ਅਜੋਕੇ ਹਾਕਮਾਂ ਨੂੰ ਲੋੜੀਂਦੀ ਹੈ ਪ੍ਰਾਚੀਨ ਦਾਨਾਈ ... - ਹਰੀਸ਼ ਖਰੇ

ਡਾ. ਮੁਰਲੀ ਮਨੋਹਰ ਜੋਸ਼ੀ ਅੱਜ ਦੇਸ਼ ਵਿਚਲੀਆਂ ਸੂਝਵਾਨ ਹਸਤੀਆਂ ਵਿੱਚੋਂ ਇੱਕ ਹਨ। ਭਾਵੇਂ ਇਹ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਭਾਜਪਾ ਦਾ ਸੰਸਦ ਮੈਂਬਰ ਹੈ, ਪਰ ਇਹ ਜਾਣਿਆ-ਪਛਾਣਿਆ ਤੱਥ ਹੈ ਕਿ ਭਾਜਪਾ ਇਸ ਸੂਝਵਾਨ ਸ਼ਖ਼ਸੀਅਤ ਦੀ ਹੁਣ ਬਹੁਤੀ ਪਰਵਾਹ ਨਹੀਂ ਕਰਦੀ। ਆਪਣੇ ਆਪ ਤਕ ਸੀਮਿਤ ਰਹਿਣ ਲਈ ਮਜਬੂਰ ਕੀਤੇ ਗਏ ਡਾ. ਜੋਸ਼ੀ ਅੱਜਕੱਲ੍ਹ ਸਭ ਤੋਂ ਉਮਦਾ ਕਾਰਜ- ਬੌਧਿਕ ਚਿੰਤਨ ਦਾ ਆਨੰਦ ਮਾਣਦੇ ਆ ਰਹੇ ਹਨ। ਅਤੇ ਉਨ੍ਹਾਂ ਵੱਲੋਂ ਕੀਤੀਆਂ ਜਾਂਦੀਆਂ ਟਿੱਪਣੀਆਂ ਉੱਤੇ ਪ੍ਰਪੱਕਤਾ ਅਤੇ ਤਜਰਬੇ ਦੀ ਛਾਪ ਹੁੰਦੀ ਹੀ ਹੈ।
         ਮੇਰੇ ਵੱਲੋਂ ਉਨ੍ਹਾਂ ਦੇ ਅਜਿਹੇ ਸੋਹਲੇ ਗਾਉਣ ਦੀ ਵਜ੍ਹਾ ਹੈ ਉਨ੍ਹਾਂ ਵੱਲੋਂ ਲਿਖਿਆ ਗਿਆ ਲੇਖ। ਡਾ. ਜੋਸ਼ੀ ਨੇ ਹਾਲ ਹੀ ਵਿੱਚ 'ਰਾਜਧਰਮ, ਹਾਊ ਰੂਲਰਜ਼ ਮਸਟ ਕੰਡਕਟ : ਲੈਸਨਜ਼ ਫਰੌਮ ਐਨਸ਼ੀਐਂਟ ਇੰਡੀਆ' (ਰਾਜਧਰਮ, ਹਾਕਮ ਕਿਵੇਂ ਵਿਵਹਾਰ ਕਰਨ : ਪੁਰਾਤਨ ਭਾਰਤ ਦੇ ਸਬਕ) ਸਿਰਲੇਖ ਹੇਠ ਸੂਖ਼ਮਦ੍ਰਿਸ਼ਟੀ ਵਾਲਾ ਇੱਕ ਲੰਮਾ ਲੇਖ ਲਿਖਿਆ ਹੈ। ਇਹ ਮਹੱਤਵਪੂਰਨ ਤੇ ਤਰਕਪੂਰਨ ਲੇਖ 'ਪਾਵਰ ਪੌਲਿਟਿਕਸ' (ਸੱਤਾ ਦੀ ਸਿਆਸਤ) ਨਾਂ ਦੇ ਮੈਗਜ਼ੀਨ ਵਿੱਚ ਆਇਆ ਜੋ ਕਈ ਵਰ੍ਹੇ ਪਹਿਲਾਂ ਮੇਰੇ ਵਾਲੇ ਅਹੁਦੇ 'ਤੇ ਰਹੇ ਹਰੀ ਜੈਸਿੰਘ ਵੱਲੋਂ ਕੱਢਿਆ ਜਾਂਦਾ ਹੈ। ਉਹ 1994 ਤੋਂ 2003 ਤਕ ਨੌਂ ਸਾਲ 'ਟ੍ਰਿਬਿਊਨ' ਦੇ ਸੰਪਾਦਕ ਰਹੇ ਅਤੇ ਦਸ ਸਾਲਾਂ ਤੋਂ 'ਪਾਵਰ ਪੌਲਿਟਿਕਸ' ਦਾ ਸੰਪਾਦਨ ਕਰਦੇ ਆ ਰਹੇ ਹਨ। ਇਹ ਗ਼ੈਰ-ਦਿਖਾਵਟੀ, ਸੰਜੀਦਾ ਕਿਸਮ ਦਾ ਮੈਗਜ਼ੀਨ ਹੈ।
     ਆਪਣੇ ਵਿਸ਼ੇਸ਼ ਲੇਖ ਵਿੱਚ ਡਾ. ਮੁਰਲੀ ਮਨੋਹਰ ਜੋਸ਼ੀ ਨੇ ਆਧੁਨਿਕ ਹਾਕਮਾਂ ਲਈ ਇੱਕ ਤਰ੍ਹਾਂ ਦਾ ਕਾਇਦਾ ਹੀ ਰਚ ਦਿੱਤਾ ਹੈ ਜੋ ਰਾਮਾਇਣ, ਮਹਾਂਭਾਰਤ, ਵੇਦਾਂ ਅਤੇ ਕੌਟਲਯ ਦੇ ਅਰਥਸ਼ਾਸਤਰ ਜਿਹੇ ਪੁਰਾਤਨ ਗਰੰਥਾਂ ਉੱਤੇ ਆਧਾਰਿਤ ਹੈ।
      ਅਤੇ ਹੈਰਾਨੀਜਨਕ ਢੰਗ ਨਾਲ ਡਾ. ਜੋਸ਼ੀ ਜਿਹੜੇ ਨੁਕਤਿਆਂ ਦਾ ਵਰਣਨ ਕਰਦੇ ਹਨ ਉਹ ਆਧੁਨਿਕ ਉਦਾਰਵਾਦੀ ਸੰਵਿਧਾਨਕ ਵਿਵਸਥਾ ਦੇ ਮੁੱਢਲੇ ਸਿਧਾਂਤਾਂ ਵਿੱਚ ਸ਼ਾਮਿਲ ਹੋ ਸਕਦੇ ਹਨ। ਮਿਸਾਲ ਵਜੋਂ : ''ਜਿਵੇਂ ਇਕੱਲੇ ਇੱਕ ਪਹੀਏ ਨਾਲ ਰਥ ਨਹੀਂ ਚੱਲ ਸਕਦਾ, ਉਸੇ ਤਰ੍ਹਾਂ ਇਕੱਲਾ ਰਾਜਾ ਰਾਜ ਪ੍ਰਬੰਧ ਨਹੀਂ ਚਲਾ ਸਕਦਾ,'' ਜਾਂ ''ਰਾਜੇ ਨੂੰ ਦਰਪ (ਹੈਂਕੜ) ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਚਾਲਬਾਜ਼ੀ ਤੇ ਮੱਕਾਰੀ ਤੋਂ ਮੁਕਤ ਹੋਣਾ ਚਾਹੀਦਾ ਹੈ,'' ਜਾਂ ''ਰਾਜੇ ਨੂੰ ਰਿਆਇਆ ਦੇ ਦਮਨ ਅਤੇ ਧਰਮ ਦੀ ਉਲੰਘਣਾ ਕਰਨ ਦਾ ਅਧਿਕਾਰ ਨਹੀਂ ਹੁੰਦਾ... ਰਾਜੇ ਨੂੰ ਤਾਂ ਦੰਡ, ਕਾਨੂੰਨ ਅਤੇ ਪ੍ਰਸ਼ਾਸਨ ਦਾ ਭੈਅ ਹੋਰ ਸਭ ਨਾਲੋਂ ਜ਼ਿਆਦਾ ਹੁੰਦਾ ਹੈ।'' ਇਹ ਸਭ ਹੋਰ ਕੁਝ ਨਹੀਂ ਸਗੋਂ ਜਵਾਬਦੇਹ ਪ੍ਰਸ਼ਾਸਨ ਦਾ ਮੂਲ ਹੈ।
       ਦਰਅਸਲ, ਆਧੁਨਿਕ ਸਮਿਆਂ ਵਿੱਚ ਸਿਆਸੀ ਚੁਣੌਤੀ ਦਾ ਮੁੱਢਲਾ ਕਾਰਜ ਇਹੀ ਯਕੀਨੀ ਬਣਾਉਣਾ ਰਹਿ ਗਿਆ ਹੈ ਕਿ ਕਾਰਜਪਾਲਿਕਾ ਆਪਣੀਆਂ ਸੀਮਾਵਾਂ ਵਿੱਚ ਰਹਿ ਕੇ ਹੀ ਕਾਰਜ ਕਰੇ। ਮਿਸਾਲ ਵਜੋਂ, ਰਿਚਰਡ ਨਿਕਸਨ ਦੇ ਵਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਵਜੋਂ ਕਾਰਜਕਾਲ ਦੌਰਾਨ ਇਹ ਵਾਜਬ ਤੌਖ਼ਲਾ ਸੀ ਕਿ ਰਾਸ਼ਟਰਪਤੀ 'ਰਾਜਸ਼ਾਹੀ ਵਾਲਾ ਪ੍ਰਬੰਧ' ਠੋਸਣ ਦੀ ਕੋਸ਼ਿਸ਼ ਕਰ ਰਿਹਾ ਹੈ।
       ਸਾਡੀ ਪੁਰਾਤਨ ਸਿਆਸੀ ਸੂਝ ਤਾਕੀਦ ਕਰਦੀ ਹੈ ਕਿ ਇੱਕ ਰਾਜੇ ਨੂੰ ਜ਼ਬਤ ਵਿੱਚ ਰਹਿ ਕੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨੀ ਹੋਵੇਗੀ : ''ਰਾਜੇ ਤੋਂ ਅਨੁਸ਼ਾਸਨ ਵਿੱਚ ਰਹਿ ਕੇ ਰਾਜ ਕਰਨ ਦੀ ਤਵੱਕੋ ਉਸ ਮਕਸਦ ਲਈ ਕੀਤੀ ਜਾਂਦੀ ਹੈ ਜਿਸ ਲਈ ਉਸ ਹੱਥ ਪ੍ਰਸ਼ਾਸਕੀ ਸੱਤਾ ਦਿੱਤੀ ਗਈ ਹੈ, ਅਤੇ ਮਹਾਂਭਾਰਤ ਰਾਜੇ ਨੂੰ ਖ਼ਾਸ ਜ਼ਬਤ ਵਿੱਚ ਰਹਿ ਕੇ ਸ਼ਕਤੀਆਂ ਦੀ ਵਰਤੋਂ ਕਰਨ ਲਈ ਕਹਿੰਦਾ ਹੈ,'' ਡਾ. ਜੋਸ਼ੀ ਨਿਚੋੜ ਕੱਢਦੇ ਹਨ।
       ਉਹ ਫਿਰ ਸਾਨੂੰ ਦੱਸਦੇ ਹਨ, ''ਤਾਕਤ ਦੀ ਵਰਤੋਂ ਆਪਣੀ ਮਨਮਰਜ਼ੀ ਨਾਲ ਨਹੀਂ ਸਗੋਂ ਧਰਮ ਅਨੁਸਾਰ ਕਰਨੀ ਹੁੰਦੀ ਹੈ,'' ਜੋ ਉਦਾਰ ਰਾਜ ਪ੍ਰਬੰਧ ਅਤੇ ਆਧੁਨਿਕ ਨਿਆਂ-ਸ਼ਾਸਤਰ ਦਾ ਕੇਂਦਰੀ ਸਿਧਾਂਤ ਹੈ। ਜਿਵੇਂ ਡਾ. ਜੋਸ਼ੀ ਲਿਖਦੇ ਹਨ, ''ਮਹਾਂਰਿਸ਼ੀ ਵਿਆਸ ਤਾਕੀਦ ਕਰਦੇ ਹਨ ਕਿ ਰਾਜਾ ਆਪਣੀ ਪਰਜਾ ਨੂੰ ਆਪਣੇ (ਰਾਜੇ ਦੇ) ਭੈਅ ਤੋਂ, ਹੋਰਾਂ ਦੇ ਭੈਅ ਤੋਂ, ਇੱਕ-ਦੂਜੇ ਦੇ ਭੈਅ ਤੋਂ ਅਤੇ ਗ਼ੈਰ-ਮਨੁੱਖੀ ਸ਼ੈਆਂ ਦੇ ਭੈਅ ਤੋਂ ਮੁਕਤ ਕਰੇ।'' ਸਿੱਧੇ ਸ਼ਬਦਾਂ ਵਿੱਚ ਕਹੀਏ : ਖ਼ਾਸ ਵਿਅਕਤੀਆਂ, ਰਾਜਿਆਂ ਅਤੇ ਰਾਜਕੁਮਾਰਾਂ ਦੇ ਰਾਜ ਦੀ ਬਜਾਏ ਕਾਨੂੰਨ ਦਾ ਰਾਜ ਹੋਵੇ।
      ਕਾਫ਼ੀ ਅਨੋਖੇ ਢੰਗ ਨਾਲ ਪੁਰਾਤਨ ਲਿਖਤਾਂ ਅਜਿਹੇ ਢੰਗ ਨਾਲ ਧਰਮ ਨੂੰ ਪਰਿਭਾਸ਼ਤ ਕਰਦੀਆਂ ਹਨ ਜੋ ਆਧੁਨਿਕ ਸਮਿਆਂ ਵਿੱਚ ਧਰਮ ਨਿਰਪੇਖ ਵਿਵਸਥਾ ਆਖੇ ਜਾਂਦੇ ਪ੍ਰਬੰਧ ਉੱਤੇ ਪੂਰੀ ਤਰ੍ਹਾਂ ਢੁੱਕਵਾਂ ਹੋਵੇ : ''ਧਰਮ ਇੱਕ ਦੂਜੇ ਦੇ ਵਿਰੋਧੀ 'ਧਾਰਮਿਕ ਮੱਤਾਂ' ਦਰਮਿਆਨ ਇੱਕ ਹੋਰ 'ਧਾਰਮਿਕ ਮੱਤ' ਨਹੀਂ ਹੈ। ਪਰ ਧਰਮ ਕਿਸੇ ਧਾਰਮਿਕ ਮੱਤ ਦਾ ਵਿਰੋਧੀ ਵੀ ਨਹੀਂ ਸਗੋਂ ਧਰਮ ਤਾਂ 'ਧਾਰਮਿਕਤਾ' ਦੀ ਬੁਨਿਆਦ ਹੈ। ਇਸ ਲਈ ਆਪਣੇ ਸੰਸਥਾਗਤ ਰੂਪ ਵਿੱਚ ਧਰਮ ਲੋਕਾਂ ਵਿੱਚ ਵੰਡੀਆਂ ਪਾਉਂਦਾ ਹੈ ਜਦੋਂਕਿ ਧਰਮ ਦਾ ਅਸਲੀ ਸਰੂਪ ਉਨ੍ਹਾਂ ਨੂੰ ਜੋੜਦਾ ਹੈ।
        ਡਾ. ਜੋਸ਼ੀ ਦੇ ਵਿਚਾਰ ਇਹ ਯਾਦ-ਦਹਾਨੀ ਕਰਵਾਉਂਦੇ ਹਨ ਕਿ ਸ਼ਾਸਨਕਲਾ ਦੇ ਸਿਧਾਂਤਾਂ ਵਿੱਚ ਯਕੀਨਨ ਸਦੀਵਤਾ ਹੁੰਦੀ ਹੈ ਅਤੇ ਇਤਿਹਾਸਕਾਰਾਂ ਉੱਤੇ ਇਨ੍ਹਾਂ ਨੂੰ ਅਗਲੇਰੀਆਂ ਪੀੜ੍ਹੀਆਂ ਲਈ ਰਿਕਾਰਡ ਕਰਨ ਦਾ ਬੋਝ ਹੁੰਦਾ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਜਦੋਂ ਨਾਸਮਝ ਹਾਕਮ ਇਨ੍ਹਾਂ ਸਿਧਾਂਤਾਂ ਨੂੰ ਅਣਗੌਲਿਆਂ ਕਰਦੇ ਹਨ ਤਾਂ ਇਸ ਦੇ ਕੀ ਸਿੱਟੇ ਨਿਕਲਦੇ ਹਨ।
"""
       ਭਾਰਤ ਵਿੱਚ ਸਿਆਸੀ ਜਮਾਤ ਆਪਣੇ ਆਪ ਨੂੰ ਇੱਕ ਤਰ੍ਹਾਂ ਸ਼ਹੀਦਾਂ ਦੇ ਪੱਖ ਵਿੱਚ ਹੋਣ ਦੀ ਗੱਲ ਕਰਦੀ ਹੈ। ਕਿਉਂਕਿ ਸਾਡੀ ਬਹੁਤੀ ਸਿਆਸਤ ਰਾਸ਼ਟਰਵਾਦ, ਕੌਮੀ ਸੁਰੱਖਿਆ, ਬਲੀਦਾਨ, ਦੇਸ਼ਭਗਤੀ ਆਦਿ ਦੁਆਲੇ ਘੁੰਮਣ ਲੱਗੀ ਹੈ, ਇਸ ਲਈ ਭਾਰਤ-ਪਾਕਿਸਤਾਨ ਸਰਹੱਦ ਉੱਤੇ ਆਪਣੀ ਜਾਨ ਗੁਆਉਣ ਵਾਲੇ ਹਰ ਜਵਾਨ ਜਾਂ ਅਫ਼ਸਰ ਦੇ ਪਰਿਵਾਰ ਕੋਲ ਸੋਗ ਪ੍ਰਗਟਾਉਣ ਜਾਣਾ ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਜ਼ਿੰਮੇਵਾਰੀ ਬਣ ਗਈ ਹੈ।
      ਕਾਰਗਿਲ ਯੁੱਧ ਦੌਰਾਨ ਸ਼ਾਇਦ ਪਹਿਲੀ ਵਾਰ ਅਜਿਹਾ ਹੋਇਆ ਸੀ ਕਿ ਚਤੁਰ ਚਲਾਕ ਸਿਆਸਤਦਾਨਾਂ ਨੇ ਸੈਨਿਕ ਦੀ ਅਜ਼ੀਮ ਕੁਰਬਾਨੀ ਅਤੇ ਸ਼ਹਾਦਤ ਤੋਂ ਚੁਣਾਵੀ ਫ਼ਾਇਦੇ ਹੋ ਸਕਣ ਦੀ ਗੱਲ ਮਹਿਸੂਸ ਕੀਤੀ। ਇਸ ਤੋਂ ਵੀਹ ਸਾਲਾਂ ਬਾਅਦ ਅਸੀਂ ਹਾਲੇ ਵੀ ਪਾਕਿਸਤਾਨ ਖਿਲਾਫ਼ ਅਣਐਲਾਨੀ ਜੰਗ ਲੜ ਰਹੇ ਹਾਂ ਅਤੇ ਹੁਣ ਅਸੀਂ ਇਸ ਨੂੰ ਨਿੱਤ ਦਾ ਕੰਮ ਬਣਾ ਲਿਆ ਹੈ। ਸਿਆਸਤਦਾਨਾਂ ਨੂੰ ਕਤਾਰ ਬੰਨ੍ਹ ਕੇ ਸ਼ਹੀਦ ਦੇ ਘਰ ਜਾਣਾ ਪੈਂਦਾ ਹੈ। ਸਬੰਧਿਤ ਮੁੱਖ ਮੰਤਰੀ ਨੂੰ ਵੱਡੇ ਮੁਆਵਜ਼ੇ ਦਾ ਐਲਾਨ ਕਰਨਾ ਪੈਂਦਾ ਹੈ, ਕਈ ਵਾਰ ਤਾਂ ਉਹ ਸ਼ਹੀਦ ਦੇ ਪਰਿਵਾਰ ਨੂੰ ਪੈਟਰੋਲ ਪੰਪ ਜਾਂ ਐੱਲਪੀਜੀ ਏਜੰਸੀ ਤਕ ਦੇਣ ਦਾ ਐਲਾਨ ਕਰ ਦਿੰਦਾ ਹੈ। ਕਈ ਵਾਰ ਇਸ ਤੋਂ ਇਲਾਵਾ ਸਰਕਾਰੀ ਨੌਕਰੀ ਦੀ ਮੰਗ ਵੀ ਕੀਤੀ ਅਤੇ ਮੰਨੀ ਜਾਂਦੀ ਹੈ। ਸਿਆਸਤਦਾਨ ਅਜਿਹੇ ਦੁਖਦਾਈ ਸਮੇਂ ਨੂੰ ਦਰਿਆਦਿਲੀ ਦਿਖਾਉਣ ਦੇ ਮੌਕੇ ਵਿੱਚ ਬਦਲ ਦਿੰਦੇ ਹਨ ਜਿਸ ਵਿੱਚ ਮੀਡੀਆ ਤਾੜੀਮਾਰਾਂ ਦੀ ਭੂਮਿਕਾ ਨਿਭਾਉਂਦਾ ਹੈ।
       ਕੁਝ ਦਿਨ ਪਹਿਲਾਂ ਕਈ ਹਿੰਦੀ ਅਖ਼ਬਾਰਾਂ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਇਸ ਗੱਲੋਂ ਫਿਟਕਾਰ ਪਾਈ ਗਈ ਕਿੳਂਕਿ ਗੁਰੂਗ੍ਰਾਮ ਵਿੱਚ ਕੈਪਟਨ ਕਪਿਲ ਕੁੰਡੂ ਦੇ ਪਰਿਵਾਰ ਕੋਲ ਸੋਗ ਪ੍ਰਗਟਾਉਣ ਲਈ ਜਾਣ ਵਿੱਚ ਉਹ ਚਾਰ ਦਿਨ ਪਛੜ ਗਏ। ਸਿਆਸਤਦਾਨਾਂ ਦੇ ਅਜਿਹੇ ਦੌਰੇ ਜਜ਼ਬਾਤੀ ਮੌਕੇ ਬਣ ਜਾਂਦੇ ਹਨ ਅਤੇ ਉਨ੍ਹਾਂ ਨੂੰ ਦੁਸ਼ਮਣ ਦੇਸ਼ ਨੂੰ ਸਬਕ ਸਿਖਾਉਣ ਦੀਆਂ ਫੜ੍ਹਾਂ ਮਾਰਨ ਲਈ ਮਜਬੂਰ ਹੋਣਾ ਪੈਂਦਾ ਹੈ।
       ਅਖ਼ਬਾਰਾਂ ਵਿੱਚ ਖ਼ਬਰ ਛਪੀ ਸੀ ਕਿ ਇਸੇ ਤਰ੍ਹਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜਦੋਂ ਸ਼ਹੀਦ ਹੋਏ ਜਵਾਨ ਦੇ ਘਰ ਕਲਾਨੌਰ ਵਿੱਚ ਅਫ਼ਸੋਸ ਪ੍ਰਗਟਾਉਣ ਗਏ ਤਾਂ ਉਨ੍ਹਾਂ ਨੂੰ ਸ਼ਹੀਦ ਦੇ ਸੋਗਵਾਰ ਪਿਤਾ ਤੋਂ ਤੱਤੀਆਂ-ਠੰਢੀਆਂ ਸੁਣਨੀਆਂ ਪਈਆਂ। ਉਸ ਨੇ ਦੋਸ਼ ਲਾਉਣ ਦੇ ਲਹਿਜੇ ਵਿੱਚ ਮੁੱਖ ਮੰਤਰੀ ਨੂੰ ਆਖਿਆ ਕਿ ਸਰਕਾਰ ਨੇ ਹੀ ਫ਼ੌਜ ਨੂੰ ਰੋਕ ਰੱਖਿਆ ਹੈ ਅਤੇ ਉਹ ਵੀ ਖ਼ੁਦਗਰਜ਼ ਸਿਆਸੀ ਕਾਰਨਾਂ ਕਰਕੇ, ਨਹੀਂ ਤਾਂ ਭਾਰਤੀ ਫ਼ੌਜ ਲਈ ਸਰਹੱਦ ਪਾਰ ਜਾ ਕੇ ਪਾਕਿਸਤਾਨ ਨੂੰ ਸੂਤ ਕਰਨ ਦਾ ਕੰਮ ਮਹਿਜ਼ ਚਾਰ ਘੰਟਿਆਂ ਦਾ ਹੈ। ਇਸ ਪੱਖੋਂ ਪਿੱਛੇ ਨਾ ਰਹਿੰਦਿਆਂ ਮੁੱਖ ਮੰਤਰੀ ਵੀ ਲੱਫ਼ਾਜ਼ੀ ਨੂੰ ਹੋਰ ਅਗਾਂਹ ਲੈ ਗਏ : ਪਾਕਿਸਤਾਨ ਵੱਲੋਂ ਸ਼ਹੀਦ ਕੀਤੇ ਗਏ ਹਰ ਦੋ ਸੈਨਿਕਾਂ ਪਿੱਛੇ ਭਾਰਤ ਵੀਹ ਨੂੰ ਮਾਰੇਗਾ।
       ਅਜਿਹੀ ਹਰ 'ਘਟਨਾ' ਜਨਤਕ ਰੌਂਅ ਨੂੰ ਉਤਪੰਨ ਕਰਦੀ ਹੈ। ਅਜਿਹਾ ਰੌਂਅ ਮੁਲਕ ਅਤੇ ਸਾਡੇ ਗੁਆਂਢੀ ਮੁਲਕ ਵਿੱਚ ਹਮਲਾਵਰ ਤੇ ਹਿੰਸਕ ਰੁਖ਼ ਪੈਦਾ ਕਰ ਦਿੰਦਾ ਹੈ- ਜੋ ਬਦਲੇ ਵਿੱਚ ਸਰਕਾਰ ਦੇ ਕੂਟਨੀਤਿਕ ਵਿਕਲਪਾਂ ਨੂੰ ਬਹੁਤ ਹੀ ਸੀਮਿਤ ਕਰ ਦਿੰਦਾ ਹੈ। ਸਰਕਾਰ ਖ਼ੁਦ ਨੂੰ ਬਲੀਦਾਨ ਦੀ ਲੱਫ਼ਾਜ਼ੀ ਵਿੱਚ ਫਸਿਆ ਮਹਿਸੂਸ ਕਰਦੀ ਹੈ। ਹੁਣ ਕਿਉਂਕਿ ਚੋਣਾਂ ਹੋਣ ਵਾਲੀਆਂ ਹਨ, ਸਰਕਾਰ ਤੋਂ ਇਸ ਵੱਲੋਂ ਪਾਕਿਸਤਾਨ ਪ੍ਰਤੀ ਸੁਲ੍ਹਾਕਾਰੀ ਰਵੱਈਆ ਪ੍ਰਗਟਾਉਣ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ। ਲਿਹਾਜ਼ਾ, ਇਸ ਖ਼ਿੱਤੇ ਦੇ ਮੁੱਖ ਮੰਤਰੀਆਂ ਨੂੰ ਸੋਗ ਪ੍ਰਗਟ ਕਰਨ ਹਿੱਤ ਹੋਰ ਦੌਰੇ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
******
         ਅਜਿਹਾ ਨਹੀਂ ਹੋ ਸਕਦਾ ਕਿ ਤੁਸੀਂ ਕੰਮ ਲਈ ਚੰਡੀਗੜ੍ਹ ਆਓ ਤੇ ਤੁਹਾਨੂੰ ਮਹਿੰਦਰ ਸਿੰਘ ਰੰਧਾਵਾ ਨਾਂ ਦੇ ਅਦਭੁੱਤ ਸ਼ਖ਼ਸ ਬਾਰੇ ਨਾ ਦੱਸਿਆ ਜਾਵੇ : ''ਡਾ. ਰੰਧਾਵਾ ਹੀ ਉਹ ਵਿਅਕਤੀ ਸਨ ਜਿਸ ਨੇ ਇਹ ਸਾਰੇ ਰੁੱਖ ਪੌਦੇ ਲਾਉਣ ਦੀ ਯੋਜਨਾ ਬਣਾਈ।'' ''ਡਾ. ਰੰਧਾਵਾ ਨੇ ਫਲਾਣਾ ਬਾਗ਼ ਜਾਂ ਫਲਾਣਾ ਅਜਾਇਬਘਰ ਬਣਾਉਣ ਦੇ ਵਿਚਾਰ ਨੂੰ ਉਤਸ਼ਾਹਿਤ ਕੀਤਾ।'' ਚੰਡੀਗੜ੍ਹ ਨੂੰ ਖ਼ੂਬਸੂਰਤ ਬਣਾਉਣ ਵਾਲੀਆਂ ਸਾਰੀਆਂ ਛੋਟੀਆਂ ਤੋਂ ਛੋਟੀਆਂ ਚੀਜ਼ਾਂ ਦੀ ਸ਼ੁਰੂਆਤ ਐੱਮ.ਐੱਸ. ਰੰਧਾਵਾ ਦੇ ਸਮੇਂ ਹੋਣ ਬਾਰੇ ਪਤਾ ਲੱਗਦਾ ਹੈ।
     ਚੰਡੀਗੜ੍ਹ ਨੂੰ ਇਸ ਸ਼ਖ਼ਸ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਅਤੇ ਇਹ ਸ਼ਹਿਰ ਨਾਸ਼ੁਕਰਿਆਂ ਦਾ ਨਹੀਂ ਹੈ। ਇਸ ਨੇ ਪਿਛਲੇ ਹਫ਼ਤੇ ਉਨ੍ਹਾਂ ਦੇ 110ਵੇਂ ਜਨਮ ਦਿਨ ਮੌਕੇ ਇੱਕ ਹਫ਼ਤਾ ਚੱਲੇ 'ਡਾ. ਐੱਮ.ਐੱਸ. ਰੰਧਾਵਾ ਕਲਾ ਅਤੇ ਸਾਹਿਤ ਉਤਸਵ' ਜ਼ਰੀਏ ਉਨ੍ਹਾਂ ਨੂੰ ਯਾਦ ਕਰਨ ਦੀ ਸੂਝ ਭਰਿਆ ਕੰਮ ਕੀਤਾ।
       ਇਸ ਮੌਕੇ ਪੰਜਾਬ ਕਲਾ ਭਵਨ ਵਿੱਚ ਬਹੁਤ ਹੀ ਸੁਹਜ ਭਰੇ ਢੰਗ ਨਾਲ ਫੋਟੋ ਪ੍ਰਦਰਸ਼ਨੀ ਲਾਈ ਗਈ। ਤਸਵੀਰਾਂ ਵਿੱਚ ਡਾ. ਰੰਧਾਵਾ ਨੂੰ ਵੱਡੀਆਂ ਹਸਤੀਆਂ ਤੇ ਰਸੂਖ਼ਵਾਨਾਂ ਦੀ ਸੰਗਤ ਵਿੱਚ ਬੈਠਦੇ ਉੱਠਦੇ ਦਿਖਾਇਆ ਗਿਆ, ਪਰ ਮੇਰਾ ਧਿਆਨ ਇਸ ਗੱਲ ਨੇ ਖਿੱਚਿਆ ਕਿ (ਜ਼ਿਆਦਾਤਰ ਸੂਟ ਤੇ ਟਾਈ ਪਹਿਨਣ ਵਾਲਾ) ਤਾਉਮਰ ਅਫ਼ਸਰ ਰਹੀ ਇਹ ਸ਼ਖ਼ਸੀਅਤ ਕਲਾਕਾਰਾਂ, ਲੇਖਕਾਂ, ਅਦਾਕਾਰਾਂ ਆਦਿ ਦੀ ਸੰਗਤ ਵਿੱਚ ਸਭ ਤੋਂ ਖ਼ੁਸ਼ ਜਾਪਦੀ ਸੀ। ਸਰਕਾਰੀ ਅਹੁਦਾ-ਬਰਦਾਰਾਂ ਨਾਲ ਉਹ ਗੰਭੀਰਤਾ ਤੇ ਰੋਅਬ-ਦਾਬ ਨਾਲ ਪੇਸ਼ ਆਉਂਦੇ ਸਨ, ਪਰ ਸਿਰਜਣਾਤਮਕ ਭੀੜ ਵਿੱਚ ਉਨ੍ਹਾਂ ਦੇ ਚਿਹਰੇ ਉੱਤੇ ਮਿੰਨੀ ਜਿਹੀ ਮੁਸਕਰਾਹਟ ਉਨ੍ਹਾਂ ਦੇ ਸੁਖਾਲਾ ਹੋਣ ਦਾ ਪ੍ਰਭਾਵ ਪੈਦਾ ਕਰਦੀ ਸੀ। ਬੜੀ ਸੁਹਜਮਈ ਸੀ ਇਹ ਪ੍ਰਦਰਸ਼ਨੀ।
******
       ਇਕ ਰਾਸ਼ਟਰ ਵਜੋਂ ਅਸੀਂ ਬੇਤਹਾਸ਼ਾ ਬੇਤੁਕੇਪਣ ਅਤੇ ਦੰਭਾਂ ਨਾਲ ਵਰੋਸਾਏ ਹੋਏ ਹਾਂ। ਇਸ ਵੱਲ ਤਵੱਜੋ ਦਿਉ : ਹੁਣੇ ਜਿਹੇ ਮਨੁੱਖੀ ਸਰੋਤ ਵਿਕਾਸ ਮੰਤਰੀ ਨੇ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਲਿਖੀ ਗਈ ਪੁਸਤਕ ਰਿਲੀਜ਼ ਕੀਤੀ ਜਿਸ ਵਿੱਚ ਇਮਤਿਹਾਨਾਂ ਨੂੰ ਪਾਸ ਕਰਨ ਲਈ 'ਮੋਦੀ ਮੰਤਰ' ਦਰਜ ਸਨ।
        ਇਸ ਸਾਰੀ ਘਟਨਾ ਦਾ ਬੇਤੁਕਾਪਣ ਕੋਈ ਵੀ ਨਹੀਂ ਦੇਖ ਰਿਹਾ। ਇੱਕ ਸ਼ਖ਼ਸ ਦੀ ਵਿੱਦਿਅਕ ਯੋਗਤਾ ਰਹੱਸ ਬਣੀ ਹੋਈ ਹੈ, ਉਨ੍ਹਾਂ ਦੀਆਂ ਡਿਗਰੀਆਂ ਬਾਰੇ ਸਵਾਲ ਕਰਨ ਵਾਲਿਆਂ ਨੂੰ ਕੇਂਦਰ ਸਰਕਾਰ ਬੁਰੇ ਦੇ ਘਰ ਤਕ ਛੱਡ ਕੇ ਆਈ ਹੈ। ਚਲੋ ਫਿਰ ਵੀ ਅਸੀਂ ਇਹ ਦੰਭ ਸਵੀਕਾਰ ਕਰ ਲੈਂਦੇ ਹਾਂ ਕਿ ਉਨ੍ਹਾਂ ਕੋਲ ਵਿਦਿਆਰਥੀਆਂ ਨੂੰ ਸਲਾਹ ਦੇਣ ਜੋਗੀਆਂ ਡਿਗਰੀਆਂ ਹਨ।
ਅੰਗਰੇਜ਼ੀ ਵਿੱਚ ਇੱਕ ਸ਼ਬਦ ਹੈ: ਮੈਗਾਲੋਮੇਨੀਆ। ਇਸ ਦਾ ਮਤਲਬ ਹੈ ਆਤਮ-ਵਡਿਆਈ ਦਾ ਖ਼ਬਤ। ਸ਼ਾਇਦ ਇਹ ਅਜਿਹੇ ਵਿਵਹਾਰ ਲਈ ਹੀ ਹੈ।