ਕੀ ਅਸੀਂ ਸਿਆਣੇ ਹੋ ਗਏ ਹਾਂ? - ਗੁਰਸ਼ਰਨ ਸਿੰਘ ਕੁਮਾਰ

ਅੱਜ ਅਸੀਂ ਬਹੁਤ ਸਿਆਣੇ ਹੋ ਗਏ ਹਾਂ। ਅਸੀਂ ਧਰਤੀ ਤੋਂ ਸਾਲ ਵਿਚ ਚਾਰ ਚਾਰ ਫ਼ਸਲਾਂ ਪੈਦਾ ਕਰ ਰਹੇ ਹਾਂ। ਕਈ ਕਾਰਖ਼ਾਨੇ ਅਤੇ ਸੁੰਦਰ ਇਮਾਰਤਾਂ ਖੜੀਆਂ ਕਰ ਲਈਆਂ ਹਨ। ਰੇਲ ਲਾਈਨਾਂ, ਸੜਕਾਂ ਅਤੇ ਨਹਿਰਾਂ ਦੇ ਜਾਲ ਵਿਛਾ ਦਿੱਤੇ ਹਨ। ਅਸੀ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਨੂੰ ਸਰ ਕਰ ਲਿਆ ਹੈ। ਗ਼ਹਿਰੇ ਸਮੁੰਦਰਾਂ ਨੂੰ ਹੰਗਾਲ ਕੇ ਕਈ ਖ਼ਜ਼ਾਨੇ ਲੱਭ ਲਏ ਹਨ।ਅਸੀਂ ਪੁਲਾੜ ਵਿਚ ਲਗਾਤਾਰ ਉਡਾਰੀਆਂ ਮਾਰ ਕੇ ਬੁਲੰਦੀਆਂ ਨੂੰ ਛੂਹ ਰਹੇ ਹਾਂ। ਚੰਨ 'ਤੇ ਤਾਂ ਅਸੀਂ ਕਈ ਸਾਲ ਪਹਿਲਾਂ (1969 ਵਿਚ) ਹੀ ਆਪਣੇ ਕਦਮ ਰੱਖ ਲਏ ਸਨ। ਹੁਣ ਜਲਦੀ ਹੀ ਮੰਗਲ ਗ੍ਰਹਿ 'ਤੇ ਵੀ ਆਪਣੇ ਪੈਰ ਪਸਾਰਨ ਵਾਲੇ ਹਾਂ। ਅਸੀ ਆਸਮਾਨ ਨੂੰ ਚੀਰ ਕੇ ਅੱਗੇ ਵਧ ਰਹੇ ਹਾਂ ਅਤੇ ਸਿਤਾਰਿਆਂ ਨੂੰ ਛੂਹ ਰਹੇ ਹਾਂ। ਇਸ ਪ੍ਰਕਾਰ ਅਸੀਂ ਕੁਦਰਤ ਦੇ ਕਈ ਗੁੱਝੇ ਭੇਦ ਉਜਾਗਰ ਕੀਤੇ ਹਨ।
ਸਾਡੇ ਕੋਲ ਸੰਚਾਰ ਸਾਧਨ ਵੀ ਬਹੁਤ ਹੋ ਗਏ ਹਨ। ਸਾਡੇ ਹਵਾਈ ਜਹਾਜ਼ ਬਹੁਤ ਤੇਜ਼ ਰਫ਼ਤਾਰ ਨਾਲ ਚੱਲਣ ਵਾਲੇ ਹਨ ਕਿ ਜੇ ਅਸੀਂ ਸਵੇਰ ਦਾ ਨਾਸ਼ਤਾ ਦਿੱਲੀ ਵਿਚ ਕਰੀਏ ਤਾਂ ਦੁਪਹਿਰ ਦਾ ਖਾਣਸਾਸਸਸ ਲੰਡਨ ਅਤੇ ਰਾਤ ਦਾ ਭੋਜਨ ਅਮਰੀਕਾ ਵਿਚ ਕਰ ਸਕਦੇ ਹਾਂ॥ ਇੰਟਰਨੱੈਟ ਅਤੇ ਕੰਪਿਊਟਰ ਦੀ ਖੋਜ ਨੇ ਪ੍ਰਦੇਸ਼ਾਂ ਦੀਆਂ ਦੂਰੀਆਂ ਖ਼ਤਮ ਕਰ ਦਿੱਤੀਆਂ ਹਨ। ਆਪਣੇ ਕੰਪਿਊਟਰ ਦਾ ਬਟਨ ਦਬਾਉਂਦੇ ਹੀ ਦੁਨੀਆਂ ਦਾ ਮਨਚਾਹਿਆ ਗਿਆਨ ਸਾਡੇ ਕੰਪਿਊਟਰ ਦੇ ਪਰਦੇ ਤੇ ਆ ਜਾਂਦਾ ਹੈ। ਅੱਖ ਝਪਕਦੇ ਹੀ ਅਸੀਂ ਸਾਰੀ ਦੁਨੀਆਂ ਦੀ ਖ਼ਬਰ ਹਾਸਿਲ ਕਰ ਲੈਂਦੇ ਹਾਂ।ਕੰਪਿਊਟਰ ਹਮੇਸ਼ਾਂ ਸਾਡਾ ਹੁਕਮ ਮੰਨਣ ਲਈ ਇਕ ਜਿੰਨ ਦੀ ਤਰ੍ਹਾਂ ਸਾਡੇ ਕੋਲ ਤਿਆਰ-ਬਰ-ਤਿਆਰ ਰਹਿੰਦਾ ਹੈ।
ਅਸੀਂ ਰੋਬੋਟ (ਨਕਲੀ ਮਨੁੱਖ) ਅਤੇ ਕਈ ਹੋਰ ਮਸ਼ੀਨਾਂ ਤਿਆਰ ਕਰ ਲਈਆਂ ਹਨ ਜੋ ਘੱਟ ਮਿਹਨਤ ਅਤੇ ਘੱਟ ਸਮੇਂ ਨਾਲ ਸਾਡੇ ਆਪਣੇ ਹੱਥਾਂ ਨਾਲ ਕਰਨ ਵਾਲੇ ਕੰਮ ਮਿੰਟਾਂ-ਸਕਿੰਟਾਂ ਵਿਚ ਜ਼ਿਆਦਾ ਸੁਚੱਜਤਾ ਨਾਲ ਕਰ ਦਿੰਦੀਆਂ ਹਨ।ਇਸ ਨਾਲ ਸਾਨੂੰ ਘੱਟ ਮੁਸ਼ੱਕਤ ਕਰਨੀ ਪੈਂਦੀ ਹੈ ਅਤੇ ਸਾਡੀ ਜ਼ਿੰਦਗੀ ਸੌਖੀ ਹੋ ਗਈ ਹੈ। ਅਸੀਂ ਸੋਹਣੀਆਂ-ਸੋਹਣੀਆਂ ਗਗਨ ਚੁੰਬੀ ਇਮਾਰਤਾਂ ਵੀ ਖੜੀਆਂ ਕਰ ਲਈਆਂ ਹਨ। ਅਸੀਂ ਕਈ ਹਵਾਈ ਅੱਡੇ ਅਤੇ ਸੋਹਣੇ ਸੋਹਣੇ ਸਕੂਲ਼ ਵੀ ਬਣਾ ਲਏ ਹਨ। ਸਾਡੇ ਬੱਚਿਆਂ ਨੂੰ ਮਹਿੰਗੇ ਕੱਪੜੇ, ਸੋਹਣੀਆਂ ਸਕੂਲ਼ ਡਰੈਸਾਂ, ਭਰਪੂਰ ਖ਼ੁਰਾਕ, ਮਹਿੰਗੇ ਮੋਬਾਇਲ, ਕੰਪਿਊਟਰ ਅਤੇ ਹੋਰ ਸਭ ਸੁੱਖ ਸਹੂਲਤਾਂ ਮਿਲ ਰਹੀਆਂ ਹਨ। ਸਾਡੀ ਦਿਖ ਸੁੰਦਰ ਬਣ ਗਈ ਹੈ। ਅਸੀਂ ਮੈਨ ਤੋਂ ਜੈਂਟਲਮੈਨ ਬਣ ਗਏ ਹਾਂ ਜਾਂ ਇਉਂ ਕਹਿ ਲਉ ਕਿ ਅਸੀਂ ਬਨਮਾਨਸ ਤੋਂ ਸੁਲਝੇ ਹੋਏ ਸ਼ਹਿਰੀ ਮਨੁੱਖ ਬਣ ਗਏ ਹਾਂ।ਸਾਨੂੰ ਘਰ ਬੈਠਿਆਂ ਹੀ ਦੁਨੀਆਂ ਦੀਆਂ ਸਭ ਸੁੱਖ ਸਹੂਲਤਾਂ ਉਪਲੱਬਤ ਹੋ ਜਾਂਦੀਆਂ ਹਨ। ਹੋਰ ਸਾਨੂੰ ਕੀ ਚਾਹੀਦਾ ਹੈ?
ਅਸੀਂ ਕਈ ਮਾਰੂ ਬਿਮਾਰੀਆਂ ਦਾ ਇਲਾਜ ਲੱਭ ਲਿਆ ਹੈ। ਪਲੇਗ, ਹੈਜ਼ਾ ਅਤੇ ਟੀ. ਬੀ. ਆਦਿ ਬਿਮਾਰੀਆਂ ਹੁਣ ਬੀਤੇ ਦੀਆਂ ਗੱਲਾਂ ਹੋ ਗਈਆਂ ਹਨ। ਮਨੁੱਖ ਦੀ ਆਮ ਉਮਰ ਵਧ ਗਈ ਹੈ। ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਕੀ ਅਸੀਂ ਵਾਕਿਆ ਹੀ ਪੂਰਨ ਮਨੁੱਖ ਬਣ ਗਏ ਹਾਂ ਅਤੇ ਸਿਆਣੇ ਹੋ ਗਏ ਹਾਂ? ਕੀ ਅਸੀਂ ਪਹਿਲਾਂ ਨਾਲੋਂ ਸੁਖੀ ਹਾਂ? ਜੇ ਅਸੀਂ ਸੁਖੀ ਹਾਂ ਤਾਂ ਸਾਡੇ ਮਨ ਵਿਚ ਬੇਚੈਨੀ ਕਿਉਂ ਹੈ? ਅਸੀਂ ਘੁਟਣ ਜਹੀ ਕਿਉਂ ਮਹਿਸੂਸ ਕਰ ਰਹੇ ਹਾਂ? ਅਸੀਂ ਕਿਉਂ ਹਰ ਸਮੇਂ ਸਹਿਮ ਦੇ ਮਾਹੌਲ ਵਿਚ ਜੀਅ ਰਹੇ ਹਾਂ। ਸਾਡੇ ਸੁੰਦਰ ਕੱਪੜੇ ਅਤੇ ਚਮਕਦੇ ਚਿਹਰੇ ਕਿਧਰੇ ਝੂਠ ਤਾਂ ਨਹੀਂ ਬੋਲ ਰਹੇ? ਇਸ ਦੀ ਅਸਲੀਅਤ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਦੇਖਣਾ ਇਹ ਹੈ ਕਿ ਕੌਣ ਸਭ ਤੋਂ ਜ਼ਿਆਦਾ ਸੁਖੀ ਹੈ, ਸੋਨੇ ਦੀ ਚੇਨ ਵਾਲਾ ਜਾਂ ਚੈਨ ਨਾਲ ਸੌਣ ਵਾਲਾ? ਸਾਡੀ ਪ੍ਰੇਸ਼ਾਨੀ ਦਾ ਇਹ ਵੀ ਕਾਰਨ ਹੈ ਕਿ ਅਸੀਂ ਆਪਣੇ ਆਪ ਤੋਂ ਟੁੱਟ ਚੁੱਕੇ ਹਾਂ। ਜਿਵੇਂ ਕੋਈ ਪੌਦਾ ਜੇ ਆਪਣੀਆਂ ਜੜ੍ਹਾਂ ਤੋਂ ਉੱਖੜ ਜਾਏ ਤਾਂ ਉਹ ਸੁੱਕ ਜਾਂਦਾ ਹੈ। ਅਸੀਂ ਆਪਣੀ ਬਾਹਰੀ ਦਿਖ ਨੂੰ ਸਜਾ ਲਿਆ ਹੈ ਪਰ ਅਸੀਂ ਆਪਣੀ ਅੰਤਰ-ਆਤਮਾ ਤੋਂ ਟੁੱਟ ਚੁੱਕੇ ਹਾਂ। ਕਿਸੇ ਸੁੰਦਰ ਸੁਡੋਲ ਸਰੀਰ ਦਾ ਮਤਲਬ ਇਹ ਨਹੀਂ ਕਿ ਉਹ ਮਾਨਸਿਕ ਤੋਰ 'ਤੇ ਵੀ ਓਨਾ ਹੀ ਤੰਦਰੁਸਤ ਹੋਵੇਗਾ ਅਤੇ ਉਸ ਦੀ ਆਤਮਾ ਵੀ ਓਨੀ ਹੀ ਬਲਵਾਨ ਹੋਵੇਗੀ।
ਸ਼ਾਡੇ ਉਪਰੋਕਤ ਵਿਚਾਰਾਂ ਦਾ ਉੱਤਰ ਸਾਨੂੰ ਹਾਂ ਵਿਚ ਨਹੀਂ ਮਿਲਦਾ। ਇਸ ਦਾ ਮਤਲਬ ਹੈ ਕਿ ਅਸੀਂ ਜ਼ਰੂਰ ਕਿਧਰੇ ਨਾ ਕਿਧਰੇ ਕੋਈ ਗ਼ਲਤੀ ਕਰ ਰਹੇ ਹਾਂ। ਸਾਡੇ ਅੰਦਰ ਕੋਈ ਨਾ ਕੋਈ ਟੀਸ ਹੈ ਜੋ ਸਾਨੂੰ ਹਰ ਸਮੇਂ ਕਟੋਚਦੀ ਰਹਿੰਦੀ ਹੈ। ਐਨਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਜ਼ਿਆਦਾ ਸਮਝਦਾਰ ਨਹੀਂ ਬਣੇ। ਅੱਜ ਸਾਡੇ ਕੋਲ ਸਕੂਲ ਬਹੁਤ ਹਨ ਪਰ ਅਸਲੀ ਵਿੱਦਆ ਘੱਟ ਹੈ। ਸਾਡੇ ਕੋਲ ਡਿਗਰੀਆਂ ਬਹੁਤ ਹਨ ਪਰ ਤਮੀਜ਼ ਘੱਟ ਹੈ। ਦਵਾਈਆਂ, ਡਾਕਟਰ ਅਤੇ ਹਸਪਤਾਲ ਬਹੁਤ ਹਨ ਪਰ ਤੰਦਰੁਸਤੀ ਘੱਟ ਹੈ। ਮੋਬਾਈਲ 'ਤੇ ਦੋਸਤ ਬਹੁਤ ਹਨ ਪਰ ਵਫ਼ਾਦਾਰੀ ਘੱਟ ਹੈ। ਅਸੀਂ ਸਾਰੀ ਦੁਨੀਆਂ ਦੀ ਖ਼ਬਰ ਰੱਖਦੇ ਹਾਂ ਪਰ ਗੁਆਂਢੀ ਬਾਰੇ ਕੋਈ ਜਾਣਕਾਰੀ ਨਹੀਂ। ਸਾਡੇ ਕੋਲ ਪੈਸਾ ਬਹੁਤ ਹੈ ਪਰ ਮਨ ਦਾ ਸਕੂਨ ਨਹੀਂ। ਫਿਰ ਅਸੀਂ ਕਿਹੜੀ ਤਰੱਕੀ ਕੀਤੀ ਹੈ? ਸਾਨੂੰ ਕਿਸ 'ਤੇ ਮਾਣ ਹੈ? ਕਹਿੰਦੇ ਹਨ ਕਿ ਕੋਈ ਪੰਛੀ ਆਸਮਾਨ ਵਿਚ ਜਿੰਨਾਂ ਮਰਜ਼ੀ ਉੱਚਾ ਉੱਡ ਲਏ ਪਰ ਭੋਜਨ ਕਰਨ ਲਈ ਉਸ ਨੂੰ ਹੇਠਾਂ ਧਰਤੀ 'ਤੇ ਹੀ ਆਉਣਾ ਪਵੇਗਾ।
ਅਸੀਂ ਅੱਗਾ ਦੌੜ ਅਤੇ ਪਿੱਛਾ ਚੌੜ ਕਰੀ ਜਾ ਰਹੇ ਹਾਂ। ਅਸੀਂ ਝੂਠ ਨੂੰ ਸੱਚ ਦਾ ਬੁਰਕਾ ਪੁਆ ਕੇ ਪੇਸ਼ ਕਰ ਰਹੇ ਹਾਂ। ਕਹਿੰਦੇ ਹਨ ਕਿ ਨਾਲਾਇਕ ਬੱਚਿਆਂ ਦੇ ਬਸਤੇ ਭਾਰੀ। ਅਸੀਂ ਬਹੁਤ ਪੜ੍ਹੇ ਲਿਖੇ ਹਾਂ ਪਰ ਸਮਝਦਾਰ ਨਹੀਂ। ਜਿੱਥੇ ਅਸੀਂ ਤੇਜ਼ ਰਫ਼ਤਾਰ ਰਾਕਟ ਬਣਾ ਲਏ ਹਨ ਅਤੇ ਹੋਰ ਸੁੱਖ ਸਹੂਲਤਾਂ ਦੇ ਸਾਧਨ ਤਿਆਰ ਕਰ ਲਏ ਹਨ ਉੱਥੇ ਅਸੀਂ ਕਈ ਮਾਰੂ ਹੱਿਥਆਰ, ਹਵਾ ਤੋਂ ਹਵਾ ਵਿਚ ਦੂਰ ਤੱਕ ਮਾਰ ਕਰਨ ਵਾਲੀਆਂ ਮਿਜ਼ਾਇਲਾਂ, ਐਟਮ ਬੰਬ ਅਤੇ ਹਾਈਡਰੋਜਨ ਬੰਬ ਵੀ ਬਣਾ ਲਏ ਹਨ ਜੋ ਇਕ ਬਟਨ ਦੱਬਦਿਆਂ ਹੀ ਸਾਰੀ ਦੁਨੀਆਂ ਨੂੰ ਤਬਾਹ ਕਰ ਸਕਦੇ ਹਨ। ਸਾਰੀ ਦੁਨੀਆਂ ਇਕ ਬਾਰੂਦ ਦੇ ਢੇਰ 'ਤੇ ਬੈਠੀ ਹੈ। ਇਕ ਪਾਸੇ ਅਸੀਂ ਬੁਲੰਦੀਆਂ ਨੂੰ ਛੂਹ ਰਹੇ ਹਾਂ ਦੂਜੇ ਪਾਸੇ ਅਸੀਂ ਰਸਾਤਲ ਵਿਚ ਗ਼ਰਕ ਹੁੰਦੇ ਜਾ ਰਹੇ ਹਾਂ।
ਅਸੀਂ ਬਹੁਤ ਹੇਰਾ ਫੇਰੀਆਂ ਅਤੇ ਭ੍ਰਿਸ਼ਟਾਚਾਰ ਕਰ ਕੇ ਅਤੇ ਨਕਲੀ ਵਸਤੂਆਂ ਬਾਜ਼ਾਰ ਵਿਚ ਉਤਾਰ ਕੇ ਧਨ ਵੀ ਬਹੁਤ ਕਮਾ ਲਿਆ ਹੈ। ਸਾਡੇ ਇਹ ਗ਼ਲਤ ਕੰਮ ਹੀ ਸਾਨੂੰ ਅੰਦਰੋਂ ਘੁਣ ਵਾਂਗ ਖੋਖਲਾ ਕਰ ਰਹੇ ਹਨ। ਅਸੀਂ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦੇ ਹਾਂ ਕਿ ਅਸੀਂ ਨਕਲੀ ਦੁੱਧ ਤਿਆਰ ਕਰਨ ਵਿਚ ਕਾਮਯਾਬ ਹੋ ਗਏ ਹਾਂ ਪਰ ਇਹ ਹੀ ਨਕਲੀ ਦੁੱਧ ਰੋਜ਼ਾਨਾ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਵੀ ਪੀਣ ਨੰ ਮਿਲ ਰਿਹਾ ਹੈ। ਅੰਤਰ ਰਾਸ਼ਟਰੀ ਸਿਹਤ ਸੰਸਥਾ (WHO) ਦੀ ਇਕ ਰਿਪੋਰਟ ਸਾਡੇ ਬੰਦ ਕਪਾਟ ਖੋਲ੍ਹਣ ਵਾਲੀ ਹੈ। ਜੋ ਇਸ ਪ੍ਰਕਾਰ ਹੈ,''2025 ਤੱਕ 87% ਭਾਰਤੀ ਕੈਂਸਰ ਦਾ ਸ਼ਿਕਾਰ ਹੋ ਸਕਦੇ ਹਨ। ਵਿਸ਼ਵ ਸਿਹਤ ਸੰਸਥਾ ਵੱਲੋਂ ਜਾਰੀ ਕੀਤੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਬਾਜ਼ਾਰਾਂ ਵਿਚ ਵਿਕ ਰਹੇ ਦੁੱਧ ਵਿਚ ਮਿਲਾਵਟ ਹੈ। ਇਸ ਦੁੱਧ ਨੂੰ ਪੀਣ ਨਾਲ ਕੈਂਸਰ ਹੋਣ ਦਾ ਖ਼ਤਰਾ ਹੈ। ਜੇ ਇਸ ਮਿਲਾਵਟ ਨੂੰ ਖ਼ਤਮ ਨਾ ਕੀਤਾ ਗਿਆ ਤਾਂ ਭਾਰਤ ਵਿਚ ਵੱਡੀ ਆਬਾਦੀ ਕੈਂਸਰ ਦੀ ਲਪੇਟ ਵਿਚ ਆ ਜਾਵੇਗੀ।ਭਾਰਤ ਵਿਚ ਵਿਕਣ ਵਾਲਾ 68.7% ਦੁੱਧ ਮਿਲਾਵਟੀ ਹੈ।''
ਇੱਥੇ ਹੀ ਬਸ ਨਹੀਂ ਅਸੀਂ ਖਾਣ ਪੀਣ ਦੀਆਂ ਬਾਕੀ ਵਸਤੂਆਂ ਵਿਚ ਵੀ ਮਿਲਾਵਟ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਸਾਡੀ ਆਪਣੀ ਹੀ ਸਿਹਤ ਲਈ ਬਹੁਤ ਘਾਤਕ ਹੈ। ਸਾਡੇ ਲਈ ਪੈਸਾ ਬਹੁਤ ਅਹਿਮ ਹੋ ਗਿਆ ਹੈ। ਸਾਨੂੰ ਪੈਸਾ ਮਿਲਣਾ ਚਾਹੀਦਾ ਹੈ, ਬਾਕੀ ਦੁਨੀਆਂ ਮਰਦੀ ਹੈ ਤਾਂ ਮਰੇ ਪਈ, ਸਾਨੂੰ ਇਸ ਨਾਲ ਕੀ? ਹਰ ਚੀਜ਼ ਦੀ ਹੱਦ ਹੁੰਦੀ ਹੈ ਪਰ ਅਸੀਂ ਬੇਇਮਾਨੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਹਾਂ।ਬਨਸਪਤੀ ਦੀ ਉੱਪਜ ਵਧਾਉਣ ਲਈ ਅਸੀਂ ਰਸਾਇਣਿਕ ਖਾਦਾਂ ਵਰਤ ਰਹੇ ਹਾਂ। ਫ਼ਲਾਂ ਅਤੇ ਸਬਜ਼ੀਆਂ ਦਾ ਸਾਈਜ਼ ਵਧਾਉਣ ਲਈ ਉਨ੍ਹਾਂ ਨੂੰ ਟੀਕੇ ਲਾ ਰਹੇ ਹਾਂ ਅਤੇ ਉਨ੍ਹਾਂ ਦੀ ਦਿੱਖ ਸੋਹਣੀ ਕਰਨ ਲਈ ਉਨ੍ਹਾਂ 'ਤੇ ਰਸਾਇਨਿਕ ਰੰਗ ਚਾੜ੍ਹਿਆ ਜਾ ਰਿਹਾ ਹੈ। ਇਹ ਸਭ ਕੁਝ ਸਿਹਤ ਲਈ ਬਹੁਤ ਖ਼ਤਰਨਾਕ ਹੈ। ਘਿਓ, ਪਨੀਰ ਅਤੇ ਖੋਇਆ ਵੀ ਨਕਲੀ ਬਣਨ ਲੱਗ ਪਏ ਹਨ। ਚਾਵਲ, ਚੀਨੀ ਅਤੇ ਕਣਕ ਆਦਿ ਵੀ ਪਲਾਸਟਿਕ ਦੇ ਬਣਨ ਲੱਗ ਪਏ ਹਨ। ਜ਼ਰਾ ਸੋਚੋ ਇਹ ਸਭ ਕੁਝ ਮਨੁੱਖ ਦੇ ਅੰਦਰ ਜਾ ਕੇ ਕਿੰਨਾਂ ਮਾੜਾ ਅਸਰ ਕਰੇਗਾ? ਫਿਰ ਵੀ ਇਹ ਸਭ ਕੁਝ ਹੋ ਰਿਹਾ ਹੈ। ਸਰਕਾਰ ਵੀ ਇਸ ਮਿਲਾਵਟ ਨੂੰ ਰੋਕਣ ਵਿਚ ਅਸਮਰੱਥ ਹੈ। ਮਨੁੱਖਤਾ ਭਿਆਨਕ ਰੋਗਾਂ ਵਿਚ ਗ੍ਰਸਤ ਹੋ ਰਹੀ ਹੈ। ਨਵੀਆਂ-ਨਵੀਆਂ ਭਿਅੰਕਰ ਬਿਮਾਰੀਆਂ ਸਾਹਮਣੇ ਆ ਰਹੀਆਂ ਹਨ।ਦੇਸ਼ ਦੀਆਂ ਅੱਧਿਓਂ ਜ਼ਿਆਦਾ ਗਰਭਵਤੀ ਔਰਤਾਂ ਅਤੇ ਬੱਚੇ ਕੁਪੋਸ਼ਨ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ।
ਅਸੀਂ ਦਰਖ਼ਤਾਂ ਦੀ ਅੰਨ੍ਹੇ ਵਾਹ ਕਟਾਈ ਕਰ ਕੇ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ। ਹਵਾ, ਪਾਣੀ ਅਤੇ ਸ਼ੋਰ ਦਾ ਪ੍ਰਦੂਸ਼ਣ ਵਧਾ ਰਹੇ ਹਾਂ। ਅਸੀਂ ਧਰਤੀ ਅਤੇ ਨਦੀਆਂ ਵਿਚ ਲਗਾਤਾਰ ਕਾਰਖ਼ਾਨਿਆਂ ਦਾ ਗੰਦਾ ਰਸਾਨਿਕ ਪਾਣੀ ਮਿਲਾਉਂਦੇ ਜਾ ਰਹੇ ਹਾਂ। ਹਵਾ ਵਿਚ ਗੱਡੀਆਂ ਅਤੇ ਕਾਰਖ਼ਾਨਿਆਂ ਦਾ ਜ਼ਹਿਰੀਲਾ ਧੂਆਂ ਮਿਲਾਇਆ ਜਾ ਰਿਹਾ ਹੈ ਕਿ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ। ਲੋਕ ਦਮੇਂ ਅਤੇ ਹੋਰ ਸਾਹ ਦੀਆਂ ਬਿਮਾਰੀਆਂ ਨਾਲ ਦੁਖੀ ਹਨ। ਵਾਤਾਵਰਨ ਵਿਚ ਸਾਡੇ ਸਪੀਕਰ ਅਤੇ ਗੱਡੀਆਂ ਦੇ ਹਾਰਨਾਂ ਦੀ ਕੰਨ ਪਾੜ੍ਹਵੀਂ ਆਵਾਜ਼ ਸਾਨੂੰ ਇਕ ਮਿੰਟ ਵੀ ਚੈਨ ਨਾਲ ਬੈਠਣ ਨਹੀਂ ਦਿੰਦੀ। ਅਸੀਂ ਮਨ ਦਾ ਸਕੂਨ ਗੁਆ ਲਿਆ ਹੈ।
ਸਾਡੇ ਅੰਦਰੋਂ ਮਨੁੱਖਤਾ ਮਰਦੀ ਜਾ ਰਹੀ ਹੈ। ਬੇਇਮਾਨੀ ਨਾਲ ਧਨ ਕਮਾਉਣ ਦਾ ਕੀ ਫਾਇਦਾ? ਯਾਦ ਰੱਖੋ ਕਿ ਤੁਹਾਡਾ ਕਮਾਇਆ ਹੋਇਆ ਧਨ ਤੁਹਾਡੀ ਥਾਂ 'ਤੇ ਕੋਈ ਦੂਸਰਾ ਇਸਤੇਮਾਲ ਕਰ ਸਕਦਾ ਹੈ ਅਤੇ ਉਸ ਦਾ ਸੁੱਖ ਵੀ ਉਠਾ ਸਕਦਾ ਹੈ ਪਰ ਜੇ ਤੁਸੀਂ ਕਿਸੇ ਭਿਆਨਕ ਬਿਮਾਰੀ ਵਿਚ ਫਸ ਜਾਂਦੇ ਹੋ ਤਾਂ ਤੁਹਾਡੀ ਇਹ ਬਿਮਾਰੀ ਕੋਈ ਦੂਸਰਾ ਨਹੀਂ ਵੰਡਾ ਸਕਦਾ। ਸਾਰਾ ਕਸ਼ਟ ਤੁਹਾਨੂੰ ਆਪਣੇ ਸਰੀਰ 'ਤੇ ਹੀ ਝੱਲਣਾ ਪਏਗਾ। ਬੰਦੇ ਦੀ ਆਰਥਿਕ ਸਥਿੱਤੀ ਭਾਵੇਂ ਜਿੰਨੀ ਮਰਜ਼ੀ ਚੰਗੀ ਹੋਏ ਪਰ ਜੀਵਨ ਦਾ ਆਨੰਦ ਲੈਣ ਲਈ ਉਸ ਦੀ ਮਾਨਸਿਕ ਸਥਿੱਤੀ ਵੀ ਚੰਗੀ ਹੋਣੀ ਚਾਹੀਦੀ ਹੈ।
ਜੇ ਅਸੀਂ ਸੱਚ-ਮੁੱਚ ਹੀ ਸਿਆਣੇ ਬਣ ਗਏ ਹਾਂ ਅਸੀਂ ਅਮਨ ਅਤੇ ਸ਼ਾਂਤੀ ਨਾਲ ਰਹਿਣਾ ਕਿਉਂ ਨਹੀਂ ਸਿੱਖਦੇ? ਅਸੀਂ ਧਰਤੀ 'ਤੇ ਲੀਕਾਂ ਪਾ ਕੇ ਦੇਸ਼ਾਂ ਦਰਮਿਆਨ ਸਰਹੱਦਾਂ ਬਣਾ ਲਈਆਂ ਹਨ। ਇਹ ਹੀ ਵਖਰੇਵਾਂ ਸਾਡੇ ਦਿਲਾਂ ਵਿਚ ਵੀ ਪੈਦਾ ਹੋ ਗਿਆ ਹੈ। ਹਰ ਮਨੁੱਖ ਗੁਆਂਢੀ ਦੇਸ਼ ਦੇ ਸ਼ਹਿਰੀ ਨੂੰ ਦੁਸ਼ਮਣ ਦੀ ਤਰ੍ਹਾਂ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ। ਪੂਰੀ ਦੁਨੀਆਂ ਵਿਚ ਅੱਤਵਾਦ ਦਾ ਜਿੰਨ ਸਾਰੀ ਮਨੁੱਖਤਾ ਨੂੰ ਨਿਗਲਣ ਲਈ ਤਿਆਰ ਖੜ੍ਹਾ ਹੈ। ਸਾਨੂੰ ਕੋਈ ਪਤਾ ਨਹੀਂ ਕਿ ਕਦ ਕੋਈ ਗੋਲੀ ਆ ਕੇ ਸਾਡੀ ਜ਼ਿੰਦਗੀ ਦਾ ਕੰਮ ਤਮਾਮ ਕਰ ਦੇਵੇ। ਸਾਡੇ ਅੰਦਰੋਂ ਮਨੁੱਖਤਾ ਮਰਦੀ ਜਾ ਰਹੀ ਹੈ। ਹਰ ਦੇਸ਼ ਹਰ ਸਾਲ ਖ਼ਰਬਾਂ ਰੁਪਏ ਹੱਥਿਆਰਾਂ ਅਤੇ ਫ਼ੌਜ਼ਾਂ 'ਤੇ ਖ਼ਰਚ ਕਰਦਾ ਹੈ। ਫਿਰ ਵੀ ਸਰਹੱਦਾਂ 'ਤੇ ਹਰ ਸਾਲ ਲੱਖਾਂ ਫ਼ੌਜ਼ੀ ਹਰ ਸਾਲ ਮਰ ਰਹੇ ਹਨ।ਕੀਮਤੀ ਜਾਨਾਂ ਬੇਕਾਰ ਜਾ ਰਹੀਆਂ ਹਨ। ਅਸੀਂ ਪਹਿਲੀਆਂ ਦੋ ਭਿਆਨਕ ਸੰਸਾਰ ਜੰਗਾਂ ਤੋਂ ਕੁਝ ਨਹੀਂ ਸਿੱਖਿਆ। ਅਸੀਂ ਫਿਰ ਤੋਂ ਆਪਣੀ ਹੀ ਤਬਾਹੀ 'ਤੇ ਤੁਰੇ ਹੋਏ ਹਾਂ। ਜੇ ਅਸੀਂ ਸਿਆਣੇ ਬਣੀਏ ਅਤੇ ਆਪਣੇ ਸਾਰੇ ਹੁਨਰ ਅਤੇ ਗੁਣਾਂ ਨੂੰ ਸਮਝਦਾਰੀ ਨਾਲ ਗ਼ਲਤ ਪਾਸੇ ਦੀ ਥਾਂ ਉਸਾਰੂ ਪਾਸੇ ਵਰਤੀਏ ਅਤੇ ਆਪਸ ਵਿਚ ਸੁਲਾਹ ਸਫ਼ਾਈ ਨਾਲ ਰਹੀਏ ਤਾਂ ਇਹ ਹੀ ਧਨ ਸਾਡੇ ਵਿਕਾਸ 'ਤੇ ਲੱਗ ਸਕਦਾ ਹੈ। ਕੁਪੋਸ਼ਨ ਨਾਲ ਮਰ ਰਹੇ ਬੱਚਿਆਂ ਨੂੰ ਚੰਗੀ ਖ਼ੁਰਾਕ, ਚੰਗੀ ਵਿੱਦਿਆ, ਪਹਿਨਣ ਨੂੰ ਕੱਪੜਾ 'ਤੇ ਹੋਰ ਸੁੱਖ-ਸਹੂਲਤਾਂ ਮਿਲ ਸਕਦੀਆਂ ਹਨ। ਇਸ ਧਰਤੀ 'ਤੇ ਹੀ ਸਵਰਗ ਬਣ ਸਕਦਾ ਹੈ ਅਤੇ ਸਭ ਦੀ ਜ਼ਿੰਦਗੀ ਖ਼ੁਸ਼ਹਾਲ ਅਤੇ ਸੁੱਖਮਈ ਹੋ ਸਕਦੀ ਹੈ। ਇਸ ਤਰ੍ਹਾਂ ਸਾਡੀਆਂ ਅੱਧੀਆਂ ਸਮੱਸਿਆਵਾਂ ਆਪੇ ਹੀ ਖ਼ਤਮ ਹੋ ਜਾਣਗੀਆਂ। ਕਿਉਂ ਨਾ ਅਸੀਂ ਦਿਲ ਵੱਡਾ ਰੱਖੀਏ ਅਤੇ ਆਪਣੇ ਸਾਰੇ ਹਥਿਆਰ ਨਸ਼ਟ ਕਰ ਦਈਏ ਅਤੇ ਆਪਸ ਵਿਚ ਪਿਆਰ ਦੀਆਂ ਗਲਵੱਕੜੀਆਂ ਪਾਈਏ। ਆਖ਼ਿਰ ਅਸੀਂ 'ਏਕੁ ਪਿਤਾ ਏਕਸ ਕੇ ਹਮ ਬਾਰਿਕ' ਹਾਂ। ਕੀ ਸਾਡੇ ਰਹਿਨੁਮਾਂ ਇਸ ਬਾਰੇ ਸੋਚਣਗੇ?
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ   
ਮੋਬਾਇਲ:-8360842861
email:gursharan1183@yahoo.in