ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ,ਪੰਥ ਦਾ ਭਰੋਸਾ,ਜਥੇਦਾਰ ਦੇ ਫਰਜ਼ - ਬਘੇਲ ਸਿੰਘ ਧਾਲੀਵਾਲ


ਖਾਲਸਾ ਪੰਥ ਅੰਦਰ ਜਥੇਦਾਰ ਦਾ ਰੁਤਬਾ ਬੇਹੱਦ ਮਹੱਤਵਪੂਰਨ ਹੈ।ਅਸਲ ਅਰਥਾਂ ਵਿੱਚ ਜਥੇਦਾਰ ਉਹ ਸਰਬ ਪਰਮਾਣਿਤ ਆਗੂ ਹੁੰਦਾ ਹੈ,ਜਿਹੜਾ ਖਾਲਸਾ ਪੰਥ ਨੂੰ ਅਗਵਾਈ ਦੇਣ ਦੇ ਸਮਰੱਥ ਹੋਵੇ। ਪੰਥ ਲਈ  ਆਪਾ ਕੁਰਬਾਨ ਕਰਨ ਦਾ ਜਜ਼ਬਾ ਰੱਖਣ ਵਾਲਾ ਸੰਤ ਸਿਪਾਹੀ ਹੀ ਕੌਂਮ ਦਾ ਜਥੇਦਾਰ ਹੁੰਦਾ ਹੈ।ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਰਿਹਾ ਹੈ, ਇੱਥੋਂ ਦਾ ਜਥੇਦਾਰ 94 ਸਾਲ ਦੀ ਵਡੇਰੀ ਉਮਰ ਵਿੱਚ ਵੀ ਕੌਂਮ ਲਈ ਬੰਦ ਬੰਦ ਕਟਵਾਉਣ ਤੋ ਪਿੱਛੇ ਨਹੀ ਹੱਟਦਾ, ਇਸ ਰੁਹਾਨੀ ਤਖਤ ਦਾ ਜਥੇਦਾਰ ਇਹੋ ਜਿਹੀਆਂ ਰੁਹਾਨੀ ਬਖਸ਼ਿਸ਼ਾਂ ਦਾ ਮਾਲਕ ਹੁੰਦਾ ਹੈ,ਜਿਹੜਾ ਦਿੱਲੀ ਦੇ ਤਖਤ ਤੇ ਬੈਠਣ ਨੂੰ ਆਪਣੇ ਰੁਤਬੇ ਦੀ ਤੌਹੀਨ ਸਮਝਦਾ ਹੈ ਅਤੇ ਉਸ ਦੁਨਿਆਵੀ ਤਖਤ ਨੂੰ ਘਸੀਟ ਕੇ ਅਕਾਲ ਤਖਤ ਸਾਹਿਬ ਦੇ ਚਰਨਾਂ ਚ ਲਿਆ ਧਰਨ ਦੀ ਹਿੰਮਤ ਰੱਖਦਾ ਹੈ। ਇੱਥੋ ਦੇ ਜਥੇਦਾਰ ‘ਤੇ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੀ ਐਨੀ ਕੁ ਬਖਸ਼ਿਸ਼ ਹੁੰਦੀ ਹੈ ਕਿ ਇੱਕ 90 ਸਾਲ ਦਾ ਬੁੱਢਾ ਜਥੇਦਾਰ ਖਾਲਸਾ ਰਾਜ ਖੁੱਸ ਜਾਣ ਤੋ ਬਾਅਦ ਵੀ ਮਰਦੇ ਦਮ ਤੱਕ ਤੋਪਾ ਦਾ ਮੁਕਾਬਲਾ ਤਲਵਾਰਾਂ,ਕੁਹਾੜੀਆਂ ਨਾਲ ਕਰਦਾ ਕਰਦਾ ਸ਼ਹਾਦਤ ਦਾ ਅਮ੍ਰਿਤ ਪੀ ਜਾਂਦਾ ਹੈ। ਸੋ ਕਹਿਣ ਤੋ ਭਾਵ ਇਹ ਹੈ ਕਿ ਆਪਣੀ ਕੌਂਮ ਦੀ ਚੜ੍ਹਦੀ ਕਲਾ ਲਈ ਅੰਜਾਮ ਦੀ ਪ੍ਰਵਾਹ ਕੀਤੇ ਵਗੈਰ ਅਡੋਲਤਾ,ਨਿਡਰਤਾ ਅਤੇ ਦ੍ਰਿੜਤਾ ਨਾਲ ਕਾਰਜ ਕਰਦੇ ਜਾਣਾ ਹੀ ਜਥੇਦਾਰ ਦੇ ਫਰਜਾਂ ਦਾ ਮੁਢਲਾ ਸਬਕ ਹੈ।ਰਾਸ਼ਟਰੀ ਮੀਡੀਏ ਵੱਲੋਂ ਪੰਜਾਬ ਖਿਲਾਫ ਝੂਠੇ ਵਿਰਤਾਂਤ ਸਿਰਜਕੇ ਜਿਸਤਰਾਂ ਸਿੱਖਾਂ ਨੂੰ ਦੇਸ਼ ਦੁਨੀਆਂ ਵਿੱਚ ਬਦਨਾਮ ਕੀਤੇ ਜਾਣ ਦੀ ਕਬਾਇਦ ਚਲਾਈ ਗਈ ਹੈ,ਉਹਨਾਂ ਝੂਠੇ ਵਿਰਤਾਂਤਾਂ ਦਾ ਸਾਰਥਿਕ ਤੋੜ ਲੱਭਣ ਲਈ ਬੀਤੇ ਦਿਨੀ ਸ੍ਰੀ  ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਿੱਖ ਪੱਤਰਕਾਰਾਂ ਦਾ ਇਕੱਠ ਬੁਲਾਇਆ ਗਿਆ।  ਇਸ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਵੱਖ ਵੱਖ ਅਦਾਰਿਆਂ ਚ ਕੰਮ ਕਰਦੇ ਅਖਬਾਰਾਂ,ਟੀਵੀ ਚੈਨਲਾਂ ਦੇ ਪੱਤਰਕਾਰ ਅਤੇ ਆਪੋ ਆਪਣੇ ਯੂ ਟਿਊਬ ਚੈਨਲ ਚਲਾ ਕੇ ਪੰਜਾਬ ਦੀ ਤਰਫਦਾਰੀ ਕਰਨ ਵਾਲੇ ਪੰਜਾਬ ਪ੍ਰਸਤ ਪੱਤਰਕਾਰਾਂ ਸਮੇਤ ਬਹੁਤ ਸਾਰੇ ਸੀਨੀਅਰ ਪੱਤਰਕਾਰ ਵੀ ਸ਼ਾਮਲ ਹੋਏ।ਇਸ ਇਕੱਠ ਦੀ ਵਿਸ਼ੇਸ਼ਤਾ ਇਹ ਰਹੀ ਕਿ ਪਹਿਲੀ ਵਾਰ ਵੱਖੋ ਵੱਖਰੀ ਸੋਚ ਰੱਖਣ ਵਾਲੇ ਸਿੱਖ ਪੱਤਰਕਾਰ ਇੱਕੋ ਮੰਚ ਤੇ ਇਕੱਠੇ ਹੋਏ।।ਪੱਤਰਕਾਰੀ ਦੇ ਖੇਤਰ ਵਿੱਚ ਸਰਗਰਮ ਸਿੱਖ ਪੱਤਰਕਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ‘ਤੇ ਤਸੱਲੀ ਪ੍ਰਗਟ ਕੀਤੀ ਅਤੇ ਭਵਿੱਖ ਵਿੱਚ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਬਚਨ ਦਿੱਤਾ ਹੈ।ਇਹ ਇਕੱਠ ਇਸ ਕਰਕੇ ਹੋਰ ਵੀ ਮਹੱਤਵਪੂਰਨ ਰਿਹਾ,ਕਿਉਂਕਿ ਜਿਸਤਰਾਂ ਸਮੁੱਚੇ ਦੇਸ਼ ਅਤੇ ਸੂਬੇ ਦੇ ਹਾਲਾਤ ਬਣੇ ਹੋਏ ਹਨ,ਉਹਨਾਂ ਦੇ ਮੱਦੇਨਜਰ ਆਪਣੇ ਆਪ ਨੂੰ ਲਾਵਾਰਸ ਮਹਿਸੂਸ ਕਰਦੀ ਪੰਜਾਬ ਦੀ ਪੱਤਰਕਾਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸਿੱਖਾਂ ਦੀ ਸਰਮੌਰ ਸੰਸਥਾ ਵੱਲੋਂ ਉਹਨਾਂ ਦੇ ਹੱਕ ਚ ਡਟਣ ਦੀ ਪਹਿਲ ਕਦਮੀ ਨਾਲ ਕਾਫੀ ਰਾਹਤ ਮਿਲੀ ਹੈ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਰਾਸ਼ਟਰੀ ਚੈਨਲਾਂ ਦੁਆਰਾ ਪੰਜਾਬ ਖਿਲਾਫ ਕੀਤੇ ਜਾਂਦੇ ਕੂੜ ਪਰਚਾਰ ਦਾ ਜਵਾਬ ਦੇਣ ਲਈ ਭਵਿੱਖ ਚ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਪੰਜਾਬ ਦੇ ਸੀਨੀਅਰ ਸਿੱਖ ਪੱਤਰਕਾਰਾਂ ਦੀ ਇੱਕ ਕਮੇਟੀ ਬਨਾਉਣ ਬਾਰੇ ਵੀ ਕਿਹਾ ਗਿਆ ਹੈ।ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਬਨਣ ਵਾਲੀ ਇਹ ਕਮੇਟੀ ਆਪਣੇ ਆਪ ਵਿੱਚ ਮਹੱਤਵਪੂਰਨ ਇਸ ਕਰਕੇ ਹੋਵੇਗੀ,ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਦੁਨੀਆਂ ਭਰ ਵਿੱਚ ਵਸਦੇ ਸਮੁੱਚੇ ਨਾਨਕ ਨਾਮਲੇਵਾ ਲਈ ਸਰਬ-ਉੱਚ ਹੈ।ਭਾਂਵੇ ਸਿੰਘ ਸਾਹਿਬ ਵੱਲੋਂ ਕੋਈ ਠੋਸ ਨੀਤੀ ਦਾ ਐਲਾਨ ਇਸ ਇਕੱਠ ਵਿੱਚ ਨਹੀ ਕੀਤਾ ਗਿਆ,ਇਸ ਦੇ ਬਾਵਜੂਦ ਵੀ ਪੱਤਰਕਾਰ ਭਾਈਚਾਰੇ ਅੰਦਰ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਦਾ ਕਾਰਨ ਸਪੱਸਟ ਹੈ ਕਿ ਸਿੱਖ ਪੱਤਰਕਾਰਾਂ ਨੇ ਮਹਿਸੂਸ ਕੀਤਾ ਹੈ ਕਿ ਉਹਨਾਂ ਦੇ ਹੱਕ ਚ ਸ੍ਰੀ ਅਕਾਲ ਤਖਤ ਸਾਹਿਬ ਦਾ ਖੜ ਜਾਣਾ ਹੀ ਬਹੁਤ ਅਹਿਮ ਹੈ।ਦੂਜੇ ਪਾਸੇ ਸਰਕਾਰ ਵਲੋਂ ਜਿਸਤਰਾਂ ਚੱਪੇ ਚੱਪੇ ਤੇ ਪੰਜਾਬ ਪੁਲਿਸ ਅਤੇ ਨੀਮ ਫੌਜੀ ਬਲਾਂ ਨੂੰ ਤਾਇਨਾਤ ਕਰਕੇ ਪੱਤਰਕਾਰਾਂ ਦੇ ਇਸ ਇਕੱਠ ਨੂੰ ਹਊਆ ਬਨਾਉਣ ਦਾ ਯਤਨ ਕੀਤਾ ਗਿਆ,ਉਹ ਬੇਹੱਦ ਮੰਦਭਾਗਾ ਹੈ,ਜਿਸ ਦਾ ਗੰਭੀਰ ਨੋਟਿਸ ਲਿਆ ਜਾਣਾ ਬਣਦਾ ਹੈ। ਜਿਸਤਰਾਂ ਪਿਛਲੇ ਲੰਮੇ ਅਰਸੇ ਤੋ ਇੱਕ ਧਿਰ ਵੱਲੋਂ ਸਿਆਸੀ ਮੁਫਾਦਾਂ ਦੀ ਪੂਰਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਹਿੱਤ ਚ ਵਰਤਿਆ ਜਾਂਦਾ ਰਿਹਾ ਹੈ,ਇਸ ਸਰਬ ਉੱਚ ਸੰਸਥਾ ਦੇ ਅਜਾਦ ਪ੍ਰਭੂਸੱਤਾ ਦੇ ਸੰਕਲਪ ਨੂੰ ਭਾਰੀ ਢਾਹ ਲਾਉਣ ਵਿੱਚ ਕੋਈ ਕਸਰ ਨਹੀ ਛੱਡੀ ਗਈ, ਅਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਤਹਿਸ ਨਹਿਸ ਕਰਨ ਦੇ ਯਤਨ ਮੌਜੂਦਾ ਸਮੇ ਤੱਕ ਵੀ ਲਗਾਤਾਰ ਹੁੰਦੇ ਆ ਰਹੇ ਹਨ,ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭਰੋਸੇਯੋਗਤਾ ‘ਤੇ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ ਅਤੇ ਸਿੱਖ ਇਸ ਅਜਾਦ ਪ੍ਰਭੂਸੱਤਾ ਦੀ ਪਰਤੀਕ ਸਰਬ ਉੱਚ ਸੰਸਥਾ ਨੂੰ ਕਮਜੋਰ ਕਰਨ ਲਈ ਸਿੱਖਾਂ ਦੀ ਆਪਸੀ ਪਾਟੋਧਾੜ ਵੀ ਜੁੰਮੇਵਾਰ ਹੈ, ਜਿਸ ਦਾ ਨਤੀਜਾ ਇਹ ਹੈ ਕਿ ਅੱਜ ਸੂਬੇ ਦੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਸਮੇ ਦੀਆਂ ਸਰਕਾਰਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਟਿੱਚ ਸਮਝਣ ਲੱਗੀਆਂ ਹਨ। ਪੱਤਰਕਾਰਾਂ ਦੇ ਇਕੱਠ ਮੌਕੇ ਸੂਬਾ ਸਰਕਾਰ ਅਤੇ ਕੇਂਦਰ ਵੱਲੋਂ ਮਿਲਕੇ ਜੋ ਸਿੱਖ ਕੌਂਮ ਖਿਲਾਫ ਵਿਰਤਾਂਤ ਸਿਰਜੇ ਜਾ ਰਹੇ ਹਨ,ਉਹਨਾਂ ਨੂੰ ਵੀ ਸਮਝਣਾ ਪਵੇਗਾ,ਕਿਉਂਕਿ ਖਾਲਸਾ ਸਾਜਨਾ ਦਿਵਸ ਮੌਕੇ ਵਿਸਾਖੀ ਤੇ ਹੋਣ ਵਾਲੇ ਸਿੱਖਾਂ ਦੇ ਇਕੱਠ ਨੂੰ ਪ੍ਰਭਾਵਤ ਕਰਨ ਦੀ ਗਹਿਰੀ ਸਾਜਿਸ਼ ਹੈ,ਤਾਂ ਕਿ ਸਿੱਖ ਡਰਦੇ ਮਾਰੇ ਦਮਦਮਾ ਸਾਹਿਬ ਵਿਸਾਖੀ ਦੇ ਤਿਉਹਾਰ ਤੇ ਨਾਂ ਜਾ ਸਕਣ। ਪੰਜਾਬ ਸਰਕਾਰ ਦੇ ਇਸ ਦਹਿਸਤੀ ਵਰਤਾਰੇ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਕੱਤਰ ਹੋਏ ਪੱਤਰਕਾਰ ਭਾਈਚਾਰੇ ਨੇ ਵੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ। ਵਿਸਾਖੀ ਦੇ ਇਕੱਠ ਨੂੰ ਰੋਕਣ ਦਾ ਮਤਲਬ ਹੈ ਕਿ ਸਿੱਖਾਂ ਨੂੰ ਡਰਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੋ ਦੂਰ ਕਰਨਾ,ਕਿਉਂਕਿ ਜਥੇਦਾਰ ਸ੍ਰੀ ਅਕਾਲ ਤਖਤ ਨੇ ਸਿੱਖ ਸੰਗਤ ਨੂੰ ਵੱਡੀ ਗਿਣਤੀ ਵਿੱਚ ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਉਣ ਦੇ ਅਦੇਸ਼ ਦਿੱਤੇ ਹੋਏ ਹਨ।ਹੁਣ ਦੇਖਣਾ ਹੋਵੇਗਾ ਕਿ ਖਾਲਸਾ ਪੰਥ ਜਥੇਦਾਰ ਸਾਹਿਬ ਦੇ ਦਮਦਮਾ ਸਾਹਿਬ ਵਿਖੇ ਇਕੱਠ ਦੇ ਸੱਦੇ ਨੂੰ ਕਿੰਨਾਂ ਕੁ ਹੁੰਗਾਰਾ ਦਿੰਦਾ ਹੈ। ਦੇਖਣਾ ਇਹ ਵੀ ਹੋਵੇਗਾ ਕਿ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਹਿਬ ਦੀ ਮਾਣ ਮਰਯਾਦਾ ਨੂੰ ਬਹਾਲ ਕਰਨ ਵਿੱਚ ਕਿੰਨਾ ਕੁ ਸਫਲ ਹੁੰਦੇ ਹਨ।  ਕੀ ਸਿੰਘ ਸਾਹਿਬ ਜੇਕਰ ਲੋੜ ਪਈ,ਆਪਣੇ ਰੁਤਬੇ ਨੂੰ ਕੌਂਮ ਦੇ ਵਡੇਰੇ ਹਿਤਾਂ ਤੋ ਕੁਰਬਾਨ ਕਰਨ ਦਾ ਹੌਸਲਾ ਕਰਕੇ ਆਪਣੇ ਆਪ ਨੂੰ ਸਮੁੱਚੀ ਕੌਂਮ ਦਾ ਜਥੇਦਾਰ ਤਸਲੀਮ ਕਰਵਾ ਸਕਣ ਵਿੱਚ ਕਾਮਯਾਬ ਹੋ ਸਕਣਗੇ ਜਾਂ ਫਿਰ ਇਸ ਤੋ ਪਹਿਲਾਂ ਹੀ ਵਿਰੋਧੀ ਤਾਕਤਾਂ ਜਥੇਦਾਰ ਸਾਹਿਬ ਨੂੰ ਆਹੁਦੇ ਤੋ ਲਾਂਭੇ ਕਰਵਾ ਦੇਣ ਵਿੱਚ ਸਫਲ ਹੋ ਸਕਣਗੀਆਂ।ਇਹੋ ਜਿਹੇ ਕੌਂਮੀ ਫਿਕਰਮੰਦੀ ਦੇ ਤੌਖਲੇ ਅਤੇ ਸਵਾਲਸਮੇ ਦੇ ਗਰਭ ਵਿੱਚ ਹਨ,ਜਿੰਨਾਂ ਬਾਰੇ ਸਮੇ ਤੋ ਪਹਿਲਾਂ ਕੁੱਝ ਵੀ ਕਹਿਣਾ ਬਾਜਵ ਨਹੀ ਹੋਵੇਗਾ।
>>> ਬਘੇਲ ਸਿੰਘ ਧਾਲੀਵਾਲ
>>> 99142-58142