ਡਾਇਰੀ ਦੇ ਪੰਨੇ ਉਦਾਸ ਹੋਏ-(1) - ਨਿੰਦਰ ਘੁਗਿਆਣਵੀ

ਲੱਗਭਗ 9 ਸਾਲ ਬੀਤਣ ਲੱਗੇ ਹਨ ਇਸ ਗੱਲ ਨੂੰ ਅੱਜ ਚੇਤੇ ਦੀ ਚੰਗੇਰ  ਚੋਂ ਯਾਦਾਂ ਦੀ ਪੂਣੀ ਬਾਹਰ ਆ ਗਈ ਆਪ-ਮੁਹਾਰੀ। ਸਤੰਬਰ 22 ਦਾ ਦਿਨ, 2009 ਦੀ ਦੁਪਹਿਰ ਸੀ। ਦੂਰਦਰਸ਼ਨ ਕੇਂਦਰ ਜਲੰਧਰ ਉਤੋਂ ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਬਾਰੇ ਇਕ ਸਪੈਸ਼ਲ ਪ੍ਰੋਗਰਾਮ ਦਿਖਾਇਆ ਜਾ ਰਿਹਾ ਸੀ। ਮੈਂ ਤਾਂ ਸਬੱਬੀਂ ਹੀ ਟੀ.ਵੀ.ਆਨ ਕੀਤਾ ਸੀ ਤੇ ਅੱਗੇ ਬਾਪੂ ਪੂਰੇ ਤਰਾਰੇ 'ਚ ਬੋਲ ਰਿਹਾ ਸੀ। ਪਿੰਡ ਰਾਮੂਵਾਲੇ ਵਾਲੇ ਘਰ ਦਿਖਾਇਆ ਜਾ ਰਿਹਾ। ਉਨ੍ਹਾਂ ਦੇ ਸਪੁੱਤਰ ਮਾਸਟਰ ਹਰਚਰਨ ਗਿੱਲ ਤੇ ਬਲਵੰਤ ਸਿੰਘ ਰਾਮੂਵਾਲੀਆ ਵੀ ਬਾਪੂ ਜੀ ਬਾਰੇ ਬੋਲੇ। ਖ਼ੁਸ਼ੀ ਭਰੀ ਹੈਰਾਨੀ ਹੋਣ ਲੱਗੀ ਕਿ ਚਲੋ ਘੱਟੋ ਘੱਟ ਦੂਰਦਰਸ਼ਨ ਵਾਲਿਆਂ ਨੂੰ ਵੀ ਸਾਡੇ ਬਾਪੂ ਕਵੀਸ਼ਰ ਬਾਰੇ ਚੇਤਾ ਆਇਐ। ਬਾਪੂ ਨੂੰ ਮੈਂ ਪਹਿਲੀ ਵਾਰੀ ਸੰਨ 1999 ਵਿਚ ਪਿੰਡ ਜਾ ਕੇ ਮਿਲਿਆ। ਹਰਭਜਨ ਮਾਨ ਨੇ ਭੇਜਿਆ ਸੀ ਮਿਲਣ। ਬਾਪੂ ਕੁਛ ਦਿਨ ਪਹਿਲਾਂ ਹੀ ਟੋਰਾਂਟੋ ਤੋਂ ਏਧਰ ਆਇਆ ਸੀ। ਮੈਨੂੰ ਦੇਖਦੇ ਸਾਰ ਖੜਕਵੀਂ ਆਵਾਜ਼ ਵਿਚ ਬੋਲਿਆ, ''ਓ ਬਈ... ਤੂੰ ਹੁੰਨਾ ਐਂ ਘੁਗਿਆਣਵੀ .... ਨਿੰਦਰ? ਓ ਵਾਹ ਬਈ... ਤੂੰ ਤਾਂ ਨਿੱਕਾ ਜਿਹਾ ਈ ਐਂ ਉਏ...ਲੇਖ ਤਾਂ ਤੂੰ ਐਡੇ-ਐਡੇ ਲਿਖਦਾ ਐਂ... ਓ ਪਤੰਦਰਾ ... ਮੈਂ ਤਾਂ ਤੈਨੂੰ ਇਉਂ ਸਮਝਦਾ ਸੀ ਬਈ ਨਿੰਦਰ ਘੁਗਿਆਣਵੀ ਅਹੁ ਖੰਭੇ ਜਿੱਡਾ ਲੰਮਾ ਹੋਊ।'' ਪਾਰਸ ਜੀ ਨੇ ਸਾਹਮਣੇ ਖੜ੍ਹੇ ਖੰਭੇ ਵੱਲ ਹੱਥ ਕੀਤਾ ਤੇ ਫੇਰ ਅੱਗੇ ਬੋਲਣ ਲੱਗੇ, ''ਮੋਟਾ ਜਿਅ੍ਹਾ .... ਭਾਰਾ ਜਿਅ੍ਹਾ ਤੇ ਵੱਡੀ ਉਮਰ ਦਾ ਸਮਝਦਾ ਸਾਂ ਮੈਂ ਤਾਂ ਤੈਨੂੰ ... ਬਈ ਦਾਹੜੀ ਹੋਊ ਵੱਡੀ ਸਾਰੀ, ਵੱਡੀ ਸਾਰੀ ਪੱਗ ਬੰਨ੍ਹਦਾ ਹੋਊ... ਤੇ ਤੂੰ ਜਵਾਂ ਈ ਨਿੱਕਾ ਜਿਹਾ ਮੁੰਡਾ ਐਂ ਉਏ... ਓ ਬਈ... ਤੂੰ ਹਾਥੀ ਦੇ ਸਰੀਰ ਜਿੰਨੀ ਅਕਲ ਕੀੜੀ ਦੇ ਆਂਡੇ 'ਚ ਕਿਵੇਂ ਪਾਈ ਫਿਰਦੈਂ...ਉਏ?''
ਪਾਰਸ ਜੀ ਹੱਸ ਰਹੇ ਸਨ, ਸੰਗਦਾ-ਸੰਗਦਾ ਥੋੜ੍ਹਾ-ਥੋੜ੍ਹਾ ਮੈਂ ਵੀ ਹੱਸ ਰਿਹਾ ਸਾਂ। ਉਨ੍ਹਾਂ ਸਾਡਾ ਸਕੂਟਰ ਅੰਦਰ ਲੁਵਾਇਆ, ਆਖਣ ਲੱਗੇ, "ਦੁਨੀਆਂ ਅੰਨ੍ਹੀ ਹੋਈ ਫਿਰਦੀ ਐ, ਕੀ ਪਤੈ ਕੋਈ ਵਿੱਚ ਈ ਮਾਰ ਕੇ ਉਲੱਦ ਜਾਵੇ ਜਾਂ ਕੋਈ ਬਣਾਉਟੀ ਕੁੰਜੀ ਲਾ ਕੇ ਰੇੜ੍ਹ ਲੈਜਾਵੇ...ਕੋਈ ਇਤਬਾਰ ਨੀ ਅੱਜਕਲ ਕਿਸੇ ਸਹੁਰੀ ਦੇ ਉਤੇ...ਕੀਹਨੂੰ ਆਂਹਦੇ ਫਿਰਾਂਗੇ ਬਈ ਓ ਸਾਡਾ...।" ਚਾਹ ਪਾਣੀ ਤੋਂ ਬਾਅਦ ਏਧਰ-ਓਧਰ ਦੀਆਂ ਗੱਲਾਂ-ਬਾਤਾਂ ਹੋਈਆਂ, ਕਲਾ ਤੇ ਸਾਹਿਤ ਬਾਰੇ। ਆਪਣੀਆਂ ਛਪ ਚੁੱਕੀਆਂ ਕਿਤਾਬਾਂ, ਜੋ ਮੈਂ ਆਪਣੇ ਨਾਲ ਈ ਲਿਆਇਆ ਸਾਂ, ਪਾਰਸ ਜੀ ਨੂੰ ਇਕ-ਇਕ ਕਰ ਕੇ ਵਿਖਾਇਆ, ਉਹ ਹੋਰ ਵੀ ਪ੍ਰਸੰਨ ਹੋ ਗਏ। ਮੈਂ ਆਖਿਆ, ''ਬਾਪੂ ਜੀ, ਹੁਣ ਮੈਂ ਥੋਡੇ ਜੀਵਨ ਤੇ ਕਵੀਸ਼ਰੀ ਕਲਾ ਬਾਰੇ ਕਿਤਾਬ ਲਿਖਣੀ ਆਂ... ਦੱਸੋ ਮੈਨੂੰ, ਕਦੋਂ ਟੈਮ ਆਂ ਥੋਡੇ ਕੋਲ!''
ਪਾਰਸ ਜੀ ਨੇ ਮੁਸਕ੍ਰਾਂਦਿਆਂ ਕਿਹਾ, ''ਓ ਘੁਗਿਆਣਵੀ ਯਾਰ... ਤੂੰ ਜਦੋਂ ਚਾਹੇ ਆ ਜਾ, ਪਰ ਆਈਂ ਵਿਹਲ ਕੱਢ ਕੇ, ਅੱਛਾ ਐਂ ਦੱਸ ਬਈ... ਓ ਤੂੰ ਘੁੱਟ ਪੀ-ਪੂ ਵੀ ਲੈਨਾ ਹੁੰਨਾ ਐਂ''?
''ਨਹੀਂ, ਬਾਪੂ ਜੀ, ਮੈਂ ਤਾਂ ਨ੍ਹੀਂ ਪੀਂਦਾ...।''
''ਓ ਸਹੁਰੀ ਦਿਆ, ਲਾ ਲਿਆ ਕਰ ਯਾਰ ਘੁਟ ਕੁ... ਲਿਖਾਰੀ ਤਾਂ ਪੀਂਦੇ ਹੁੰਦੇ ਆ... ਕੀ ਗੱਲ...? ਵੱਢਦੀ ਐ ਤੈਨੂੰ... ਘੁੱਟ ਪੀ ਲਿਆ ਕਰ ਓਏ... ਚੰਗੀ ਹੁੰਦੀ ਐ...ਮੈਂ ਤਾਂ ਅਜੇ ਵੀ ਨੀ ਛਡਦਾ, ਥੋਡੀ ਬੇਬੇ ਤੋਂ ਚੋਰੀਓਂ ਕੁਛ ਵੱਧ ਵੀ ਪੀ ਜਾਈਦੀ ਐ।''
''ਨਹੀਂ ਬਾਪੂ ਜੀ, ਮੈਂ ਪੀਣ ਵਾਲਿਆਂ ਲਿਖਾਰੀਆਂ 'ਚੋਂ ਨਹੀਂ ਆਂ।''
''ਚੰਗਾ ਫੇਰ... ਜੇ ਤੂੰ ਨ੍ਹੀਂ ਪੀਂਦਾ, ਤੂੰ ਕੋਲ ਬਹਿ ਕੇ ਮੇਰੇ ਵੰਨੀਂ ਵੇਖੀ ਜਾਇਆ ਕਰੀਂ।'' ਇਹ ਕਹਿ ਕੇ ਪਾਰਸ ਜੀ ਮੁਸਕਰਾਉਣ ਲੱਗੇ।
ਹਸਦੇ-ਹਸਦੇ ਅਸੀਂ ਪਾਰਸ ਜੀ ਕੋਲੋਂ ਵਿਦਾ ਹੋਏ।
ਕਿਤਾਬ ਲਿਖਣ ਲਈ ਮੈਂ ਪੂਰਾ ਮਨ ਬਣਾ ਕੇ ਥੋੜੇ ਦਿਨਾਂ ਬਾਅਦ ਹੀ ਉਨ੍ਹਾਂ ਕੋਲ ਚਲਿਆ ਗਿਆ ਸਾਂ। ਕੋਲ ਬੈਠਾ ਪੁੱਛ-ਪੁੱਛ ਕੇ ਲਿਖਦਾ ਰਹਿੰਦਾ ਸਾਂ। ਕੋਈ ਵੱਡੀ ਗੱਲ ਹੁੰਦੀ ਤਾਂ ਰਿਕਾਰਡਿੰਗ ਕਰ ਲੈਂਦਾ ਸਾਂ। ਜਦੋਂ ਥੱਕ ਜਾਂਦੇ ਸਾਂ ਤਾਂ ਚਾਹ ਪੀਂਦੇ ਤੇ ਨਾਲ ਹੀ ਪਾਰਸ ਜੀ ਕੋਈ ਹਾਸੇ ਵਾਲਾ ਟੋਟਕਾ ਸੁਣਾ ਕੇ ਥਕੇਵਾਂ ਦੂਰ ਕਰਦੇ। ਮੈਂ ਕਈ ਮਹੀਨੇ ਉਨ੍ਹਾਂ ਦੇ ਨਾਲ-ਨਾਲ ਲਗਭਗ ਪੂਰੇ ਪੰਜਾਬ ਵਿਚ ਫਿਰਦਾ ਰਿਹਾ। ਇਸ ਪੁਸਤਕ ਦੀ ਤਿਆਰੀ ਕਰਦਿਆਂ ਕੁਝ ਮਹੀਨੇ ਪਾਰਸ ਜੀ ਨਾਲ ਬਿਤਾਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ ਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਹੋਰਾਂ ਕਈ ਸਕੇ-ਸਬੰਧੀਆਂ ਨੇ ਮੈਨੂੰ ਜੋ ਪਿਆਰ ਤੇ ਮਾਣ ਦਿੱਤਾ, ਉਹ ਅਭੁੱਲ ਹੋ ਗਿਆ। ਇਸ ਦੌਰਾਨ ਪਾਰਸ ਜੀ ਦੀ ਰੰਗੀਨੀ ਤੇ ਉਚੀ-ਸੁੱਚੀ ਸ਼ਖ਼ਸੀਅਤ ਬਾਰੇ ਵੀ ਕੁਝ-ਕੁਝ ਵਾਕਫ਼ੀ ਹੋਈ, ਜਿਸ ਨੂੰ ਇਸ ਪੁਸਤਕ ਵਿਚ ਦਰਜ ਕਰਨ ਦਾ ਯਤਨ ਕੀਤਾ। (ਚਲਦਾ)
ਮੈਂ ਇਹ ਸੰਭਵ ਕੋਸ਼ਿਸ਼ ਕੀਤੀ ਸੀ ਕਿ ਪਾਰਸ ਜੀ ਦੇ 'ਜੀਵਨ ਦਾ ਸੱਚ' ਅਤੇ ਉਨ੍ਹਾਂ ਦੀ 'ਚੋਣਵੀ ਰਚਨਾਵਲੀ' ਦੀ ਵੰਨਗੀ ਪਾਠਕਾਂ ਦੇ ਸਨਮੁੱਖ ਕੀਤੀ ਜਾਵੇ। ਇਸ ਪੁਸਤਕ ਦੀ ਤਿਆਰੀ ਸਬੰਧੀ, ਪਟਿਆਲਾ, ਸੰਗਰੂਰ, ਬਰਨਾਲਾ, ਮੋਗਾ, ਰਾਮੂਵਾਲਾ, ਜਲੰਧਰ, ਫ਼ਰੀਦਕੋਟ ਇਨ੍ਹਾਂ ਥਾਵਾਂ 'ਤੇ ਕਈ-ਕਈ ਗੇੜੇ ਕੱਢੇ ਸਨ ਤੇ ਪਾਰਸ ਜੀ ਨਾਲ ਸਬੰਧਤ ਸਮਗਰੀ ਇਕੱਤਰ ਕੀਤੀ ਸੀ ਕਿਉਂਕਿ ਪਾਰਸ ਜੀ ਨੇ ਆਪਣੇ ਕੋਲ ਆਪਣਾ ਕੋਈ ਵੀ ਰਿਕਾਰਡ, ਜਿਵੇਂ ਆਪਣੇ ਛਪੇ ਹੋਏ ਕਿੱਸੇ, ਰਚਨਾਵਾਂ, ਫੋਟੋਆਂ, ਜਾਂ ਹੋਰ ਵੀ ਲੋੜੀਂਦਾ ਅਹਿਮ ਰਿਕਾਰਡ ਨਹੀਂ ਸੰਭਾਲਿਆ ਹੋਇਆ ਸੀ, ਸਭ ਕੁਝ ਆਪਣੇ ਸ਼ਾਗਿਰਦਾ ਨੂੰ ਫੜਾ ਆ ਗਿਆ ਤੇ ਮੇਲੇ 'ਤੇ ਬਾਪੂ ਦਾ ਸਨਮਾਨ ਹੋਇਆ ਤਾਂ ਉਹ ਆਪਣੇ ਹਜ਼ਾਰਾਂ ਸਰੋਤਿਆਂ ਦੇ ਰੂਬਰੂ ਹੋਇਆ। ਪੱਖੋਵਾਲ ਦਾ ਬਜ਼ੁਰਗ ਹੱਥ 'ਚ ਖੂੰਡਾ ਫੜੀ ਬਾਪੂ ਕੋਲ ਆਇਆ ਤੇ ਬੋਲਿਆ, ''ਓ ਪਾਰਸਾ ... ਅਜੇ ਤੂੰ ਹੈਗਾ ਐਂ... ਮੈਂ ਤਾਂ ਸੋਚਦਾ ਸੀ ਜਾ ਵੜਿਆ ਹੋਵੇਗਾ ਉਤਲੀ ਦਰਗਾਹ 'ਚ....।'' ਸਾਰੇ ਹੱਸਣ ਲੱਗੇ। ਹੁਣ ਜਦੋਂ ਮੈਂ ਦੂਰਦਰਸ਼ਨ ਕੇਂਦਰ  ਜਲੰਧਰ ਵਲੋਂ ਬਾਪੂ ਜੀ ਬਾਰੇ ਬਣਾਇਆ ਇਹ ਦਸਤਾਵੇਜ਼ੀ ਫੀਚਰ ਦੇਖ ਰਿਹਾ ਹਾਂ ਤਾਂ ਸੌ ਪ੍ਰਤੀਸ਼ਤ ਆਸ ਪੱਕੀ ਕਰੀ ਬੈਠਾ ਹਾਂ ਕਿ ਮੇਰੀਆਂ ਲਿਖੀਆਂ ਪੁਸਤਕ ਦਾ ਜ਼ਿਕਰ ਕੋਈ ਨਾ ਕੋਈ ਲਾਜ਼ਮੀ ਕਰੇਗਾ। ਪਰ ਨਹੀਂ... ਫ਼ੀਚਰ ਮੁੱਕ ਗਿਆ। ਖ਼ਬਰਾਂ ਸ਼ੁਰੂ ਹੋ ਗਈਆਂ ਨੇ, ਮੈਂ ਉਦਾਸ ਹੋ ਜਾਂਦਾ ਹਾਂ। (ਚਲਦਾ)

17 Oct. 2018