ ਗਿਣਤੀ ਨਾਲ ਜੁੜੇ ਹੋਏ ਹੋਣ।ਜਿਸ ਤਰਾਂ ਪਿਛਲੇ ਕੁੱਝ ਕੁ ਸਮੇ ਤੋ ਭਾਰਤੀ ਮੀਡੀਏ ਵੱਲੋਂ ਪੰਜਾਬ ਨੂੰ ਖਾਸ ਕਰਕੇ ਸਿੱਖ ਕੌਂਮ ਨੂੰ ਨਿਸਾਨੇ ਤੇ ਲੈ ਕੇ ਪੂਰੇ ਦੇਸ ਵਿੱਚ ਹੀ ਨਹੀ ਬਲਕਿ ਪੂਰੀ ਦੁਨੀਆਂ ਵਿੱਚ ਬਦਨਾਮ ਕਰਨ ਦੀ ਕਵਾਇਦ ਚਲਾਈ ਗਈ,ਇਹ ਨਾ ਹੀ ਸੂਬੇ ਦੇ ਹਿਤ ਵਿੱਚ ਹੈ ਅਤੇ ਨਾ ਹੀ ਅਜਿਹੀਆਂ ਹਰਕਤਾਂ ਨੂੰ ਦੇਸ਼ ਹਿਤ ਵਿੱਚ ਸਮਝਿਆ ਜਾ ਸਕਦਾ ਹੈ। ਅਜਿਹੇ ਕੂੜ ਪਰਚਾਰ ਦਾ ਜਵਾਬ ਦੇਣ ਲਈ ਜੇਕਰ ਸਿੱਖ ਪੱਤਰਕਾਰੀ ਆਪਣਾ ਫਰਜ ਨਿਭਾਉਣ ਲਈ ਸਾਹਮਣੇ ਆਉਂਦੀ ਹੈ,ਤਾਂ ਹਕੂਮਤੀ ਦਹਿਸਤ ਦਾ ਅਜਿਹਾ ਮਹੌਲ ਸਿਰਜਿਆ ਜਾਂਦਾ ਹੈ, ਜਿਸ ਨਾਲ ਚਾਰ ਚੁਫੇਰੇ ਮੌਤ ਵਰਗੀ ਚੁੱਪ ਪਸਰ ਜਾਂਦੀ ਹੈ,ਪਰ ਗੁਰਬਾਣੀ ਦਾ ਫੁਰਮਾਨ ਹੈ ਕਿ “ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੀ” ਇਸ ਜੁਲਮ ਦੀ ਅੱਗ ਨੇ ਭਾਵੇਂ ਜੰਗਲ ਰੂਪੀ ਸੱਚ ਨੂੰ ਸਾੜ  ਸੁੱਟਿਆ ਹੈ,ਪਰ ਇਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਹਰਿਆਲੀ ਦਾ ਬਚੇ ਰਹਿਣਾ ਸਿੱਧ ਕਰਦਾ ਹੈ ਕਿ ਚਾਰ ਚੁਫੇਰੇ ਫੈਲੇ ਝੂਠ ਦੇ ਪਾਸਾਰੇ ਨੂੰ ਠੱਲ੍ਹ ਪਾਉਣ ਲਈ ਕੌਂਮ ਅੰਦਰ ਅਜੇ ਵੀ ਮਨੁੱਖਾ ਜਮੀਰ ਜਿਉਂਦੇ ਹੋਣ ਦੇ ਬਹੁਤ ਸਾਰੇ ਸਬੂਤ ਮਿਲਦੇ ਹਨ,ਇਸ ਲਈ ਅਜੇ ਵੀ ਸੰਭਲਿਆ ਜਾ ਸਕਦਾ ਹੈ, ਬਾ ਸ਼ਰਤੇ ਕਿ ਕੋਈ ਏਕਤਾ ਦੀ ਲੜੀ ਚ ਪਰੋ ਕੇ ਸਹੀ ਸੇਧ ਦੇਣ ਵਾਲਾ ਆਗੂ ਹੋਵੇ। ਅਜਿਹੇ ਮੌਕੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ 7 ਅਪ੍ਰੈਲ 2023, ਦਿਨ ਸ਼ੁੱਕਰਵਾਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਇਤਿਹਾਸਿਕ ਅਤੇ ਪਵਿੱਤਰ ਧਰਤੀ ਤੇ  ਧਰਮ ਪਰਚਾਰ ਅਤੇ ਕੌਮੀ ਹੱਕਾਂ ਦੀ ਪਹਿਰੇਦਾਰੀ ਹਿਤ ਸਿੱਖ ਮੀਡੀਆ ਦਾ ਯੋਗਦਾਨ,ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ,ਸਿੱਖ ਮੀਡੀਏ ਨੂੰ ਚਣੌਤੀਆਂ ਅਤੇ ਭਵਿੱਖ ਦੀ ਰਣਨੀਤੀ ਦੇ ਵਿਸ਼ੇ  ਤੇ ਇੱਕ ਵਿਸ਼ੇਸ਼ ਇਕੱਤਰਤਾ ਰੱਖੀ ਗਈ ਹੈ,ਜਿਸ ਵਿੱਚ ਪੰਜਾਬ ਅੰਦਰ ਸਿੱਖ ਸਰੋਕਾਰਾਂ ਦੀ ਗੱਲ ਕਰਨ ਵਾਲੇ ਪੱਤਰਕਾਰਾਂ ਦੀ ਸ਼ਮੂਲੀਅਤ ਬੇਹੱਦ ਜਰੂਰੀ ਬਣਦੀ ਹੈ।ਅਜਿਹੇ ਸਮੇ ਤੇ ਧੜੇਵੰਦੀਆਂ ਦਾ ਰਾਮਰੌਲਾ ਪਾ ਕੇ ਕੌਂਮੀ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਤੋ ਗੁਰੇਜ਼ ਕਰਨ ਦੀ ਜਰੂਰਤ ਹੈ।ਇਸ ਸਚਾਈ ਦਾ ਇਤਿਹਾਸ ਗਵਾਹ ਹੈ ਕਿ ਬੇਹੱਦ ਔਖੇ ਸਮਿਆਂ ਵਿੱਚ ਬਿਖੜੇ ਪੈਂਡਿਆਂ ਤੇ ਚੱਲ ਕੇ ਮੰਜਲਾਂ ਤਲਾਸ਼ ਰਹੀ ਸਿੱਖ ਕੌਂਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਅਗਵਾਈ ਮਿਲਦੀ ਰਹੀ ਹੈ। ਪੁਰਾਤਨ ਸਿੱਖ ਭਾਵੇਂ ਆਪਸੀ ਧੜੇਵੰਦੀਆਂ ਅਤੇ ਦੁਸ਼ਮਣੀਆਂ ਕਾਰਨ ਆਪਸ ਵਿੱਚ ਤਲਵਾਰਾਂ ਖਿੱਚ ਕੇ ਆਹਮੋ ਸਾਹਮਣੇ ਵੀ ਹੁੰਦੇ ਰਹੇ,ਪਰ ਉਹਨਾਂ ਨੇ ਕਦੇ ਵੀ ਆਪਣੇ ਗੁਰੂ ਅਤੇ ਗੁਰੂ ਦੇ ਸਿਧਾਂਤ ਤੋ ਬੇਮੁੱਖ ਹੋਣ ਦੀ ਗੁਸਤਾਖੀ ਨਹੀ ਸੀ ਕੀਤੀ। ਇਹ ਵੀ ਸੱਚ ਹੈ ਕਿ ਮਿਸ਼ਲਾਂ ਤੋ ਪਹਿਲਾਂ ਵੀ ਅਤੇ ਮਿਸ਼ਲਾਂ ਸਮੇ ਦੌਰਾਨ ਵੀ ਵੱਖ ਵੱਖ ਧੜਿਆਂ ਵਿੱਚ ਵੰਡੀ ਸਿੱਖ ਕੌਂਮ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ  ਅਲਾਹੀ ਹੁਕਮ ਸਮਝਦੀ ਹੋਈ ਕੌਂਮੀ ਹਿਤਾਂ ਖਾਤਰ ਆਪਣੀਆਂ ਧੜੇਵੰਦੀਆਂ,ਦੁਸ਼ਮਣੀਆਂ ਨੂੰ ਭੁੱਲ ਕੇ ਇੱਕ ਨਿਸ਼ਾਨ ਸਾਹਿਬ ਹੇਠ ਇਕੱਠੀ ਹੁੰਦੀ ਰਹੀ ਹੈ,ਪ੍ਰੰਤੂ ਇਹ ਵੀ ਕੌੜਾ ਸੱਚ ਹੈ,1849 ਤੋਂ ਬਾਅਦ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪਣੇ ਫਰਜਾਂ ਪ੍ਰਤੀ ਸੁਚੇਤ ਤੇ ਦ੍ਰਿੜ ਨਹੀ ਰਹੇ ਹਨ। ਮੌਜੂਦਾ ਸਮੇ ਤੱਕ ਆਉਂਦਿਆਂ ਆਉਂਦਿਆਂ ਹਾਲਾਤ ਬਦ ਤੋ ਬਦਤਰ ਹੋ ਗਏ। ਸਰੋਮਣੀ ਅਕਾਲੀ ਦਲ ਨੇ ਪੰਥ ਦੀ ਨੁਮਾਇੰਦਾ ਜਮਾਤ ਹੋਣ ਦਾ ਮਾਣ ਅਸਲੋਂ ਹੀ ਗੁਆ ਲਿਆ ਹੈ।ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਰਹੁਰੀਤਾਂ ਦੀ ਪਹਿਰੇਦਾਰੀ ਕਰਨ ਤੋ ਬੁਰੀ ਤਰਾਂ ਪਛੜ ਕੇ ਰਹਿ ਗਈ।ਸਰਬਤ ਖਾਲਸਾ ਦੀ ਮਹਾਂਨ ਪਰੰਪਰਾ ਨੂੰ ਦਰਕਿਨਾਰ ਕਰਕੇ ਬਗੈਰ ਕਿਸੇ ਵਿਧੀ ਵਿਧਾਨ ਦੇ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕੀਤੀ ਜਾਂਦੀ ਨਿਯੁਕਤੀ ਨੇ ਜਥੇਦਾਰ ਦੇ ਉੱਚੇ ਸੁੱਚੇ ਰੁਤਬੇ,ਅਜਾਦ ਹਸਤੀ ਅਤੇ ਭਰੋਸੇਯੋਗਤਾ ਨੂੰ ਢਾਹ ਲਾਈ ਹੈ।ਪ੍ਰੰਤੂ ਮੌਜੂਦਾ ਸਮੇ ਦੌਰਾਨ ਜਦੋ ਸਰੋਮਣੀ ਅਕਾਲੀ ਦਲ ਸਿੱਖ ਪੰਥ ਚੋ ਆਪਣਾ ਅਧਾਰ ਗੁਆ ਬੈਠਾ ਹੈ,ਪੰਥਕ ਧਿਰਾਂ ਵੱਖ ਵੱਖ ਧੜੇਬੰਦੀਆਂ ਚ ਵੰਡੀਆਂ ਹੋਣ ਕਰਕੇ ਕੌਂਮੀ ਹਿਤਾਂ ਦੀ ਪਹਿਰੇਦਾਰੀ ਕਰਨ ਤੋ ਅਸਮਰੱਥ ਹਨ। ਲਿਹਾਜ਼ਾ ਕੌਂਮ ਕੋਲ ਕੋਈ ਵੀ ਸਰਬ ਪ੍ਰਮਾਣਿਤ  ਆਗੂ ਨਹੀ ਹੈ। ਜਿਸ ਦਾ ਨਤੀਜਾ ਇਹ ਹੈ ਕਿ  ਕੌਮੀ ਹਿਤਾਂ ਦੀ ਗੱਲ ਕਰਨ ਵਾਲੇ ਬੁੱਧੀਜੀਵੀਆਂ,ਪੱਤਰਕਾਰਾਂ ਨੂੰ ਹਕੂਮਤੀ ਧੱਕੇਸ਼ਾਹੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅਜਿਹੇ ਨਾਜ਼ਕ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਬਹੁਤ ਮਹੱਤਵ ਰੱਖਦੀ ਹੈ। ਸ੍ਰੀ ਅਕਾਲ ਤਖਤ ਸਾਹਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਸਾਰਥਿਕ ਪਹੁੰਚ ਦੀ ਨੁਕਤਾਚੀਨੀ ਕਰਨ ਦੀ ਬਜਾਏ ਸਾਥ ਦੇਣ ਦੀ ਜਰੂਰਤ ਹੈ। ਆਪਸੀ ਝਗੜੇ ਬਾਅਦ ਵਿੱਚ ਵੀ ਨਜਿੱਠੇ ਜਾ ਸਕਦੇ ਹਨ,ਪਰ ਪਹਿਲਾਂ ਦੁਸ਼ਮਣ ਤਾਕਤਾਂ ਦੇ ਹਮਲਿਆਂ ਨੂੰ ਬੇਅਸਰ ਕਰਨ ਦੀ ਜਰੂਰਤ ਹੈ। ਉੱਧਰ ਜਥੇਦਾਰ ਸਾਹਿਬ ਨੂੰ ਵੀ ਇਹ ਯਕੀਨੀ ਬਨਾਉਣਾ ਪਵੇਗਾ ਕਿ ਉਹਨਾਂ ਦੇ ਫੈਸਲੇ ਨਿੱਜੀ ਲੋਭ ਲਾਲਸਾ ਤੋ ਉੱਪਰ ਉੱਠ ਕੇ ਸਮੁੱਚੇ ਪੰਥ ਦੇ ਭਲੇ ਲਈ ਹੋਣ।ਲੋਕ ਅਧਾਰ ਗੁਆ ਚੁੱਕੇ ਕਿਸੇ ਇੱਕ ਧੜੇ ਨੂੰ ਸਿਆਸੀ ਲਾਹਾ ਦਿਵਾਉਣ ਦੀ ਮਣਸਾ,ਪਹਿਲਾਂ ਹੀ ਦਾਅ ਤੇ ਲੱਗੀ ਸ੍ਰੀ ਅਕਾਲ ਤਖਤ ਸਾਹਿਬ ਦੀ ਭਰੋਸੇਯੋਗਤਾ ਨੂੰ ਹੋਰ ਸੱਟ ਮਾਰੇਗੀ।
>> ਬਘੇਲ ਸਿੰਘ ਧਾਲੀਵਾਲ
>> 99142-58142
>