ਰੁੱਤ 'ਵਾਅਦੇ ਕਰਨ' ਦੀ ਆਈ .. - ਸ਼ਿੰਦਰ ਸਿੰਘ ਮੀਰਪੁਰੀ


- ਆਉਣ ਵਾਲੀ 10 ਮਈ ਨੂੰ ਲੋਕ ਸਭਾ ਹਲਕਾ ਜਲੰਧਰ ਦੇ ਵੋਟਰਾਂ ਵੱਲੋਂ ਆਪਣੇ ਵੋਟ ਦਾ ਇਸਤੇਮਾਲ ਕਰ ਕੇ ਆਪਣਾ ਨਵਾਂ ਮੈਂਬਰ ਪਾਰਲੀਮੈਂਟ ਚੁਣਨ ਦਾ ਰਾਹ ਪੱਧਰਾ ਕਰਨਾ ਹੈ । ਕਿਉਂਕਿ ਕਿਉਂਕਿ ਓੱਥੋਂ ਮੌਜੂਦਾ ਕਾਂਗਰਸੀ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੀ ਮੌਤ ਹੋ ਚੁੱਕੀ ਹੈ । ਹੁਣ ਵੋਟਾਂ ਪੈਣ ਵਾਲੇ ਦਿਨ ਤੋਂ 2 ਦਿਨ ਪਹਿਲਾਂ ਤਕ ਪੰਜਾਬ ਦੀਆਂ ਸਾਰੀਆਂ ਹੀ ਰਾਜਸੀ ਧਿਰਾਂ ਵੱਲੋਂ ਚੋਣ ਅਖਾੜੇ ਦੇ ਵਿੱਚ ਕੁੱਦ ਕੇ ਵਾਅਦਿਆਂ ਅਤੇ ਦੇ ਲਾਰਿਆਂ ਦੀ ਰਾਜਨੀਤੀ ਰਾਹੀਂ ਆਪਣੀ 'ਸੱਤਾ ਦੇ ਸੂਰਜ' ਨੂੰ ਚਮਕਾਉਣ ਦਾ ਯਤਨ ਕੀਤਾ ਜਾਵੇਗਾ ਇਹ ਵੱਖਰੀ ਗੱਲ ਹੈ ਕਿ ਸਿਆਸੀ ਆਗੂਆਂ ਦੇ ਕੀਤੇ ਵਾਅਦੇ, ਦਾਅਵਿਆਂ ਦੇ ਰੂਪ ਵਿੱਚ ਬਦਲਦੇ ਹਨ ਜਾਂ ਨਹੀਂ । ਸੱਤਾਧਾਰੀ ਧਿਰ ਆਪ , ਕਾਂਗਰਸ, ਅਕਾਲੀ ਦਲ ਭਾਜਪਾ, ਆਦਿ ਵਲੋਂ ਜਿੱਤ ਦੀ ਸਿਰਤੋੜ ਕੋਸ਼ਿਸ਼ ਕੀਤੀ ਜਾਵੇਗੀ ।
                           ਹਰ ਵਾਰ ਦੀ ਤਰ੍ਹਾਂ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਭਰਮਾਉਣ ਅਤੇ ਵੋਟਾਂ ਬਟੋਰਨ ਦੇ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਕੇ 'ਆਪਣੇ ਪਾਲ਼ੇ' ਵਿਚ ਖਿੱਚਣ ਦੀ ਸਿਰਤੋੜ ਕੋਸ਼ਿਸ਼ ਕੀਤੀ ਜਾਵੇਗੀ । ਸਿਆਸੀ ਧਿਰਾਂ ਵੱਲੋਂ 'ਸੱਤਾ ਦਾ ਸੁਆਦ' ਮਾਨਣ ਦੇ ਲਈ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਦਿਆਂ ਧੂੰਆਧਾਰ ਤਕਰੀਰਾਂ ਕਰਕੇ ਉਨ੍ਹਾਂ ਨੂੰ ਆਪਣੇ ਨੇੜੇ ਲਿਆਉਣ ਦਾ ਯਤਨ ਵੱਡੀ ਪੱਧਰ ਤੇ ਕੀਤਾ ਜਾ ਰਿਹਾ ਹੈ । ਪੰਜਾਬ ਦੇ ਲੋਕਾਂ ਦੇ ਅਸਲੀ ਦਿਲਾਂ ਦੇ ਦਰਦ ਨੂੰ ਕਿਸੇ ਵੀ ਪਾਰਟੀ ਵੱਲੋਂ ਸਮਝਣ ਦਾ ਯਤਨ ਹੀ ਕੀਤਾ ਨਹੀਂ ਕੀਤਾ ਜਾ ਰਿਹਾ ਜਾਂ ਜਾਣ- ਬੁੱਝ ਕੇ ਉਸ ਨੂੰ ਅਣਗੌਲਿਆਂ ਕਰਨ ਦੀ ਕਵਾਇਦ ਤੇਜ਼ ਹੋ ਚੁੱਕੀ ਵਿਖਾਈ ਦਿੰਦੀ ਹੈ । ਇਸ ਆਲਮ ਦੇ ਕਾਰਨ ਚਾਰੇ ਪਾਸੇ ਸੰਨਾਟਾ ਛਾਇਆ ਵਿਖਾਈ ਦਿੰਦਾ ਹੈ ਸਿਵਾਏ ਸਿਆਸੀ ਰਾਮ ਰੌਲੇ ਦੇ  ।
                           ‎ਕਰਜ਼ੇ ਦੇ ਵਿੱਚ ਧੁਰ ਅੰਦਰ ਤਕ ਡੁੱਬ ਚੁੱਕੇ ਪੰਜਾਬ ਦੇ ਵਾਸੀਆਂ ਨੂੰ ਕੇਵਲ ਮੁਫ਼ਤ ਖੋਰੀ ਅਤੇ ਲਾਲਚ ਦੇ ਘਨੇੜੇ ਚੜ੍ਹ ਕੇ ਵੋਟਾਂ ਭੁਗਤਾਉਣ ਦੀਆਂ ਕੀਤੀਆਂ ਜਾ ਰਹੀਆਂ ਬੇਨਤੀਆਂ ਨਿੱਜੀ ਹਿੱਤਾਂ ਦੀ ਪੂਰਤੀ ਤਾਂ ਕਰ ਸਕਦੀਆਂ ਹਨ ਪਰ ਪੰਜਾਬ ਦਾ ਭਲਾ ਕਦੇ ਵੀ ਨਹੀਂ ਕਰ ਸਕਦੀਆਂ । ਹੈਰਾਨੀ ਦੀ ਹੱਦ ਹੋ ਚੁੱਕੀ ਹੈ ਕਿ ਪੰਜਾਬ ਦੇ ਵਾਸੀਆਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਦੀ ਬਜਾਏ ਮੁਫ਼ਤਖੋਰੀ ਦਾ 'ਜਾਮ' ਪਿਆ ਕੇ 'ਪੰਜਾਬੀਆਂ ਦੀ ਗ਼ੈਰਤ ਨੂੰ ਲਾਲਚ ਦੇ ਆਟੇ ਵਿੱਚ ਗੁੰਨ੍ਹ ਕੇ ਸਿਆਸੀ ਚੁੱਲ੍ਹੇ ਉੱਤੇ ਰਾੜ੍ਹਿਆ' ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਪਾਸਿਓਂ ਸਹੀ ਨਹੀਂ ਠਹਿਰਾਇਆ ਜਾ ਸਕਦਾ । ਚਾਰੇ ਪਾਸੇ ਨਿਗ੍ਹਾ ਮਾਰਦਿਆਂ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਮੁਫ਼ਤਖੋਰੀ ਅਤੇ ਲਾਲਚ ਦੇ ਸਿਰ ਤੇ ਆਪਣੀ ਸਰਕਾਰ ਦੀ ਸਥਾਪਤੀ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ । ਕਦੇ-ਕਦੇ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਪੰਜਾਬ ਦੇ ਰਾਜਸੀ ਨੇਤਾ ਮੁਫ਼ਤਖੋਰੀ-ਮੁਫ਼ਤਖੋਰੀ ਦੀ ਖੇਡ ਖੇਡ ਰਹੇ ਹੋਣ । ਪਰ ਇਹ ਕੋਈ ਨਹੀਂ ਸੋਚਦਾ ਕਿ ਇਨ੍ਹਾਂ ਕੁਝ ਮੁਫ਼ਤ ਦਾ ਦੇਣ ਦੇ ਲਈ ਪੈਸਾ ਕਿੱਥੋਂ ਆਵੇਗਾ ।
                           ‎ਪੰਜਾਬ ਦੀ ਸਿਆਸਤ ਇਸ ਵੇਲੇ ਬਾਂਦਰਕੀਲੇ ਦਾ ਅਖਾੜਾ ਬਣੀ ਨਜ਼ਰ ਆਉਂਦੀ ਹੈ ਜੋ ਵੀ ਸਿਆਸੀ ਨੇਤਾ ਸੱਚ ਅਤੇ ਹੱਕ ਦੀ ਗੱਲ ਕਰਦਾ ਹੈ ਉਸ ਦੇ ਪਿੱਛੇ ਬਾਕੀ ਸਿਆਸੀ ਧਿਰਾਂ ਦੇ ਆਗੂ ਹੱਥ ਧੋ ਕੇ ਪੈ ਜਾਂਦੇ ਹਨ । ਜੋ ਪੰਜਾਬ ਦੇ ਮੁੱਦੇ ਚੁੱਕ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਹੈ ਉਸ ਦੀ ਗੱਲ ਨੂੰ ਰੋਲ ਘਚੋਲੇ ਵਿੱਚ ਰੌਂਦ ਦੇਣਾ ਅੱਜ ਦੇ ਸਿਆਸੀ ਨੇਤਾਵਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ । ਇਸ ਦੇ ਮੁਕਾਬਲੇ ਤੇ ਜੋ ਸਿਆਸੀ ਆਗੂ ਝੂਠ ਦੀ ਪੰਡ ਲੈ ਕੇ ਰਾਜਨੀਤੀ ਦੇ ਬਾਜ਼ਾਰ ਵਿੱਚ ਵੇਚਣ ਨਿਕਲਦਾ ਹੈ ਉਸ ਦਾ ਝੂਠ 'ਸਾਝਰੇ' ਹੀ ਵਿਕ ਜਾਣਾ ਆਮ ਗੱਲ ਬਣ ਚੁੱਕੀ ਹੈ । ਮੇਰੇ ਖਿਆਲ ਮੁਤਾਬਕ ਜੋ ਸਿਆਸੀ ਆਗੂ ਸੱਤ ਦਹਾਕਿਆਂ ਤਕ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੀਆਂ ਮੁੱਖ ਲੋੜਾਂ ਪੂਰੀਆਂ ਨਹੀਂ ਕਰ ਸਕੇ ਉਨ੍ਹਾਂ ਤੋਂ ਆਸ ਰੱਖਣੀ ਨਾਮੁਮਕਿਨ ਹੈ । ਸਿੱਖਿਆ, ਭ੍ਰਿਸ਼ਟਾਚਾਰ ਅਤੇ ਵਿਕਾਸ ਨਾਂ ਦੇ ਸ਼ਬਦਾਂ ਨੂੰ ਸੁਣ-ਸੁਣ ਕੇ ਦੇਸ਼ ਦੇ ਵਾਸੀ ਅੱਕ ਚੁੱਕੇ ਹਨ । ਪਰ ਸਿਤਮ ਦੀ ਗੱਲ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਬਦਲ ਕੁਝ ਵੀ ਨਹੀਂ ਰਿਹਾ ।
                           ‎ਹੁਣ ਫੇਰ ਲਗਾਤਾਰ ਕਈ ਦਿਨ ਵੋਟਰਾਂ ਨੂੰ ਵੱਡੇ-ਵੱਡੇ ਵਾਅਦੇ ਸੁਣਨ ਨੂੰ ਮਿਲਣਗੇ ਅਤੇ ਲਾਰਿਆਂ ਦੀਆਂ ਪੰਡਾਂ ਪੰਜਾਬ ਵਾਸੀਆਂ ਦੇ ਸਿਰ ਤੇ ਰੱਖ ਕੇ ਨੇਤਾ ਲੋਕ ਅਗਲੇ ਸਾਲਾਂ ਲਈ ਰਫੂਚੱਕਰ ਹੋ ਜਾਣਗੇ । ਵਿਕਾਸ ਅਤੇ ਸਿੱਖਿਆ ਦੇ ਤੰਤਰ ਨੂੰ ਮਜ਼ਬੂਤ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀਆਂ ਟਾਹਰਾਂ ਮਾਰੀਆਂ ਜਾਣਗੀਆਂ , ਸੂਬੇ ਨੂੰ ਕਰਜ਼ਾ ਮੁਕਤ ਕਰਕੇ ਨਵੀਂ ਵਿਉਂਤਬੰਦੀ ਰਾਹੀਂ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਵਾਅਦੇ ਕੀਤੇ ਜਾਣਗੇ । ਵੋਟਰਾਂ ਨੂੰ ਸਭ ਕੁਝ ਫ੍ਰੀ ਦੇਣ ਦੀ ਰਣਨੀਤੀ ਰਾਹੀਂ 'ਸਿਆਸੀ ਗੇਂਦ' ਨੂੰ ਆਪਣੇ ਪਾਲ਼ੇ ਵਿਚ ਕਰਨ ਦਾ ਕਰਨ ਦੇ ਲਈ ਹਰ ਪੱਥਰ ਪਲਟਾਇਆ ਜਾਵੇਗਾ । ਪਰ ਸਿਆਸੀ ਆਗੂਆਂ ਵੱਲੋਂ ਕੀਤੇ ਵਾਅਦੇ ਹਕੀਕਤ ਵਿੱਚ ਬਦਲ ਜਾਣਗੇ ਇਸ ਵਾਰੇ ਕੁਝ ਨਹੀਂ ਕਿਹਾ ਜਾ ਸਕਦਾ । ਸੋ ਵੋਟ ਪਾਉਣ ਤੋਂ ਪਹਿਲਾਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਇੱਕ ਸੁਆਲ ਤਾਂ ਜ਼ਰੂਰ ਕਰਨਾ ਬਣਦਾ ਹੈ ਕਿ ਜੇਕਰ ਤੁਸੀਂ ਹਰ ਪੰਜਾਂ ਸਾਲਾਂ ਬਾਅਦ ਹਰ ਮੁੱਦੇ ਤੇ ਇੰਨੇ ਵਾਅਦੇ ਅਤੇ ਦਾਅਵੇ ਕਰਦੇ ਹੋ ਕਿ ਅਸੀਂ ਆਹ ਕਰ ਦਿੱਤਾ, ਅਸੀਂ ਅੌਹ ਕਰ ਦਿੱਤਾ ਤਾਂ ਸਾਡੇ ਰੰਗਲੇ ਪੰਜਾਬ ਦੀ ਇਸ ਦੁਰਦਸ਼ਾ ਲਈ ਜ਼ਿੰਮੇਵਾਰ ਕੌਣ ਹੈ ਅਤੇ ਇਸ ਦੇ ਕਾਰਨ ਕੀ ਹਨ ਇਸ ਨੂੰ ਹੱਲ ਕਰਨ ਦੇ ਲਈ ਤੁਹਾਡੇ ਕੋਲ ਕੀ 'ਗਿੱਦੜਸਿੰਗੀ' ਹੈ । ਇਹ ਸਵਾਲ ਹਰ ਵੋਟਰ ਦੀ ਜ਼ੁਬਾਨ ਤੇ ਲਾਜ਼ਮੀ ਹੈ । ਚੰਗਾ ਹੋਵੇ ਤਬਾਹ ਹੋ ਰਹੇ ਪੰਜਾਬ ਦੇ ਪੰਜਾਬ ਨੂੰ ਬਚਾਉਣ ਦੇ ਲਈ ਸਾਰੀਆਂ ਹੀ ਸਿਆਸੀ ਧਿਰਾਂ ਸੱਚੇ-ਮਨੋਂ ਪਹਿਲ ਕਰਨ ਤਾਂ ਸੱਚ ਦਾ ਸੂਰਜ ਚਮਕ ਸਕਦਾ ਹੈ । ਨਹੀਂ ਤਾਂ ਹਰ ਵਾਰ ਦੀਆਂ ਚੋਣਾਂ ਨੂੰ ਕੇਵਲ ਵਾਅਦੇ ਵੇਚਣ ਦੀ ਰੁੱਤ ਹੀ ਆਖ ਸਕਦੇ ਹਾਂ ।
               ਸ਼ਿੰਦਰ ਸਿੰਘ ਮੀਰਪੁਰੀ
              ਫਰਿਜ਼ਨੋ ਅਮਰੀਕਾ
           5592850841