ਖ਼ਾਲਸਾ ਮੇਰੋ ਰੂਪ ਹੈ ਖ਼ਾਸ - ਡਾ. ਵੰਦਨਾ

ਭਾਰਤ ਦੇ ਇਤਿਹਾਸ ਵਿਚ ਖ਼ਾਲਸਾ ਪੰਥ ਦੀ ਸਾਜਨਾ ਇਕ ਬੇਮਿਸਾਲ ਇਤਿਹਾਸਕ ਘਟਨਾ ਹੋਣ ਕਰਕੇ ਇਹ ਭਾਰਤੀ ਭੂ-ਖੰਡੀ ਚਿੰਤਨ ਅਤੇ ਚੇਤਨਾ ਨੂੰ ਨਵੇਂ ਅਰਥ ਦੇ ਕੇ ਮਾਨਵਤਾ ਵਿਚ ਨਵੀਂ ਰੂਹ ਉਤਪੰਨ ਕਰਦੀ ਹੈ। ਖ਼ਾਲਸੇ ਤੋਂ ਭਾਵ ਸ਼ੁੱਧ, ਬਿਨਾਂ ਮਿਲਾਵਟ, ਨਿਰੋਲ ਆਦਿ ਤੋਂ ਮੰਨਿਆ ਜਾਂਦਾ ਹੈ। ਖ਼ਾਲਸਾ ਉਹ ਹੈ ਜੋ ਸ਼ਸਤਰ ਨੂੰ ਸ਼ਾਸਤਰ ਦੀ ਟੇਕ ਵਿਚ ਰੱਖਦਾ ਹੈ।
ਮੁਗ਼ਲ ਹਕੂਮਤ ਦੇ ਵਧ ਰਹੇ ਅਤਿਆਚਾਰਾਂ ਦਾ ਅੰਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ 1699 ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਵਿਖੇ ਦੀਵਾਨ ਸਜਾਇਆ। ਇਸ ਦੀਵਾਨ ਵਿਚ ਲਗਪਗ 80,000 ਸੰਗਤ ਸ਼ਾਮਲ ਹੋਈ। ਦੀਵਾਨ ਵਿਚ ਪਾਠ ਕੀਤਾ ਗਿਆ, ਕੀਰਤਨ ਹੋਇਆ ਤੇ ਭੋਗ ਪੈਣ ਪਿੱਛੋਂ ਗੁਰੂ ਜੀ ਨੇ ਇਕ ਅਨੋਖਾ ਕੌਤਕ ਰਚਿਆ। ਗੁਰੂ ਜੀ ਸੱਜੇ ਹੱਥ ਵਿਚ ਨੰਗੀ ਤਲਵਾਰ ਲੈ ਕੇ ਸਟੇਜ ’ਤੇ ਗਏ ਅਤੇ ਸੀਸ ਦੀ ਮੰਗ ਕੀਤੀ। ਸਾਰੇ ਦੀਵਾਨ ਹਾਲ ਵਿਚ ਇਕਦਮ ਸੰਨਾਟਾ ਛਾ ਗਿਆ। ਗੁਰੂ ਜੀ ਨੇ ਇਕ ਵਾਰ ਫਿਰ ਗਰਜਵੀਂ ਆਵਾਜ਼ ਵਿਚ ਸਿਰ ਦੀ ਮੰਗ ਕੀਤੀ। ਫਿਰ ਜਦੋਂ ਉਨ੍ਹਾਂ ਤੀਜੀ ਵਾਰ ਆਵਾਜ਼ ਮਾਰੀ ਤਾਂ ਲਾਹੌਰ ਦਾ ਦਇਆ ਰਾਮ (ਖੱਤਰੀ) ਉੱਠਿਆ ਅਤੇ ਸਟੇਜ ’ਤੇ ਜਾ ਕੇ ਗੁਰੂ ਜੀ ਸਾਹਮਣੇ ਹਾਜ਼ਰ ਹੋ ਗਿਆ। ਗੁਰੂ ਜੀ ਉਸ ਨੂੰ ਸਟੇਜ ਪਿੱਛੇ ਲੱਗੇ ਤੰਬੂ ਵਿਚ ਲੈ ਗਏ। ਅੰਦਰੋਂ ਤਲਵਾਰ ਦੇ ਚੱਲਣ ਦੀ ਆਵਾਜ਼ ਆਈ। ਕੁਝ ਚਿਰ ਮਗਰੋਂ ਗੁਰੂ ਜੀ ਖ਼ੂਨ ਨਾਲ ਲਿੱਬੜੀ ਤਲਵਾਰ ਲੈ ਕੇ ਫਿਰ ਸਟੇਜ ’ਤੇ ਆ ਕੇ ਇਕ ਹੋਰ ਸਿਰ ਦੀ ਮੰਗ ਕਰਨ ਲੱਗੇ। ਫਿਰ ਦਿੱਲੀ ਦੇ ਰਹਿਣ ਵਾਲਾ ਧਰਮ ਸਿੰਘ (ਜੱਟ) ਉੱਠਿਆ ਅਤੇ ਗੁਰੂ ਜੀ ਅੱਗੇ ਪੇਸ਼ ਹੋਇਆ। ਇਸ ਤਰ੍ਹਾਂ ਵਾਰੋ-ਵਾਰੀ ਗੁਰੂ ਜੀ ਨੇ ਪੰਜ ਸਿਰਾਂ ਦੀ ਮੰਗ ਕੀਤੀ ਅਤੇ ਪੰਜ ਸਿੱਖਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ਨੇ ਗੁਰੂ ਜੀ ਨੂੰ ਸੀਸ ਭੇਟ ਕੀਤਾ ਅਤੇ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਵੱਖ ਵੱਖ ਰਿਵਾਇਤਾਂ ਵਿੱਚ ਇਸ ਨੂੰ ਵੱਖ ਵੱਖ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ।
ਖ਼ਾਲਸੇ ਦੇ ਜੋਸ਼ ਅਤੇ ਨਿਆਰੇਪਨ ਕਰਕੇ ਸਿੱਖ ਕੌਮ ਦੇ ਨਿਡਰ ਅਤੇ ਸਿਦਕ ਦੇ ਇਮਤਿਹਾਨ ਦੀ ਮਿਸਾਲ ਸਿੱਖ ਇਤਿਹਾਸ ਤੋਂ ਬਿਨਾ ਸ਼ਾਇਦ ਹੀ ਕਿਤੇ ਹੋਰ ਮਿਲਦੀ ਹੈ। ਇਸ ਪੰਥ ਦੀ ਸਥਾਪਨਾ ਕਰ ਕੇ ਗੁਰੂ ਜੀ ਨੇ ਆਪਣੀ ਅਜਿਹੀ ਸ਼ਕਤੀਸ਼ਾਲੀ ਸੈਨਾ ਤਿਆਰ ਕੀਤੀ, ਜਿਹੜੀ ਮੁਗਲਾਂ ਦੇ ਅਤਿਆਚਾਰ ਅਤੇ ਹਕੂਮਤ ਦਾ ਡੱਟ ਕੇ ਮੁਕਾਬਲਾ ਕਰੇ। ਆਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ’ਤੇ ਇਸ ਪੰਥ ਦੀ ਸਾਜਨਾ ਨਾ ਸਿਰਫ ਭਾਰਤ ਸਗੋਂ ਸਮੁੱਚੇ ਵਿਸ਼ਵ ਦੇ ਇਤਿਹਾਸ ਵਿਚ ਮੀਲ ਪੱਥਰ ਹੈ। ਖ਼ਾਲਸੇ ਦੇ ਰੂਪ ਵਿਚ ਗੁਰੂ ਸਾਹਿਬ ਜਿੱਥੇ ਸੰਗਤ/ਮਨੁੱਖਤਾ ਸਾਹਮਣੇ ਇਕ ਆਦਰਸ਼ਕ ਮਨੁੱਖ ਦੇ ਸੰਕਲਪ ਨੂੰ ਉਭਾਰਦੇ ਹਨ, ਉੱਥੇ ਅੰਮ੍ਰਿਤ ਦੇ ਬਾਟੇ ਰਾਹੀਂ ਮਾਨਵੀ ਏਕਤਾ ਅਤੇ ਬਰਾਬਰੀ/ਸਮਾਨਤਾ ਦੇ ਸੰਕਲਪ ਨੂੰ ਉਭਾਰ ਕੇ ਇਕ ਨਵਾਂ ਸੰਦੇਸ਼ ਵੀ ਦਿੰਦੇ ਹਨ।
ਖ਼ਾਲਸਾ ਪੰਥ ਸਾਜ ਕੇ ਇਕ ਖ਼ਾਲਸ ਅਤੇ ਨਿਆਰੀ ਕੌਮ ਤਿਆਰ ਕਰ ਕੇ ਦਸਮੇਸ਼ ਪਿਤਾ ਨੇ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਨਵਾਂ ਰੂਪ ਦਿੱਤਾ। ਭਾਰਤੀ ਸਮਾਜ ਵਿਚ ਜਾਤ-ਪਾਤ, ਊਚ-ਨੀਚ ਦੇ ਭੇਦ-ਭਾਵ ਦਾ ਬੋਲਬਾਲਾ ਹੋਣ ਕਾਰਨ ਗੁਰੂ ਸਾਹਿਬ ਵੱਲੋਂ ਇਸ ਬੁਰਾਈ ਨੂੰ ਖ਼ਤਮ ਕਰਨ ਲਈ ਮਹਾਨ ਕਾਰਜ ਆਰੰਭਿਆ ਗਿਆ। ਇਸ ਪੰਥ ਦੀ ਸਾਜਨਾ ਨਾਲ ਅਜਿਹੇ ਨਵੇਂ ਨਰੋਏ ਆਦਰਸ਼ਕ ਸਮਾਜ ਦਾ ਜਨਮ ਹੁੰਦਾ ਹੈ ਜਿਸ ਵਿਚ ਜਾਤ-ਪਾਤ, ਊਚ-ਨੀਚ, ਰੰਗ, ਨਸਲ ਵਰਗੇ ਵਿਤਕਰਿਆਂ ਨੂੰ ਕੋਈ ਸਥਾਨ ਹਾਸਲ ਨਹੀਂ। ਭਾਰਤੀ ਸਮਾਜ ਵਿਚਲੀਆਂ ਨੀਵੀਆਂ ਜਾਤਾਂ/ਹਾਸ਼ੀਆਗਤ ਦਲਿਤ ਸ਼੍ਰੇਣੀ ਨੂੰ ਇਕ ਨਵਾਂ ਜੀਵਨ ਦੇ ਕੇ ਗੁਰੂ ਸਾਹਿਬ ਧਰਮ ਕਰਮ ਨੂੰ ਧਿਆਨ ਵਿਚ ਰੱਖਦੇ ਹੋਏ ਊਚ-ਨੀਚ, ਅਮੀਰ-ਗਰੀਬ ਦੇ ਫਰਕ ਨੂੰ ਮਿਟਾ ਕੇ ਅੰਮ੍ਰਿਤ ਦੇ ਬਾਟੇ ਰਾਹੀਂ ਸਭ ਨੂੰ ਬਰਾਬਰੀ ਦਾ ਦਰਜਾ ਦੇ ਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਫਿਰ ਆਪ ਅੰਮ੍ਰਿਤ ਛਕ ਕੇ ਸਿੱਖ ਪੰਥ ਨੂੰ ਨਵੀਆਂ ਲੀਹਾਂ ’ਤੇ ਚੱਲਣ ਦਾ ਸੰਦੇਸ਼ ਦਿੱਤਾ। ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥’ ਸਮਾਜ ਵਿਚਲੀ ਭਟਕੀ ਹੋਈ ਲੋਕਾਈ ਨੂੰ ਸਿੱਧੇ ਰਸਤੇ ਪਾ ਕੇ ਉਨ੍ਹਾਂ ਨੂੰ ਵੰਡ ਕੇ ਖਾਣ, ਹੱਕ, ਸੱਚ ਦੀ ਕਮਾਈ ਕਰਨ, ਦੁਖੀਆਂ ਮਜ਼ਲੂਮਾਂ ਦੀ ਸੇਵਾ ਕਰਨ ਅਤੇ ਨਸ਼ੇ ਵਾਲੀਆਂ ਵਸਤਾਂ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ। ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦੇ ਕੇ ਸਮਾਜ ਵਿਚਲੇ ਔਰਤ ਦੇ ਪੱਧਰ ਨੂੰ ਉੱਚਾ ਚੁੱਕਣ ਦਾ ਯਤਨ ਕੀਤਾ। ਸਦੀਆਂ ਤੋਂ ਲਿਤਾੜੇ ਲੋਕਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਗਿੱਦੜਾਂ ਤੋਂ ਸ਼ੇਰ ਬਣਾ ਕੇ ਉਨ੍ਹਾਂ ਨੂੰ ਸਵੈਮਾਣ ਤੇ ਅਣਖ ਨਾਲ ਜੀਉਣ ਦੀ ਜਾਚ ਸਿਖਾਈ।
ਗੁਰੂ ਸਾਹਿਬ ਨੇ ਸਿੱਖਾਂ ਨੂੰ ਪੰਜ ਕਕਾਰ (ਕੇਸ, ਕੰਘਾ, ਕਿਰਪਾਨ, ਕੜਾ, ਕਛਹਿਰਾ) ਆਦਿ ਧਾਰਨ ਕਰਨ ਦਾ ਹੁਕਮ ਦਿੱਤਾ। ਗੁਰੂ ਸਾਹਿਬ ਨੇ ਮਾਨਵੀ ਅਧਿਕਾਰਾਂ ਦੀ ਸੁਰੱਖਿਆ ਖਾਤਰ ਜ਼ੁਲਮ ਵਿਰੁੱਧ ਡਟਣ ਲਈ ਸਵਾ ਲੱਖ ਨਾਲ ਜੂਝਣ ਵਾਲਾ ਅਜਿਹਾ ਖ਼ਾਲਸਾ ਸਿਰਜਿਆ ਜਿਹੜਾ ਖ਼ੁਦ ਹੀ ਖ਼ਾਲਸ ਰੂਪ ਵਿਚ ਗੁਰੂ ਦਾ ਰੂਪ ਸੀ।
ਅੰਮ੍ਰਿਤ ਦੀ ਸ਼ਕਤੀ ਇੰਨੀ ਪ੍ਰਬਲ ਹੋ ਗਈ ਕਿ ਇਕ ਇਕ ਲੱਖਾਂ ਨਾਲ ਜੂਝਣ ਲਈ ਤਤਪਰ ਹੋ ਗਿਆ। ਗੁਰੂ ਸਾਹਿਬ ਸਿੱਖ ਕੌਮ ਵਿਚ ਨਵੀਂ ਸੋਚ, ਉੱਚ ਆਚਰਣ, ਰਹਿਤ ਮਰਿਆਦਾ ਅਤੇ ਜੋਸ਼ ਦਾ ਸੰਚਾਰ ਕਰਦੇ ਹਨ ਤਾਂ ਜੋ ਹਰ ਇਕ ਸਿੱਖ ਨੈਤਿਕ ਕਦਰਾਂ-ਕੀਮਤਾਂ ਦਾ ਧਾਰਨੀ ਬਣੇ। ਖ਼ਾਲਸਾ ਆਤਮ ਸਮਰਪਣ, ਨਿਸ਼ਕਾਮ ਸੇਵਾ, ਸਹਿਣਸ਼ੀਲਤਾ, ਗੁਰ ਮਰਿਆਦਾ, ਤਿਆਗ, ਬਲੀਦਾਨ, ਸਰਬੱਤ ਦਾ ਭਲਾ, ਇਕ ਅਕਾਲਪੁਰਖ ਦੀ ਓਟ, ਭਗਤੀ, ਸ਼ਕਤੀ, ਚੜ੍ਹਦੀ ਕਲਾ ਦੇ ਸਦਗੁਣਾਂ ਨਾਲ ਭਰਪੂਰ ਹੈ।
ਇਸ ਆਸ਼ੇ ਦੀ ਪੂਰਤੀ ਵਿਚ ਗੁਰੂ ਸਾਹਿਬ ਵੱਲੋਂ ਅਜਿਹਾ ਪੰਥ ਸਿਰਜਿਆ ਗਿਆ ਜਿਹੜਾ ਅੱਜ ਦੇ ਆਧੁਨਿਕ ਯੁੱਗ ਵਿਚ ਦੇਸ਼ ਕੌਮ ’ਚ ਹਰ ਇਕ ਦੀ ਦੁਖ-ਤਕਲੀਫ, ਅਨਿਆਂ, ਅਤਿਆਚਾਰ, ਜ਼ੁਲਮ ਦੇ ਵਿਰੁੱਧ ਡਟਣ ਲਈ ਸਹਾਇਕ ਸਿੱਧ ਹੁੰਦਾ ਹੈ। ਪਰ ਅੱਜ ਅਸੀਂ ਤਿੰਨ ਸਦੀਆਂ ਦੇ ਲੰਮੇ ਵਕਫ਼ੇ ਤੋਂ ਬਾਅਦ ਜਾਤ-ਪਾਤ ਤੋਂ ਮੁਕਤ ਨਹੀਂ ਹੋਏ। ਨਾ ਹੀ ਅਸੀਂ ਜ਼ੁਲਮ ਦੇ ਖਿਲਾਫ਼ ਖੜ੍ਹੇ ਹੋ ਸਕੇ ਹਾਂ। ਅਜੋਕਾ ਮਨੁੱਖਾ ਆਤਮ ਸਮਰਪਣ ਦੀ ਥਾਂ ਸਵਾਰਥ ਵੱਲ ਵਧੇਰੇ ਰੁਚਿਤ ਹੈ। ਸੋਚਣ ਵਾਲੀ ਗੱਲ ਹੈ ਕਿ ਸਾਡੀ ਕੌਮ ਵਿਚਲੀਆਂ ਕਦਰਾਂ-ਕੀਮਤਾਂ ਨਿਘਾਰ ਵੱਲ ਵਧ ਰਹੀਆਂ ਹਨ। ਅੱਜ ਲੋੜ ਹੈ ਕਿ ਅਸੀਂ ਸੋੜੇਪਣ ਨੂੰ ਛੱਡ ਕੇ ਆਦਰਸ਼ਕ ਮਨੁੱਖ ਦੀ ਤਰ੍ਹਾਂ ਵਿਚਰੀਏ।
ਸੰਪਰਕ : 81969-07422