ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

17 ਅਪ੍ਰੈਲ 2023

ਡਾ. ਹਮਦਰਦ ਵਲੋਂ ਜੰਗੇ-ਆਜ਼ਾਦੀ ਯਾਦਗਾਰ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ- ਇਕ ਖ਼ਬਰ

ਪਾਣੀ ਡੋਲ੍ਹ ਗਈ ਝਾਂਜਰਾਂ ਵਾਲ਼ੀ, ਕੈਂਠੇ ਵਾਲਾ ਤਿਲਕ ਪਿਆ।

ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਮੁੱਕਰੀ ਪੰਜਾਬ ਸਰਕਾਰ-ਡੱਲੇਵਾਲ

ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦੇ ਹੱਕ ਮਾਰ ਕੇ।

ਸੁਰਿੰਦਰ ਚੌਧਰੀ ਪੰਜਾਂ ਦਿਨਾਂ ਬਾਅਦ ਹੀ ‘ਆਪ’ ਨੂੰ ਛੱਡ ਕੇ ਕਾਂਗਰਸ ‘ਚ ਮੁੜ ਗਿਆ- ਇਕ ਖ਼ਬਰ

ਘਰਾਂ ਵਾਲਿਓ ਅਪਣੇ ਘਰ ਅੰਦਰ, ਅਸੀਂ ਆਏ ਹਾਂ ਵਾਂਗ ਪ੍ਰਾਹੁਣਿਆਂ ਦੇ।

ਪੰਜਾਬ ‘ਚ ਆਮ ਆਦਮੀ ਲਈ ਮੁਗ਼ਲਾਂ ਦੀ ਸਰਕਾਰ- ਚਰਨਜੀਤ ਸਿੰਘ ਚੰਨੀ

ਟੁੱਟ ਪੈਣੇ ਛੜੇ ਜੇਠ ਨੇ, ਮੇਰੇ ਮੂੰਹ ‘ਤੇ ਬੈਟਰੀ ਮਾਰੀ।

ਪੰਜਾਬੀ ਸਮੇਤ 13 ਖੇਤਰੀ ਭਾਸ਼ਾਵਾਂ ‘ਚ ਸੀ.ਪੀ.ਏ.ਐਫ. ਦੀਆਂ ਪ੍ਰੀਖਿਆਵਾਂ ਹੋਣਗੀਆਂ- ਇਕ ਖ਼ਬਰ

ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ।

ਸੰਤ ਮਾਨ ਸਿੰਘ ਦੇ ਲੋਕ ਭਲਾਈ ਦੇ ਕਾਰਜਾਂ ਨੂੰ ਭੁਲਾਇਆ ਨਹੀਂ ਜਾ ਸਕਦਾ- ਬਾਬਾ ਸ਼ਿਕਾਗੋ ਵਾਲਾ

ਭੈੜੇ ਭੈੜੇ ਯਾਰ ਮੇਰੀ ਫੱਤੋ ਦੇ।

ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ-ਇਕ ਖ਼ਬਰ

ਗਿੱਦੜਾਂ ਦੀ ਜੰਨ ਚੜ੍ਹਦੀ, ਜਿੱਥੇ ਸੈਹਾ ਬੋਲੀਆਂ ਪਾਵੇ।

ਬਾਦਲਾਂ ਨੇ ਸੂਬੇ ਅਤੇ ਆਮ ਲੋਕਾਂ ਨਾਲੋਂ ਵੱਧ ਆਪਣੇ ਸਵਾਰਥਾਂ ਨੂੰ ਅਹਿਮੀਅਤ ਦਿਤੀ-ਭਗਵੰਤ ਮਾਨ

ਤੇਰੇ ਲਾ ਕੇ ਦੰਦਾਂ ਵਿਚ ਮੇਖਾਂ, ਮੌਜ ਸੁਨਿਆਰਾ ਲੈ ਗਿਆ।

ਸਾਬਕਾ ਮੁੱਖ ਮੰਤਰੀ ਚੰਨੀ ਨੂੰ ਵਿਜੀਲੈਂਸ ਨੇ ਭੇਜਿਆ ਸੰਮਨ-ਇਕ ਖ਼ਬਰ

ਸਹੁਰਿਆਂ ਦਾ ਪਿੰਡ ਆ ਗਿਆ, ਘੁੰਡ ਕੱਢ ਲੈ ਪਤਲੀਏ ਨਾਰੇ।

ਸਾਬਕਾ ਮੇਅਰ ਜਗਦੀਸ਼ ਰਾਜਾ ਨੂੰ ਮਨਾਉਣ ਲਈ ਪਹੁੰਚੇ ਪ੍ਰਤਾਪ ਸਿੰਘ ਬਾਜਵਾ-ਇਕ ਖ਼ਬਰ

ਅੜੀ ਵੇ ਅੜੀ ਨਾ ਕਰ ਬਹੁਤੀ ਤੂੰ ਅੜੀ, ਚੋਣ ਸਿਰ ‘ਤੇ ਖੜ੍ਹੀ।

ਬੀ.ਬੀ.ਸੀ. ਖ਼ਿਲਾਫ਼ ਹੁਣ ਈ.ਡੀ. ਕਰੇਗੀ ਫੇਮਾ ਦੀ ਉਲੰਘਣਾ ਦੀ ਜਾਂਚ-ਇਕ ਖ਼ਬਰ

ਕੁੜਤੀ ਦਾ ਰੰਗ ਵੇਖ ਕੇ, ਪੁੱਛਦੇ ਫਿਰ ਲਲਾਰੀ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਜਲੰਧਰ ਜਿਮਨੀ ਚੋਣ ਨਾ ਲੜਨ ਦਾ ਫ਼ੈਸਲਾ- ਇਕ ਖ਼ਬਰ

ਜਿਗਰੀ ਯਾਰ ਬਿਨਾਂ, ਕੋਈ ਨਾ ਦਿਲਾਂ ਦਾ ਜਾਨੀ।

ਰਾਹੁਲ,ਖੜਗੇ ਅਤੇ ਨਿਤੀਸ਼ ਨੇ ਵਿਰੋਧੀ ਪਾਰਟੀਆਂ ਨੂੰ ਇਕ ਜੁੱਟ ਕਰਨ ਦਾ ਸੰਕਲਪ ਲਿਆ- ਇਕ ਖ਼ਬਰ

ਤੇਰੀ ਤੋੜ ਕੇ ਛੱਡਣਗੇ ਗਾਨੀ, ਨੀਂ ਸੋਨੇ ਦੇ ਤਵੀਤ ਵਾਲ਼ੀਏ।

ਦੇਸ਼ ਦੇ 29 ਮੌਜੂਦਾ ਮੁੱਖ ਮੰਤਰੀ ਹਨ ਕਰੋੜਪਤੀ- ਇਕ ਰਿਪੋਰਟ

ਇਕ ਤੇਰਾ ਰੰਗ ਮੁਸ਼ਕੀ, ਦੂਜੇ ਡਾਹ ਲਿਆ ਗਲ਼ੀ ਦੇ ਵਿਚ ਚਰਖ਼ਾ।

ਭਾਰਤ ਹੁਣ ਪਾਕਿਸਤਾਨ ਅਤੇ ਚੀਨ ਨਾਲ਼ ਨਜਿੱਠ ਸਕਦਾ ਹੈ- ਜੈਸ਼ੰਕਰ

ਜਿਹੜੀਆਂ ਲੈਣ ਉਡਾਰੀਆਂ ਨਾਲ਼ ਬਾਜ਼ਾਂ, ਉਹ ਬੁਲਬੁਲਾਂ ਠੀਕ ਮਰੀਂਦੀਂਆਂ ਨੇ।