ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਫ਼ਲ ਪ੍ਰਧਾਨ

ਸ੍ਰੀ ਮਾਨ ਸੰਤ ਚੰਨਣ ਸਿੰਘ ਜੀ
ਆਪਣੀਆਂ ਯਾਦਾਂ ਤੇ ਆਧਾਰਤ

    ਗੱਲ ਇਹ ੧੯੬੩ ਦੀ ਬਸੰਤ ਰੁੱਤ ਦੀ ਹੈ। ਜਦੋਂ ਸੰਤ ਜੀ ਦੇ ਮੈਨੂੰ ਪਹਿਲੀ ਵਾਰ ਦਰਸ਼ਨ ਹੋਏ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀਂਦ ਵਿਖੇ ਰਾਗੀ ਦੀ ਸੇਵਾ ਕਰਦਾ ਸਾਂ। ਸੰਤ ਜੀ ੨ ਅਕਤੂਬਰ, ੧੯੬੨ ਵਾਲ਼ੇ ਦਿਨ, ਮਾਸਟਰ ਤਾਰਾ ਸਿੰਘ ਜੀ ਜੀ ਵੱਲੋਂ ਥਾਪੇ ਹੋਏ ਪ੍ਰਧਾਨ, ਸ. ਕ੍ਰਿਪਾਲ ਸਿੰਘ ਚੱਕ ਸ਼ੇਰਾ ਨੂੰ ਤਿੰਨ ਵੋਟਾਂ ਤੇ ਹਰਾ ਕੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਸਨ ਤੇ ਬਤੌਰ ਪ੍ਰਧਾਨ, ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਸੁਚਾਰੂ ਰੂਪ ਵਿਚ ਚਲਾਉਣ ਅਤੇ ਚੱਲਦਾ ਰੱਖਣ ਲਈ, ਆਮ ਤੌਰ ਤੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕਰਦੇ ਰਹਿੰਦੇ ਸਨ। ਏਸੇ ਯਾਤਰਾ ਦੌਰਾਨ ਉਹ ਪਹਿਲੀ ਵਾਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀਂਦ ਵਿਖੇ ਵੀ ਪਧਾਰੇ। ਸਾਰੇ ਸਟਾਫ਼ ਮੈਂਬਰਾਂ ਨਾਲ਼ ਵਿਚਾਰ ਵਟਾਂਦਰਾ ਕੀਤਾ। ਉਸ ਸਮੇ ਉਹਨਾਂ ਨੇ ਸਾਡੇ ਬਸਤਰਾਂ ਵੱਲ ਵੇਖ ਕੇ, ਸਾਰੇ ਸਟਾਫ਼ ਨੂੰ ਸਲਾਹ ਦਿਤੀ ਕਿ ਇਹਨਾਂ ਰਾਗੀ ਸਿੰਘਾਂ ਵਾਂਗ ਸਾਰੇ ਬਸਤਰ ਪਹਿਨਿਆ ਕਰੋ। ਮੇਰੇ ਤੇ ਮੇਰੇ ਸਾਥੀ ਦੇ ਚਿੱਟੇ ਕੁੜਤੇ ਪਜਾਮੇ, ਨੀਲੀਆਂ ਪੱਗਾਂ ਅਤੇ ਕਾਲ਼ੇ ਗਾਤਰੇ ਸਨ ਤੇ ਰਾਗੀ ਸਿੰਘਾਂ ਦੇ ਰੂਪ ਵਿਚ ਸੇਵਾ ਕਰਦਿਆਂ ਉਹ ਦੂਜੇ ਮੈਂਬਰਾਂ ਦੇ ਬਸਤਰਾਂ ਨਾਲ਼ੋਂ ਵਧੇਰੇ ਸਾਫ ਸਨ। ਬਾਕੀ ਸਟਾਫ਼ ਦੇ ਬਸਤਰ ਏਨੇ ਢੁਕਵੇਂ ਨਹੀਂ ਸਨ ਜਿੰਨੇ ਕਿ ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰਾਂ ਦੇ ਹੋਣੇ ਚਾਹੀਦੇ ਹਨ। ਉਸ ਸਮੇ ਪ੍ਰਧਾਨ ਜੀ ਦੇ ਨਾਲ਼ ਉਸ ਸਮੇ ਪੀ.ਏ. ਵਜੋਂ, ਸ. ਮੇਜਰ ਸਿੰਘ ਉਬੋਕੇ ਸੇਵਾ ਨਿਭਾ ਰਹੇ ਸਨ।
ਸੰਤ ਜੀ ਦੇ ਨਾਲ਼ ਇਕ ਹੋਰ ਨੌਜਵਾਨ ਉਹਨਾਂ ਦਾ ਗੜਵਈ (ਸੇਵਾਦਾਰ) ਭਾਈ ਅਜਾਇਬ ਸਿੰਘ ਵੀ ਸੀ। ਅਸੀਂ ਆਪਸ ਵਿਚ ਮਿਲ਼ੇ ਪਰ ਗੱਲ ਆਈ ਗਈ ਹੋ ਗਈ। ਅਕਤੂਬਰ ੧੯੬੬ ਵਿਚ ਜਦੋਂ ਮੈਂ ਗੁਰਦੁਆਰਾ ਬੁਢਾ ਜੌਹੜ ਵਿਖੇ ਚੱਲ ਰਹੇ ਵਿਦਿਆਲੇ ਵਿਚ, ਕਲਾਸੀਕਲ ਗੁਰਮਤਿ ਸੰਗੀਤ ਦੇ ਅਧਿਆਪਕ ਨੂੰ ਅਗਲੇਰੀ ਸਿੱਖਿਆ ਦੇਣ ਲਈ ਗਿਆ ਤਾਂ ਓਥੇ ਫਿਰ ਭਾਈ ਅਜਾਇਬ ਸਿੰਘ ਜੀ ਨਾਲ਼ ਮੇਲ਼ ਹੋਇਆ। ਉਹ ਓਥੇ ਵਿੱਦਿਆਲੇ ਵਿਚ ਬੱਚਿਆਂ ਨੂੰ ਗੁਰਬਾਣੀ ਅਤੇ ਪੰਜਾਬੀ ਦੀ ਸਿੱਖਿਆ ਦੇਣ ਦਾ ਕਾਰਜ ਕਰ ਰਹੇ ਸਨ। ਅਚਾਨਕ ਮਿਲਣ ਤੇ ਪਰਸਪਰ ਬੜੀ ਪ੍ਰਸੰਨਤਾ ਹੋਈ। ਭਾਈ ਸਾਹਿਬ ਦੀ ਸੇਹਤ ਉਸ ਸਮੇ ਕਾਫੀ ਕਮਜ਼ੋਰ ਲੱਗ ਰਹੀ ਸੀ। ਪੁੱਛਣ ਤੇ ਪਤਾ ਲੱਗਾ ਕਿ ਉਹਨਾਂ ਨੂੰ ਸਾਹ ਦੀ ਕਸਰ ਹੈ। ਪਟਿਆਲੇ ਵਰਗੇ ਰੌਣਕ ਮੇਲੇ ਵਾਲ਼ੇ ਸ਼ਹਿਰ ਤੋਂ ਅਚਾਨਕ ਉਜਾੜ ਵਿਚ ਆ ਜਾਣ ਕਰਕੇ, ਮੇਰਾ ਓਥੇ ਮਨ ਨਾ ਲੱਗਣ ਦੀ ਸੰਭਾਵਨਾ ਨੂੰ ਭਾਂਪਦਿਆਂ ਹੋਇਆਂ ਉਹਨਾਂ ਨੇ ਕਈ ਦਿਨ ਮੈਨੂੰ ਆਪਣੇ ਕਮਰੇ ਵਿਚ ਹੀ ਡੇਰਾ ਲਾਈ ਰੱਖਣ ਲਈ ਆਖ ਦਿਤਾ। ਉਹਨਾਂ ਦੇ ਕਮਰੇ ਵਿਚ ਰਹਿੰਦਿਆਂ ਹੋਇਆਂ ਮੈਂ ਉਹਨਾਂ ਦੇ ਅਧਿਆਤਮਕ ਗਿਆਨ ਅਤੇ ਆਮ ਸੂਝ ਬੂਝ ਨੇ ਹੈਰਾਨ ਹੀ ਰਹਿ ਗਿਆ! ਮੈਂ ਉਹਨਾਂ ਨੂੰ ਸੰਤ ਜੀ ਆਖਣਾ ਸ਼ੁਰੂ ਕਰ ਦਿਤਾ। ਕਈ ਹੋ ਚੁੱਕੀਆਂ ਤੇ ਅੱਗੋਂ ਹੋ ਸਕਣ ਵਾਲ਼ੀਆਂ ਘਟਨਾਵਾਂ, ਦੋਹਾਂ ਸੰਤ ਜੀਆਂ ਦੀਆਂ ਹਸਤੀਆਂ ਅਤੇ ਹੋਰ ਪੰਜਾਬੀ ਤੇ ਹਿੰਦੁਸਤਾਨੀ ਆਗੂਆਂ ਦੀਆਂ ਸ਼ਖਸੀਅਤਾਂ ਬਾਰੇ ਏਨਾ ਕੁਝ ਮੈਨੂੰ, ਸੰਤ ਅਜਾਇਬ ਸਿੰਘ ਜੀ ਨੇ ਦੱਸਿਆ ਕਿ ਉਹਨਾਂ ਦੇ ਗਿਆਨ ਅੱਗੇ ਮੇਰੀਆਂ ਅੱਖਾਂ ਚੁੰਧਿਆ ਗਈਆਂ। ਉਹਨਾਂ ਨੇ ਮੇਰੀ ਨਿਜੀ ਸ਼ਖ਼ਸੀਅਤ ਬਾਰੇ ਵੀ ਅਜਿਹਾ ਵਿਸ਼ਲੇਸ਼ਣ ਬੋਲ ਕੇ ਵੀ ਤੇ ਲਿਖ ਕੇ ਵੀ ਮੈਨੂੰ ਦਿਤਾ ਜਿਸ ਨੇ ਮੇਰੇ ਸੋਚਣ ਦਾ ਢੰਗ ਹੀ ਬਦਲ ਦਿਤਾ। ਉਹਨਾਂ ਦੇ ਬਚਨਾਂ ਨੇ ਸੰਸਾਰ ਵਿਚ ਸਿਰ ਉਚਾ ਕਰਕੇ ਵਿਚਰਨ ਦੀ ਮੈਨੂੰ ਜਾਚ ਸਿਖਾ ਦਿਤੀ। ਦੋਹਾਂ ਸੰਤ ਜੀਆਂ ਬਾਰੇ ਮੇਰੇ ਦਿਲ ਵਿਚ ਆਮ ਆਗੂਆਂ ਤੋਂ ਵੱਖਰੀ ਕੋਈ ਖਾਸ ਇਜਤ ਨਹੀਂ ਸੀ। ਇਸ ਦਾ ਕਾਰਨ ਇਹ ਸੀ ਕਿ ਭਾਵੇਂ ਨੌਕਰੀ ਤਾਂ ਮੈਂ ਉਸ ਪ੍ਰਬੰਧ ਵਿਚ ਕਰਦਾ ਸਾਂ ਜਿਸ ਦੇ ਪ੍ਰਬੰਧਕ ਸੰਤ ਜੀ ਸਨ ਪਰ ਮੇਰੀ ਅੰਦਰੂਨੀ ਵਫ਼ਾਦਾਰੀ ਮਾਸਟਰ ਗਰੁਪ ਵਾਲ਼ੇ ਅਕਾਲੀ ਦਲ ਨਾਲ਼ ਸੀ। ਕਦੀ ਵੀ ਮੈਂ ਦੋਹਾਂ ਸੰਤ ਜੀਆਂ ਨੂੰ ਮੱਥਾ ਟੇਕਣ ਜਾਂ ਗੋਡੀਂ ਹੱਥ ਲਾਉਣ ਦੀ ਲੋੜ ਨਹੀਂ ਸੀ ਸਮਝੀ। ਸੰਤ ਅਜਾਇਬ ਸਿੰਘ ਜੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਵਿਚਾਰ ਆਈ ਕਿ ਜਿਨ੍ਹਾਂ ਦਾ ਗੜਵਈ ਏਨੇ ਉਚੇ ਜੀਵਨ ਵਾਲ਼ਾ ਹੈ, ਉਹ ਆਪ ਕਿੰਨੇ ਉਚੇ ਹੋਣਗੇ! ਉਪਰੋਂ ਮੈਂ ਇਹ ਵੀ ਵੇਖਦਾ ਸਾਂ ਕਿ ਸੰਤ ਚੰਨਣ ਸਿੰਘ ਜੀ ਸੰਤ ਫ਼ਤਿਹ ਸਿੰਘ ਜੀ ਦੇ ਪੈਰਾਂ ਉਪਰ ਪੂਰਾ ਸਿਰ ਰੱਖ ਕੇ ਤੇ ਫਿਰ ਉਪਰ ਸਿਰ ਉਠਾ ਕੇ ਉਹਨਾਂ ਨੂੰ ਫ਼ਤਿਹ ਬੁਲਾਇਆ ਕਰਦੇ ਸਨ ਤੇ ਕਦੀ ਵੀ ਉਹਨਾਂ ਦੇ ਨਾਲ਼ ਦੀ ਮੰਜੀ ਉਪਰ ਨਹੀਂ ਸਨ ਬੈਠਿਆ ਕਰਦੇ। ਜੇ ਲਾਗੇ ਕੁਰਸੀ ਨਾ ਮਿਲ਼ੇ ਤਾਂ ਭੁੰਜੇ ਹੀ ਬੈਠ ਜਾਇਆ ਕਰਦੇ ਸਨ। ਬਾਅਦ ਵਿਚ ਕਦੀ ਗੱਲ ਇਕੱਲ ਵਿਚ ਗੱਲ ਕਰਦਿਆਂ ਮੈਨੂੰ ਆਖ ਦਿਆ ਕਰਦੇ ਸਨ, ''ਸੰਤੋਖ ਸਿਆਂਹ, ਮੇਰੀ ਪਹਿਲੀ ਵਫ਼ਾਦਾਰੀ ਗੁਰੂ ਗੋਬਿੰਦ ਸਿੰਘ ਜੀ ਨਾਲ਼ ਤੇ ਦੂਜੀ ਵਫ਼ਾਦਾਰੀ ਸੰਤ ਫ਼ਤਿਹ ਸਿੰਘ ਜੀ ਨਾਲ਼ ਹੈ। ਤੀਜੀ ਵਫ਼ਾਦਾਰੀ ਬਾਰੇ ਕਦੀ ਸੋਚ ਹੀ ਨਹੀਂ ਆਈ।''
ਅਜਿਹਾ ਵਰਤਾਰਾ ਵੇਖ ਕੇ ਫਿਰ ਮੈਂ ਵੀ ਦੋਹਾਂ ਸੰਤਾਂ ਦੇ ਗੋਡੀਂ ਹੱਥ ਲਾ ਕੇ ਹੀ ਫ਼ਤਿਹ ਬੁਲਾਉਣੀ ਸ਼ੁਰੂ ਕਰ ਦਿਤੀ। ਸੰਤ ਅਜਾਇਬ ਸਿੰਘ ਜੀ ਨੂੰ ਤੇ ਸਿਰਫ਼ ਫ਼ਤਿਹ ਹੀ ਬੁਲਾਇਆ ਕਰਦਾ ਸਾਂ। ਸ਼ਾਇਦ ਇਕੋ ਜਿਡੀ ਉਮਰ ਹੋਣ ਕਰਕੇ, ਮੱਥਾ ਟੇਕਣ ਜਾਂ ਗੋਡੀਂ ਹੱਥ ਲਾਉਣ ਦਾ ਕਦੀ ਵਿਚਾਰ ਹੀ ਨਹੀਂ ਸੀ ਆਇਆ। ੧੯੭੫ ਵਿਚ ਸੰਤ ਅਜਾਇਬ ਸਿੰਘ ਜੀ ਦੇ ਆਖਰੀ ਵਾਰ ਦਰਸ਼ਨ ਮੇਰੇ ਘਰ ਅੰਮ੍ਰਿਤਸਰ ਵਿਚ ਹੋਏ ਸਨ, ਜਦੋਂ ਮੈਂ ਅਫ਼੍ਰੀਕਾ, ਯੂਰਪ, ਵਿਲਾਇਤ ਦੀ ਪਹਿਲੀ ਗੇੜੀ ਤੋਂ ਬਾਅਦ ਸਵਾ ਕੁ ਦੋ ਸਾਲ ਪਿੱਛੋਂ ਮੁੜਿਆ ਸਾਂ। ਫਿਰ ਉਹਨਾਂ ਦੇ ਕਦੀ ਦਰਸ਼ਨ ਨਹੀਂ ਹੋ ਸਕੇ। ਉਹਨਾਂ ਦੇ ਘਰਦਿਆਂ ਨੂੰ ਵੀ ਉਹਨਾਂ ਦਾ ਕੁਝ ਪਤਾ ਨਹੀਂ ਲੱਗਿਆ। ਕਈ ਪ੍ਰਕਾਰ ਦੇ ਅਟਕਲਪੱਚੂ ਜਾਣੂ ਸੱਜਣ ਲਾਉਂਦੇ ਰਹੇ। ਮੈਂ ਜਦੋਂ ਵੀ ਦੇਸ ਜਾਣਾ ਉਹਨਾਂ ਦੇ ਛੋਟੇ ਭਰਾ ਭਾਈ ਮਹਿੰਦਰ ਸਿੰਘ ਪਾਸੋਂ ਪੁੱਛਣਾ ਪਰ ਹਰੇਕ ਵਾਰ ਅਣਜਾਣਤਾ ਵਾਲ਼ਾ ਜਵਾਬ ਹੀ ਮਿਲਣਾ।
ਪਿਛੋਕੜ:
ਸੰਤ ਜੀ ਦਾ ਜਨਮ, ੧੯੦੭ ਵਾਲ਼ੇ ਸਾਲ, ਲੁਧਿਆਣੇ ਜ਼ਿਲ੍ਹੇ ਦੇ ਪਿੰਡ ਮੁੱਲਾਂਪੁਰ ਦੇ ਵਸਨੀਕ, ਸ. ਤਰਲੋਕ ਸਿੰਘ ਅਤੇ ਮਾਤਾ ਪ੍ਰੇਮ ਕੌਰ ਜੀ ਦੇ ਘਰ, ਇਕ ਸਾਧਾਰਨ ਕਿਸਾਨ ਪਰਵਾਰ ਵਿਚ ਹੋਇਆ। ਬਚਪਨ ਵਿਚ ਚੰਨਣ ਸਿੰਘ ਜੀ ਨੇ ਇਕ ਨਿਰਮਲੇ ਸੰਤਾਂ ਦੇ ਡੇਰੇ ਵਿਚੋਂ ਗੁਰਮੁਖੀ ਅੱਖਰ ਅਤੇ ਗੁਰਬਾਣੀ ਦੇ ਪਾਠ ਦੀ ਵਿੱਦਿਆ ਪ੍ਰਾਪਤ ਕੀਤੀ। ੧੯੨੩ ਵਿਚਲੇ ਅਕਾਲੀ ਮੋਰਚਿਆਂ ਸਮੇ, ਆਪਣੇ ਕੁਝ ਸਹਿਪਾਠੀਆਂ ਨੂੰ ਨਾਲ਼ ਲੈ ਕੇ, ਸੰਤ ਜੀ ਨੇ ਜੈਤੋ ਦੇ ਮੋਰਚੇ ਵਿਚ ਸ਼ਾਮਲ ਹੋਣ ਵਾਲ਼ੇ ਜਥੇ ਦੇ ਲੰਗਰ ਦੀ ਸੇਵਾ ਕੀਤੀ। ਸੰਤ ਜੀ ਫੌਜ ਵਿਚ ਵੀ ਭਰਤੀ ਹੋਏ ਪਰ ਲੰਮੇ ਸਮੇ ਲਈ ਬੀਮਾਰ ਹੋ ਜਾਣ ਕਰਕੇ, ਸਾਲ ਕੁ ਪਿੱਛੋਂ ਹੀ ਨੌਕਰੀ ਛੱਡ ਕੇ ਘਰ ਆ ਗਏ। ਇਸ ਨੌਕਰੀ ਦੌਰਾਨ ਹੀ ਸੰਤ ਜੀ ਨੇ ਸੰਸਾਰ ਤੋਂ ਨਿਰੰਕਾਰ ਵੱਲ ਆਪਣਾ ਮੁਖ ਮੋੜ ਲਿਆ।
੧੯੨੮ ਵਿਚ ਸੰਤ ਜੀ ਦੀ ਵੱਡੇ ਭੈਣ ਜੀ ਦੇ ਪਤੀ ਦਾ ਚਲਾਣਾ ਹੋ ਜਾਣ ਕਰਕੇ, ਆਪ ਜੀ ਪਿੰਡ ੧੮ ਜ਼ੈਡ ਜ਼ਿਲ੍ਹਾ ਗੰਗਾਨਗਰ ਵਿਚ, ਭੈਣ ਦੇ ਪਰਵਾਰ ਦੀ ਸਹਾਇਤਾ ਵਾਸਤੇ ਚਲੇ ਗਏ। ਓਥੇ ਸ੍ਰੀ ਮਾਨ ਸੰਤ ਬਾਬਾ ਫ਼ਤਿਹ ਸਿੰਘ ਜੀ ਨਾਲ਼ ਆਪ ਜੀ ਦੀ ਸੰਗਤ ਹੋ ਗਈ। ਦਿਨ ਤਾਂ ਭੈਣ ਦੀ ਜ਼ਮੀਨ ਵਿਚ ਖੇਤੀ ਦਾ ਕੰਮ ਕਰਨਾ ਤੇ ਸਵੇਰੇ ਤਕਾਲ਼ਾਂ ਨੂੰ ਸੰਤ ਫ਼ਤਿਹ ਸਿੰਘ ਜੀ ਅਤੇ ਸਾਥੀਆਂ ਨਾਲ਼ ਮਿਲ਼ ਕੇ ਕੀਰਤਨ ਕਰਨਾ।
ਇਕ ਦਿਨ ਸੰਤ ਚੰਨਣ ਸਿੰਘ ਜੀ, ਕਹੀ ਨਾਲ਼ ਖੇਤ ਵਿਚ ਵੱਟਾਂ ਪਾ ਰਹੇ ਸਨ ਤੇ ਪਿੰਡੋਂ ਭੈਣ ਰੋਟੀ ਲੈ ਕੇ ਆਈ। ਵੱਡੀ ਭੈਣ ਨੇ ਆਉਂਦਿਆਂ ਹੀ ਖੁਸ਼ੀ ਭਰੀ ਆਵਾਜ਼ ਵਿਚ ਆਖਿਆ, ''ਵੇ ਚੰਨਣਾ, ਵਧਾਈ ਹੋਵੇ। ਤੇਰਾ ਪੋਤਰਾ ਹੋਇਆ!'' ਭੈਣ ਦਾ ਪੋਤਰਾ ਸੰਤ ਜੀ ਦਾ ਵੀ ਪੋਤਰਾ ਹੀ ਲੱਗਿਆ। ਏਨੀ ਗੱਲ ਸੁਣਦਿਆਂ ਹੀ ਸੰਤ ਜੀ ਆਪਣੇ ਹੱਥੋਂ ਕਹੀ ਸੁੱਟਦੇ ਹੋਏ ਬੋਲੇ, ''ਲੈ ਭੈਣਾ, ਤੇਰਾ ਰੰਡੇਪਾ ਕੱਟਿਆ ਗਿਆ। ਤੂੰ ਹੁਣ ਪੋਤਰਿਆਂ ਵਾਲ਼ੀ ਹੋ ਗਈ। ਹੁਣ ਸਾਡੀ ਤੇਰੇ ਵੱਲੋਂ ਛੁੱਟੀ।'' ਏਨਾ ਆਖ ਕੇ ਮੁੜ ਘਰ ਵੀ ਨਹੀਂ ਗਏ।
ਆਪ ਜੀ ਨੇ ਖ਼ੁਦ ਨੂੰ ੧੯੪੦ ਵਿਚ ਮਸਾਂ ੨੨ ਸਾਲ ਦੀ ਉਮਰ ਤੋਂ ਲੈ ਕੇ, ਪੂਰਾ ਸਮਾ ਸੰਤ ਫ਼ਤਿਹ ਸਿੰਘ ਜੀ ਦੀ ਅਗਵਾਈ ਹੇਠ, ਸਿੱਖ ਧਰਮ ਅਤੇ ਲੋਕ ਸੇਵਾ ਲਈ ਅਰਪਣ ਕਰ ਦਿਤਾ। ਲੋਕ ਸੇਵਾ ਦਾ ਦਾਇਰਾ ਕੋਈ ਸੀਮਤ ਨਹੀਂ ਸੀ। ਇਸ ਵਿਚ ਧਰਮ ਪ੍ਰਚਾਰ, ਗੁਰਦੁਆਰੇ, ਪੁਲ਼ੀਆਂ, ਸੜਕਾਂ, ਸਕੂਲ਼, ਕਾਲਜ ਬਣਾਉਣੇ, ਪੰਥਕ ਸਿਆਸਤ ਵਿਚ ਸਰਗਰਮ ਹਿੱਸਾ ਲੈਣਾ ਵੀ ਸ਼ਾਮਲ ਸਨ। ਇਸ ਸੇਵਾ ਦੇ ਦੌਰਾਨ ਇਸ ਜਥੇ ਵਿਚ ਭਾਈ ਬੱਗਾ ਸਿੰਘ, ਭਾਈ ਪੂਰਨ ਸਿੰਘ ਜੀ ਵਰਗੇ ਹੋਰ ਵੀ ਸਿੰਘ ਸ਼ਾਮਲ ਸਨ। ਕਈ ਸਿੰਘ ਜਥੇ ਵਿਚ ਆਉਂਦੇ ਤੇ ਜਾਂਦੇ ਵੀ ਰਹਿੰਦੇ ਸਨ। ਅਜਿਹੀਆਂ ਸੇਵਾਵਾਂ ਦਾ ਖੇਤਰ ਵਧੇਰੇ ਕਰਕੇ, ਰਾਜਿਸਥਾਨ ਦੇ ਜ਼ਿਲ੍ਹਾ ਗੰਗਾਨਗਰ ਦੇ ਘੇਰੇ ਵਿਚ ਹੀ ਰਿਹਾ।
ਪੰਜਾਬ ਅਤੇ ਪੈਪਸੂ ਦੀ ਅਕਾਲੀ ਸਿਆਸਤ ਵਿਚ ਰਾਜਸਥਾਨ ਵੱਲੋਂ, ਸੰਤ ਫ਼ਤਿਹ ਸਿੰਘ ਜੀ ਦੀ ਆਗਿਆ ਨਾਲ਼, ਸੰਤ ਚੰਨਣ ਸਿੰਘ ਜੀ ਹੀ ਸਰਗਰਮ ਹਿੱਸਾ ਲਿਆ ਕਰਦੇ ਸਨ। ਸੰਤ ਫ਼ਤਿਹ ਸਿੰਘ ਜੀ ਜਿਥੇ ਕਥਾ ਕੀਰਤਨ ਅਤੇ ਲੇਖਾਂ ਰਾਹੀਂ ਵਧੇਰੇ ਰੁਚੀ ਪ੍ਰਚਾਰ ਕਰਨ ਵਿਚ ਲੈਂਦੇ ਸਨ ਓਥੇ ਸੰਤ ਚੰਨਣ ਸਿੰਘ ਜੀ, ਉਹਨਾਂ ਦੀ ਆਗਿਆ ਅਨੁਸਾਰ, ਪੰਥਕ ਸੰਸਥਾਵਾਂ ਦੇ ਹਰ ਪ੍ਰਕਾਰ ਦੇ ਪ੍ਰਬੰਧ ਦੀ ਜੁੰਮੇਵਾਰੀ ਨਿਭਾਇਆ ਕਰਦੇ ਸਨ।
ਸੰਤ ਜੀ ਦਾ ਸਿਆਸੀ ਜੀਵਨ ੧੯੪੯ ਵਿਚ ਉਸ ਸਮੇ ਸ਼ੁਰੂ ਹੋਇਆ ਜਦੋਂ ਉਹ ਗੰਗਾਨਗਰ ਤੋਂ ੨੦ ਸਿੰਘਾਂ ਦਾ ਜਥਾ ਲੈ ਕੇ, ਪੈਪਸੂ ਦੀ 'ਮਾਮਾ ਭਾਣਜਾ' ਸਰਕਾਰ ਵਿਰੁਧ, ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਗਏ ਮੋਰਚੇ ਵਿਚ ਸ਼ਾਮਲ ਹੋ ਕੇ, ਅੱਠ ਮਹੀਨਿਆਂ ਲਈ ਕੈਦ ਹੋਏ। 'ਮਾਮਾ ਭਾਣਜਾ ਸਰਕਾਰ' ਦਾ ਮਤਲਬ ਸੀ ਕਿ ੧੯੪੮ ਵਿਚ ਉਸ ਸਮੇ ਦੇ ਗ੍ਰਿਹ ਮੰਤਰੀ ਸਰਦਾਰ ਵਲਭ ਭਾਈ ਪਟੇਲ ਨੇ ਸਾਰੇ ਦੇਸ਼ ਦੀਆਂ ਰਿਆਸਤਾਂ ਤੋੜ ਕੇ ਉਹਨਾਂ ਦੇ ਸੂਬੇ ਬਣਾ ਦਿਤੇ ਸਨ। ਏਸੇ ਤਰ੍ਹਾਂ ਪਟਿਆਲਾ ਸਮੇਤ ਪੂਰਬੀ ਪੰਜਾਬ ਦੀਆਂ ਸਿੱਖ ਰਿਆਸਤਾਂ ਨੂੰ ਤੋੜ ਕੇ, ਪੈਪਸੂ, ਯਾਨੀ 'ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ' ਨਾਂ ਦੇ ਕੇ ਇਕ ਸੂਬਾ ਬਣਾ ਦਿਤਾ ਸੀ। ਇਸ ਦਾ ਰਾਜ ਪ੍ਰਮੁਖ ਮਹਾਂਰਾਜਾ ਪਟਿਆਲਾ ਯਾਦਵਿੰਦਰ ਸਿੰਘ ਅਤੇ ਉਸ ਦਾ ਮਾਮਾ, ਸ. ਗਿਆਨ ਸਿੰਘ ਰੜੇਵਾਲ਼ਾ ਮੁਖ ਮੰਤਰੀ ਬਣਾ ਦਿਤਾ ਗਿਆ ਸੀ। ਅਕਾਲੀ ਇਸ ਸਰਕਾਰ ਤੇ ਖ਼ੁਸ਼ ਨਹੀਂ ਸਨ। ਵੈਸੇ ਵੀ ਪਟਿਆਲਾ ਰਿਆਸਤ ਦੇ ਮਾਲਕ ਅਠਾਰਵੀਂ ਸਦੀ ਤੋਂ ਪੰਥਕ ਹਿਤਾਂ ਦੇ ਖ਼ਿਲਾਫ਼ ਹੀ ਭੁਗਤਦੇ ਰਹੇ, ਚਾਹੇ ਉਹ ਅਹਿਮਦ ਸ਼ਾਹ ਅਬਦਾਲੀ ਦੀ ਹਕੂਮਤ ਸੀ ਤੇ ਚਾਹੇ ਅੰਗ੍ਰੇਜ਼ਾਂ ਦੀ। ਅਕਾਲੀਆਂ ਨੇ ਇਸ ਸਰਕਾਰ ਨੂੰ ਤੋੜਨ ਵਾਸਤੇ ਆਪਣੌ ਪ੍ਰੰਪਰਾ ਅਨੁਸਾਰ ਸ਼ਾਂਤਮਈ ਮੋਰਚਾ ਲਾ ਦਿਤਾ ਸੀ। ਜੇਹਲੋਂ ਰਿਹਾਈ ਪਿੱਛੋਂ ਸੰਤ ਜੀ ਨੇ ਲੁਧਿਆਣੇ ਤੋਂ ਜਥਾ ਲੈ ਕੇ, ਪਟਿਆਲੇ ਜਾ ਕੇ ਫਿਰ ਗ੍ਰਿਫ਼ਤਾਰੀ ਦੇ ਦਿਤੀ ਤੇ ਮੋਰਚੇ ਦੇ ਅੰਤ ਤੱਕ ਜੇਹਲ ਵਿਚ ਰਹੇ। ੧੯੫੩ ਵਿਚ ਗੰਗਾਨਗਰ ਜ਼ਿਲ੍ਹੇ ਦੇ ਕਿਸਾਨਾਂ ਨੇ ਜਦੋਂ ਮਾਮਲੇ ਦੇ ਵਾਧੇ ਵਿਰੁਧ ਮੋਰਚਾ ਲਾਇਆ ਤਾਂ ਉਸ ਵਿਚ ਵੀ ਸ਼ਾਮਲ ਹੋ ਕੇ, ਸੰਤ ਜੀ ਨੇ ਜੇਹਲ ਯਾਤਰਾ ਕੀਤੀ ਅਤੇ ਫਿਰ ੧੯੬੦ ਵਾਲ਼ੇ ਪੰਜਾਬੀ ਸੂਬਾ ਮੋਰਚੇ ਵਿਚ ਵੀ ਲੰਮਾ ਸਮਾ ਜੇਹਲ ਕੱਟੀ।
੧੯੫੦ ਵਿਚ ਸੰਤ ਜੀ ਸਰਬ ਸੰਮਤੀ ਨਾਲ਼ ਰਾਜਸਥਾਨ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ। ਇਸ ਸੇਵਾ ਉਪਰ ਉਹ ੧੯੬੨ ਤੱਕ ਰਹੇ। ਇਸ ਸਮੇ ਦੌਰਾਨ ਸੰਤ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੰਗਾ ਨਗਰ ਦੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ, ੧੯੫੮-੬੦ ਵਿਚ, ਦਲ ਦੇ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ।
੨ ਅਕਤੂਬਰ, ੧੯੬੨ ਵਾਲ਼ੇ ਦਿਨ ਸੰਤ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ। ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ, ਸਾਰੀਆਂ ਪੰਥਕ ਸਰਗਰਮੀਆਂ ਦੀ ਜੁੰਮੇਵਾਰੀ ਇਹਨਾਂ ਦੇ ਮੋਢਿਆਂ ਉਪਰ ਪੈ ਜਾਣ ਸਦਕਾ, ਫਿਰ ਰਾਜਸਥਾਨ ਅਕਾਲੀ ਦਲ ਦੀ ਜੁੰਮੇਵਾਰੀ ਜਥੇਦਾਰ ਕਸ਼ਮੀਰਾ ਸਿੰਘ ਜੀ ਨੂੰ ਦੇ ਦਿਤੀ ਗਈ।
ਸੰਤ ਚੰਨਣ ਸਿੰਘ ਜੀ ਆਪਣੇ ਅਕਾਲ ਚਲਾਣੇ, ੨੯ ਨਵੰਬਰ ੧੯੭੨ ਤੱਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਨਾਲ਼ ਨਾਲ਼ ਸਮੁਚੀ ਪੰਥਕ ਜਥੇਬੰਦੀ ਦੇ ਮੁਖੀ ਵੀ ਰਹੇ। ਇਹਨਾਂ ਜੁਮੇਵਾਰੀਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਦਲ ਦੀ ਅਖ਼ਬਾਰ 'ਕੌਮੀ ਦਰਦ', ਗੁਰਦੁਆਰਾ ਬੁਢਾ ਜੌਹੜ ਆਦਿ ਬਹੁਤ ਸਾਰੀਆਂ ਧਾਰਮਿਕ, ਵਿਦਿਅਕ, ਸਿਆਸੀ, ਭਾਈਚਾਰਕ, ਆਦਿ ਸੰਸਥਾਵਾਂ ਦੀ ਜੁਮੇਵਾਰੀ, ਸੰਤ ਫ਼ਤਿਹ ਸਿੰਘ ਜੀ ਦੀ ਆਗਿਆ ਅਨੁਸਾਰ ਆਪ ਜੀ ਹੀ ਨਿਭਾਉਂਦੇ ਰਹੇ। ਮੁੱਕਦੀ ਗੱਲ ਇਹ ਕਿ ਸੰਤ ਚੰਨਣ ਸਿੰਘ ਜੀ ਪੂਰਾ ਇਕ ਦਹਾਕਾ ਪੰਥਕ ਸਿਆਸਤ ਦੇ ਮੁਕੰਲ ਤੌਰ ਤੇ ਸੰਚਾਲਕ ਰਹੇ। ਜਨਤਾ ਵਿਚ ਨਾਂ ਸੰਤ ਫ਼ਤਿਹ ਸਿੰਘ ਦਾ ਸੀ ਪਰ ਅਮਲੀ ਤੌਰ ਤੇ ਸਾਰਾ ਕਾਰਜ ਸੰਤ ਚੰਨਣ ਸਿੰਘ ਜੀ ਹੀ ਕਰਦੇ ਸਨ।
ਆਪਣੀਆਂ ਯਾਦਾਂ:
ਗੁਰਦੁਆਰਾ ਬੁਢਾ ਜੌਹੜ ਤੋਂ ੧੯੬੭ ਵਾਲ਼ੀਆਂ ਅਸੈਂਬਲੀ ਅਤੇ ਪਾਰਲੀਮੈਂਟ ਦੀਆਂ ਚੋਣਾਂ ਸਮੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸ਼੍ਰੀ ਮਾਨ ਸੰਤ ਬਾਬਾ ਫ਼ਤਿਹ ਸਿੰਘ ਜੀ, ਮੇਰੀ ਸਟੇਜ ਸੰਭਾਲਣ ਦੀ ਯੋਗਤਾ ਵੇਖ ਕੇ ਮੈਨੂੰ ਆਪਣੇ ਪੀ.ਏ. ਵਜੋਂ ਨਾਲ਼ ਲੈ ਆਏ। ਮੈਨੂੰ ਓਥੇ ਗੁਰਮਤਿ ਸੰਗੀਤ ਦੇ ਅਧਿਅਕ ਭਾਈ ਗੁਰਮੇਲ ਸਿੰਘ ਜੀ ਨੂੰ ਕਲਾਸੀਕਲ ਸੰਗੀਤ ਦੀ ਅਗਲੇਰੀ ਸਿੱਖਿਆ ਦੇਣ ਵਾਸਤੇ, ਪਟਿਆਲੇ ਤੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸ੍ਰੀ ਮਾਨ ਸੰਤ ਬਾਬਾ ਚੰਨਣ ਸਿੰਘ ਜੀ ਨੇ ਭੇਜਿਆ ਹੋਇਆ ਸੀ। ਪੰਜਾਬੀ ਸੂਬੇ ਦੀ ਕਾਇਮੀ ਤੋਂ ਬਾਅਦ ਪੰਜਾਬ ਵਿਚ ਪਹਿਲੀ ਕਾਂਗਰਸ ਵਿਰੋਧੀ ਸਰਕਾਰ ਬਣਾਉਣ ਲਈ, ਸਾਰੇ ਆਗੂ ਸੰਤ ਫਤਿਹ ਸਿੰਘ ਜੀ ਨੂੰ, ਜ਼ਿਲ੍ਹਾ ਗੰਗਾਨਗਰ ਦੇ ਸੈਂਟਰਲ ਗੁਰਦੁਆਰਾ ੧੯ ਜ਼ੈਡ ਤੋਂ ਲੈ ਆਏ ਤੇ ਡੇਰਾ ਆਣ ਕੇ ਖੰਨੇ, ਸ. ਮਹਿੰਦਰ ਸਿੰਘ ਦੇ ਕਾਰਖਾਨੇ ਵਿਚ ਲਾਇਆ ਗਿਆ। ਓਥੇ ੫੩ ਐਮ.ਐਲ.ਏਜ਼. ਦੀ ਮੀਟਿੰਗ, ਸੰਤ ਚੰਨਣ ਸਿੰਘ ਜੀ ਦੀ ਪ੍ਰਧਾਨਗੀ ਹੇਠ ਹੋਈ। ਉਸ ਵਿਚ 'ਪੀਪਲਜ਼ ਯੂਨਾਈਟਡ' ਫ਼੍ਰੰਟ' ਨਾਂ ਦੀ ਜਥੇਬੰਦੀ ਬਣਾ ਕੇ, ਉਸ ਦਾ ਲੀਡਰ ਜਸਟਿਸ ਗੁਰਨਾਮ ਸਿੰਘ ਅਤੇ ਡਿਪਟੀ ਲੀਡਰ ਜਨਸੰਘੀ ਡਾ. ਬਲਦੇਵ ਪ੍ਰਕਾਸ਼ ਨੂੰ ਚੁਣ ਲਿਆ ਗਿਆ। ੫੩ ਐ.ਐਲਏਆਂ ਦੇ ਦਸਤਖ਼ਤਾਂ ਵਾਲ਼ਾ ਜੋ ਕਾਗਜ਼ ਮੇਰੇ ਕੋਲ਼ ਸੀ, ਉਸ ਉਪਰ ਦਰਖਾਸਤ ਲਿਖ ਕੇ ਰਾਜਪਾਲ ਨੂੰ ਪੇਸ਼ ਕਰ ਦਿਤੀ ਗਈ ਤੇ ਉਸ ਨੇ ੯ ਮਾਰਚ ਵਾਲ਼ੀ ਸਵੇਰ ਨੂੰ, ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਵਜ਼ਾਰਤ ਨੂੰ ਸਹੁੰ ਚੁਕਾ ਦਿਤੀ। ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲ਼ੀ, ਸਾਰੀਆਂ ਹੀ ਕਾਂਗਰਸ ਵਿਰੋਧੀ ਪਾਰਟੀਆਂ ਦੀ ਮਿਲ਼ੀ ਜੁਲ਼ੀ ਇਹ ਸਰਕਾਰ 'ਫ਼੍ਰੰਟ ਸਰਕਾਰ' ਕਰਕੇ ਪ੍ਰਸਿਧ ਹੋਈ। ਇਹਨਾਂ ਇਤਿਹਾਸਕ ਘਟਨਾਵਾਂ ਨੂੰ ਮੈਂ ਹੋਰ ਵਿਸਥਾਰ ਵਿਚ, ਆਪਣੀ ਚੌਥੀ ਕਿਤਾਬ 'ਬਾਤਾਂ ਬੀਤੇ ਦੀਆਂ' ਵਿਚ ਲਿਖ ਚੁੱਕਾ ਹਾਂ।
ਸ੍ਰੀ ਮਾਨ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਵਾਲ਼ੇ ਸਮੇ ਸੰਤ ਜੀ, ਰਾਜਸਥਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਨੁਮਾਇੰਦਗੀ ਕਰਦੇ ਰਹੇ ਪਰ ਜਦੋਂ ਤੋਂ ਆਪ ਜੀ ਪੰਥ ਦੀ ਸ਼੍ਰੋਮਣੀ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਤਾਂ, ਸ੍ਰੀ ਮਾਨ ਸੰਤ ਬਾਬਾ ਫ਼ਤਿਹ ਸਿੰਘ ਜੀ ਦੀ ਅਗਵਾਈ ਵਿਚ, ਸਾਰੀਆਂ ਪੰਥਕ ਸਰਗਰਮੀਆਂ ਦੇ ਕੇਂਦਰ ਬਿੰਦੂ ਹੀ ਬਣ ਗਏ। ਗੁਰਦੁਆਰਾ ਬੁਢਾ ਜੌਹੜ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਕੌਮੀਦਰਦ ਅਖ਼ਬਾਰ ਆਦਿ ਸਾਰੀਆਂ ਹੀ ਪੰਥਕ ਧਾਰਮਿਕ, ਵਿੱਦਿਅਕ, ਭਾਈਚਾਰਕ, ਸੰਸਥਾਵਾਂ ਦੇ ਪ੍ਰਬੰਧ ਨੂੰ ਚਲਾਉਣ ਦੀ ਜੁੰਮੇਵਾਰੀ ਇਹਨਾਂ ਦੇ ਸਿਰ ਹੀ ਹੁੰਦੀ ਸੀ। ਮੱਸਿਆ ਸੰਗ੍ਰਾਂਦ ਗੁਰਪੁਰਬ ਆਦਿ ਸਮਾਗਮਾਂ ਤੇ ਕੇਹੜੇ ਪ੍ਰਚਾਰਕ, ਆਗੂ, ਵਜ਼ੀਰ ਨੂੰ ਕੇਹੜੇ ਥਾਂ ਲੈਕਚਰ ਦੇਣ ਲਈ ਜਾਣਾ ਆਦਿ ਦੀਆਂ ਹਿਦਾਇਤਾਂ ਸੰਤ ਜੀ ਹੀ ਦਿਆ ਕਰਦੇ ਸਨ। ਜਦੋਂ ਵੀ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲ਼ੀ ਸਰਕਾਰ ਹੋਵੇ ਜਾਂ ਦਲ ਅਪੋਜ਼ੀਸ਼ਨ ਵਿਚ ਹੋਵੇ ਤਾਂ ਵੀ ਸਾਰੇ ਫੈਸਲੇ ਸੰਤ ਜੀ ਹੀ ਕਰਿਆ ਕਰਦੇ ਸਨ। ਦੂਜੀਆਂ ਪਾਰਟੀਆਂ ਅਤੇ ਕੇਂਦਰ ਸਰਕਾਰ ਨਾਲ਼ ਵੀ ਸਾਰਾ ਤਾਲ ਮੇਲ ਸੰਤ ਜੀ ਹੀ ਰੱਖਿਆ ਕਰਦੇ ਸਨ।
ਸੰਤ ਜੀ ਕੌਮੀ ਵਸੀਲਿਆਂ ਨੂੰ ਅੱਤ ਸੰਜਮ ਨਾਲ਼ ਵਰਤਿਆ ਕਰਦੇ ਸਨ। ਦੇਗ ਵਿਚੋਂ ਦਾਣਾ ਟੋਹਣ ਵਾਂਗ ਮੈਂ ਦੋ ਚਾਰ ਮਿਸਾਲਾਂ ਉਹਨਾਂ ਦੇ ਸੰਜਮ ਦੀਆਂ ਦਿੰਦਾ ਹਾਂ ਜਿਨ੍ਹਾਂ ਤੋਂ ਸੰਜਮੀ ਹੋਣ ਤੋਂ ਵਧ ਕੇ ਕੰਜੂਸ ਹੋਣ ਤੱਕ ਪਹੁੰਚ ਜਾਂਦੇ ਸਨ: ਗੁਰਦੁਆਰਾ ਬੁਢਾ ਜੌਹੜ ਵਿਚ ਗਰੀਬ ਪਰਵਾਰਾਂ ਦੇ ਬਹੁਤ ਸਾਰੇ ਅੰਗਹੀਣ ਵਿਅਕਤੀ ਅਤੇ ਵਿਦਿਆਰਥੀ, ਇਹਨਾਂ ਦੀ ਦੇਖ ਰੇਖ ਹੇਠ ਰਹਿੰਦੇ ਸਨ। ਉਹਨਾਂ ਵਿਚੋਂ ਇਕ ਬੱਚਾ ਭਾਈ ਗੁਰਮੇਲ ਸਿੰਘ ਨਾਂ ਦਾ ਸੀ, ਜੋ ਬਾਅਦ ਵਿਚ ਕੀਰਤਨ ਸਿੱਖ ਕੇ ਓਸੇ ਵਿਦਿਆਲੇ ਵਿਚ ਅਧਿਆਪਕ ਵਜੋਂ ਸੇਵਾ ਕਰਦਾ ਰਿਹਾ ਤੇ ਅੱਜ ਕਲ੍ਹ ਲੰਡਨ ਵਿਚ ਸਫ਼ਲ ਰਾਗੀ ਵਜੋਂ ਵਿਚਰ ਰਿਹਾ ਹੈ। ਭਾਈ ਗੁਰਮੇਲ ਸਿੰਘ ਜੀ ਨੇ ਆਪਣੀ ਜ਼ਬਾਨੀ ਮੈਨੂੰ ਇਹ ਗੱਲ ਸੁਣਾਈ ਕਿ ਇਕ ਵਾਰੀਂ ਮੈਂ ਬਾਬਾ ਜੀ ਤੋਂ ਇਸ਼ਨਾਨ ਕਰਨ ਸਮੇ ਕਛਹਿਰਾ ਬਦਲਣ ਲਈ ਇਕ ਪਰਨਾ ਮੰਗਿਆ ਤੇ ਉਹ ਆਲ਼ਾ ਟਾਲ਼ਾ ਕਰੀ ਗਏ। ਮੈਨੂੰ ਪਰਨਾ ਨਾ ਦਿਤਾ। ਮੈਂ ਰੁੱਸ ਕੇ ਆਪਣੇ ਪਿੰਡ ਸਾਹਿਬ ਸਿੰਘ ਵਾਲ਼ਾ ਚਲਿਆ ਗਿਆ। ਕੁਝ ਦਿਨਾਂ ਬਾਅਦ ਬਾਬਾ ਜੀ ਮੇਰੇ ਪਿੰਡ ਆਏ ਤੇ ਮੈਨੂੰ ਮਨਾ ਕੇ ਆਪਣੇ ਨਾਲ਼ ਲੈ ਗਏ। ਬੱਸ ਵਿਚ ਜਾਂਦਿਆਂ ਆਖਣ ਲੱਗੇ, ''ਪਰ ਮੈਂ ਤੈਨੂੰ ਪਰਨਾ ਕੋਨੀ ਲੈ ਕੇ ਦੇਣਾ!'' ਸ਼ਬਦ ਕੋਨੀ ਰਾਜਸਥਾਨੀ ਬੋਲੀ ਦਾ ਹੈ, ਜਿਸ ਦਾ ਮਤਲਬ ਕੋਈ ਨਹੀਂ ਹੈ। ਜਦੋਂ ੨ ਅਕਤੂਬਰ ੧੯੬੨ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਤਾਂ ਅੰਮ੍ਰਿਤਸਰੋਂ ਗੁਰਦੁਆਰਾ ਬੁਢਾ ਜੌਹੜ ਨੂੰ ਬੱਸ ਉਪਰ ਗੰਗਾ ਨਗਰ ਪਹੁੰਚੇ ਤੇ ਓਥੋਂ ਅੱਗੇ ਦੂਜੀ ਬੱਸ ਉਪਰ ਰਾਇ ਸਿੰਘ ਨਗਰ ਗਏ ਤੇ ਓਥੋਂ ਕਿਸੇ ਜਾਣੂ ਅਕਾਲੀ ਵਰਕਰ ਦਾ ਸਾਈਕਲ ਮੰਗ ਕੇ ਗੁਰਦੁਆਰਾ ਬੁਢਾ ਜੌਹੜ ਪਹੁੰਚੇ। ਆਪਣੇ ਖਾਣ ਲਈ ਆਟਾ, ਬਿਸਤਰੇ ਦੇ ਬਸਤਰ, ਅਤੇ ਮਾਲ਼ਟੇ ਵੀ ਗੁਰਦੁਆਰਾ ਬੁਢਾ ਜੌਹੜ ਤੋਂ ਲਿਆਇਆ ਕਰਦੇ ਸਨ। ਅੰਮ੍ਰਿਤਸਰ ਵਿਚ ਉਹਨਾਂ ਦੀ ਰਿਹਾਇਸ਼ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੀ ਦੂਜੀ ਮਨਜ਼ਲ ਦੀ ਇਕ ਨੁੱਕਰ ਵਿਚਲੇ ਕਮਰੇ ਵਿਚ ਹੁੰਦੀ ਸੀ ਤੇ ਓਹੀ ਕਮਰਾ ਦਿਨੇ ਉਹਨਾਂ ਦਾ ਦਫ਼ਤਰ ਤੇ ਰਾਤ ਨੂੰ ਸੌਣ ਕਮਰਾ ਹੁੰਦਾ ਸੀ। ਫਿਰ ਨਵੰਬਰ ੧੯੬੭ ਤੋਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਦੀ ਉਪਰਲੀ ਮਨਜ਼ਲ ਦੇ ਇਕ ਕਮਰੇ ਵਿਚ ਹੁੰਦੀ ਸੀ। ਉਸ ਨੂੰ ਝੂਠੇ ਬਾਜ਼ਾਰ ਤੋਂ ਵੀ ਪਉੜੀਆਂ ਚੜ੍ਹਦੀਆਂ ਸਨ ਪਰ ਵਧੇਰੇ ਆਵਾਜਾਈ ਸ੍ਰੀ ਅਕਾਲ ਤਖ਼ਤ ਸਾਹਿਬ ਵਾਲ਼ੇ ਪਾਸੇ ਤੋਂ ਹੀ ਹੁੰਦੀ ਸੀ। ਦੋਹਾਂ ਜੁੜਵੀਆਂ ਇਮਾਰਤਾਂ ਦੇ ਵਿਚਲੀ ਕੰਧ ਵਿਚ ਪਾੜ ਪਾ ਕੇ ੧੯੬੦ ਤੋਂ ਹੀ ਇਕ ਛੋਟਾ ਜਿਹਾ ਲੋਹੇ ਦਾ ਦਰਵਾਜ਼ਾ ਲਾਇਆ ਹੋਇਆ ਸੀ।
ਸੰਤ ਜੀ ਸਰਕਾਰਾਂ ਬਣਾਉਣ/ਤੋੜਨ ਵਾਲ਼ੀਆਂ ਸਾਰੀਆਂ ਸਰਗਰਮੀਆਂ, ਚੰਡੀਗੜ੍ਹ ਵਿਚਲੀ ਸਰਦਾਰ ਬਾਸੀ ਦੀ ਸਰਕਾਰੀ ਕੋਠੀ ਵਿਚ ਰਹਿ ਕੇ ਚਲਾਇਆ ਕਰਦੇ ਸਨ। ਉਹਨਾਂ ਦੇ ਨਾਲ਼ ਇਕ ਸੇਵਾਦਾਰ, ਇਕ ਗੰਨਮੈਨ, ਇਕ ਡਰਾਈਵਰ ਤੇ ਇਕ ਮੈਂ ਹੁੰਦਾ ਸੀ। ਇਕ ਦਿਨ ਮੈਨੂੰ ਆਖਿਆ ਕਿ ਜੇ ਮੈਂ ਉਹਨਾਂ ਦੀਆਂ ਦਵਾਈਆਂ ਬਾਰੇ ਸੇਵਾਦਾਰ ਕੋਲ਼ੋ ਜਾਣਕਾਰੀ ਲੈ ਲਵਾਂ ਤਾਂ ਸੇਵਾਦਾਰ ਨੂੰ ਦਫ਼ਤਰ ਵਿਚ ਕਿਸੇ ਹੋਰ ਕੰਮ ਤੇ ਲਾ ਦਿਤਾ ਜਾਵੇ। ਮੈਂ ਸੱਤ ਬਚਨ ਆਖ ਕੇ ਦਵਾਈਆਂ ਦਾ ਚਾਰਜ ਵੀ ਸਾਂਭ ਲਿਆ ਤੇ ਸੇਵਾਦਾਰ ਨੂੰ ਦਫ਼ਤਰ ਵਿਚ ਕਿਸੇ ਹੋਰ ਡਿਊਟੀ ਤੇ ਲਾ ਦਿਤਾ ਗਿਆ।
ਉਹਨਾਂ ਨੇ ਆਵਾਜਾਈ ਵਾਸਤੇ ਇਕ ਐਂਬੈਸਡਰ ਕਾਰ ਉਪਰ ਜੀਪ ਦੀ ਬਾੱਡੀ ਲਵਾ ਕੇ, ਉਸ ਦੇ ਮਿਸਤਰੀ ਤੋਂ ਤਿੰਨ ਹਿੱਸੇ ਕਰਵਾਏ ਹੋਏ ਸਨ। ਅਗਲੇ ਹਿੱਸੇ ਵਿਚ ਡਰਾਈਵਰ ਤੇ ਇਕ ਗੰਨਮੈਨ, ਪਿਛਲੇ ਹਿੱਸੇ ਵਿਚ ਮੈਂ ਤੇ ਵਿਚਕਾਰਲੇ ਵੱਡੇ ਹਿੱਸੇ ਵਿਚ ਸੰਤ ਜੀ। ਉਸ ਹਿੱਸੇ ਤੋਂ ਹੀ ਉਹ ਲੋੜ ਪੈਣ ਤੇ ਸੌਣ ਦਾ ਕੰਮ ਵੀ ਲੈ ਲਿਆ ਕਰਦੇ ਸਨ। ਫਿਰ ਅਖ਼ਬਾਰਾਂ ਆਦਿ ਪੜ੍ਹ ਕੇ ਸੁਣਾਉਣ ਲਈ ਮੈਂ ਵੀ ਓਥੇ ਉਹਨਾਂ ਦੇ ਕੋਲ਼ ਹੀ ਬੈਠਿਆ ਕਰਦਾ ਸਾਂ।
ਖਾਣਾ ਉਹਨਾਂ ਦਾ ਅੱਤ ਸਾਦਾ ਹੁੰਦਾ ਸੀ। ਫੁਲਕੇ ਦੇ ਨਾਲ਼ ਦਾਲ ਜਾਂ ਇਕ ਸਬਜ਼ੀ ਹੁੰਦੀ ਸੀ। ਇਕ ਸਮੇ ਇਕੋ ਚੀਜ। ਸਭ ਤੋਂ ਮਨ ਪਸੰਦ ਉਹਨਾਂ ਦਾ ਭੋਜਨ ਰੋਟੀ ਦਾ ਘੁੱਗੂ ਬਣਾ ਕੇ, ਦੁਧ ਨਾਲ਼ ਘੁੱਟੋ ਵੱਟੀ ਖਾਣੀ ਹੁੰਦਾ ਸੀ। ਨਾ ਕੋਈ ਮਿਰਚ ਮਸਾਲਾ, ਨਾ ਅਚਾਰ ਚਟਣੀ ਤੇ ਨਾ ਹੀ ਕੋਈ ਹੋਰ ਮਿੱਠੀ ਵਸਤੂ। ਅੰਮ੍ਰਿਤਸਰ ਵਿਚ ਰਿਹਾਇਸ਼ ਸਮੇ ਇਕ ਸੇਵਾਦਾਰ ਉਹਨਾਂ ਦਾ ਦੋਵੇਂ ਵੇਲ਼ੇ ਪ੍ਰਸ਼ਾਦਾ ਬਣਾ ਕੇ ਦਿੰਦਾ ਹੁੰਦਾ ਸੀ। ਚਾਹ ਦੇ ਨੇੜੇ ਨਹੀਂ ਸਨ ਜਾਂਦੇ। ਹਾਸੇ ਵਿਚ ਕਹਿੰਦੇ ਹੁੰਦੇ ਸਨ ਕਿ ਤੇਜ ਤੁਰਨ ਲਈ ਜਿਹਾ ਖੋਤੇ ਨੂੰ ਇਕ ਡੰਡਾ ਮਾਰ ਲਿਆ ਤੇਹਾ ਬੰਦੇ ਨੇ ਇਕ ਗਲਾਸ ਚਾਹ ਦਾ ਪੀ ਲਿਆ। ਜਿਵੇਂ ਥੋਹੜਾ ਕੁ ਚਿਰ ਖੋਤਾ ਡੰਡੇ ਦੇ ਅਸਰ ਨਾਲ਼ ਤੇਜ ਤੁਰਦਾ ਹੈ ਏਸੇ ਤਰ੍ਹਾਂ ਚਾਹ ਦੇ ਅਸਰ ਨਾਲ਼ ਬੰਦਾ ਵੀ ਥੋਹੜਾ ਕੁ ਚਿਰ ਤੇਜ ਤੁਰ ਲੈਂਦਾ ਹੈ। ਮਗਰੋਂ ਫਿਰ ਉਹੋ ਹੀ ਚਾਲ ਬਣ ਜਾਂਦੀ ਹੈ। ਇਸ ਦੇ ਉਲ਼ਟ ਸੰਤ ਫ਼ਤਿਹ ਸਿੰਘ ਜੀ ਬਿਨਾ ਦੁਧ ਅਤੇ ਮਿੱਠੇ ਤੋਂ ਚਾਹ ਪੀਂਦੇ ਸਨ। ਪਹਿਰਾਵਾ ਕੀ ਹੁੰਦਾ ਸੀ! ਗਰਮੀਆਂ ਵਿਚ, ਸਿਰ ਦੀ ਨੀਲੀ ਦਸਤਾਰ ਤੇ ਤੇੜ ਦੇ ਕਛਹਿਰੇ ਤੋਂ ਇਲਾਵਾ, ਗਲ਼ ਵਿਚ ਮਲ ਮਲ ਦਾ ਕੁੜਤਾ ਹੁੰਦਾ ਸੀ। ਸਰਦੀਆਂ ਨੂੰ ਭਾਰੇ ਕੱਪੜੇ ਦਾ ਝੱਗਾ ਤੇ ਲੋਈ ਜਾਂ ਕੰਬਲ਼ ਦੀ ਬੁੱਕਲ਼ ਮਾਰਦੇ ਸਨ। ਇਹਨਾਂ ਬਸਤਰਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸਨ ਵਰਤਦੇ। ਗਲ਼ ਦੇ ਕੁੜਤੇ ਤੇ ਹੋਰ ਨਿਕ ਸੁਕ ਦੀ ਸੰਭਾਲ਼ ਲਈ ਕੋਈ ਮਹਿੰਗਾ ਅਟੈਚੀਕੇਸ ਨਹੀਂ ਸਨ ਰੱਖਦੇ ਬਲਕਿ ਬੁਢਾ ਜੌਹੜ ਦੇ ਮਿਸਤਰੀ ਕੋਲ਼ੋਂ ਇਕ ਲੱਕੜ ਦਾ ਛੋਟਾ ਤੇ ਪਤਲਾ ਜਿਹਾ ਬਕਸਾ ਬਣਵਾ ਕੇ ਰੱਖਿਆ ਹੋਇਆ ਸੀ, ਉਸ ਵਿਚ ਹੀ ਕਛਹਿਰਾ, ਪਰਨਾ ਤੇ ਦੂਜਾ ਕੁੜਤਾ ਰੱਖਿਆ ਕਰਦੇ ਸਨ। ਇਕ ਹੋਰ ਵੀ ਗੱਲ ਸ਼ਾਇਦ ਅਜੀਬ ਲੱਗੇ : ਸ਼੍ਰੋਮਣੀ ਅਕਾਲੀ ਦਲ ਦਾ ਖ਼ਰਚ ਘਟਾਉਣ ਲਈ, ਉਸ ਦੇ ਪ੍ਰਧਾਨ ਵਸਤੇ ਜੇਹੜੀਆਂ ਅਖ਼ਬਾਰਾਂ ਆਉਂਦੀਆਂ ਸਨ ਉਹ ਵੀ ਬੰਦ ਕਰ ਦਿਤੀਆਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਾਲ਼ੀਆਂ ਅਖ਼ਬਾਰਾਂ ਹੀ ਦਲ ਦੇ ਪ੍ਰਧਾਨ ਪਾਸ ਪੁੱਜ ਜਾਣੀਆਂ ਤੇ ਆਪ ਰੇਡੀਉ ਤੋਂ ਹੀ ਖ਼ਬਰਾਂ ਸੁਣ ਕੇ ਗੁਜ਼ਾਰਾ ਕਰ ਲੈਣਾ। ਜਿੰਨਾ ਚਿਰ ਮੈਂ ਨਾਲ਼ ਸੇਵਾ ਵਿਚ ਰਿਹਾ, ਆਪਣੀ ਜੇਬ ਵਿਚੋਂ ਹੀ ਸਾਰੀਆਂ ਪੰਜਾਬੀ ਤੇ ਹਿੰਦੀ ਦੀਆਂ ਅਖ਼ਬਾਰਾਂ ਖ਼ਰੀਦਣੀਆਂ। ਉਰਦੂ ਅੰਗ੍ਰੇਜ਼ੀ ਤੋਂ ਅਣਜਾਣ ਹੋਣ ਕਰਕੇ ਨਾ ਖ਼ਰੀਦਣੀਆਂ ਤੇ ਪੜ੍ਹ ਕੇ ਸੁਣਾਉਣੀਆਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੰਤ ਜੀ ਸਾਰੇ ਸਟਾਫ਼ ਮੈਂਬਰਾਂ ਨਾਲ਼ ਯੋਗ ਸਤਿਕਾਰ ਸਹਿਤ ਵਰਤਾ ਕਰਿਆ ਕਰਦੇ ਸਨ। ਸ੍ਰੀ ਹਰਿ ਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਹਮੇਸ਼ਾ ਖੜ੍ਹੇ ਹੋ ਕੇ ਹੀ ਮਿਲ਼ਿਆ ਕਰਦੇ ਸਨ। ਭਾਵੇਂ ਕਿ ਉਹ ਉਮਰ ਅਤੇ ਧਾਰਮਿਕ ਵਿੱਦਿਆ ਵਿਚ ਸੰਤ ਜੀ ਨਾਲ਼ੋਂ ਛੋਟੀ ਉਮਰ ਦੇ ਹੀ ਹੋਣ! ਲੱਗਦੀ ਵਾਹ ਕਿਸੇ ਮੁਲਾਜ਼ਮ ਦਾ ਬੁਰਾ ਨਹੀਂ ਸਨ ਕਰਦੇ। ਜੇਕਰ ਕਿਸੇ ਤੋਂ ਕੋਈ ਹੀ ਵੱਡੀ ਗ਼ਲਤੀ ਹੋ ਜਾਵੇ ਤਾਂ ਵਧ ਤੋਂ ਵਧ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਚ ਬਦਲੀ ਕਰ ਦਿਆ ਕਰਦੇ ਸਨ। ਜੇ ਹੋਰ ਵੀ ਵੱਡੀ ਗ਼ਲਤੀ ਹੋ ਜਾਂਦੀ ਤਾਂ ਮੁਲਜ਼ਮ ਨੂੰ ਮੁਅਤਲ ਕਰਕੇ, ਕੁਝ ਸਮੇ ਬਾਅਦ ਕੁਝ ਮੈਂਬਰਾਂ ਦੀ ਸਬ ਕਮੇਟੀ ਬਣਾ ਕੇ, ਉਸ ਦਾ ਕੇਸ ਕਮੇਟੀ ਨੂੰ ਸੌਂਪ ਦਿਆ ਕਰਦੇ ਸਨ। ਮੁਲਾਜ਼ਮ ਆਪਣੀ ਗ਼ਲਤੀ ਮੰਨ ਕੇ, ਮੈਂਬਰਾਂ ਦੀ ਮਿੰਨਤ ਖ਼ੁਸ਼ਾਮਦ ਕਰਕੇ ਮੁਆਫ਼ੀ ਹਾਸਲ ਕਰ ਲਿਆ ਕਰਦਾ ਸੀ ਤੇ ਉਸ ਨੂੰ ਫਿਰ, ਸਜਾ ਵਜੋਂ ਥੋਹੜਾ ਬਹੁਤਾ ਜੁਰਮਾਨਾ ਕਰਕੇ, ਨੌਕਰੀ ਤੇ ਬਹਾਲ ਕਰ ਦਿਤਾ ਜਾਂਦਾ ਸੀ। ਸੰਤ ਜੀ ਵੱਲੋਂ ਲਗਾਤਾਰ ਦਸ ਸਾਲ ਅਜਿਹੀ ਨਰਮੀ ਵਰਤਣ ਨਾਲ਼ ਕਮੇਟੀ ਦੇ ਪ੍ਰਬੰਧ ਵਿਚ ਢਿਲਿਆਈ ਵੀ ਆ ਗਈ।
ਉਹਨਾਂ ਨਾਲ਼ ਹਰੇਕ ਮੁਲਾਜ਼ਮ, ਪਾਰਟੀ ਵਰਕਰ, ਬਿਨਾ ਸਮਾ ਲਏ ਦੇ, ਚੌਵੀ ਘੰਟੇ ਹੀ ਮਿਲ਼ ਸਕਦਾ ਸੀ। ਇਕ ਵਾਰ ਦੀ ਗੱਲ ਹੈ ਕਿ ਸੰਤ ਜੀ ਰਾਤ ਦੀ ਰੋਟੀ ਖਾ ਰਹੇ ਸਨ। ਇਕ ਗੰਗਾਨਗਰ ਦਾ ਨੌਜਵਾਨ ਸੰਤ ਜੀ ਕੋਲ਼ ਕਮੇਟੀ ਵਿਚ ਨੌਕਰੀ ਮੰਗਣ ਆਇਆ। ਕਹਿੰਦਾ ਮੈਨੂੰ ਗੁਰਦੁਆਰੇ ਦਾ ਮੈਨੇਜਰ ਲਾ ਦਿਓ। ਉਸ ਦੀ ਪੜ੍ਹਾਈ ਪੁੱਛਣ ਤੇ ਪਤਾ ਲੱਗਾ ਕਿ ਉਸ ਨੇ ਮੈਨੇਜਰ ਦੀ ਯੋਗਤਾ ਵਾਲ਼ੀ ਪੜ੍ਹਾਈ ਨਹੀਂ ਕੀਤੀ। ਜਵਾਬ ਮਿਲਣ ਤੇ ਕਹਿੰਦਾ ਕਿ ਫਿਰ ਇੰਸਪੈਕਟਰ ਲਾ ਦਿਓ। ਉਹ ਵੀ ਗੱਲ ਨਾ ਬਣੀ। ਫਿਰ ਕੁਝ ਹੋਰ ਪਦਵੀਆਂ ਦੇ ਨਾਂ ਲਏ ਪਰ ਕਿਸੇ ਵੀ ਸੱਚੇ ਵਿਚ ਫਿੱਟ ਨਾ ਆਇਆ ਤਾਂ ਕਹਿੰਦਾ ਫਿਰ ਮੈਨੂੰ ਕਿਸੇ ਹਲਕੇ ਤੋਂ ਅਸੈਂਬਲੀ ਵਾਸਤੇ ਟਿਕਟ ਹੀ ਦੇ ਦਿਓ। ਇਹ ਸੁਣ ਕੇ ਅਸੀਂ ਸਾਰੇ ਹੱਸ ਪਏ ਪਰ ਸੰਤ ਜੀ ਸਿਰਫ ਮੁਸਕ੍ਰਾਏ ਹੀ। ਸੰਤ ਜੀ ਕਹਿੰਦੇ ਭਾਈ ਇਸ ਸਮੇ ਤੇ ਕਿਸੇ ਇਲੈਕਸ਼ਨ ਦਾ ਸਮਾ ਨਹੀਂ ਹੈ। ਪਰ ਉਸ ਨੌਜਵਾਨ ਨੂੰ ਨਿਰਾਸ ਨਹੀਂ ਕੀਤਾ। ਗੰਗਾਨਗਰ ਵਿਚ ਪ੍ਰਚਾਰਕ ਲਾ ਦਿਤਾ। ਅਜਿਹੇ ਅਨਪੜ੍ਹ ਜਾਂ ਅਧਪੜ੍ਹ ਪ੍ਰਚਾਰਕ ਏਧਰ ਓਧਰ ਸੁਨੇਹੇ ਪੱਤੇ ਪੁਚਾਉਣ, ਦੀਵਾਨਾਂ ਸਮੇ ਪੰਡਾਲ ਸਜਾਉਣ, ਇਸ਼ਤਿਹਾਰ ਆਦਿ ਵੰਡਣ ਦਾ ਕਾਰਜ ਹੀ ਕਰਿਆ ਕਰਦੇ ਸਨ।
ਇਕ ਬੇਰੁਜ਼ਗਾਰ ਨੌਜਵਾਨ ਵਾਹਵਾ ਮਿਠ ਬੋਲੜਾ, ਦਲ ਦੀ ਸਰਕਾਰ ਸਮੇ ਚੰਡੀਗੜ੍ਹ ਵਿਚ ਆਗੂਆਂ ਦੇ ਆਲ਼ੇ ਦੁਆਲ਼ੇ ਫਿਰਦਾ ਰਹਿੰਦਾ ਤੇ ਵਜ਼ੀਰਾਂ ਦੀਆਂ ਕੋਠੀਆਂ ਵਿਚ ਹੀ ਰਾਤ ਨੂੰ ਸਉਂ ਜਾਂਦਾ ਸੀ। ਮੈਨੂੰ ਉਸ ਨੇ ਦੱਸਿਆ ਕਿ ਉਹ ਸੰਤ ਜੀ ਦਾ ਭਤੀਜਾ ਹੈ ਤੇ ਉਸ ਨੇ ਇਹ ਵੀ ਦੱਸਿਆ ਕਿ ਉਹ ਸੰਤ ਜੀ ਦਾ ਰਸੂਖ਼ ਵਰਤ ਕੇ ਆਈ.ਪੀ.ਐਸ. ਬਣਨ ਦੇ ਚੱਕਰ ਵਿਚ ਹੈ। ਇਕ ਦਿਨ ਮੈਂ ਸੰਤ ਜੀ ਕੋਲ਼ ਉਸ ਦਾ ਜ਼ਿਕਰ ਕੀਤਾ ਤਾਂ ਸੰਤ ਜੀ ਆਪਣੇ ਸੁਭਾ ਮੁਤਾਬਕ ਸਹਿਜ ਸੁਭਾ ਹੀ ਬੋਲੇ, ''ਸੰਤੋਖ ਸਿਆਹਾਂ, ਕਦੀ ਸਮਾ ਸੀ ਜਦੋਂ ਕੋਈ ਮੇਰਾ ਚਾਚਾ ਬਣਨ ਲਈ ਵੀ ਤਿਆਰ ਨਹੀਂ ਸੀ, ਅੱਜ ਮੇਰਾ ਭਤੀਜਾ ਵੀ ਕੋਈ ਬਣ ਗਿਆ ਹੈ। ਯਾਦ ਰਹੇ ਕਿ ਸੰਤ ਜੀ ਦਾ ਕਦੀ ਵੀ ਕੋਈ ਰਿਸ਼ਤੇਦਾਰ ਮਿਲਣ ਨਹੀਂ ਸੀ ਆਇਆ ਤੇ ਨਾ ਹੀ ਕਦੀ ਉਹਨਾਂ ਨੇ ਕਿਸੇ ਰਿਸ਼ੇਦਾਰ ਦਾ ਜ਼ਿਕਰ ਹੀ ਕੀਤਾ ਸੀ। ਇਸ ਦੇ ਉਲ਼ਟ ਸੰਤ ਫ਼ਤਿਹ ਸਿੰਘ ਜੀ ਦੇ ਚਲਾਣੇ ਮਗਰੋਂ, ਇਕ ਸ. ਮੁਖਤਿਆਰ ਸਿੰਘ ਨਾਂ ਦੇ ਸੱਜਣ ਨੇ ਸੰਤ ਫ਼ਤਿਹ ਸਿੰਘ ਜੀ ਦਾ ਦਾ ਭਰਾ ਹੋਣ ਦਾ ਦਾਅਵਾ ਕੀਤਾ ਸੀ।
ਉਹਨਾਂ ਦੇ ਕਾਰਜ ਕਾਲ਼ ਵਿਚ ਹੋਰ ਵੀ ਕਈ ਗੱਲਾਂ ਵਾਪਰੀਆਂ ਪਰ ਇਕ ਦਾ ਜ਼ਿਕਰ ਏਥੇ ਕਰਦਾ ਹਾਂ। ਦਲ ਦੀ ਅਖ਼ਬਾਰ 'ਕੌਮੀ ਦਰਦ' ਦੇ ਖ਼ਰਚ ਦਾ ਪ੍ਰਬੰਧ ਕਰਨ ਦੀ ਜੁੰਮੇਵਾਰੀ ਵੀ ਸੰਤ ਜੀ ਦੇ ਸਿਰ ਹੀ ਹੁੰਦੀ ਸੀ। ਉਸ ਉਪਰ ਪ੍ਰਿੰਟਰ ਪਬਲਿਸ਼ਰ ਤੇ ਐਡੀਟਰ ਦੇ ਥਾਂ ਇਹਨਾਂ ਦਾ ਨਾਂ ਹੀ ਛਪਦਾ ਹੁੰਦਾ ਸੀ। ਕਈ ਦਿਨ ਉਸ ਉਪਰ ਚੰਨਣ ਸਿੰਘ ਦੇ ਥਾਂ ਨੱਚਣ ਸਿੰਘ ਛਪਦਾ ਰਿਹਾ। ਜਦੋਂ ਪਤਾ ਲੱਗਾ ਤਾਂ ਪੁੱਛਣ ਤੇ ਸਟਾਫ਼ ਮੈਂਬਰ ਵੱਲੋਂ ਜਵਾਬ ਮਿਲ਼ਿਆ, ''ਸਾਨੂੰ ਤਨਖਾਹਾਂ ਨਹੀਂ ਸਮੇ ਸਿਰ ਮਿਲ਼ਦੀਆਂ; ਹੋਰ ਅਸੀਂ ਕੀ ਕਰੀਏ!'' ਇਹ ਅਨੋਖਾ ਤੇ ਵਧੀਆ ਤਰੀਕਾ ਲਭਿਆ ਨੌਕਰਾਂ ਨੇ ਮਾਲਕ ਨੂੰ ਸੁਚੇਤ ਕਰਨ ਦਾ।
ਇਹਨਾਂ ਦਿਨਾਂ ਵਿਚ ਪੰਜਾਬੀ ਪ੍ਰੈਸ ਨੇ ਇਕ ਅਜਿਹਾ ਝੂਠਾ ਸ਼ੋਸ਼ਾ ਵੀ ਛੱਡ ਦਿਤਾ ਕਿ ਮੁਖ ਮੰਤਰੀ ਸਰਦਾਰ ਬਾਦਲ ਦੇ ਦਫ਼ਤਰ ਵਿਚ ਇਕ ਕੇਬਨ ਹੈ ਜਿਸ ਵਿਚ ਸੰਤ ਚੰਨਣ ਸਿੰਘ ਜੀ ਬੈਠ ਕੇ ਸਰਦਾਰ ਬਾਦਲ ਨੂੰ ਹੁਕਮ ਦਿੰਦੇ ਹਨ ਤੇ ਉਹ ਅੱਗੋਂ ਉਸ ਹੁਕਮ ਨੂੰ ਅਮਲ ਵਿਚ ਲਿਆਉਂਦੇ ਹਨ।
ਪੰਜਾਬ ਦਾ ਅੰਗ੍ਰੇਜ਼ੀ ਪ੍ਰੈਸ ਵੀ ਸੰਤ ਜੀ ਨੂੰ 'ਸੁਪਰ ਚੀਫ਼ ਮਿਨਿਸਟਰ' ਲਿਖਣ ਲੱਗ ਪਿਆ ਸੀ। ਇਕ ਦਿਨ ਦੀ 'ਸਟੇਟਸਮੈਨ' ਅਖ਼ਬਾਰ ਦੀ ਇਹ ਖ਼ਬਰ ਅਜੇ ਵੀ ਮੇਰੀ ਯਾਦ ਵਿਚ ਅੜੀ ਹੋਈ ਹੈ ''The Super Chief Minister of Punjab, The SGPC Chief Sant Chanan Singh Said ..... “ ਲਿਖ ਕੇ ਅੱਗੇ ਖ਼ਬਰ ਛਾਪੀ ਸੀ। ਏਸ ਅਖ਼ਬਾਰ ਨੇ ਹੀ ਆਪਣੇ ਇਕ ਐਡੀਟੋਰੀਅਲ ਵਿਚ ਦਲੀਲਾਂ ਦੇ ਕੇ, ਉਸ ਸਮੇ ਸੰਤ ਜੀ ਨੂੰ ਹੀ ਸਭ ਤੋਂ ਯੋਗ ਮੁਖ ਮੰਤਰੀ ਦੀ ਪਦਵੀ ਦੇ ਕਾਬਲ ਲਿਖਿਆ ਸੀ।
ਵੈਸੇ ਤੇ ਦੋਵੇਂ ਸੰਤ ਜੀ ਹੀ ਹਰ ਪ੍ਰਕਾਰ ਦੇ ਡਰ ਚਿੰਤਾ ਤੋਂ ਰਹਿਤ ਸਨ ਪਰ ਇਕ ਅਜਿਹਾ ਮੌਕਾ ਵੀ ਆਇਆ ਜਿਸ ਦਾ ਮੈਂ ਏਥੇ ਜ਼ਿਕਰ ਕਰਨਾ ਜਰੂਰੀ ਸਮਝਦਾ ਹਾਂ। ਗੱਲ ਇਉਂ ਹੋਈ ਕਿ ਦਲ ਨਾਲ਼ ਗ਼ਦਾਰੀ ਦੀ ਸਜਾ ਵੱਜੋਂ ਸੰਤ ਜੀ ਦੀ ਹਿਦਾਇਤ 'ਤੇ ੨੫ ਮਾਰਚ, ੧੯੭੦ ਵਾਲ਼ੇ ਦਿਨ, ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਤੋੜ ਦਿਤੀ ਗਈ। ੨੭ ਮਾਰਚ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਮੁਖ ਮੰਤਰੀ ਬਣ ਗਏ। ਇਸ ਸਾਰੇ ਕੁਝ ਦਾ ਵਿਸਥਾਰ ਮੈਂ ਹੋਰ ਕਿਸੇ ਲੇਖ ਵਿਚ ਲਿਖ ਚੁੱਕਾ ਹਾਂ।
੧੭ ਅਕਾਲੀ ਐਮ.ਐਲ.ਏਆਂ ਸਮੇਤ ਜਸਟਿਸ ਨੇ ਵਖਰਾ ਅਕਾਲੀ ਦਲ ਬਣਾ ਲਿਆ। ਜਨਸੰਘ ਦੀ ਸਹਾਇਤਾ ਨਾਲ਼ ਅਕਾਲੀ ਸਰਕਾਰ ਚੱਲਦੀ ਰਹੀ। ਇਸ ਤੋਂ ਪਹਿਲੀ ਅਕਾਲੀ ਸਰਕਾਰ ਨੇ ੧੬੬੯ ਵਿਚ, ਅੰਮ੍ਰਿਤਸਰ ਸ਼ਹਿਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜ ਸੌ ਸਾਲਾ ਪ੍ਰਕਾਸ਼ ਉਤਸ਼ਵ ਦੀ ਯਾਦ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਈ ਸੀ। ਇਸ ਸਰਕਾਰ ਨੇ ਉਸ ਯੂਨੀਵਰਸਿਟੀ ਨਾਲ਼ ਮਾਝੇ ਤੇ ਦੁਆਬੇ ਦੇ ਸਾਰੇ ਕਾਲਜਾਂ ਨੂੰ ਜੋੜ ਦਿਤਾ। ਇਸ ਦਾ ਪੰਜਾਬ ਦੀ ਆਰੀਆ ਸਮਾਜੀ ਵਿਦਿਅਕ ਲਾੱਬੀ ਅਤੇ ਹਿੰਦੂ ਪ੍ਰੈਸ ਨੇ ਏਨਾ ਵਿਰੋਧ ਕੀਤਾ ਕਿ ਜਨਸੰਘੀ ਇਸ ਵਿਰੋਧ ਦਾ ਸਾਹਮਣਾ ਨਾ ਕਰ ਸਕੇ ਤੇ ਉਹਨਾਂ ਦੇ ਦੋ ਵਜ਼ੀਰਾਂ ਸਮੇਤ ਅੱਠ ਮੈਂਬਰ, ਡਾ. ਬਲਦੇਵ ਪ੍ਰਕਾਸ਼ ਦੀ ਅਗਵਾਈ ਹੇਠ, ਸਰਕਾਰ ਤੋਂ ਬਾਹਰ ਹੋ ਗਏ। ਅਜੇ ਇਹ ਖ਼ਬਰ ਠੰਡੀ ਨਹੀਂ ਸੀ ਹੋਈ ਕਿ ਸ. ਸੁਰਿੰਦਰ ਸਿੰਘ ਕੈਰੋਂ, ਆਪਣੇ ਸਮੇਤ ੬ ਮੈਂਬਰ ਲੈ ਕੇ ਕਿਧਰੇ ਉਡੰਤਰ ਹੋ ਗਿਆ। ਇਹ ਛੇ ਸਨ: ਖ਼ੁਦ ਸੁਰਿੰਦਰ ਸਿੰਘ ਕੈਰੋਂ, ਜ. ਪ੍ਰੀਤਮ ਸਿੰਘ ਭੀਖੋਵਾਲ਼ੀ, ਹਰੀ ਸਿੰਘ, ਤਾਰਾ ਸਿੰਘ ਲਾਇਲਪੁਰੀ, ਨਵਾਬ ਮਲੇਰ ਕੋਟਲਾ ਅਤੇ ਸਰਦਾਰ ਕਾਦੀਆਂ (ਜ਼ਿਲ੍ਹਾ ਜਲੰਧਰ)। ਜਥੇਦਾਰ ਭੀਖੋਵਾਲ਼ੀ ਬਹੁਤ ਸ਼ਰੀਫ਼ ਟਕਸਾਲੀ ਅਕਾਲੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸਨ। ਇਸ ਤੋਂ ਇਲਾਵਾ ਲਾਇਲਪੁਰ ਐਗਰੀਕਲਚਰ ਕਾਲਜ ਦੇ ਗ੍ਰੈਜੂਏਟ ਤੇ ਚੰਗੀ ਜ਼ਮੀਨ ਜਾਇਦਾਦ ਦੇ ਮਾਲਕ ਵੀ ਸਨ। ਸ਼ਰੀਫ਼ ਤੇ ਸਾਦੇ ਏਨੇ ਕਿ ਏਨੀ ਚੰਗੀ ਪੁਜ਼ੀਸ਼ਨ ਹੋਣ ਦੇ ਬਾਵਜੂਦ ਵੀ ਇਕ ਵਾਰ ਬੱਸ ਦੇ ਕੰਡਕਟਰ ਨੇ ਆਖ ਦਿਤਾ, ''ਬਾਬਾ ਕਿਧਰ ਚੜ੍ਹੀ ਜਾਨਾਂ ਏਂ! ਹੈਨ੍ਹੀਂ ਕੋਈ ਖਾਲੀ ਸੀਟ, ਉਤਰ ਥੱਲੇ!'' ਤੇ ਕੁਝ ਬੋਲਣ ਦੀ ਬਜਾਇ ਜਥੇਦਾਰ ਜੀ ਬੱਸ ਤੋਂ ਉਤਰ ਗਏ ਤੇ ਇਹ ਨਹੀਂ ਦੱਸਿਆ ਕਿ ਉਹ ਐਮ.ਐਲ.ਏ. ਹਨ। ਹਾਲਾਂ ਕਿ ਉਹਨੀਂ ਦਿਨੀਂ ਹਰੇਕ ਬੱਸ ਵਿਚ ਐਮ.ਐਲ.ਏ. ਵਾਸਤੇ ਇਕ ਸੀਟ ਰਾਖਵੀਂ ਹੁੰਦੀ ਸੀ। ਸ਼ਾਇਦ ਉਸ ਦੇ ਇਕ ਸਹਾਇਕ ਵਾਸਤੇ ਵੀ। ਜਦੋਂ ਸੰਤ ਜੀ ਨੂੰ ਪਤਾ ਲੱਗਾ ਕਿ ਪਾਰਟੀ ਉਪਰ ਵਜ਼ੀਰੀ ਵਾਸਤੇ ਦਬਾ ਪਾਉਣ ਲਈ ਕੈਰੋਂ ਨਾਲ਼ ਉਹ ਵੀ ਗੁੰਮ ਹੋ ਗਏ ਹਨ ਤਾਂ ਸਹਿਜ ਸੁਭਾ ਉਹਨਾਂ ਦਾ ਬਚਨ ਸੀ, ''ਸ਼ਰਾਫ਼ਤ ਕਮਜੋਰੀ ਦਾ ਹੀ ਨਾਂ ਹੈ!'' ਸੰਤ ਜੀ ਬਹੁਤ ਸੰਖੇਪ ਹੀ ਬੋਲਿਆ ਕਰਦੇ ਸਨ।
ਸਰਕਾਰ ਘੱਟਗਿਣਤੀ ਵਿਚ ਰਹਿ ਗਈ। ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜੇ ਅਸੈਂਬਲੀ ਦਾ ਸੈਸ਼ਨ ਚੱਲਦਾ ਹੁੰਦਾ ਤਾਂ ਸਰਕਾਰ ਟੁੱਟ ਜਾਣੀ ਸੀ। ਸਤਾਰਾਂ ਮੈਂਬਰ ਗੁਰਨਾਮ ਸਿੰਘ ਨਾਲ਼ ਚਲੇ ਗਏ, ਅੱਠ ਜਨਸੰਘੀ ਨਿਕਲ਼ ਗਏ ਤੇ ਛੇਆਂ ਨੂੰ ਕੈਰੋਂ ਲੈ ਕੇ ਗੁੰਮ ਹੋ ਗਿਆ। ਇਕ ਸੌ ਚਾਰ ਕੁਲ਼ ਅਸੈਂਬਲੀ ਦੇ ਮੈਂਬਰ ਸਨ ਉਸ ਸਮੇ।
ਫਿਰ ਸੰਤ ਜੀ ਨੇ ਉਹਨਾਂ ਗੁੰਮ ਹੋਏ ਛੇਆਂ ਨੂੰ ਲਭਣ ਲਈ ਰਾਤ ਦਿਨ ਇਕ ਕਰ ਦਿਤਾ। ਮੁਖ ਮੰਤਰੀ ਸਰਦਾਰ ਬਾਦਲ ਨੂੰ ਨਾਲ਼ ਲੈ ਕੇ ਕਦੀ ਕਿਤੇ ਤੇ ਕਦੀ ਕਿਤੇ ਦੌੜ ਭੱਜ ਕੀਤੀ। ਇਸ ਭਾਲ਼ ਵਿਚ ਕਦੀ ਕਦਾਈਂ ਮੈਂ ਵੀ ਨਾਲ਼ ਹੁੰਦਾ ਤੇ ਬਹੁਤੀ ਵਾਰ ਮੈਨੂੰ ਸਰਦਾਰ ਬਾਸੀ ਦੀ ਕੋਠੀ ਵਿਚ ਹੀ ਛੱਡ ਜਾਂਦੇ। ਇਸ ਦੌਰਾਨ ਬਾਕੀ ਸਾਰੇ ਲੀਡਰ, ਸਰਦਾਰ ਟੌਹੜਾ, ਸਰਦਾਰ ਬਾਦਲ, ਸੰਤ ਫ਼ਤਿਹ ਸਿੰਘ ਜੀ ਆਦਿ ਇਕ ਸ਼ਾਮ ਨੂੰ ਮਾਯੂਸੀ ਦੀ ਹਾਲਤ ਵਿਚ ਬੈਠੇ ਵੀ ਮੈਂ ਵੇਖੇ।
ਸ. ਸੁਰਿੰਦਰ ਸਿੰਘ ਕੈਰੋਂ ਏਨੇ ਦਲੇਰ ਸਨ ਕਿ ਇਕ ਵਾਰੀ ਉਹ ਮੁਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੇ ਘਰੋਂ ਵੀ, ਜਸਟਿਸ ਨੂੰ ਅੰਕਲ ਅੰਕਲ ਆਖਦਿਆਂ ਹੋਇਆਂ ਦੋ ਮੈਂਬਰਾਂ ਨੂੰ ਉਹਨਾਂ ਦੇ ਗੁੱਟਾਂ ਤੋਂ ਫੜ ਕੇ ਧੂਹ ਲਿਆਏ ਸਨ। ਪੰਜ ਮੈਂਬਰ ਤੇ ਉਸ ਨੇ ਪਤਾ ਨਹੀਂ ਕਿਥੇ ਲੁਕਾਏ ਹੋਏ ਸਨ ਤੇ ਵਜ਼ੀਰਾਂ ਦੀਆਂ ਕੋਠੀਆਂ ਵਿਚ ਰਾਤ ਨੂੰ ਕਾਰ ਉਪਰ ਗੇੜੇ ਮਾਰਦਾ ਰਹਿੰਦਾ ਸੀ ਤਾਂ ਕਿ ਕੋਈ ਹੋਰ ਮੈਂਬਰ ਵੀ ਹੱਥ ਲੱਗੇ ਤਾਂ ਖਿੱਚਿਆ ਜਾ ਸਕੇ। ਇਕ ਰਾਤ ਨੂੰ ਮੈਂ ਸਰਦਾਰ ਬਾਸੀ ਦੀ ਕੋਠੀ ਦੇ ਬਰਾਂਡੇ ਵਿਚ ਖਲੋਤਾ ਸਾਂ ਤੇ ਇਕ ਕਾਰ ਆਈ। ਉਹ ਗੇੜਾ ਦੇ ਕੇ ਵਾਪਸ ਮੁੜ ਗਈ। ਮੁੜਦੀ ਹੋਈ ਕਾਰ ਉਪਰ, ਗੇਟ ਤੇ ਲੱਗੀ ਬੱਤੀ ਦੀ ਰੋਸ਼ਨੀ ਜਦੋਂ ਪਈ ਤਾਂ ਮੈ ਵੇਖਿਆ ਕਿ ਡਰਾਈਵਰ ਦੇ ਨਾਲ਼ ਸਰਦਾਰ ਕੈਰੋਂ ਬੈਠੇ ਹੋਏ ਸਨ। ਉਸ ਦਿਨ ਤੋਂ ਪਿੱਛੋਂ ਮੈਂ ਫਿਰ ਛੇ ਗੋਲ਼ੀਆਂ ਭਰ ਕੇ ਰੀਵਾਲਵਰ ਆਪਣੀ ਪੈਂਟ ਦੇ ਘ੍ਹੀਸੇ ਵਿਚ ਰੱਖਣ ਲੱਗ ਪਿਆ ਤਾਂ ਕਿ ਲੋੜ ਸਮੇ ਇਸ ਨੂੰ ਵਰਤਿਆ ਜਾ ਸਕੇ।
ਅਖੀਰ ਜਦੋਂ ਉਹ ਸਰਦਾਰ ਕੈਰੋਂ ਵੱਲੋਂ ਗੁੰਮ ਕੀਤੇ ਹੋਏ ਛੇ ਮੈਂਬਰ ਨਾ ਹੀ ਲੱਭੇ ਤਾਂ ਫਿਰ ਸੰਤ ਚੰਨਣ ਸਿੰਘ ਜੀ ਨੇ ਦਿੱਲੀ ਦਾ ਰੁਖ ਕੀਤਾ। ਵਿਦੇਸ਼ ਮੰਤਰੀ ਸ. ਸਵਰਨ ਸਿੰਘ ਰਾਹੀਂ, ਕਦੀ ਗ੍ਰਿਹ ਮੰਤਰੀ ਸ਼੍ਰੀ ਚਵਾਨ ਤੇ ਕਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ਼, ਪੰਜਾਬ ਦੀ ਸਰਕਾਰ ਚਲਾਉਣ ਲਈ  ਮਿਲਵਰਤਣ ਵਾਸਤੇ ਮੁਲਾਕਾਤਾਂ ਹੁੰਦੀਆਂ ਰਹੀਆਂ। ਯਾਦ ਰਹੇ ਕਿ ਸੰਤ ਫ਼ਤਿਹ ਸਿੰਘ ਜੀ ਵੱਲੋਂ ਆਪਣੇ ਹਾਸਰਸੀ ਸੁਭਾ ਮੁਤਾਬਿਕ ਇਕ ਲੈਕਚਰ ਵਿਚ ਕੁਝ ਅਜਿਹੀ ਗੱਲ ਕਰ ਦਿਤੀ ਗਈ ਸੀ, ਜਿਸ ਕਾਰਨ ਬੀਬੀ ਸੰਤ ਜੀ ਨਾਲ਼ ਨਿਜੀ ਤੌਰ ਤੇ ਨਾਰਾਜ਼ ਹੋ ਗਈ ਸੀ। ਇਸ ਲਈ ਉਸ ਨੇ ਆਖ ਰੱਖਿਆ ਸੀ ਕਿ ਉਸ ਨਾਲ਼ ਕੇਵਲ ਸੰਤ ਚੰਨਣ ਸਿੰਘ ਹੀ ਗੱਲ ਕਰਨ ਆਇਆ ਕਰਨ, ਸੰਤ ਫ਼ਤਿਹ ਸਿੰਘ ਨਹੀਂ। ਉਸ ਗੱਲ ਦਾ ਜ਼ਿਕਰ ਮੈਂ ਕਿਸੇ ਹੋਰ ਲੇਖ ਵਿਚ ਕਰ ਚੁੱਕਿਆ ਹਾਂ।
ਇਸ ਗੱਲਬਾਤ ਦੇ ਨਤੀਜੇ ਵਜੋਂ ਕਾਗਰਸ ਨੇ ਪੰਜਾਬ ਅਸੈਂਬਲੀ ਵਿਚ ਨਿਰਪੱਖ ਰਹਿਣ ਦਾ ਫੈਸਲਾ ਕਰ ਲਿਆ ਤੇ ਅਕਾਲੀ ਸਰਕਾਰ ਬਚ ਗਈ। ਇਸ ਬਾਰੇ ਪੱਤਰਕਾਰ ਕਈ ਤਰ੍ਹਾਂ ਦੇ ਅਟਕਲ਼ ਪੱਚੂ ਲਾਉਂਦੇ ਰਹੇ ਕਿ ਦੋਵੇਂ ਪਾਰਟੀਆਂ ਦੀ ਮਿਲ਼ਵੀਂ ਸਰਕਾਰ ਬਣੂਗੀ। ਦੋਹਾਂ ਪਾਰਟਆਂ ਦੇ ਅਧੋ ਅਧ ਵਜ਼ੀਰ ਹੋਣਗੇ। ਮੁਖ ਮੰਤਰੀ ਬਾਰੇ ਅਜੇ ਦੁਬਿਧਾ ਹੈ। ਅਕਾਲੀ ਚਾਹੁੰਦੇ ਨੇ ਕਿ ਮੁਖ ਮੰਤਰੀ ਉਹਨਾਂ ਦਾ ਰਹੇ ਤੇ ਕਾਂਗਰਸੀ ਮੰਗ ਕਰਦੇ ਨੇ ਕਿ ਮੁਖ ਮੰਤਰੀ ਕਾਂਗਰਸੀ ਬਣਾਇਆ ਜਾਵੇ। ਪਰ ਅਜਿਹਾ ਕੁਝ ਨਾ ਵਾਪਰਿਆ ਤੇ ਸੰਤ ਜੀ ਦੀ ਭੱਜ ਨੱਸ ਅਤੇ ਸੂਝ ਬੂਝ ਨਾਲ਼, ਉਸ ਸਮੇ ਬਾਦਲ ਸਾਹਿਬ ਦੀ ਸਰਕਾਰ ਬਚ ਗਈ। ਅਜਿਹੀ ਹਾਲਤ ਵੇਖ ਕੇ ਕੈਰੋਂ ਵੀ ਆਪਣੇ ਗੁਪਤ ਕੀਤੇ ਮੈਂਬਰਾਂ ਸਣੇ ਵਾਪਸ ਆ ਗਿਆ ਤੇ ਪਰਗਟ ਹੋ ਕੇ, ਸੰਤ ਜੀ ਦੀ ਹਾਜਰੀ ਵਿਚ, ਚੰਡੀਗੜ੍ਹ ਵਾਲ਼ੇ ਦਲ ਦੇ ਦਫ਼ਤਰ ਵਿਚ, ਇਹ ਐਲਾਨ ਕਰਕੇ ਦਲ ਵਿਚ ਮੁੜ ਸ਼ਾਮਲ ਹੋ ਗਿਆ ਕਿ ਅਸੀਂ ਦਸਵੇਂ ਗੁਰੂ ਜੀ ਦੇ ਕੇਸਰੀ ਨਿਸ਼ਾਨ ਦੀ ਸ਼ਾਨ ਵਾਸਤੇ ਪੰਥ ਵਿਚ ਮੁੜ ਆਏ ਹਾਂ। ਇਸ ਤੇ ਵੀ ਪੱਤਰਕਾਰਾਂ ਨੇ ਅੰਦਾਜ਼ੇ ਲਾਏ ਕਿ ਸੰਤ ਚੰਨਣ ਸਿੰਘ ਜੀ ਨੇ ਆਪਣੇ ਸਿਰ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਚੁੱਕ ਕੇ, ਸਹੁੰ ਖਾ ਕੇ ਸਰਦਾਰ ਕੈਰੋਂ ਨੂੰ ਵਜ਼ੀਰ ਬਣਾਉਣ ਦਾ ਇਕਰਾਰ ਕੀਤਾ ਹੈ ਪਰ ਮੇਰੇ ਸਾਹਮਣੇ ਅਜਿਹਾ ਕੁਝ ਨਹੀਂ ਸੀ ਹੋਇਆ। ਸ. ਸੁਰਿੰਦਰ ਸਿੰਘ ਕੈਰੋਂ ਵਜ਼ੀਰ ਨਾ ਬਣ ਸਕੇ। ਅਜਿਹੀ ਹਾਲਤ ਵੇਖ ਕੇ ਜਸਟਿਸ ਗੁਰਨਾਮ ਸਿੰਘ ਵੀ ਆਪਣੇ ਸਾਥੀਆਂ ਸਮੇਤ ਮੁੜ ਦਲ ਵਿਚ ਆ ਰਲ਼ਿਆ।
ਇਸ ਸਭ ਕੁਝ ਦੇ ਬਾਵਜੂਦ ਜਸਟਿਸ ਗੁਰਨਾਮ ਸਿੰਘ ਦੇ ਦੂਸਰੀ ਵਾਰ ਗ਼ਦਾਰੀ ਕਰਨ ਕਰਕੇ ੧੯੭੧ ਦੇ ਅਧ ਵਿਚ ਇਹ ਸਰਕਾਰ, ਸੰਤ ਜੀ ਦੀ ਹਿਦਾਇਤ 'ਤੇ ਸਰਦਾਰ ਬਾਦਲ ਨੂੰ ਅਸਤੀਫਾ ਦੇ ਕੇ ਤੋੜਨੀ ਹੀ ਪਈ।
ਅਖੀਰ ਵਿਚ ਜਸਟਿਸ ਗੁਰਨਾਮ ਸਿੰਘ ਸਾਥੀਆਂ ਸਮੇ ਕਾਂਗਰਸ ਵਿਚ ਸ਼ਾਮਲ ਹੋ ਗਿਆ। ੳਸ ਦੇ ਕੁਝ ਸਾਥੀਆਂ, ਬੇਅੰਤ ਸਿੰਘ ਜਗਦੇਵ ਸਿੰਘ ਜੱਸੋਵਾਲ ਆਦਿ ਵਰਗਿਆਂ ਨੂੰ ੧੯੭੨ ਦੀਆਂ ਚੋਣਾਂ ਸਮੇ ਕਾਂਗਰਸ ਪਾਰਟੀ ਦੀਆਂ ਟਿਕਟਾਂ ਮਿਲ਼ ਗਈਆਂ। ਗੁਰਨਾਮ ਸਿੰਘ ਨੂੰ ਆਸਟ੍ਰੇਲੀਆ ਵਿਚ ਹਾਈ ਕਮਿਸ਼ਨਰ ਲਾ ਦਿਤਾ ਗਿਆ। ਉਹ ਕੈਨਬਰੇ ਵਿਚ ਇਸ ਪਦਵੀ ਦਾ ਚਾਰਜ ਲੈਣ ਪਿੱਛੋਂ ਦੇਸ ਗਿਆ ਤੇ ਓਥੇ ਹਵਾਈ ਹਾਦਸੇ ਵਿਚ ਮਾਰਿਆ ਗਿਆ।


1970 ਦੌਰਾਨ, ਸ੍ਰੀ ਮੁਕਤਸਰ ਸਾਹਿਬ ਤੋਂ ਅੱਗੇ ਅਬੋਹਰ ਦੇ ਨੇੜੇ, ਇਕ ਪਿੰਡ, ਸ਼ਾਇਦ ਬਹਾਦਰ ਖੇੜਾ ਵਿਚ, ਗੁਰਦੁਆਰਾ ਸਾਹਿਬ ਦਾ ਉਦਘਾਟਨ ਕਰਨ ਸਮੇ ਦੀ ਇਹ ਫ਼ੋਟੋ ਹੈ। ਸੰਤ ਜੀ ਦੇ ਸੱਜੇ ਪਾਸੇ ਢਾਡੀ ਹਰਬੰਸ ਸਿੰਘ ਬਹਾਦਰ ਖੇੜਾ ਜੀ ਖਲੋਤੇ ਹਨ। ਸੰਤ ਜੀ ਅਤੇ ਢਾਡੀ ਹਰਬੰਸ ਸਿੰਘ ਦੇ ਵਿਚਾਲ਼ੇ ਮੈ ਖਲੋਤਾ ਹਾਂ। ਸੰਤ ਜੀ ਦੇ ਖੱਬੇ ਪਾਸੇ ਇਕ ਹੋਰ ਢਾਡੀ ਸਿੰਘ ਖਲੋਤਾ ਹੈ, ਜਿਸ ਦਾ ਮੈਂ ਇਸ ਸਮੇ ਨਾਂ ਭੁੱਲ ਚੁੱਕਾ ਹਾਂ।

17 Oct. 2018