ਇਸ ਤਰ੍ਹਾਂ ਸ਼ਹੀਦ ਹੋਇਆ ਸੁਕਰਾਤ - ਗੁਰਚਰਨ ਸਿੰਘ ਨੂਰਪੁਰ

ਸੁਕਰਾਤ ਨੇ ਦੁਨੀਆ ਭਰ ਦੇ ਲੋਕਾਂ ਨੂੰ ਸੰਵਾਦ ਰਚਾਉਣ ਦੀ ਜਾਂਚ ਦੱਸੀ। ਉਹ ਦੁਨੀਆ ਦਾ ਬਹੁਤ ਸਿਆਣਾ ਮਨੁੱਖ ਸੀ ਜਿਸ ਨੇ ਦਲੀਲਪੂਰਨ ਢੰਗ ਨਾਲ ਪ੍ਰਚੱਲਿਤ ਪ੍ਰਾਚੀਨ ਧਾਰਨਾਵਾਂ ਨੂੰ ਰੱਦ ਕੀਤਾ। ਮੌਤ ਦੀ ਅੱਖ ਵਿੱਚ ਅੱਖ ਪਾ ਕੇ ਜਿਉਣ ਅਤੇ ਪੁਰਾਤਨ ਰੂੜੀਵਾਦ ਨੂੰ ਕਟਹਿਰੇ ਵਿੱਚ ਖੜ੍ਹੇ ਕਰਨ ਵਾਲੀ ਤਾਕਤ ਦਾ ਪ੍ਰਤੀਕ ਹੈ ਸੁਕਰਾਤ। ਸੰਨ 470 ਈ. ਪੂਰਵ ਨੂੰ ਪੈਦਾ ਹੋਇਆ ਸੁਕਰਾਤ ਵਿਦਿਆਰਥੀ ਬਣਕੇ ਦੁਨੀਆ ਵਿੱਚ ਵਿਚਰਿਆ ਅਤੇ ਆਪਣੀ ਸ਼ਹਾਦਤ ਤੱਕ ਵੀ ਉਹ ਇੱਕ ਵਿਦਿਆਰਥੀ ਦੀ ਹੈਸੀਅਤ ਵਿੱਚ ਸੀ। ਉਸ ਦੀ ਇਸੇ ਖੂਬੀ ਨੇ ਉਸ ਨੂੰ ਸਾਰੀ ਦੁਨੀਆ ਵਿੱਚ ਮਸ਼ਹੂਰ ਕਰ ਦਿੱਤਾ। ਜਦੋਂ ਉਹ ਗਿਆਨ ਅਤੇ ਸੱਚ ਨੂੰ ਪਹੁੰਚਿਆ, ਜਦੋਂ ਯੂਨਾਨ ਵਿੱਚ ਉਸ ਦਾ ਬੜਾ ਨਾਂ ਸੀ ਤਾਂ ਇੱਕ ਦਿਨ ਉਹਨੇ ਆਪਣੇ ਚੇਲਿਆਂ ਨੂੰ ਕਿਹਾ ‘‘ਜਾਓ! ਸਾਰੇ ਏਥਨਜ਼ ਵਿੱਚ ਪ੍ਰਚਾਰ ਦਿਓ ਕਿ ਸੁਕਰਾਤ ਜਿੰਨਾ ਵੱਡਾ ਹੋਰ ਕੋਈ ਅਗਿਆਨੀ ਨਹੀਂ ਹੈ।’’ ਅਜਿਹਾ ਕਰਕੇ ਉਹ ਸੰਸਾਰ ਨੂੰ ਸਮਝਣ/ਜਾਣਨ ਦੀ ਤੀਬਰ ਇੱਛਾ ਦਾ ਪ੍ਰਤੀਕ ਬਣਕੇ ਦੁਨੀਆ ਵਿੱਚ ਮਸ਼ਹੂਰ ਹੋਇਆ।
ਸੁਕਰਾਤ ਦਾ ਬਾਪ ਬੁੱਤਘਾੜਾ ਸੀ। ਮਾਂ ਦਾਈ ਦਾ ਕੰਮ ਕਰਦੀ ਸੀ। ਬਚਪਨ ਵਿੱਚ ਸੁਕਰਾਤ ਆਪਣੇ ਪਿਤਾ ਨੂੰ ਬੁੱਤ ਬਣਾਉਂਦੇ ਦੇਖਦਾ ਤੇ ਹੈਰਾਨ ਹੁੰਦਾ ਤੇ ਕਲਾ ਸਬੰਧੀ ਸਵਾਲ ਖੜ੍ਹੇ ਕਰਦਾ। ਉਹ ਹੋਰ ਕਲਾਵਾਂ ਨਾਲ ਕੰਮ ਕਰਦੇ ਵਸਤਾਂ ਪੈਦਾ ਕਰਦੇ ਲੋਕਾਂ ਨੂੰ ਦੇਖਦਾ ਤਾਂ ਸੋਚਦਾ ਕਿ ਵਸਤਾਂ ਕਿੱਥੋਂ ਆਉਂਦੀਆਂ ਹਨ। ਉਹ ਘੁੰਮਿਆਰ ਨੂੰ ਘੜੇ ਬਣਾਉਂਦਿਆਂ ਘੰਟਿਆਂ ਬੱਧੀ ਦੇਖਦਾ ਰਹਿੰਦਾ। ਮਿੱਟੀ ਤੋਂ ਭਾਡਾਂ ਬਣੀ ਵਸਤੂ ਨੂੰ ਦੇਖ ਕੇ ਘੁੰਮਿਆਰ ਨੂੰ ਪੁੱਛਦਾ ਕਿ ਇਹ ਵਸਤੂ ਜੋ ਕੁਝ ਸਮਾਂ ਪਹਿਲਾਂ ਮਿੱਟੀ ਦੇ ਰੂਪ ਵਿੱਚ ਸੀ ਕਿੱਥੋਂ ਆਈ ਹੈ? ਆਪਣੀ ਸਮਝ ਨਾਲ ਉਹ ਕਿਆਸ ਕਰਦਾ ਕਿ ਇਹ ਵਸਤੂ ਮਨੁੱਖ ਦੀ ਚੇਤਨਾ ਤੋਂ ਪ੍ਰਗਟ ਹੋਈ ਹੈ ਅਤੇ ਚੇਤਨਾ ਨੂੰ ਵਿਸਥਾਰ ਦੇਣ ਲਈ ਗਿਆਨ ਬੜਾ ਜ਼ਰੂਰੀ ਹੈ। ਘੁੰਮਿਆਰ ਉਸ ਦੇ ਸਵਾਲਾਂ ਦੇ ਸਹੀ ਜਵਾਬ ਨਾ ਦੇ ਸਕਦਾ। ਗਿਆਨ ਦੀ ਤਲਾਸ਼ ਵਿੱਚ ਉਹ ਹਰ ਤਰ੍ਹਾਂ ਦੇ ਲੋਕਾਂ ਨਾਲ ਸੰਵਾਦ ਕਰਦਾ। ਹਜ਼ਾਰਾਂ ਦੀ ਤਾਦਾਦ ਵਿੱਚ ਨੌਜੁਆਨ ਉਸ ਦੇ ਮੁਰੀਦ ਹੋ ਗਏ। ਉਹ ਜਿੱਧਰ ਜਾਂਦਾ ਚੇਲਿਆਂ ਦੀ ਇੱਕ ਵੱਡੀ ਜਮਾਤ ਉਹਦੇ ਮਗਰ ਹੁੰਦੀ। ਸੁਕਰਾਤ ਜਿੱਥੇ ਖੜ੍ਹ ਕੇ ਬੋਲਦਾ ਲੋਕਾਂ ਦੀ ਭੀੜ ਉਸ ਦੁਆਲੇ ਇਕੱਠੀ ਹੋ ਜਾਂਦੀ। ਉਹ ਸਿਆਣੇ ਮਨੁੱਖਾਂ ਨਾਲ ਸੰਵਾਦ ਕਰਦਾ, ਸਵਾਲ ਉਠਾਉਂਦਾ। ਉਸ ਦੇ ਕੁਝ ਚੇਲੇ ਦੁਨੀਆ ਦੇ ਬੜੇ ਨਾਮੀ ਫਿਲਾਸਫਰ ਬਣੇ। ਪਲੈਟੋ ਵੀ ਇਨ੍ਹਾਂ ’ਚੋਂ ਇੱਕ ਸੀ ਜੋ ਅਫਲਾਤੂਨ ਦੇ ਨਾਮ ਨਾਲ ਵੀ ਮਸ਼ਹੂਰ ਹੋਇਆ। ਸੁਕਰਾਤ ਦੇ ਗਿਆਨ ਨੂੰ ਲਿਖਤੀ ਰੂਪ ਦੇਣ ਵਾਲਾ ਵੀ ਇਹੋ ਪਲੈਟੋ ਨਾਮ ਦਾ ਵਿਦਵਾਨ ਹੀ ਸੀ। ਸੁਕਾਰਤ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਪਲੈਟੋ ਨੇ ਦੁਨੀਆ ਭਰ ਦੀ ਰਾਜਨੀਤੀ ਸਬੰਧੀ ਉਸ ਸਮੇਂ ਬੜੇ ਦਲੀਲ ਪੂਰਨ ਵਿਚਾਰ ਦਿੱਤੇ। ਸੁਕਰਾਤ ਨਾਲ ਪਲੈਟੋ ਦੀ ਮਿਲਣੀ ਵੀ ਬੜੀ ਵਿਲੱਖਣ ਸੀ। ਇੱਕ ਦਿਨ ਸੁਕਰਾਤ ਆਪਣੇ ਚੇਲਿਆਂ ਨਾਲ ਇੱਕ ਨਗਰ ’ਚੋਂ ਲੰਘ ਰਿਹਾ ਸੀ ਕਿ ਉਸ ਦਾ ਸਾਹਮਣਾ ਪਲੈਟੋ ਨਾਲ ਹੋਇਆ। ਪਹਿਲੀ ਮਿਲਣੀ ਦੌਰਾਨ ਹੀ ਸੁਕਰਾਤ ਨੇ ਰੋਕ ਕੇ ਉਸ ਨੂੰ ਪੁੱਛਿਆ, “ਤੈਨੂੰ ਨੇਕੀ ਅਤੇ ਗਿਆਨ ਦੇ ਮਦਰੱਸੇ ਦਾ ਪਤਾ ਹੈ?”
      ਪਲੈਟੋ ਜੋ ਉਦੋਂ ਭਰ ਜਵਾਨ ਸੀ ਅਤੇ ਉਸ ਨੇ ਸੁਕਰਾਤ ਦਾ ਨਾਮ ਸੁਣਿਆ ਹੋਇਆ ਸੀ, ਉਹ ਬੋਲਿਆ, “ਨਹੀਂ ਮਹਾਰਾਜ ਮੈਂ ਤਾਂ ਆਪ ਗਿਆਨ ਦੀ ਤਲਾਸ਼ ਵਿੱਚ ਹਾਂ।” ਸੁਕਰਾਤ ਨੇ ਆਪਣੇ ਚੇਲਿਆਂ ਨੂੰ ਸੰਬੋਧਤ ਹੁੰਦਿਆਂ ਕਿਹਾ, “ਮੈਨੂੰ ਇਹੋ ਜਿਹੇ ਹੰਸਾਂ ਦੀ ਲੋੜ ਹੈ ਜੋ ਗਿਆਨ ਦੀ ਤਲਾਸ਼ ਵਿੱਚ ਫਿਰ ਰਹੇ ਹੋਣ।” ਪਲੈਟੋ ਸੁਕਰਾਤ ਤੋਂ ਬੜਾ ਪ੍ਰਭਾਵਿਤ ਹੋਇਆ। ਜਵਾਨੀ ਦੀ ਉਮਰ ਵਿੱਚ ਉਸ ਨੇ ਗਿਆਨ ਪ੍ਰਾਪਤੀ ਨੂੰ ਆਪਣਾ ਮਿਸ਼ਨ ਬਣਾ ਲਿਆ। ਸ਼ਕਲ ਸੂਰਤ ਤੋਂ ਸੁਕਰਾਤ ਭਾਵੇਂ ਸੋਹਣਾ ਨਹੀਂ ਸੀ, ਪਰ ਆਪਣੇ ਵਿਚਾਰਾਂ ਦੀ ਸ਼ਕਤੀ ਨਾਲ ਉਹ ਸੋਚ ਵਿਚਾਰ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਕੀਲ ਲੈਣ ਦੀ ਤਾਕਤ ਰੱਖਦਾ ਸੀ। ਸੁਕਰਾਤ ਦੀ ਪ੍ਰਸਿੱਧੀ ਯੂਨਾਨ ਵਿੱਚ ਦੂਰ ਦੂਰ ਤੱਕ ਫੈਲ ਗਈ। ਕਰਮਕਾਂਡ ਕਰਨ ਵਾਲੀ ਪੁਜਾਰੀ ਜਮਾਤ ਉਸ ਨਾਲ ਈਰਖਾ ਕਰਨ ਲੱਗ ਪਈ। ਇੱਕ ਦਿਨ ਜਦੋਂ ਉਹ ਆਪਣੇ ਬਹੁਤ ਸਾਰੇ ਚੇਲਿਆਂ ਵਿੱਚ ਬੈਠਾ ਗਿਆਨ ਦੀਆਂ ਗੱਲਾਂ ਕਰ ਰਿਹਾ ਸੀ ਤਾਂ ਇੱਕ ਭਵਿੱਖ ਦੱਸਣ ਵਾਲਾ ਜੋਤਸ਼ੀ ਆ ਕੇ ਉਸ ਨੂੰ ਬੁਰਾ ਭਲਾ ਬੋਲਣ ਲੱਗ ਪਿਆ। ਉਸ ਨੇ ਸੁਕਰਾਤ ਦੇ ਚੇਲਿਆਂ ਨੂੰ ਸੰਬੋਧਤ ਹੁੰਦਿਆਂ ਕਿਹਾ, “ਜਿਸ ਬੰਦੇ ਨੂੰ ਤੁਸੀਂ ਗੁਰੂ ਮੰਨੀਂ ਬੈਠੇ ਹੋ ਇਸ ਦੇ ਨੱਕ ਤੋਂ ਪਤਾ ਚੱਲਦਾ ਹੈ ਕਿ ਇਹ ਕਰੋਧੀ ਹੈ। ਇਸ ਦੇ ਸਿਰ ਦੀ ਬਣਾਵਟ ਦੱਸਦੀ ਹੈ ਕਿ ਇਹ ਲਾਲਚੀ ਅਤੇ ਸਨਕੀ ਕਿਸਮ ਦਾ ਬੰਦਾ ਹੈ। ਇਸ ਦੇ ਬੁੱਲ੍ਹ ਤੋਂ ਪਤਾ ਚੱਲਦਾ ਹੈ ਕਿ ਇਹ ਆਉਣ ਵਾਲੇ ਸਮੇਂ ਵਿੱਚ ਦੇਸ਼ ਧ੍ਰੋਹੀ ਹੋਵੇਗਾ।” ਸੁਕਰਾਤ ਬਾਰੇ ਅਜਿਹੇ ਸ਼ਬਦ ਸੁਣ ਕੇ ਉਸ ਦੇ ਚੇਲੇ ਜੋਤਸ਼ੀ ਨੂੰ ਮਾਰਨ ਵਧੇ, ਪਰ ਸੁਕਰਾਤ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਹਨੇ ਜੋਤਸ਼ੀ ਨੂੰ ਸਤਿਕਾਰ ਸਹਿਤ ਵਿਦਾ ਕਰਦਿਆਂ ਕਿਹਾ ‘ਤੁਹਾਡਾ ਧੰਨਵਾਦ ਤੁਸੀਂ ਮੇਰੀ ਸਰੀਰਿਕ ਭਾਸ਼ਾ ਪੜ੍ਹੀ।’ ਇੱਕ ਚੇਲੇ ਨੇ ਸੁਕਰਾਤ ਨੂੰ ਪੁੱਛਿਆ “ਜੋਤਸ਼ੀ ਜੋ ਬਕਵਾਸ ਕਰ ਰਿਹਾ ਸੀ ਕੀ ਉਹ ਸੱਚ ਹੈ? ਤੁਸੀਂ ਉਹੋ ਜਿਹੇ ਹੋ ਜਿਹੋ ਉਹ ਦੱਸ ਰਿਹਾ ਸੀ?” ਸੁਕਾਰਤ ਨੇ ਜਵਾਬ ਦਿੱਤਾ “ਸ਼ਕਲ ਸ਼ੂਰਤ ਤੋਂ ਮੈਂ ਅਜਿਹਾ ਹੀ ਹਾਂ ਜਿਹਾ ਕਿ ਉਹ ਬੋਲ ਰਿਹਾ ਸੀ, ਪਰ ਇਸ ਵਿਅਕਤੀ ਨੇ ਸਿਰਫ਼ ਮੇਰੀ ਦੇਹ ਭਾਸ਼ਾ ਪੜ੍ਹੀ ਹੈ। ਇਸ ਨੇ ਮੇਰੇ ਵਿਵੇਕ ਦੀ ਸ਼ਕਤੀ ’ਤੇ ਧਿਆਨ ਨਹੀਂ ਦਿੱਤਾ ਜਿਸ ਨਾਲ ਮੈਂ ਆਪਣੇ ਵਿਕਾਰਾਂ ਨੂੰ ਕਾਬੂ ਵਿੱਚ ਰੱਖਿਆ ਹੋਇਆ ਹੈ।”
      ਉਸ ਦੀ ਪਹਿਲੀ ਘਰਵਾਲੀ ਦੀ ਮੌਤ ਹੋ ਗਈ ਤਾਂ ਵੱਡੀ ਉਮਰ ਵਿੱਚ ਉਸ ਦਾ ਜੀਨੀ ਨਾਮ ਦੀ ਔਰਤ ਨਾਲ ਦੁਬਾਰਾ ਵਿਆਹ ਹੋਇਆ ਜੋ ਉਸ ਤੋਂ 20 ਸਾਲ ਛੋਟੀ ਸੀ। ਜੀਨੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਬੜੀ ਲੜਾਕੀ ਔਰਤ ਸੀ। ਉਹ ਸੁਕਰਾਤ ਦੇ ਚੇਲਿਆਂ ਨੂੰ ਵੀ ਬੁਰਾ ਭਲਾ ਬੋਲਦੀ ਕਿ, “ਕੀ ਤੁਸੀਂ ਇਸ ਬੰਦੇ ਦੇ ਹਰ ਵੇਲੇ ਮਗਰ ਲੱਗੇ ਰਹਿੰਦੇ ਹੋ। ਇਹਨੂੰ ਤਾਂ ਆਪਣੇ ਘਰ ਚਲਾਉਣ ਦਾ ਵੀ ਪਤਾ ਨਹੀਂ? ਤੁਹਾਨੂੰ ਇਹ ਕੀ ਸਿਖਾ ਦੇਵੇਗਾ?” ਸੁਕਰਾਤ ਦੇ ਚੇਲੇ ਜੀਨੀ ਦੀ ਸ਼ਿਕਾਇਤ ਅਕਸਰ ਉਸ ਕੋਲ ਕਰਦੇ ਤਾਂ ਉਹ ਆਪਣੇ ਚੇਲਿਆਂ ਨੂੰ ਕਹਿੰਦਾ, “ਤੁਸੀਂ ਤਾਂ ਦੋ ਪਲ ਆਏ ਤੇ ਚਲੇ ਗਏ, ਉਸ ਬੰਦੇ (ਸੁਕਰਾਤ) ਦਾ ਜ਼ੇਰਾ ਵੇਖੋ ਜੋ ਉਸ ਨਾਲ ਰਹਿ ਰਿਹਾ ਹੈ।” ਸੁਕਰਾਤ ਆਪਣੀ ਪਤਨੀ ਬਾਰੇ ਅਕਸਰ ਕਿਹਾ ਕਰਦਾ ਸੀ ਕਿ ਜਦੋਂ ਉਹ ਗੁੱਸੇ ਵਿੱਚ ਹੁੰਦੀ ਹੈ ਤਾਂ ਮੈਂ ਆਪਣੇ ਸਬਰ ਦੇ ਜ਼ਬਤ ਨੂੰ ਪਰਖਦਾ ਹਾਂ। ਜਦੋਂ ਉਹ ਲਾਲ ਪੀਲੀ ਅੱਗ ਬਗੋਲਾ ਹੁੰਦੀ ਹੈ ਤਾਂ ਮੈਂ ਆਪਣੀ ਸ਼ਾਂਤੀ ਦੀ ਪ੍ਰੀਖਿਆ ਲੈਂਦਾ ਹਾਂ।
      ਸੁਕਰਾਤ ਗਿਆਨ ਦਾ ਇੰਨਾ ਵੱਡਾ ਅਭਿਲਾਸ਼ੀ ਸੀ ਕਿ ਉਹ ਮੰਨਦਾ ਸੀ ਕਿ ਦੁਨੀਆ ਵਿੱਚ ਗਿਆਨ ਦੇ ਤੁਲ ਪਵਿੱਤਰ ਹੋਰ ਕੋਈ ਚੀਜ਼ ਨਹੀਂ ਹੈ। ਉਸ ਦਾ ਕਹਿਣਾ ਸੀ ਕਿ ‘ਜਿਸਮ ਦੀ ਮੌਤ ਵਿਚਾਰਾਂ ਦਾ ਖਾਤਮਾ ਨਹੀਂ ਹੁੰਦੀ। ਸਗੋਂ ਆਜ਼ਾਦੀ ਦਾ ਰਾਹ ਹੈ।’ ‘ਅਗਿਆਨਤਾ ਦਾ ਮੁਕਾਬਲਾ ਕਰਨਾ ਚਾਹੀਦਾ ਹੈ।’ ਰਾਜਨੀਤੀ ਬਾਰੇ ਉਹ ਕਿਹਾ ਕਰਦਾ ਸੀ ਕਿ “ਰਾਜਨੀਤੀ ਤਗੜਿਆਂ ਦਾ ਹੱਥ ਠੋਕਾ ਨਹੀਂ ਹੋਣੀ ਚਾਹੀਦੀ ਸਗੋਂ ਇਸ ਦਾ ਮਿਸ਼ਨ ਲੋਕ ਸੇਵਾ ਹੋਣਾ ਚਾਹੀਦਾ ਹੈ।”
       ਲਗਭਗ 24 ਸੌ ਸਾਲ ਪਹਿਲਾਂ ਅਜਿਹੇ ਵਿਚਾਰ ਪੇਸ਼ ਕਰਨੇ ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਉਸ ਸਮੇਂ ਦੁਨੀਆ ਵਿੱਚ ਬਹੁ-ਦੇਵਵਾਦ ਦੀ ਵਿਚਾਰਧਾਰਾ ’ਤੇ ਆਧਾਰਿਤ ਧਰਮ ਪ੍ਰਚੱਲਿਤ ਸੀ। ਇੱਕੋ ਇੱਕ ਰੱਬ ਦੀ ਧਾਰਨਾ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਲੋਕ ਮੀਂਹ, ਅੱਗ, ਪਾਣੀ,ਚੰਦ, ਸੂਰਜ, ਹਵਾ ਆਦਿ ਨੂੰ ਆਪਣੇ ਦੇਵਤੇ ਮੰਨਦੇ ਸਨ। ਮਨੁੱਖੀ ਸਮਝ ਦਾ ਇਹ ਇਤਿਹਾਸਕ ਦੌਰ ਲੰਮਾਂ ਸਮਾਂ ਦੁਨੀਆ ਦੇ ਲਗਭਗ ਹਰ ਖਿੱਤੇ ਵਿੱਚ ਰਿਹਾ ਹੈ। ਏਸ਼ੀਆਈ ਦੇਸ਼ਾਂ ਵਿੱਚ ਵੀ ਪੁਰਾਤਨ ਵੇਦਾਂ ਸ਼ਾਸਤਰਾਂ ਅਨੁਸਾਰ ਬਹੁਦੇਵਵਾਦ ’ਤੇ ਆਧਾਰਿਤ ਧਰਮ ਪ੍ਰਚੱਲਿਤ ਰਿਹਾ ਹੈ। ਵੱਖ ਵੱਖ ਕੁਦਰਤੀ ਸ਼ਕਤੀਆਂ ਨੂੰ ਮਨੁੱਖ ਨੇ ਵੱਖ ਵੱਖ ਦੇਵਤਿਆਂ ਵਜੋਂ ਸਥਾਪਤ ਕੀਤਾ ਅਤੇ ਉਨ੍ਹਾਂ ਦੀ ਪੂਜਾ ਵੀ ਕੀਤੀ ਜਾਂਦੀ ਸੀ। ਇਨ੍ਹਾਂ ਦੇਵਤਿਆਂ ਦੀ ਖੁਸ਼ੀ ਹਾਸਲ ਕਰਨ ਲਈ ਜਾਨਵਰਾਂ ਅਤੇ ਮਨੁੱਖਾਂ ਦੀਆਂ ਬਲੀਆਂ ਵੀ ਦਿੱਤੀਆਂ ਜਾਂਦੀਆਂ। ਸੁਕਰਾਤ ਧਰਮ ਕਰਮ ਦੇ ਨਾਮ ਹੇਠ ਹੁੰਦੀਆਂ ਅਜਿਹੀਆਂ ਵਹਿਸ਼ੀਆਨਾ ਕਾਰਵਾਈਆਂ ਦੀ ਸ਼ਰ੍ਹੇ ਬਾਜ਼ਾਰ ਮੁਖ਼ਾਲਫਤ ਕਰਦਾ। ਉਸ ਨੇ ਜਦੋਂ ਸੂਰਜ ਨੂੰ ਅੱਗ ਦਾ ਗੋਲਾ ਅਤੇ ਚੰਦ ਨੂੰ ਪੱਥਰ ਕਿਹਾ ਤਾਂ ਉਸ ਸਮੇਂ ਦੇ ਧਾਰਮਿਕ ਅਤੇ ਰਾਜਨੀਤਕ ਹਲਕਿਆਂ ਵਿੱਚ ਤਹਿਲਕਾ ਮੱਚ ਗਿਆ। ਉਸ ’ਤੇ ਨਾਸਤਿਕ ਹੋਣ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ। ਉਹ ਇੱਥੇ ਹੀ ਨਹੀਂ ਰੁਕਿਆ। ਉਸ ਸਮੇਂ ਦੀ ਨਿਆਂ ਪ੍ਰਣਾਲੀ ਨੂੰ ਉਸ ਨੇ ਆਪਣੇ ਤਰਕ ਅਤੇ ਵਿਵੇਕ ਰਾਹੀਂ ਕਟਹਿਰੇ ਵਿੱਚ ਖੜ੍ਹਾ ਕੀਤਾ। ਉਸ ਨੇ ਸਮੇਂ ਦੇ ਕਾਨੂੰਨ, ਅਦਾਲਤਾਂ ਦੀ ਕਾਰਜ ਪ੍ਰਣਾਲੀ ਨੂੰ ਸਮਝਿਆ ਤੇ ਇਨਸਾਫ਼ ਕਰਨ ਵਾਲਿਆਂ ਨੂੰ ਚੁਣੌਤੀ ਦਿੱਤੀ ਕਿ ਵੱਢੀ ਲੈ ਕੇ ਕੀਤਾ ਜਾਣ ਵਾਲਾ ਅਨਿਆਂ, ਨਿਆਂ ਕਿਵੇਂ ਹੋਇਆ?         ਸੁਕਰਾਤ ਦਾ ਸਭ ਤੋਂ ਜ਼ਿਆਦਾ ਜ਼ੋਰ ਚੰਗੇ ਕਿਰਦਾਰ ’ਤੇ ਸੀ। ਉਸ ਨੇ ਕਾਨੂੰਨ ਦੇਣ ਵਾਲਿਆਂ ਨੂੰ ਪੁੱਛਿਆ ਕਿ ਜਿਸ ਵਿਅਕਤੀ ਦਾ ਆਪਣਾ ਕਿਰਦਾਰ ਠੀਕ ਨਹੀਂ ਉਹ ਨਿਆਂ ਕਿਵੇਂ ਕਰ ਸਕੇਗਾ? ਉਹ ਆਪ ਵੀ ਉੱਚੇ ਸੁੱਚੇ ਗੁਣਾਂ ਦਾ ਧਾਰਨੀ ਸੀ। ਸ਼ਾਨੋ ਸ਼ੌਕਤ ਤਿਆਗ ਕੇ ਉਸ ਨੇ ਸਾਦਾ ਜੀਵਨ ਬਤੀਤ ਕੀਤਾ। ਉਸ ਨੇ ਦ੍ਰਿੜਤਾ ਨਾਲ ਕਿਹਾ ਕਿ ਅਸਲੀ ਖੁਸ਼ੀ ਉਦੋਂ ਹਾਸਲ ਹੁੰਦੀ ਹੈ ਜਦੋਂ ਜ਼ਿੰਦਗੀ ਨੇਕ ਕੰਮਾਂ ਵਿੱਚ ਲਾਈ ਜਾਵੇ। ਸੁਕਰਾਤ ਸਮਝਦਾ ਸੀ ਕਿ ਨੇਕੀ ਹੀ ਸਭ ਤੋਂ ਉੱਤਮ ਭਲਾਈ ਹੈ ਅਤੇ ਨੇਕ ਬਣਨਾ ਉਸ ਦਾ ਮਿਸ਼ਨ ਸੀ। ਉਸ ਨੇ ਆਪਣੇ ਸਮੇਂ ਦੌਰਾਨ ਪ੍ਰਚੱਲਿਤ ਧਰਮ, ਅਦਬ, ਕਾਨੂੰਨ, ਰਾਜਨੀਤੀ ਅਤੇ ਸਮਾਜ ਦੇ ਵਿਸ਼ਿਆਂ ’ਤੇ ਬੜੇ ਦਲੀਲ ਪੂਰਨ ਸਵਾਲ ਖੜ੍ਹੇ ਕੀਤੇ। ਜਿੱਥੇ ਉਸ ਨੇ ਸੂਰਜ ਨੂੰ ਦੇਵਤੇ ਦੀ ਥਾਂ ਅੱਗ ਦਾ ਗੋਲਾ ਕਿਹਾ ਉੱਥੇ ਅਖੌਤੀ ਧਰਮ ਦੇ ਦਾਅਵੇਦਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਬਲੀਆਂ ਨੂੰ ਉਸ ਨੇ ਮਾਨਵਤਾ ਦੀ ਤੌਹੀਨ ਕਿਹਾ। ਉਹ ਅਜਿਹੀ ਤਰਕਪੂਰਨ ਦਲੀਲਬਾਜ਼ੀ ਕਰਦਾ ਕਿ ਸੁਣਨ ਵਾਲੇ ਦੰਗ ਰਹੇ ਜਾਂਦੇ। ਅਖੀਰ ਸੰਨ 399 ਈ. ਪੂਰਵ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ’ਤੇ ਤਿੰਨ ਇਲਜ਼ਾਮ ਲਾਏ ਗਏ 1.) ਸੁਕਰਾਤ ਨੌਜੁਆਨਾਂ ਨੂੰ ਵਿਗਾੜ ਰਿਹਾ ਹੈ ਅਜਿਹਾ ਕਰਨਾ ਸਮਾਜ ਲਈ ਖਤਰਨਾਕ ਹੈ। 2.) ਉਹ ਨਾਸਤਿਕ ਹੈ। 3.) ਉਹ ਦੇਵੀ ਦੇਵਤਿਆਂ ਦੀ ਹਸਤੀ ’ਤੇ ਸ਼ੱਕ ਕਰਦਾ ਹੈ।
       ਉਸ ਸਮੇਂ ਅਜਿਹੇ ਜੁਰਮਾਂ ਦੀ ਸਜ਼ਾ ਮੌਤ ਸੀ। ਸੁਕਰਤ ਕਿਉਂਕਿ ਵੱਡਾ ਦਾਰਸ਼ਨਿਕ ਸੀ, ਉਸ ਨੂੰ ਕਿਹਾ ਗਿਆ ਕਿ ਜੇਕਰ ਉਹ ਦੇਸ਼ ਛੱਡ ਕੇ ਕਿਤੇ ਹੋਰ ਚਲਾ ਜਾਵੇ ਤਾਂ ਉਸ ਦੀ ਸਜ਼ਾ ਮੁਆਫ਼ ਕੀਤੀ ਜਾ ਸਕਦੀ ਹੈ, ਪਰ ਸੁਕਰਾਤ ਨੇ ਉਸ ਸਮੇਂ ਭਰੀ ਅਦਾਲਤ ਵਿੱਚ ਕਿਹਾ “ਮੈਂ ਤੁਹਾਡੇ ਜਾਹਲਾਂ ਤੋਂ ਜ਼ਿੰਦਗੀ ਦੀ ਭੀਖ ਕਿਉਂ ਮੰਗਾਂ? ਤੁਹਾਡੇ ਰਹਿਮ ’ਤੇ ਕਿਉਂ ਰਹਾਂ? ਤੁਹਾਡੇ ਲਈ ਕਸ਼ਟਦਾਇਕ ਮੈਂ ਨਹੀਂ ਹਾਂ, ਬਲਕਿ ਮੇਰੇ ਵਿਚਾਰ ਹਨ। ਇਸ ਲਈ ਜੇ ਹਿੰਮਤ ਹੈ ਤਾਂ ਆਪਣੇ ਵਿਚਾਰਾਂ ਦੀ ਕਾਟ ਨਾਲ ਮੇਰੇ ਵਿਚਾਰਾਂ ਨੂੰ ਖਤਮ ਕਰੋ। ਮੇਰੇ ਮਰਨ ਨਾਲ ਕੀ ਹੋਵੇਗਾ? ਮੇਰੇ ਵਿਚਾਰ ਤਾਂ ਸਗੋਂ ਹੋਰ ਤਗੜੇ ਹੋ ਜਾਣਗੇ।” ਸੀਮਤ ਬੁੱਧੀ ਰੱਖਣ ਵਾਲੇ ਕਾਨੂੰਨ ਦੇ ਰਾਖਿਆਂ ਕੋਲ ਉਸ ਦੀਆਂ ਦਲੀਲ ਪੂਰਨ ਗੱਲਾਂ ਦਾ ਕੋਈ ਜਵਾਬ ਨਹੀਂ ਸੀ। ਏਥਨਜ਼ ਦੀ ਕਰੀਟੀਅਸ ਹਕੂਮਤ ਨੇ ਉਸ ਨੂੰ ਜ਼ਹਿਰ ਦੇ ਕੇ ਮਾਰਨ ਦਾ ਹੁਕਮ ਦੇ ਦਿੱਤਾ। ਇਸ ਅਨਿਆਂ ਭਰੇ ਸਰਕਾਰੀ ਹੁਕਮਨਾਮੇ ਤੋਂ ਬਾਅਦ ਸੁਕਰਾਤ ਦੇ ਚੇਲਿਆਂ ਨੇ ਆਪਣੇ ਮਹਾਨ ਦਾਰਸ਼ਨਿਕ ਨੂੰ ਜੇਲ੍ਹ ’ਚੋਂ ਕਿਸੇ ਤਰ੍ਹਾਂ ਭਜਾ ਲੈ ਜਾਣ ਦੀ ਸਕੀਮ ਬਣਾਈ, ਪਰ ਜਦੋਂ ਇਸ ਗੱਲ ਦਾ ਪਤਾ ਸੁਕਰਾਤ ਨੂੰ ਲੱਗਾ ਤਾਂ ਉਸ ਨੇ ਕਿਹਾ ਕਿ “ਮੈਂ ਆਪਣਾ ਦੇਸ਼ ਛੱਡ ਕੇ ਕਿਉਂ ਜਾਵਾਂ? ਮੈਂ ਆਪਣੇ ਵਿਚਾਰਾਂ ’ਤੇ ਅਡੋਲ ਰਹਿ ਕੇ ਮਰਨਾ ਚਾਹੁੰਦਾ ਹਾਂ।” ਮੌਤ ਵਾਲੇ ਦਿਨ ਉਸ ਦੀ ਪਤਨੀ ਜੀਨੀ, ਬੱਚੇ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਉਸ ਦੇ ਚੇਲੇ ਉਸ ਨੂੰ ਮਿਲਣ ਆਏ। ਉਸ ਦੀ ਪਤਨੀ ਬੱਚੇ ਰੋਣ ਕੁਰਲਾਉਣ ਲੱਗੇ। ਸੁਕਰਾਤ ਨੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਤੇ ਆਪਣੇ ਕੁਝ ਚੇਲਿਆਂ ਨੂੰ ਕਿਹਾ ਕਿ ਇਨ੍ਹਾਂ ਨੂੰ ਘਰ ਛੱਡ ਆਓ।
       ਜ਼ਹਿਰ ਘੋਟਿਆ ਜਾ ਰਿਹਾ ਸੀ। ਉਹ ਬੜੇ ਸਹਿਜ ਢੰਗ ਨਾਲ ਆਪਣੇ ਚੇਲਿਆਂ ਨਾਲ ਗੱਲਬਾਤ ਕਰ ਰਿਹਾ ਸੀ। ਗੱਲਾਂ ਕਰਦਿਆਂ ਕਰਦਿਆਂ ਸੁਕਰਾਤ ਨੇ ਜ਼ਹਿਰ ਘੋਟ ਰਹੇ ਜਲਾਦ ਨੂੰ ਪੁੱਛਿਆ “ਜ਼ਹਿਰ ਘੋਟਣ ਲਈ ਅਜੇ ਕਿੰਨੀ ਕੁ ਦੇਰ ਹੋਰ ਲੱਗੇਗੀ?” ਸੁਕਰਾਤ ਦੇ ਇੱਕ ਚੇਲੇ ਕਰਾਈਟੋ ਨੇ ਰੋਦਿਆਂ ਕਿਹਾ “ਕੀ ਕਰ ਰਹੇ ਹੋ, ਐਨੀ ਵੀ ਕੀ ਕਾਹਲੀ ਐ?” ਸੁਕਰਾਤ ਬੋਲਿਆ, “ਸਾਰੀ ਉਮਰ ਕੁਝ ਨਾ ਕੁਝ ਨਵਾਂ ਸਿੱਖਣ ਦਾ ਇਛੁੱਕ ਰਿਹਾ ਹਾਂ। ਅੱਜ ਮੌਤ ਬਾਰੇ ਜਾਣਨ ਦਾ ਮੌਕਾ ਮਿਲਿਆ ਹੈ ਤਾਂ ਤੀਬਰ ਇੱਛਾ ਹੋ ਰਹੀ ਹੈ ਕਿ ਇਸ ਬਾਰੇ ਵੀ ਜਾਣ ਲਵਾਂ।” ਜੇਲ੍ਹਰ ਦੀ ਦੇਖ ਰੇਖ ਹੇਠ ਜਲਾਦ ਨੇ ਜ਼ਹਿਰ ਦਾ ਪਿਆਲਾ ਉਸ ਨੂੰ ਫੜਾਇਆ। ਸੁਕਰਾਤ ਨੇ ਜਲਾਦ ਹੱਥੋਂ ਜ਼ਹਿਰ ਦਾ ਪਿਆਲਾ ਇੰਝ ਫੜ ਲਿਆ ਜਿਵੇਂ ਉਹ ਦੁੱਧ ਦਾ ਪਿਆਲਾ ਹੋਵੇ। ਬੜੇ ਸ਼ਾਂਤ ਚਿੱਤ ਨਾਲ ਜ਼ਹਿਰ ਪੀ ਲੈਣ ਮਗਰੋਂ ਸੁਕਰਾਤ ਨੇ ਵਿਚਾਰਾਂ ਦੀ ਲੜੀ ਅਗਾਂਹ ਤੋਰ ਲਈ। ਖਾਲੀ ਪਿਆਲਾ ਜ਼ਮੀਨ ’ਤੇ ਰੱਖ ਕੇ ਉਹ ਫਿਰ ਚੇਲਿਆਂ ਨਾਲ ਗੱਲਾਂ ਕਰਨ ਲੱਗ ਪਿਆ। ਜਲਾਦ ਨੇ ਸੁਕਰਾਤ ਨੂੰ ਕਿਹਾ “ਗੱਲਾਂ ਨਾ ਕਰੋ ਇਸ ਨਾਲ ਜ਼ਹਿਰ ਚੰਗੀ ਤਰ੍ਹਾਂ ਅਸਰ ਨਹੀਂ ਕਰਦਾ ਅਤੇ ਜ਼ਹਿਰ ਦੋ ਜਾਂ ਕਦੇ ਕਦੇ ਤਿੰਨ ਵਾਰ ਵੀ ਪੀਣਾ ਪੈਂਦਾ ਹੈ।” ਇਸ ’ਤੇ ਸੁਕਰਾਤ ਨੇ ਹੱਸ ਕੇ ਕਿਹਾ “ਜਦੋਂ ਜ਼ਹਿਰ ਹੀ ਪੀ ਲਿਆ ਤਾਂ ਫਿਰ ਇੱਕ ਜਾਂ ਦੋ ਵਾਰ ਪੀਣ ਵਿੱਚ ਕੀ ਹਰਜ?” ਉਸ ਦੀਆਂ ਲੱਤਾਂ ’ਤੇ ਜ਼ਹਿਰ ਦਾ ਅਸਰ ਹੋਇਆ ਤਾਂ ਉਸ ਨੇ ਕਿਹਾ ਮੇਰੀਆਂ ਲੱਤਾਂ ਸੌਂ ਰਹੀਆਂ ਹਨ। ਬੜੇ ਸ਼ਾਤ ਚਿੱਤ ਨਾਲ ਸਰੀਰ ’ਤੇ ਜ਼ਹਿਰ ਦੇ ਅਸਰ ਦੀ ਵਿਆਖਿਆ ਉਹ ਨਾਲੋ ਨਾਲ ਕਰਦਾ ਰਿਹਾ। ਕੁਝ ਦੇਰ ਬਾਅਦ ਜਦੋਂ ਉਸ ਦੀ ਆਵਾਜ਼ ਧੀਮੀ ਹੋਣ ਲੱਗੀ ਤਾਂ ਉਸ ਨੇ ਨੇੜੇ ਖੜ੍ਹੇ ਆਪਣੇ ਇੱਕ ਚੇਲੇ ਨੂੰ ਕਿਹਾ ਜਦੋਂ ਮੈਂ ਸੌਂ ਜਾਵਾਂ ਮੇਰੇ ਉੱਪਰ ਚਾਦਰ ਪਾ ਦੇਣੀ। ਇਸ ਤਰ੍ਹਾਂ ਦੁਨੀਆ ਦਾ ਇਹ ਪਹਿਲਾਂ ਮਨੁੱਖ ਸੀ ਜਿਸ ਨੇ ਬਹੁਦੇਵਵਾਦ ’ਤੇ ਤਰਕ ਕਰਦਿਆਂ ਇੱਕ (ਦੇਵ) ਰੱਬ ਦੀ ਕਲਪਨਾ ਕੀਤੀ, ਉਸ ਨੂੰ ਨਾਸਤਿਕ ਕਹਿ ਕੇ ਮਾਰ ਦਿੱਤਾ ਗਿਆ। ਦੁਨੀਆ ਭਰ ਦੇ ਲੱਖਾਂ ਲੇਖਕ, ਵਿਦਵਾਨ, ਦਾਰਸ਼ਨਿਕ, ਚਿੰਤਕ ਅਤੇ ਸੱਚ ’ਤੇ ਪਹਿਰਾ ਦੇਣ ਵਾਲੇ ਲੋਕ ਸੁਕਰਾਤ ਦਾ ਨਾਮ ਬੜੇ ਮਾਣ ਨਾਲ ਨਾਲ ਲੈਂਦੇ ਹਨ। ਉਹ ਸੱਚ ਅਤੇ ਨੇਕੀ ਦਾ ਮੁਜੱਸਮਾ ਸੀ ਜੋ ਆਪਣੇ ਵਿਚਾਰਾਂ ’ਤੇ ਅਡੋਲ ਰਹਿ ਕੇ ਸ਼ਹੀਦ ਹੋ ਗਿਆ। ਸੁਕਰਾਤ ਨੂੰ ਜ਼ਹਿਰ ਦੇਣ ਵਾਲਿਆਂ ਨੇ ਸਮਝ ਲਿਆ ਕਿ ਸੁਕਰਾਤ ਮਰ ਗਿਆ ਹੈ, ਪਰ ਸੁਕਰਾਤ ਕਦੇ ਮਰਿਆ ਨਹੀਂ। ਉਹ ਵਿਚਾਰਾਂ ਦੀ ਆਜ਼ਾਦੀ ਲਈ ਮਨੁੱਖਤਾ ਨੂੰ ਅੱਜ ਵੀ ਵੰਗਾਰਦਾ ਹੈ।
ਸੰਪਰਕ : 98550-51099