ਅੱਵਲ ਸ਼ੇਖ ਫ਼ਰੀਦ ਸ਼ਕਰਗੰਜ ਆਰਫ਼ ਅਹਿਲ ਵਲਾਯਤ - ਸਵਰਾਜਬੀਰ

ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ।।
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ।।
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ।।
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ।।
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ੇਖ ਫ਼ਰੀਦ ਜੀ ਦੀਆਂ ਉਪਰੋਕਤ ਸਤਰਾਂ ਅਤੇ ਹੋਰ ਸਲੋਕ ਪੰਜਾਬੀ ਦੇ ਚਿੰਤਨ-ਸੰਸਾਰ ਦੀ ਬੁਨਿਆਦ ਦਾ ਮਹੱਤਵਪੂਰਨ ਹਿੱਸਾ ਹਨ। ਸ਼ੇਖ ਫ਼ਰੀਦ ਤੋਂ ਪਹਿਲਾਂ ਦੀ ਸ਼ਾਇਰੀ ਵੀ ਮਿਲਦੀ ਹੈ ਪਰ ਟੁੱਟਵੇਂ ਭੱਜਵੇਂ ਰੂਪ ਵਿਚ, ਜਿਵੇਂ ਨਾਥ ਯੋਗੀਆਂ ਦੀ ਬਾਣੀ ਅਤੇ ਕੁਝ ਹੋਰ ਕਵੀਆਂ ਦੇ ਕੁਝ ਬੰਦ। ਉਨ੍ਹਾਂ ਸਮਿਆਂ ਵਿਚ ਪੰਜਾਬ ਦੀ ਮਿਹਨਤ ਮੁਸ਼ੱਕਤ ਕਰਦੀ ਲੋਕਾਈ ਨੇ ਪੰਜਾਬ ਦੀ ਭੋਇੰ, ਕਿਰਤ ਅਤੇ ਮਨੁੱਖੀ ਰਿਸ਼ਤਿਆਂ ਵਿਚੋਂ ਲੋਕ ਬੋਲਾਂ ਦੀ ਸਿਰਜਣਾ ਕਿਵੇਂ ਕੀਤੀ ਅਤੇ ਉਨ੍ਹਾਂ (ਲੋਕ ਬੋਲਾਂ) ਨੇ ਸਦੀਆਂ ਦਾ ਸਫ਼ਰ ਕਿਵੇਂ ਤੈਅ ਕੀਤਾ, ਇਹ ਉਲੀਕਣਾ ਔਖਾ ਕਾਰਜ ਹੈ। ਸ਼ੇਖ ਫ਼ਰੀਦ ਦੇ ਸਲੋਕ ਲਿਖਤ ਰੂਪ ਵਿਚ ਮਿਲਣ ਕਾਰਨ ਅਸੀਂ ਉਨ੍ਹਾਂ ਨੂੰ ਪੰਜਾਬੀ ਦੇ ਪ੍ਰਥਮ ਸ਼ਾਇਰ ਵਜੋਂ ਸਿਮਰਦੇ ਹਾਂ। ਪੰਜਾਬੀ ਚਿੰਤਨ ਪਰੰਪਰਾ ਚਿੰਤਕ-ਸ਼ਾਇਰਾਂ ਦੀ ਬਾਣੀ ਅਤੇ ਸ਼ਾਇਰੀ ਵਿਚੋਂ ਉਗਮਦੀ ਚਿੰਤਨ-ਧਾਰਾ ਹੈ, ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਸ਼ਾਇਰ ਕਹਾਉਂਦਿਆਂ ਇਸ ਪਰੰਪਰਾ ਨੂੰ ਇੰਝ ਦ੍ਰਿੜ੍ਹ ਕਰਦੇ ਹਨ, ‘‘ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ।।’’ (ਰਾਗ ਧਨਾਸਰੀ)।
ਸ਼ੇਖ ਫ਼ਰੀਦ ਜੀ ਦੇ ਉਪਰੋਕਤ ਸਲੋਕ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਨਜਮ ਹੁਸੈਨ ਸੱਯਦ ਕਹਿੰਦੇ ਹਨ ਕਿ ਇਨ੍ਹਾਂ ਸਤਰਾਂ ਵਿਚ ਮਨੁੱਖੀ ਹੋਂਦ ਨਾਲ ਜੁੜੇ ਬੁਨਿਆਦੀ ਸਵਾਲ ‘ਹੋਵਣ-ਨਾ ਹੋਵਣ’ ਤੇ ‘ਕਰਨ-ਨਾ ਕਰਨ’ ਆਦਿ ਦੀਆਂ ਦਲੀਲਾਂ ਪਈਆਂ ਹਨ। ਸ਼ੇਖ ਫ਼ਰੀਦ ਨੇ ਦਲੀਲਾਂ ਦੀ ਖਿੱਚੋਤਾਣ ਨੂੰ ਸ਼ਬਦਾਂ ਦੀ ਖਿੱਚੋਤਾਣ ਵਿਚ ਸਮਤੋਲ ਕਾਇਮ ਕਰਦਿਆਂ ਅਜਿਹਾ ਸ਼ਬਦ-ਦ੍ਰਿਸ਼ ਪੇਸ਼ ਕੀਤਾ ਹੈ ਜੋ ਇਨ੍ਹਾਂ ਦਲੀਲਾਂ ਨੂੰ ਮਨੁੱਖ ਹੋਣ ਦੀ ਬੁਨਿਆਦੀ ਸ਼ਰਤ ‘ਮਿਲਣ ਦੀ ਚਾਹਤ’ ਨਾਲ ਜੋੜ ਕੇ ਮਨੁੱਖੀ ਜ਼ਿੰਦਗੀ ਵਿਚਲੇ ਦਵੰਦ ਦਾ ਅਨੂਪਮ ਨਜ਼ਾਰਾ ਪੇਸ਼ ਕਰਦਾ ਹੈ। ਪਹਿਲੀ ਤੁਕ ਪੜ੍ਹੀਏ ਤਾਂ ਮਨ ਵਿਚ ‘‘ਗਲੀਏ ਚਿਕੜੁ’’, ‘‘ਦੂਰਿ ਘਰੁ’’ ਅਤੇ ‘‘ਨਾਲਿ ਪਿਆਰੇ ਨੇਹੁ’’ ਸ਼ਬਦ ਜੋੜ  ਉੱਭਰਦੇ ਹਨ : ਗਲੀ ਵਿਚ ਚਿੱਕੜ ਹੈ, ਘਰ ਦੂਰ ਹੈ, ਪਿਆਰੇ ਨਾਲ ਮੁਹੱਬਤ ਹੈ। ਅਗਲੀ ਸਤਰ ਵਿਚ ਵਿਰੋਧੀ ਦਲੀਲਾਂ ਦੀ ਟੱਕਰ ਹੈ : ‘‘ਚਲਾ ਤ ਭਿਜੈ ਕੰਬਲੀ’’ ਅਤੇ ‘‘ਰਹਾਂ ਤ ਤੁਟੈ ਨੇਹੁ’’ ਵਿਚੋਂ ਪ੍ਰੇਮ ਦੇ ਜੇਤੂ ਹੋਣ ਦਾ ਨਾਦ ਫੁੱਟਦਾ ਹੈ ‘‘ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ।। ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ।।’’ ਨਜਮ ਹੁਸੈਨ ਸੱਯਦ ਲਿਖਦੇ ਹਨ, ‘‘ਭਿਜਿਉ’, ‘ਸਿਜਿਉ’, ‘ਵਰਸੋ’ ਵਾਲੀਆਂ ਵਾਜ ਦੀਆਂ ਸੱਟਾਂ ਦਲੀਲਾਂ ਦਾ ਜਾਦੂ ਭੰਨ ਛੱਡਿਆ ਹੈ ਅਤੇ ਅੰਦਰਲੇ ਉੱਦਮ ਦੇ ਡੱਕੇ ਖੋਲ੍ਹ ਦਿੱਤੇ ਹਨ।’’ ਭਾਵ ਮਨੁੱਖ ਦਾ ਉੱਦਮੀ ਮਨ ਕਹਿੰਦਾ ਹੈ ਕਿ ਰੱਬ ਨੇ ਮੀਂਹ ਵਰਸਾਉਣਾ ਹੈ, ਕੰਬਲੀ ਭਾਵੇਂ ਭਿਜ ਜਾਏ, ਸਿਜ ਜਾਏ (ਚੰਗੀ ਤਰ੍ਹਾਂ ਭਿੱਜ ਜਾਏ) ਪਰ ਮੈਂ ਆਪਣੇ ਸੱਜਣ ਨੂੰ ਜਾ ਮਿਲਣਾ ਹੈ, ਪ੍ਰੇਮ (ਨੇਹੁ) ਨਹੀਂ ਤੋੜਨਾ। ਇਹ ਸਲੋਕ ਮਨੁੱਖ ਦੇ ਹੋਣ-ਨਾ ਹੋਣ ਅਤੇ ਉੱਦਮ ਕਰਨ-ਨਾ ਕਰਨ ਦੀ ਕਹਾਣੀ ਦੱਸਦੇ ਹੋਏ ਮਨੁੱਖ ਦੇ ਆਪਣੀ ਹੋਂਦ ਦੇ ਖ਼ੁਦ ਸਿਰਜਕ ਹੋਣ (ਮੈਂ ਸੱਜਣ ਨੂੰ ਜਾ ਮਿਲਣਾ ਹੈ, ਪ੍ਰੇਮ ਨਹੀਂ ਤੋੜਨਾ) ਦੀ ਕਹਾਣੀ ਦੱਸਦੇ ਹਨ। ਪੰਜਾਬੀ ਸ਼ਾਇਰੀ ਮਨੁੱਖੀ ਉੱਦਮ ਦੀ ਬੁਲੰਦੀ ਤੋਂ ਸ਼ੁਰੂ ਹੁੰਦੀ ਹੈ, ਮਨੁੱਖ ਦੇ ਆਪਣੀ ਹੋਣੀ ਬਾਰੇ ਫ਼ੈਸਲਾ ਖ਼ੁਦ ਕਰਨ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ ਪਰੰਪਰਾ ਚੱਲਦੀ ਰਹਿੰਦੀ ਹੈ।
      ਸ਼ਾਇਰੀ ਭਾਸ਼ਾ ਦੀ ਕਰਾਮਾਤ ਹੈ ਪਰ ਸ਼ਬਦਾਂ ਦੀ ਸੁਹਜਮਈ ਜੜ੍ਹਤ ਹੀ ਸ਼ਾਇਰੀ ਨਹੀਂ ਹੋ ਸਕਦੀ। ਸ਼ਾਇਰੀ ਭਾਸ਼ਾ ਦੇ ਕਮਾਲ, ਜੁਗਤ, ਮਨੁੱਖੀ ਅਨੁਭਵ, ਉਸ ਦੇ ਕੁਦਰਤ ਤੇ ਮਨੁੱਖ ਨਾਲ ਰਿਸ਼ਤਿਆਂ ਅਤੇ ਉਨ੍ਹਾਂ ਰਿਸ਼ਤਿਆਂ ’ਚੋਂ ਪੈਦਾ ਹੋਏ ਚਿੰਤਨ ਤੇ ਸੋਚ ਦੇ ਹੋਰ ਕਈ ਪੱਖਾਂ ਦਾ ਸੁਮੇਲ ਹੈ। ਜੇ ਸ਼ੇਖ ਫ਼ਰੀਦ ਦੇ ਸਲੋਕਾਂ ਵਿਚੋਂ ਮਨੁੱਖੀ ਮਨ ਦੀਆਂ ਦੁਚਿੱਤੀਆਂ, ਘੁੰਡੀਆਂ, ਗੰਢਾਂ, ਉੱਦਮ, ਵੈਰਾਗ, ਬੇਗਾਨਗੀ ਤੇ ਕਈ ਹੋਰ ਰਮਜ਼ਾਂ ਦੀਆਂ ਕਨਸੋਆਂ ਮਿਲਦੀਆਂ ਹਨ। ਪ੍ਰੇਮ, ਬਿਰਹਾ, ਮਿਲਨ ਅਤੇ ਉੱਦਮ ਸ਼ੇਖ ਫ਼ਰੀਦ ਦੀ ਸ਼ਾਇਰੀ ਦੀਆਂ ਵਿਲੱਖਣ ਧੁਰੀਆਂ ਹਨ ਜਿਨ੍ਹਾਂ ’ਤੇ ਮਨੁੱਖ ਦੇ ਮਨੁੱਖ ਹੋਣ ਦੀ ਬੁਨਿਆਦ ਉੱਸਰਦੀ ਹੈ। ਸ਼ੁਰੂਆਤ ਪ੍ਰੇਮ ਤੋਂ ਹੁੰਦੀ ਹੈ, ‘‘ਦਿਲਹੁ ਮੁਹਬਤਿ ਜਿੰਨ ਸੇਈ ਸਚਿਆ।। ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ।।੧।। ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ।। ਵਿਸਰਿਆ ਜਿਨ ਨਾਮੁ ਤੇ ਭੁਇ ਭਾਰੁ ਥੀਏ।।’’ ਭਾਵ ਜਿਨ੍ਹਾਂ ਦੇ ਮਨ ਵਿਚ ਰੱਬ ਲਈ ਮੁਹੱਬਤ ਹੈ, ਜਿਹੜੇ ਉਸ ਦੇ ਇਸ਼ਕ ਅਤੇ ਦੀਦਾਰ ਦੇ ਰੰਗ ਵਿਚ ਰੰਗੇ ਹੋਏ ਹਨ, ਉਹੀ ਅਸਲ ਮਨੁੱਖ ਹਨ ਪਰ ਜਿਹੜੇ ਅਜਿਹੇ ਪ੍ਰੇਮ ਤੋਂ ਬੇਗਾਨੇ ਹਨ, ਉਸ ਦਾ ਨਾਮ ਭੁੱਲ ਗਏ ਹਨ, ਉਹ ਕੱਚੇ ਹਨ, ਇਸ ਭੋਇੰ ’ਤੇ ਭਾਰ ਹਨ। ਕੇਂਦਰੀ ਨੁਕਤਾ ਇਹ ਹੈ ਕਿ ਰੱਬ ਨਾਲ ਮਿਲਣ ਦੀ ਜ਼ਮੀਨ ਪ੍ਰੇਮ/ ਮੁਹੱਬਤ/ ਇਸ਼ਕ ਨੇ ਸਿਰਜਣੀ ਹੈ। ਪ੍ਰੇਮ ਬੁਨਿਆਦੀ ਕਿਉਂ ਹੈ : ਕਿਉਂਕਿ ਖ਼ਾਲਕ (ਪਰਮਾਤਮਾ) ਅਤੇ ਖ਼ਲਕ (ਖ਼ਲਕਤ/ ਲੋਕਾਈ) ਇਕ ਦੂਸਰੇ ਵਿਚ ਵੱਸਦੇ ਹਨ। ਸ਼ੇਖ ਫ਼ਰੀਦ ਦੇ ਇਕ ਸਲੋਕ ਦੀ ਵਿਆਖਿਆ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ ਇਸ ਭਾਵ ਨੂੰ ਇੰਝ ਪ੍ਰਗਟਾਇਆ ਹੈ, ‘‘ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ।। ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ।।’’ ਭਾਵ ਪਰਮਾਤਮਾ ਲੋਕਾਈ ਵਿਚ ਮੌਜੂਦ ਹੈ ਅਤੇ ਲੋਕਾਈ ਪਰਮਾਤਮਾ ਵਿਚ ਵੱਸ ਰਹੀ ਹੈ, ਜਦੋਂ ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਹੈ ਤਾਂ ਕਿਸ ਜੀਵ ਨੂੰ ਭੈੜਾ ਕਿਹਾ ਜਾਵੇ। ਇਹ ਸਲੋਕ ਗੁਰੂ ਅਰਜਨ ਦੇਵ ਜੀ ਦਾ ਹੈ ਜਿਸ ਵਿਚ ਉਨ੍ਹਾਂ ਨੇ ਲਕਬ ਫ਼ਰੀਦ ਵਰਤਿਆ ਹੈ।
      ਬਾਬਾ ਫ਼ਰੀਦ ਜੀ ਦੀ ਬਾਣੀ ਇਕ-ਈਸ਼ਵਰਵਾਦ, ਸਾਂਝੀਵਾਲਤਾ, ਮਨੁੱਖੀ ਬਰਾਬਰੀ, ਨਿਮਰਤਾ, ਸਹਿਣਸ਼ੀਲਤਾ ਅਤੇ ਹੋਰ ਮਾਨਵੀ ਗੁਣਾਂ ਨੂੰ ਪ੍ਰਣਾਈ ਹੋਈ ਸੀ। ਇਹੀ ਕਾਰਨ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਸੰਪਾਦਨ ਕਰਦੇ ਸਮੇਂ ਉਨ੍ਹਾਂ ਦੀ ਬਾਣੀ ਨੂੰ ਇਸ ਮਹਾਨ ਗ੍ਰੰਥ ਵਿਚ ਸ਼ਾਮਲ ਕੀਤਾ। ਗੁਰੂ ਗ੍ਰੰਥ ਸਾਹਿਬ ਵਿਚ ਬਾਬਾ ਫ਼ਰੀਦ ਅਤੇ ਗੁਰੂ ਸਾਹਿਬਾਨ ਵਿਚਕਾਰ ਹੋਏ ਸੰਵਾਦ ਦੀਆਂ ਉਦਾਹਰਨਾਂ ਮਿਲਦੀਆਂ ਹਨ। ਇਸ ਸੰਵਾਦ ਦਾ ਮਤਲਬ ਆਹਮਣੇ-ਸਾਹਮਣੇ ਹੋਈ ਗੱਲਬਾਤ ਨਹੀਂ ਹੈ। ਇਸ ਸੰਵਾਦ ਦੇ ਅਰਥ ਇਹ ਹਨ ਕਿ ਗੁਰੂ ਸਾਹਿਬਾਨ ਸ਼ੇਖ ਫ਼ਰੀਦ ਜੀ ਦੇ ਸਲੋਕਾਂ ਤੇ ਵਿਚਾਰਾਂ ਨੂੰ ਵਿਚਾਰਦੇ/ਚਿਤਵਦੇ ਹੋਏ ਕਿਵੇਂ ਉਨ੍ਹਾਂ ਵਿਚ ਉਠਾਏ ਗਏ ਪ੍ਰਸ਼ਨਾਂ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ। ਇਹ ਅੰਤਰ-ਦ੍ਰਿਸ਼ਟੀ ਪ੍ਰੋਫ਼ੈਸਰ ਸਾਹਿਬ ਸਿੰਘ ਦੀਆਂ ਲਿਖ਼ਤਾਂ ’ਚੋਂ ਵਿਦਮਾਨ ਹੁੰਦੀ ਹੈ। ਉਦਾਹਰਨ ਦੇ ਤੌਰ ’ਤੇ ਸ਼ੇਖ ਫ਼ਰੀਦ ਜੀ ਦਾ ਸ਼ਬਦ ਹੈ, ‘‘ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ।।’’ ਗੁਰੂ ਨਾਨਕ ਦੇਵ ਜੀ ਨੇ ਇਸ ਸੋਚ-ਸੰਸਾਰ ਨੂੰ ਇਸ ਤਰ੍ਹਾਂ ਅੱਗੇ ਵਧਾਇਆ, ‘‘ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ।।’’ (ਵਿਸਥਾਰ ਸਹਿਤ ਉਦਾਹਰਨਾਂ ਲਈ ਪੰਜਾਬੀ ਟ੍ਰਿਬਿਊਨ ਵਿਚ ‘ਬਾਬਾ ਫ਼ਰੀਦ-ਸਿੱਖ ਗੁਰੂ ਸਾਹਿਬਾਨ ਮਹਾਂ-ਸੰਵਾਦ’ 9 ਮਈ ਅਤੇ 16 ਮਈ 2022 ਦੇਖੋ।)
      ਜਿੱਥੇ ਮਿਲਨ/ਮਿਲਾਪ/ਵਸਲ ਮਨੁੱਖੀ ਜ਼ਿੰਦਗੀ ਦੀ ਇਕ ਧੁਰੀ ਹੈ ਉੱਥੇ ਬਿਰਹਾ ਵੀ ਅਜਿਹਾ ਹੀ ਮਨੁੱਖੀ ਅਨੁਭਵ ਹੈ। ਪੰਜਾਬੀ ਸ਼ਾਇਰੀ-ਚਿੰਤਨ ਪਰੰਪਰਾ ਵਿਚ ਬਿਰਹਾ ਦਾ ਪ੍ਰਵਚਨ ਸ਼ੇਖ ਫ਼ਰੀਦ ਤੋਂ ਉਗਮਦਾ ਹੈ, ‘‘ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ।। ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ।।’’ ਗੁਰੂ ਨਾਨਕ ਦੇਵ ਜੀ ਲਿਖਦੇ ਹਨ, ‘‘ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ।। ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ।।’’। ਬਿਰਹਾ ਦੀਆਂ ਅੰਤਰ ਪਰਤਾਂ ਬੁੱਲ੍ਹੇ ਸ਼ਾਹ, (ਬਿਰਹੋਂ ਆ ਵੜਿਆ ਵਿਚ ਵਿਹੜੇ, ਰੋਜ਼ ਅਜ਼ਾਰ (ਦੁੱਖ) ਦੇਵੇ, ਤਨ ਘੇਰੇ), ਸ਼ਾਹ ਹੁਸੈਨ (ਕਿਚਰਕੁ (ਕਿੰਨਾ ਚਿਰ) ਬਾਲੀ ਮੈ ਅਕਲ ਦਾ ਦੀਵਾ/ਬਿਰਹੁ ਅੰਧਰੇੜੀ (ਹਨੇਰੀ) ਵਗੀ), ਸ਼ਾਹ ਹਬੀਬ (ਬਿਰਹ ਇਹ ਤਨ ਘੇਰਿਆ, ਰੱਤੀ ਰੱਤ ਨ ਤਨ ਤੇ ਬੇਰਿਆ), ਮੂਸਾ (ਭੜਕ ਉਠੀ ਤਨ ਅਗਨ ਬਿਰਹੁ ਦੀ, ਹੋਇ ਮਗਨ ਪ੍ਰੇਮ ਰਸ ਪੀਵਨ ਵੋ) ਅਤੇ ਹੋਰ ਸ਼ਾਇਰਾਂ ਦੇ ਕਲਾਮ ਵਿਚ ਕਈ ਤਰ੍ਹਾਂ ਦੇ ਪੰਧਾਂ ਦੀਆਂ ਪਾਂਧੀ ਹੁੰਦੀਆਂ ਹੋਈਆਂ ਸ਼ਿਵ ਕੁਮਾਰ ਜਿਹੇ ਸ਼ਾਇਰਾਂ ਤੱਕ ਪਹੁੰਚੀਆਂ ਹਨ।
       ਸ਼ੇਖ ਫ਼ਰੀਦ ਦੀ ਬਾਣੀ ਦੀ ਅਧਿਆਤਮਕਤਾ, ਰਹੱਸਵਾਦ ਅਤੇ ਸੂਫ਼ੀਵਾਦ ਬਾਰੇ ਵੱਡੀ ਪੱਧਰ ’ਤੇ ਵਿਚਾਰ ਵਟਾਂਦਰਾ ਹੋਇਆ ਹੈ। ਇਹ ਬਾਣੀ ਅਧਿਆਤਮਕ ਹੋਣ ਦੇ ਨਾਲ ਨਾਲ ਸਮਾਜਿਕਤਾ, ਸੰਸਾਰਕਤਾ, ਮਨੁੱਖੀ ਜਜ਼ਬਿਆਂ ਅਤੇ ਬੰਦੇ ਦੇ ਸਰੀਰ ’ਤੇ ਵਾਪਰ ਰਹੀ ਹੋਣੀ ਨਾਲ ਜੁੜੀ ਹੋਈ ਹੈ। ਇਹ ਬਾਣੀ ਆਪਣੇ ਬਿੰਬ ਤੇ ਪ੍ਰਤੀਕ ਇਸ ਸੰਸਾਰ ਅਤੇ ਸਮਾਜ ਤੋਂ ਲੈਂਦੀ ਹੈ। ਮਨੁੱਖੀ ਸਰੀਰ ਸੁੱਖਾਂ, ਦੁੱਖਾਂ, ਜਵਾਨੀ, ਬੁਢਾਪਾ, ਸੰਜੋਗ-ਵਿਜੋਗ ਅਤੇ ਹੋਰ ਵਰਤਾਰਿਆਂ ਵਿਚੋਂ ਲੰਘਦਾ ਜੀਵਨ ਸਫ਼ਰ ਪੂਰਾ ਕਰਦਾ ਹੈ। ਸ਼ੇਖ ਫ਼ਰੀਦ ਜੀ ਇਨ੍ਹਾਂ ਵਰਤਾਰਿਆਂ ਵਿਚੋਂ ਬਿੰਬ ਚੁਣਦੇ ਹਨ। ਉਨ੍ਹਾਂ ਦੇ ਬਿੰਬ ਕਿਸੇ ਰਹੱਸਮਈ ਧੁੰਦ ਵਿਚ ਗਵਾਚੇ ਹੋਏ ਨਹੀਂ ਸਗੋਂ ਸਮਾਜ ਅਤੇ ਸਰੀਰ ਦੇ ਅਨੁਭਵਾਂ ਨਾਲ ਜੁੜੇ ਹਨ, ਪ੍ਰਤੀਕਾਂ ਵਿਚ ਥਿਰਤਾ/ਜੜ੍ਹਤਾ ਨਹੀਂ ਹੈ, ਹਲਚਲ ਹੈ, ‘‘ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ।। ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ।।’’ ਪ੍ਰਤੀਕਾਂ ਦੀ ਇਹ ਹਲਚਲ ਨਿਰੰਤਰ ਕਾਇਮ ਰਹਿੰਦੀ ਹੈ, ‘‘ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ।। ਫਰੀਦਾ  ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ।।’’ ਪੰਜਾਬੀ ਸ਼ਾਇਰੀ ਦਾ ਬਿੰਬ ਵਿਧਾਨ ਮਨੁੱਖੀ ਸਰੀਰ ਦੀ ਹਲਚਲ ਅਤੇ ਸਰੀਰਕਤਾ ’ਚੋਂ ਉਦੈ ਹੁੰਦਾ ਹੈ।
      ਫ਼ਰੀਦ ਬਾਣੀ ਨੇ ਪੰਜਾਬੀਆਂ ਦੇ ਮਨ ਨੂੰ ਕੀਲੀ ਰੱਖਿਆ ਹੈ। ਲੋਕ ਮਨ ਵਿਚ ਪੈਦਾ ਹੋਏ ਕਈ ਦੋਹੜਿਆਂ ਤੇ ਚੌਬਰਗਿਆਂ ਵਿਚ ਲੋਕ ਸ਼ਾਇਰਾਂ ਨੇ ਫ਼ਰੀਦ ਉਪਨਾਮ ਦੀ ਵਰਤੋਂ ਕੀਤੀ ਹੈ। ਪੰਜਾਬੀ ਦੇ ਆਧੁਨਿਕ ਸਾਹਿਤਕਾਰਾਂ ਨੇ ਆਪਣੀਆਂ ਕਿਤਾਬਾਂ ਦੇ ਨਾਮ ਫ਼ਰੀਦ ਜੀ ਦੇ ਸਲੋਕਾਂ ਤੋਂ ਲਏ ਹਨ। ਤੇਰ੍ਹਵੀਂ ਸਦੀ ਦੇ ਸ਼ੇਖ ਫ਼ਰੀਦ ਤੋਂ ਲੈ ਕੇ ਉਨ੍ਹੀਵੀਂ ਸਦੀ ਦੇ ਖਵਾਜਾ ਸ਼ੇਖ ਫ਼ਰੀਦ ਤਕ ਫ਼ਰੀਦ ਸ਼ਬਦ ਦੀਆਂ ਕਈ ਤੰਦਾਂ ਪੰਜਾਬੀ ਸ਼ਾਇਰੀ ਵਿਚ ਮਿਲਦੀਆਂ, ਉਲਝਦੀਆਂ ਤੇ ਉੱਭਰਦੀਆਂ ਹਨ। ਮੀਆਂ ਮੁਹੰਮਦ ਬਖ਼ਸ਼ (1829-1906) ਨੇ ਪੰਜਾਬੀ ਸਾਹਿਤ ਵਿਚ ਸ਼ੇਖ ਫ਼ਰੀਦ ਜੀ ਦੀ ਦੇਣ ਨੂੰ ਏਦਾਂ ਚਿਤਰਿਆ ਹੈ:
ਸ਼ਾਇਰ ਬਹੁਤ ਪੰਜਾਬ ਜਿਮੀਂ1 ਦੇ, ਹੋਏ ਦਾਨਸ਼2 ਵਾਲੇ।
ਕਾਫ਼ੀ-ਬਾਰਾਂਮਾਹ ਜਿਨ੍ਹਾਂ ਦੇ ਦੋਹੜੇ ਬੈਂਤ ਉਜਾਲੇ3।
ਅੱਵਲ4 ਸ਼ੇਖ ਫ਼ਰੀਦ ਸ਼ਕਰਗੰਜ5, ਆਰਫ ਅਹਿਲ ਵਲਾਯਤ6।
ਹਿਕ ਹਿਕ7 ਸੁਖ਼ਨ8 ਜ਼ਬਾਨ ਉਹਦੀ ਦਾ, ਰਾਹਬਰ9 ਕਰੇ ਹਦਾਇਤ10।
(1. ਜ਼ਮੀਨ 2. ਅਕਲ 3. ਜਿਨ੍ਹਾਂ ਦੀਆਂ ਲਿਖੀਆਂ ਕਾਫ਼ੀਆਂ, ਦੋਹੜੇ, ਬੈਂਤ, ਬਾਰਾਂਮਾਹ ਆਦਿ ਬਹੁਤ ਉੱਜਲੇ ਹਨ 4. ਸਭ ਤੋਂ ਪਹਿਲਾਂ 5. ਫ਼ਰੀਦ ਜੀ ਦਾ ਹੋਰ ਨਾਮ 6. ਆਰਫ਼ ਅਹਿਲ: ਪਹਿਲੇ ਗਿਆਨੀ  ਵਲਾਯਤ: ਆਬਾਦ ਖ਼ਿੱਤਾ ਭਾਵ ਪੰਜਾਬ, ਇਕ ਹੋਰ ਅਰਥ ਵਲੀਆਂ ਦੀ ਭੂਮੀ ਹੈ 7. ਇਕ ਇਕ 8. ਬੋਲ 9. ਰਹਿਬਰ/ਆਗੂ 10. ਦਿਸ਼ਾ-ਨਿਰਦੇਸ਼)
     ਸ਼ੇਖ ਫ਼ਰੀਦ ਦਾ ਇਸ ਦੁਨੀਆ ਦੀ ਚੱਲ ਚਲਾਈ ਬਾਰੇ ਕਿਹਾ ਮਹਾਂਕਥਨ ਹੈ, ‘‘ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ।। ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ।। (ਭਾਵ ਜ਼ਮੀਨ ਤੇ ਅਸਮਾਨ ਗਵਾਹ ਹਨ ਕਿ ਬੇਅੰਤ ਉਹ ਬੰਦੇ ਜਿਹੜੇ ਆਪਣੇ ਆਪ ਨੂੰ ਵੱਡੇ ਅਖਵਾਉਂਦੇ ਸਨ, ਇਸ ਸੰਸਾਰ ਤੋਂ ਚਲੇ ਗਏ ਹਨ, ਪਰ ਕੀਤੇ ਕਰਮਾਂ ਦੀ ਔਖ ਸੌਖ/ਉਲ੍ਹਾਮੇ ਜਿੰਦ ਸਹਾਰਦੀ ਹੈ।)’’ ਇਸ ਵਰ੍ਹੇ ਅਸੀਂ ਉਨ੍ਹਾਂ ਦਾ 850ਵਾਂ ਜਨਮ ਦਿਹਾੜਾ ਮਨਾਵਾਂਗੇ, ਉਸ ਸ਼ੇਖ ਫ਼ਰੀਦ ਦਾ ਜਨਮ ਦਿਨ, ਜਿਨ੍ਹਾਂ ਨੇ ਆਪਣੇ ਹੱਕਾਂ ਲਈ ਲੜਨ ਵਾਸਤੇ ਸਾਨੂੰ ਇਹ ਬੋਲ ਦਿੱਤੇ, ‘‘ਕੂਕ ਫਰੀਦਾ ਕੂਕ ਤੂੰ ਜਿਵੇ ਰਾਖਾ ਜਵਾਰ।। ਜਬ ਲਗ ਟਾਂਡਾ ਨਾ ਗਿਰੇ ਤਬ ਲਗੁ ਕੂਕ ਪੁਕਾਰ।।’’
(ਧੰਨਵਾਦ : ਸੁਰਜੀਤ ਪਾਤਰ, ਪਵਨ ਟਿੱਬਾ)