ਸੁਰਜੀਤ ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ ਦੀ ਕਵਿਤਾ - ਉਜਾਗਰ ਸਿੰਘ

ਸੁਰਜੀਤ ਪੰਜਾਬੀ ਕਾਵਿ ਜਗਤ ਵਿੱਚ ਸਥਾਪਤ ਕਵਿਤਰੀ ਹੈ। ਉਸ ਦੀਆਂ ਹੁਣ ਤੱਕ 9 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਚਾਰ ਕਾਵਿ ਸੰਗ੍ਰਹਿ ‘ਸ਼ਿਕਸਤ’, ‘ਹੇ ਸਖ਼ੀ’ (ਲੰਮੀ ਕਵਿਤਾ) ‘ਵਿਸਮਾਦ’ ਅਤੇ ‘ਲਵੈਂਡਰ (ਸੰਪਾਦਿਤ)’, ਇਕ ਕਹਾਣੀ ਸੰਗ੍ਰਹਿ ‘ਪਾਰਲੇ-ਪੁਲ’, ਇਕ ਸਾਹਿਤ ਸਮੀਖਿਆ ‘ਪਰਵਾਸੀ ਪੰਜਾਬੀ ਸਾਹਿਤ (ਸ਼ਬਦ ਤੇ ਸੰਵਾਦ)’ ਅਤੇ ਦੋ ਸੰਪਾਦਿਤ ਪੁਸਤਕ ‘ਕੂੰਜਾਂ’ ਅਤੇ ‘ਧਰਤ ਪਰਾਈ ਆਪਣੇ ਲੋਕ’ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ‘ਸ਼ਿਕਸਤ’ ਕਾਵਿ ਸੰਗ੍ਰਹਿ ਸ਼ਾਹਮੁਖੀ ਵਿੱਚ ਵੀ ਪ੍ਰਕਾਸ਼ਤ ਹੋਇਆ ਹੈ। ਚਰਚਾ ਅਧੀਨ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਉਸ ਦੀ 10ਵੀਂ ਪੁਸਤਕ ਹੈ।  ਸੁਰਜੀਤ ਦਾ ਜ਼ਿੰਦਗੀ ਦਾ ਤਜ਼ਰਬਾ ਵਿਸ਼ਾਲ ਹੈ, ਉਸ ਨੇ ਸੰਸਾਰ ਦੇ ਕਈ ਦੇਸ਼ਾਂ ਦੀ ਯਾਤਰਾ ਕਰਦਿਆਂ ਜ਼ਿੰਦਗੀ ਦੇ ਕਈ ਰੰਗ ਵੇਖੇ ਅਤੇ ਮਾਣੇ ਹਨ। ਇਸ ਕਰਕੇ ਉਸ ਦੇ ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦੇ ਰੰਗ ਵੀ ਵੰਨ-ਸਵੰਨੇ ਹਨ। ਇਸ ਪੁਸਤਕ ਦੀਆਂ ਕਵਿਤਾਵਾਂ ਕੁਦਰਤ ਅਤੇ ਇਸ ਦੇ ਅਨੇਕਾਂ ਰਹੱਸਾਂ ਨੂੰ ਸਮਝਣ ਵਾਲੀਆਂ ਅਤੇ ਜ਼ਿੰਦਗੀ ਜਿਓਣ ਅਤੇ ਇਸ ਨੂੰ ਮਾਨਣ ਦੀ ਉਮੀਦ ਜਗਾਉਂਦੀਆਂ ਹਨ। ਇਹ ਕਵਿਤਾਵਾਂ ਗ਼ਰੀਬਾਂ-ਮਜ਼ਦੂਰਾਂ ਅਤੇ ਜਦੋਜਹਿਦ ਕਰਨ ਵਾਲੇ ਹੋਰ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹਨ। ਉਸ ਦੀਆਂ ਲਗਪਗ ਸਾਰੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਕਈ ਵਾਰ ਕਵੀ/ਕਵਿਤਰੀ ਜਦੋਂ ਕਵਿਤਾ ਲਿਖਦੀ ਹੈ ਤਾਂ ਉਸ ਨੂੰ ਆਪ ਵੀ ਪਤਾ ਨਹੀਂ ਹੁੰਦਾ ਕਿ ਉਹ ਕਿਸ ਮੰਤਵ ਲਈ ਅਤੇ ਕਿੳਂੁ ਕਵਿਤਾ ਲਿਖ ਰਹੀ ਹੈ। ਇਸ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ਆਦਿਕਾ ਦੇ ਰੂਪ ਵਿੱਚ ‘ਤੇਰੀ ਰੰਗਸ਼ਾਲਾ’ ਇਕ ਕਿਸਮ ਨਾਲ ਜ਼ਿੰਦਗੀ ਦਾ ਨਚੋੜ ਹੈ, ਜਿਸ ਵਿੱਚ ਕਵਿਤਰੀ ਦੱਸਦੀ ਹੈ ਕਿ ਇਨਸਾਨ ਸੰਸਾਰ ਰੂਪੀ ਭਵਸਾਗਰ ਵਿੱਚ ਵਿਚਰਦਿਆਂ ਆਨੰਦ ਮਾਣਦਾ ਹੈ ਪ੍ਰੰਤੂ ਅਸਲ ਵਿੱਚ ਉਹ ਇਛਾਵਾਂ ਦੀ ਪੂਰਤੀ ਅਤੇ ਪ੍ਰਾਪਤੀਆਂ ਲਈ ਕਾਗਤ ਦੀ ਬੇੜੀ ਭਾਵ ਖਿਆਲੀ ਪਲਾਓ ਬਣਾਉਂਦਾ ਹੋਇਆ ਜਦੋਜਹਿਦ ਕਰਦਾ ਰਹਿੰਦਾ ਹੈ। ਉਸ ਦੀਆਂ ਕਵਿਤਾਵਾਂ ਇਹ ਵੀ ਦੱਸਦੀਆਂ ਹਨ ਕਿ ਸਰੀਰ ਅਤੇ ਚੇਤਨਾ ਆਪੋ ਆਪਣੇ ਕਾਰਜ ਕਰਦੇ ਰਹਿੰਦੇ ਹਨ, ਸਰੀਰ ਤੇ ਚੇਤਨਾ ਕਦੀਂ ਵੀ ਇਕ ਥਾਂ ਨਹੀਂ ਹੁੰਦੇ। ਇਨਸਾਨ ਖਿਆਲੀ ਦੁਨੀਆਂ ਵਿੱਚ ਸਕੀਮਾ ਬਣਾਉਂਦਾ ਭੁਲੇਖਿਆਂ ਵਿੱਚ ਉਲਝਿਆ ਰਹਿੰਦਾ ਹੈ। ਇਹ ਮਨ ਦੀ ਭਟਕਣਾ ਉਸ ਦੀਆਂ ਕਵਿਤਾਵਾਂ ਦਾ ਸ਼ਿੰਗਾਰ ਹੈ। ਮਨੁੱਖ ਆਪਣੇ ਅੰਤਹਕਰਨ ਦੀ ਨਾ ਤਾਂ ਆਵਾਜ਼ ਸੁਣਦਾ ਹੈ ਅਤੇ ਨਾ ਹੀ ਆਪਣੇ ਅੰਦਰ ਝਾਤੀ ਮਾਰਦਾ ਹੈ। ਅਜਿਹੀਆਂ ਲਗਪਗ ਅੱਧੀ ਦਰਜਨ ਕਵਿਤਾਵਾਂ ਆਪੇ ਨੂੰ ਪਛਾਨਣ ਸੰਬੰਧੀ ਹਨ। ਸੁਰਜੀਤ ਦੀਆਂ ਕਵਿਤਾਵਾਂ ਬੰਧਨਾ ਵਿੱਚ ਬੱਝਕੇ ਕੇ ਵਹਿਮਾ ਭਰਮਾ ਵਿੱਚ ਪੈਣ ਨਹੀਂ ਦਿੰਦੀਆਂ। ‘ਕੁੜੀ ਤੇ ਕਵਿਤਾ’ ਦਰਸਾਉਂਦੀ ਹੈ ਕਿ ਜਿਵੇਂ ਕੁੜੀ ਆਪਣੀ ਦਿੱਖ ਨੂੰ ਬਣਾ ਸਵਾਰਕੇ ਰੱਖਦੀ ਹੈ, ਉਸੇ ਤਰ੍ਹਾਂ ਕਵਿਤਾ ਇਨਸਾਨ ਦੀ ਜ਼ਿੰਦਗੀ ਨੂੰ ਨਿਹਾਰਦੀ ਹੈ। ਸੁਰਜੀਤ ਕਵਿਤਾਵਾਂ ਰਾਹੀਂ ਸਮਾਜ, ਕੁਦਰਤ ਅਤੇ ਕੁਦਰਤ ਦੀ ਕਾਇਨਾਤ ਨਾਲ ਸੰਵਾਦ ਕਰਦੀ ਹੈ। ਜਦੋਂ ਇਸ ਕਾਇਨਾਤ ਵਿੱਚ ਪੰਛੀ, ਪੰਖੇਰੂ ਆਨੰਦ ਮਾਣ ਸਕਦੇ ਹਨ ਤਾਂ ਇਨਸਾਨ ਕਿਉਂ ਉਦਾਸੀ ਦੇ ਆਲਮ ਵਿੱਚ ਹੈ? ਇਨਸਾਨ ਨੂੰ ਪੰਛੀਆਂ ਤੋਂ ਸਿਖਿਆ ਲੈਣੀ ਬਣਦੀ ਹੈ। ਜਿਵੇਂ ਆਪਣੀ ਪਸੰਦ ਦੀ ਚਾਹ ਦੀ ਘੁੱਟ ਸਕੂਨ ਦਿੰਦੀ ਹੈ, ਉਸੇ ਤਰ੍ਹਾਂ ਆਪਣੀਆਂ ਸ਼ਰਤਾਂ ਤੇ ਜੀਵਿਆ ਜੀਵਨ ਅਤੇ ਫਿਰ ਮਾਣਿਆਂ ਆਨੰਦ/ਸਕੂਨ ਦਿੰਦਾ ਹੈ। ਜਿਵੇਂ ‘ਕੁਕਨੂਸ’ ਹਰ ਰੋਜ਼ ਮਰਦੀ ਤੇ ਫਿਰ ਰਾਖ ‘ਚੋਂ ਉਠ ਖੜ੍ਹਦੀ ਅਤੇ ਆਪਣੇ ਜੀਵਨ ਨੂੰ ਬਾਖ਼ੂਬੀ ਮਾਣਦੀ, ਹਰ ਰੋਜ਼ ਉਸ ਲਈ ਨਵਾਂ ਦਿਨ ਨਵੀਂ ਊਰਜਾ ਲੈ ਕੇ ਆਉਂਦਾ, ਇਸ ਪ੍ਰਕਾਰ ਇਨਸਾਨ ਨੂੰ ਵੀ ਉਸੇ ਤਰਜ ‘ਤੇ ਆਪਣਾ ਜੀਵਨ ਜਿਓਣਾ ਚਾਹੀਦਾ ਹੈ। ਸੁਰਜੀਤ ਦਾ ਸਾਹਿਤਕ ਸੁਭਾਅ ਸਮਾਜਿਕ ਜ਼ਿੰਦਗੀ ਵਿੱਚ ਸ਼ੋਸ਼ਲ ਮੀਡੀਆ ਦੀ ਗ਼ੁਲਾਮੀ ਤੋਂ ਖ਼ਫ਼ਾ ਹੈ ਕਿਉਂਕਿ ਘਰਾਂ ਤੇ ਪਰਿਵਾਰਾਂ ਵਿੱਚ ਦੁੱਖ ਸੁੱਖ ਸਾਂਝੇ ਕਰਨ ਦਾ ਵਕਤ ਨਹੀਂ, ਇਸ ਕਰਕੇ ਘਰਾਂ ਵਿੱਚ ਸਭ ਸੁੱਖ ਸਹੂਲਤਾਂ ਦੇ ਹੁੰਦਿਆਂ ਸੁੰਦਿਆਂ ਖਾਮੋਸ਼ੀ ਦਾ ਪਰਵਾਹ ਹੈ। ਸ਼ੋਸ਼ਲ ਮੀਡੀਆ ਦੀ ਵਰਤੋਂ ਮਾਨਸਿਕ ਬਿਮਾਰੀ ਹੈ। ਉਸ ਦੀਆਂ ਕਵਿਤਾਵਾਂ ਔਰਤ ਦੀ ਤ੍ਰਾਸਦੀ ਦਾ ਪ੍ਰਗਟਾਵਾ ਕਰਦੀਆਂ ਹਨ ਕਿਉਂਕਿ ਸਮਾਜ ਔਰਤ ਦੀ ਤਰੱਕੀ ਨੂੰ ਵੀ ਬਰਦਾਸ਼ਤ ਨਹੀਂ ਕਰਦਾ। ਉਸ ਬਾਰੇ ਊਲ ਜਲੂਲ ਗੱਲਾਂ ਕਰਦਾ ਹੈ। ਕਵਿਤਰੀ ਲੜਕੀਆਂ ਨੂੰ ਸਲਾਹ ਵੀ ਦਿੰਦੀ ਹੈ ਕਿ ਉਹ ਦਲੇਰੀ ਨਾਲ ਹਰ ਮੁਸ਼ਕਲ ਦਾ ਮੁਕਾਬਲਾ ਕਰਦੀਆਂ ਹੋਈਆਂ ਜ਼ਿੰਦਗੀ ਨੂੰ ਮਾਨਣ ਦੀ ਕੋਸ਼ਿਸ਼ ਕਰਨ, ਸੜ ਕੇ ਮਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਔਰਤ ਨੂੰ ਜਿਸਮ ਦੀ ਖੇਡ ਖੇਡਣ ਵਾਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।  ਔਰਤ ਪੁਲਾੜ ਤੇ ਜਾ ਸਕਦੀ ਹੈ, ਜੰਗਾਂ ਲੜ ਸਕਦੀ ਹੈ, ਇਥੋਂ ਤੱਕ ਕਿ ਤਵਾਰੀਖ ਬਦਲ ਸਕਦੀ ਹੈ। ਫਿਰ ਵੀ ਔਰਤ ਨੂੰ ਜ਼ਿੰਦਗੀ ਭਰ ਇਮਤਿਹਾਨਾ ਵਿੱਚੋਂ ਕਿਉਂ ਲੰਘਣਾ ਪੈਂਦਾ ਹੈ? ਔਰਤ ਬਾਰੇ ਮਰਦਾਂ ਨੂੰ ਸਲਾਹ ਦਿੰਦੀ ਹੋਈ ‘ਤੁਰਨਾ ਅਸਾਂ, ਹੁਣ ਨਾਲ ਨਾਲ’ ਕਵਿਤਾ ਵਿੱਚ ਲਿਖਦੀ ਹੈ-
ਤੂੰ ਔਰਤ ਨੂੰ ਘੁੰਗਰੂ ਪੁਆ ਨਚਾਉਣਾ ਛੱਡ ਦੇ,
 ਹੁਣ ਉਸਦੀ ਦੇਹ ਨੂੰ ਨੰਗਾ ਦਿਖਾਉਣਾ ਛੱਡ ਦੇ।
ਛੇੜ-ਛਾੜ ਵਾਲਾ ਕੰਮ ਹੈ ਘਿਨਾਉਣਾ, ਛੱਡ ਦੇ,
ਇੱਜ਼ਤਾਂ ਰੋਲ਼ ਕੰਜਕਾਂ ਨੂੰ ਇਉਂ ਰੁਆਉਣਾ ਛੱਡ ਦੇ।
 ਕਵਿਤਰੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੀ ਹੋਈ ਉਨ੍ਹਾਂ ਨੂੰ ਕਵਿਤਾ ਦਾ ਰੂਪ ਦਿੰਦੀ ਹੈ। ਉਹ ਮਰਦ ਅਤੇ ਔਰਤ ਨੂੰ ਇਕ ਦੂਜੇ ਦੇ ਪੂਰਕ ਸਮਝਦੀ ਹੈ। ਅੰਤਰਰਾਸ਼ਟਰੀ ਵਿਦਿਆਰਥਣਾਂ ਦੇ ਦਰਦ ਨੂੰ ਮਹਿਸੂਸ ਕਰਨ ਵਾਲੀਆਂ ਕਵਿਤਾਵਾਂ ਵੀ ਇਸ ਕਾਵਿ ਸੰਗ੍ਰਹਿ ਦਾ ਹਿੱਸਾ ਹਨ। ਪਰਵਾਸ ਵਿੱਚ ਨਫ਼ਰਤ ਦੀ ਰਾਜਨੀਤੀ ਹੋ ਰਹੀ ਹੈ। ਪਰਵਾਸ ਵਿੱਚ ਜਾਣ ਤੇ ਪੰਜਾਬ ਦੇ ਪਿੰਡਾਂ ਵਿੱਚ ਘਰਾਂ ਦੀ ਬੈਰਾਨਗੀ ਦੀ ਹੂਕ ਵੀ ਮਿਲਦੀ ਹੈ। ਲੋਕ ਹਰ ਸੁੱਖ ਦਾ ਆਨੰਦ ਮਾਣਦੇ ਹੋਏ ਵੀ ਭਟਕਦੇ ਰਹਿੰਦੇ ਹਨ। ਸਮੁੰਦਰਾਂ ਦੀਆਂ ਲਹਿਰਾਂ ਲੋਕਾਈ ਨੂੰ ਜਾਗ੍ਰਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਪ੍ਰੰਤੂ ਸੰਤੁਸ਼ਟੀ ਫਿਰ ਵੀ ਨਹੀਂ ਮਿਲਦੀ। ਇਨਸਾਨ ਦੇ ਅੰਦਰ ਹੀ ਸਭ ਕੁਝ ਹੈ, ਬਾਹਰ ਭਟਕਣ ਦੀ ਲੋੜ ਨਹੀਂ। ਇਸ ਲਈ ਇਨਸਾਨ ਨੂੰ ਆਪਣੀ ਪਛਾਣ ਕਰ ਲੈਣੀ ਚਾਹੀਦੀ ਹੈ। ਪਰਮਾਤਮਾ ਨੇ ਇਨਸਾਨ ਨੂੰ ਚਾਨਣ ਦੀ ਲੋਅ ਲੱਭਕੇ ਵਰਤਣ ਲਈ ਭੇਜਿਆ ਹੈ। ਇਨਸਾਨ ਲੋਅ ਦੀ ਭਾਲ ਉਦਾਸੀਆਂ ਕਰਕੇ ਜੰਗਲਾਂ ਵਿੱਚ ਲੱਭਦਾ ਹੈ। ਇਹ ਲੋਅ ਸਾਡੇ ਅੰਦਰ ਹੈ ਪ੍ਰੰਤੂ ਅਸੀਂ ਮੱਥੇ ‘ਚੋਂ ਸੂਰਜ ਉਗਮਦਾ ਭਾਲਦੇ ਹਾਂ, ਇਸ ਲੋਅ ਦੀ ਵਰਤੋਂ ਨਫਰਤ ਫੈਲਾਉਣ ਲਈ ਕਰ ਰਹੇ ਹਾਂ। ਇਹ ਕਾਇਨਾਤ ਜੰਗਲ, ਬੇਲੇ, ਧਰਤ, ਅਸਮਾਨ ਵਿਸ਼ਾਲ ਅਤੇ ਅਨੰਤ ਹਨ, ਜੋ ਇਕ ਨਿਯਮਤ ਕਾਨੂੰਨ ਅਨੁਸਾਰ ਚਲਦੀ ਹੈ। ਇਸ ਨੂੰ ਸਮਝਣ ਨਾਲ ਸੰਪੂਰਨਤਾ ਪ੍ਰਾਪਤ ਹੁੰਦੀ ਹੈ। ਜ਼ਿੰਦਗੀ ਵਿੱਚ ਅਨੇਕਾਂ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ ਪ੍ਰੰਤੂ ਲੋਕਾਈ ਨੂੰ ਅਡੋਲ ਰਹਿਣਾ ਚਾਹੀਦਾ ਹੈ। ਪਰਵਾਸ ਵਿੱਚ ਧਾਰਮਿਕ ਕੱਟੜਤਾ ਕਰਕੇ ਮਾਸੂਮ ਬੱਚਿਆਂ ਨਾਲ ਹੋਈਆਂ ਜ਼ਾਲਮਾਨਾ ਹਰਕਤਾਂ ਕਵਿਤਰੀ ਦੇ ਸੋਹਲ ਮਨ ਨੂੰ ਵਲੂੰਧਰਦੀਆਂ ਹਨ। ਧਾਰਮਿਕ ਕੱਟੜਤਾ ਸਕੂਲ ਵਿੱਚ ਹੋਈ ਤ੍ਰਾਸਦੀ ਨੂੰ ਕਾਵਿ ਰੂਪ ਦੇਣ ਲਈ ਮਜ਼ਬੂਰ ਕਰਦੀ ਹੈ। ਉਸ ਦੀ ਕਵਿਤਾ ਇਹ ਵੀ ਯਾਦ ਕਰਾਉਂਦੀ ਹੈ ਕਿ ਸਾਡੀ ਵਿਰਾਸਤ ਗੁਰੂਆਂ ਦੀ ਵਿਚਾਰਧਾਰਾ ਹੈ ਪ੍ਰੰਤੂ ਅਸੀਂ ਉਸ ਤੋਂ ਬੇਮੁੱਖ ਹੋਏ ਬੈਠੇ ਹਾਂ। ਵਿਚਾਰਧਾਰਾ ਦੇ ਚਾਨਣ ਦੇ ਹੁੰਦਿਆਂ ਹਨ੍ਹੇਰੇ ਵਿੱਚ ਹੱਥ ਮਾਰ ਰਹੇ ਹਾਂ। ਸਦੀਆਂ ਤੋਂ ਮਨੁੱਖ ਹੀ ਮਨੁੱਖਤਾ ਦਾ ਘਾਣ ਕਰਦਾ ਆ ਰਿਹਾ ਹੈ। ਸੀਰੀਆ ਵਿੱਚ ਹੋਏ ਨਰਸੰਘਾਰ ਨੇ ਵੀ ਕਵਿਤਰੀ ਨੂੰ ਪ੍ਰਭਾਵਤ ਕੀਤਾ ਹੈ। ਉਹ ਇਹ ਵੀ ਲਿਖਦੀ ਹੈ ਕਿ ਲੋਕ ਵਾਅਦੇ ਕਰਦੇ ਹਨ ਜੋ ਕਦੇ ਵਫ਼ਾ ਨਹੀਂ ਹੁੰਦੇ। ਚੁੱਪ/ਖ਼ਾਮੋਸ਼ੀ ਬਾਰੇ ਵੀ ਕਵਿਤਰੀ ਨੇ ਕੁਝ ਕਵਿਤਾਵਾਂ ਲਿਖੀਆਂ ਹਨ। ‘ਆਦਮ ਤੇ ਹਵਾ ਦਾ ਸੰਵਾਦ’ ਸਿੰਬਾਲਿਕ ਕਵਿਤਾ ਹੈ, ਜਿਸ ਵਿੱਚ ਆਦਮ ਅਤੇ ਹਵਾ ਦਾ ਸੰਵਾਦ ਵਿਖਾਇਆ ਹੈ, ਅਸਲ ਵਿੱਚ ਇਹ ਸੰਵਾਦ ਇਨਸਾਨ ਦੀ ਆਪਸੀ ਵਿਚਾਰ ਚਰਚਾ ਹੈ। ‘ਆਪਣਾ ਆਪਣਾ ਹੱਕ’ ਕਵਿਤਾ ਵਿੱਚ ਇਨਸਾਨ ਨੂੰ ਆਪਣੇ ਹੱਕਾਂ ਦੀ ਗੱਲ ਕਰਦਿਆਂ ਜਾਨਵਰਾਂ ਦੇ ਹੱਕਾਂ ਦਾ ਵੀ ਧਿਆਨ ਰੱਖਣ ਦੀ ਤਾਕੀਦ ਹੈ। ਕਵਿਤਰੀ ਮਾਪਿਆਂ ਦੀ ਅਣਗਹਿਲੀ ਬਾਰੇ ਚਿੰਤਾ ਜ਼ਾਹਰ ਕਰਦੀ ਹੈ। ਲੋਕਾਂ ਵਿੱਚ ਝੂਠ ਦਾ ਬੋਲਬਾਲਾ ਹੈ। ਆਧੁਨਿਕਤਾ ਦੇ ਆਉਣ ਨਾਲ ਵਿਰਾਸਤੀ ਵਸਤਾਂ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ। ਚਮਚਾਗਿਰੀ ਭਾਰੂ ਹੈ। ‘ਸੰਕਟ ਕਾਲ ਦੀ ਕਵਿਤਾ’ ਵਿੱਚ ਕਵਿਤਰੀ ਨੇ ਦੱਸਿਆ ਹੈ ਕਿ ਵਿਕਸਤ ਸਮੇਂ ਵਿੱਚ ਟੈਕਸ ਭਰਨ, ਭੀਖ ਮੰਗਣ ਅਤੇ ਬੇਹੋਸ਼ੀ ਦੀ ਸਪਰੇਅ ਕਰਕੇ ਠੱਗੀ ਮਾਰਨ ਦੇ ਨਵੇਂ ਤਰੀਕੇ ਆ ਗਏ ਹਨ, ਇਨ੍ਹਾਂ ਤੋਂ ਬਚਣ ਦੀ ਲੋੜ ਹੈ। ‘ਵੈਂਟੀਲੇਟਰ ਤੇ ਜੀਊਂਦੀ ਸਦੀ’ ਸਿਰਲੇਖ ਅਧੀਨ ਕਰੋਨਾ ਕਾਲ ਵਿੱਚ ਦਹਿਸ਼ਤ ਦੇ ਮਾਹੌਲ ਅਤੇ ਰਿਸ਼ਤਿਆਂ ਦੀ ਬੇਕਦਰੀ ਕਾਰਨ ਲੋਕਾਂ ਦਾ ਖ਼ੂਨ ਸਫ਼ੈਦ ਹੋ ਗਿਆ। ਆਪਣੇ ਹੀ ਅਪਣਿਆਂ ਤੋਂ ਕਿਨਾਰਾ ਕਰਨ ਲੱਗੇ। ਲੋਕ ਇਤਨੇ ਬੇਪ੍ਰਵਾਹ ਹੋ ਗਏ ਹਨ ਕਿ ਵਾਤਾਵਰਨ ਨੂੰ ਗੰਧਲਾ ਕਰ ਰਹੇ ਹਨ, ਇਮਾਰਤਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ, ਜ਼ਮੀਨ ਹੇਠਲਾ ਪਾਣੀ ਖ਼ਤਮ ਹੋਣ ਕਿਨਾਰੇ ਕਰ ਦਿੱਤਾ ਅਤੇ ਕਰੋਨਾ ਕਾਲ ਵਿੱਚ ਲਾਲਚ ਤੇ ਫਰੇਬ ਵੱਧ ਗਿਆ। ਪਾਣੀ ਦੀ ਘਾਟ ਵੀ ਕਵਿਤਰੀ ਨੂੰ ਸਤਾਉਂਦੀ ਹੈ। ਨੈਤਿਕਤਾ ਪਰ ਲਾ ਕੇ ਉਡ ਗਈ ਸੀ। ‘ਕਿਸਾਨੀ ਕਾਵਿ’ ਕਿਸਾਨ ਅੰਦੋਲਨ ਨਾਲ ਸੰਬੰਧਤ ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਕਵਿਤਰੀ ਨੇ ਅਣਸੁਖਾਵੇਂ ਹਾਲਾਤ, ਗਰਮੀ, ਸਰਦੀ, ਪੁਲਿਸ ਦੀਆਂ ਬੁਛਾੜਾਂ ਅਤੇ ਕੰਡਿਆਲੀਆਂ ਤਾਰਾਂ ਦਾ ਮੁਕਾਬਲਾ ਕਰਨ ਵਾਲੀਆਂ ਵੀਰਾਂਗਣਾ, ਕਿਸਾਨਾ ਅਤੇ ਹਰ ਵਰਗ ਦੇ ਲੋਕਾਂ ਦੇ ਪਾਏ ਯੋਗਦਾਨ ਦੇ ਸੋਹਲੇ ਗਾਏ ਹਨ। ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਡੋਲੇ ਨਹੀਂ ਅਤੇ ਸਾਰਾ ਅੰਦੋਲਨ ਸ਼ਾਂਤਮਈ ਰਹਿੰਦਿਆਂ ਧਰਮ ਨਿਰਪੱਖ ਵਿਚਾਰਧਾਰਾ ਦਾ ਹਾਮੀ ਬਣਿਆਂ ਰਿਹਾ। ਭਾਈਚਾਰਕ ਸਦਭਾਵਨਾ ਵਿੱਚ ਵਾਧਾ ਹੋਇਆ। ਕਵਿਤਰੀ ਨੇ ਬਾਖ਼ੂਬੀ ਸਾਰਾ ਦਿ੍ਰਸ਼ ਪੇਸ਼ ਕੀਤਾ ਹੈ। ਅਖ਼ੀਰ ਵਿੱਚ ਅੰਤਿਕਾ ‘ਤੇਰੀ ਰੰਗਸ਼ਾਲਾ 2’ ਕਵਿਤਾ ਵਿੱਚ ਪੰਜਾਬ ਦੀ ਤ੍ਰਾਸਦੀ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਨਿਰਾਸ਼ਾ, ਬੇਆਸ ਅਤੇ ਉਦਾਸੀ ਦਾ ਆਲਮ ਹੈ ਕਵਿਤਰੀ ਨੇ ਪੰਜਾਬ ਦਾ ਸੁਨਹਿਰਾ ਭਵਿਖ ਹੋਣ ਦੀ ਕਾਮਨਾ ਕੀਤੀ ਹੈ।
 165 ਪੰਨਿਆਂ, 58 ਕਵਿਤਾਵਾਂ, 300 ਰੁਪਏ ਕੀਮਤ ਅਤੇ ਸਚਿਤਰ ਰੰਗਦਾਰ ਸੁੰਦਰ ਮੁੱਖ ਕਵਰ ਵਾਲੀ ਪੁਸਤਕ ਸ਼ਬਦਲੋਕ  ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
   ਮੋਬਾਈਲ-94178 13072
     ujagarsingh480yahoo.com