ਬਚਪਨ ਦੀਆਂ ਮਸਤੀਆਂ - ਡਾ. ਗੁਰਤੇਜ ਸਿੰਘ

ਬਚਪਨ ਹਾਸੀਆਂ ਖੇਡੀਆਂ ਦਾ ਦੂਜਾ ਨਾਂ ਹੈ, ਜਦੋਂ ਅਸੀਂ ਦੁਨੀਆ ਦੀ ਚਕਾਚੌਂਧ ਤੋਂ ਮੁਕਤ ਹੁੰਦੇ ਹਾਂ। ਪਿੰਡ ’ਚ ਜੰਮੇ ਹੋਣ ਕਾਰਨ ਖੇਤ, ਦਰੱਖਤ, ਚੌਵੀ ਇੰਚੇ ਸਾਈਕਲ ਅਤੇ ਦੂਰਦਰਸ਼ਨ ਸਾਡੇ ਮਿੱਤਰ ਸਨ। ਖੇਤ ਮਾਪਿਆਂ ਨਾਲ ਕੰਮ ਕਰਵਾਉਂਦੇ, ਖੇਡਣ ਲਈ ਦਰੱਖਤਾਂ ’ਤੇ ਚੜ੍ਹਦੇ ਉਤਰਦੇ, ਚੌਵੀ ਇੰਚੇ ਸਾਈਕਲ ਨੂੰ ਚਲਾਉਣਾ ਸਿੱਖਣ ਲਈ ਸੁੱਖਣਾ ਸੁੱਖਦੇ। ਸਾਈਕਲ ਦੀ ਸੀਟ ’ਤੇ ਬੈਠ ਕੇ ਚਲਾਉਣ ਦੀ ਜਗ੍ਹਾ ਕੈਂਚੀ ਚਲਾਉਂਦੇ ਹੋਏ ਗਿੱਟੇ ਗੋਡੇ ਰਗੜਾਉਂਦੇ ਤੇ ਅਕਸਰ ਪੈਰ ਵਿੱਚ ਆਈ ਮੋਚ ਕਢਵਾਉਣ ਲਈ ਗੁਆਂਢ ’ਚ ਵਸਦੇ ਬਾਜ਼ੀਗਰਾਂ ਦੇ ਘਰਾਂ ’ਚ ਲੰਗੜਾਉਂਦੇ ਹੋਏ ਚੱਕਰ ਮਾਰਦੇ ਰਹਿੰਦੇ।
      ਸਾਡੇ ’ਚੋਂ ਕਈਆਂ ਨੇ ਸਾਈਕਲ ਚਲਾਉਣਾ ਸਿੱਖਦੇ ਸਮੇਂ ਬਾਹਾਂ ਵੀ ਤੁੜਵਾਈਆਂ ਸਨ। ਮਾੜੀ ਮੋਟੀ ਸੱਟ ਨੂੰ ਅਸੀਂ ਘਰਦਿਆਂ ਤੋਂ ਡਰਦੇ ਗੌਲ੍ਹਦੇ ਵੀ ਨਹੀਂ ਸੀ। ਬਸ ਮੋਚ ਕਢਵਾਉਣ ਅਤੇ ਮਾਪਿਆਂ ਦੀਆਂ ਝਿੜਕਾਂ ਤੋਂ ਬਚਣ ਦੇ ਚੱਕਰਾਂ ਵਿੱਚ ਹੀ ਕਦੋਂ ਰਗੜਾਂ ਤੇ ਮੋਚ ਠੀਕ ਹੋ ਜਾਂਦੀ ਸੀ ਪਤਾ ਹੀ ਨਹੀਂ ਚੱਲਦਾ ਸੀ। ਸਾਡੇ ਪੈਰ ਉਦੋਂ ਜ਼ਮੀਨ ਨਾਲ ਇੰਝ ਜੁੜੇ ਹੋਏ ਸਨ ਜਿਵੇ ਮਾਂ-ਪੁੱਤ ਦਾ ਰਿਸ਼ਤਾ ਹੋਵੇ ਜਿਸ ਕਰਕੇ ਪੈਰੀਂ ਜੁੱਤੀ-ਚੱਪਲ ਪਾਉਣੀ ਅਸੀਂ ਮੁਨਾਸਿਬ ਹੀ ਨਹੀਂ ਸਮਝਦੇ ਸੀ। ਨੰਗੇ ਪੈਰੀਂ ਹੀ ਖੇਤਾਂ ’ਚ ਕੰਮ ਕਰਨਾ, ਪਹਾੜੀ ਕਿੱਕਰਾਂ ਦੇ ਮਿੱਠੇ ਤੁੱਕੇ ਅਤੇ ਮਲ੍ਹਿਆਂ ਦੇ ਲਾਲ ਰੰਗ ਦੇ ਨਿੱਕੇ ਨਿੱਕੇ ਬੇਰ ਤੋੜਨ ਲਈ ਅਣਥੱੱਕ ਕੋਸ਼ਿਸ਼ਾਂ ਕਰਨਾ ਜਿਸ ਨਾਲ ਕਿੱਕਰ, ਮਲ੍ਹਿਆਂ ਦੇ ਕੰਡੇ ਪੈਰਾਂ ਵਿੱਚ ਵੱਜਣੇ ਸੁਭਾਵਿਕ ਹੀ ਸਨ। ਉਦੋਂ ਮਾਪੇ ਜਾਂ ਵੱਡੇ ਭੈਣ ਭਰਾ ਸਰਜਨ ਹੁੰਦੇ ਸਨ ਤੇ ਕੱਪੜੇ ਸੀਣ ਵਾਲੀ ਸੂਈ ਚੁੱਕ ਸ਼ੁਰੂ ਹੋ ਜਾਂਦੇ ਸਨ ਕੰਡਾ ਆਪ੍ਰੇਸ਼ਨ ਕਰਨ ਲਈ। ਮਿੱਠੇ-ਮਿੱਠੇ ਦਰਦ ਨਾਲ ਸੀ-ਸੀ, ਹਾਈ ਹਾਈ ਕਰੀ ਜਾਣਾ, ਨਾਲੋਂ ਨਾਲ ਘਰਦਿਆਂ ਤੋਂ ਗਾਲ੍ਹਾਂ ਦਾ ਪ੍ਰਸ਼ਾਦ ਮਿਲਦਾ ਸੀ। ਸਾਰਾ ਟੱਬਰ ਸਾਡੇ ਦੁਆਲੇ ਇੰਝ ਜੁੜਿਆ ਹੁੰਦਾ ਸੀ ਜਿਵੇੇਂ ਸੱਚੀ ਬਹੁਤ ਵੱਡੀ ਸਰਜਰੀ ਚੱਲ ਰਹੀ ਹੋਵੇ। ਮਾਹਿਰ ਡਾਕਟਰਾਂ ਵਾਂਗ ਉਨ੍ਹਾਂ ਦਿਨਾਂ ’ਚ ਕੰਡਾ ਕੱਢਣ ਦੇ ਮਾਹਿਰ ਪਿੰਡ ’ਚ ਹੁੰਦੇ ਸਨ, ਜਿਨ੍ਹਾਂ ਕੋਲ ਘਰ ਦੇ ਚੁੱਕ ਕੇ ਲੈ ਕੇ ਜਾਂਦੇ ਰਹੇ ਸਨ। ਕੰਡਾ ਡੂੰਘਾ ਹੋਣ ਜਾਂ ਫਿਰ ਨਜ਼ਰ ਨਾ ਪੈਣਾ ਤਾਂ ਕੰਡਾ ਮਾਹਿਰ ਉਸ ਜਗ੍ਹਾ ’ਤੇ ਗੁੜ ਗਰਮ ਕਰਕੇ ਵਿੱਚ ਥੋੜ੍ਹਾ ਜਿਹਾ ਨਮਕ ਪਾ ਕੇ ਬੰਨ੍ਹਣ ਦੀ ਹਦਾਇਤ ਕਰਦੇ ਸਨ ਤਾਂ ਜੋ ਮਾਸ ਨਰਮ ਹੋ ਕੇ ਕੰਡਾ ਉੱਪਰ ਆ ਜਾਵੇ ਤੇ ਆਸਾਨੀ ਨਾਲ ਕੱਢਿਆ ਜਾ ਸਕੇ।
ਦੂਰਦਰਸ਼ਨ ਦੇ ਸੀਰੀਅਲ ਜਿਵੇਂ ‘ਮੋਗਲੀ’ (ਜੰਗਲ ਬੁੱਕ), ‘ਸ਼ਕਤੀਮਾਨ’, ‘ਜੂਨੀਅਰ ਜੀ’, ‘ਟਿੰਬਾ ਰੂਚਾ’, ‘ਮਾਲਗੁਡੀ ਡੇਜ਼’, ‘ਸ੍ਰੀ ਕ੍ਰਿਸ਼ਨਾ’ ਆਦਿ ਮਨਭਾਉਂਦੇ ਸੀਰੀਅਲ ਸਨ ਜਿਨ੍ਹਾਂ ਦੀ ਬੇਸਬਰੀ ਨਾਲ ਉਡੀਕ ਹੁੰਦੀ ਸੀ। ਇਨ੍ਹਾਂ ਦੇ ਪ੍ਰਸਾਰਿਤ ਹੋਣ ਵੇਲੇ ਅਕਸਰ ਬੱਤੀ ਦਾ ਗੁੱਲ ਹੋ ਜਾਣਾ ਸਾਡੇ ਬਾਲ ਮਨਾਂ ਨੂੰ ਠੇਸ ਪਹੁੰਚਾਉਂਦਾ ਸੀ। ਸਕੂਲ, ਰਿਸ਼ਤੇਦਾਰੀਆਂ ਵਿੱਚ ਜਾ ਕੇ ਵੀ ਹਾਣ ਦੇ ਬੱਚਿਆਂ ਨਾਲ ਸੀਰੀਅਲਾਂ ਬਾਰੇ ਚਰਚਾ ਕਰਨੀ ਜਾਂ ਫਿਰ ਉਨ੍ਹਾਂ ਪਾਤਰਾਂ ਦੀ ਨਕਲ ਕਰਨੀ ਸਾਡੇ ਅਣਭੋਲ ਬਚਪਨ ਦੇ ਮਨੋਰੰਜਨ ਦਾ ਹਿੱਸਾ ਸੀ।
      ਲੱਕੜ ਦੇ ਨਿੱਕੇ ਜਿਹੇ ਡੰਡੇ ਨਾਲ ਸਾਈਕਲ ਦੇ ਪੁਰਾਣੇ ਟਾਇਰ ਨੂੰ ਭਜਾਈ ਫਿਰਨਾ ਤੇ ਅਹਿਸਾਸ ਚੇਤਕ ਸਕੂਟਰ ਜਾਂ ਰਾਜਦੂਤ ਮੋਟਰ ਸਾਈਕਲ ਦਾ ਲੈ ਕੇ ਮੂੰਹ ਨਾਲ ਆਵਾਜ਼ਾਂ ਕੱਢਦੇ ਰਹਿਣਾ। ਮੇਰਾ ਦੋਸਤ ਗੁਰਦੀਪ ਸਿੰਘ ਮੂੰਹ ਖੋਲ੍ਹੇ ਬਗੈਰ ਮੂੰ-ਮੂੰ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਹੁੰਦਾ ਸੀ। ਗਰਮੀਆਂ ਦੀ ਛੁੱਟੀਆਂ ਅਸੀਂ ਸਾਡੇ ਘਰ ਤੇ ਉਸ ਦੇ ਨਾਨਕੇ ਘਰ ਦੇ ਸਾਹਮਣੇ ਜੋ ਦਰੱਖਤ ਸਨ, ਉੱਥੇ ਬੋਹੜ ਦੀ ਠੰਢੀ ਛਾਂ ਵਿੱਚ ਤਾਸ਼ ਖੇਡਣੀ, ਕਾਗਜ਼ ਦੇ ਜਹਾਜ਼ ਬਣਾ ਉਡਾਉਣੇ, ਕਾਗਜ਼ਾਂ ਦੀਆਂ ਟਿਕਟਾਂ ਬਣਾ ਕੇ ਬੋਹੜ ਨੂੰ ਬੱਸ ਬਣਾ ਕੇ ਟਿਕਟਾਂ ਕੱਟਣੀਆਂ ਜਾਂ ਫਿਰ ਬੋਹੜ ਤੋਂ ਲਮਕੇ ਛੱਡ ਕੇ ਛਾਲਾਂ ਮਾਰੀ ਜਾਣੀਆਂ। ਮਾਪੇ ਡਾਂਟਦੇ ਰਹਿੰਦੇ, ਪਰ ਅਸੀਂ ਸਾਰਾ ਦਿਨ ਹਰਲ ਹਰਲ ਕਰੀ ਜਾਣਾ, ਜਾਂ ਫਿਰ ਸਾਰਾ ਦਿਨ ਘਰ ਨੇੜੇ ਵਗਦੀ ਕੱਸੀ ’ਚ ਨਹਾਈ ਜਾਣਾ ਤੇ ਘਰ ਆ ਕੇ ਨਿੰਬੂ, ਅੰਬ ਦੇ ਅਚਾਰ ਨਾਲ ਰੋਟੀਆਂ ਖਾਣੀਆਂ, ਜੋ ਬੇਹੱਦ ਸੁਆਦਲਾ ਭੋਜਨ ਸੀ। ਰਾਸ਼ਨ ਡਿਪੂ ’ਚੋਂ ਮਿਲੀ ਜਾਂ ਮਹਿਮਾਨਾਂ ਲਈ ਉਚੇਚੇ ਤੌਰ ’ਤੇ ਲਿਆਂਦੀ ਖੰਡ (ਚੀਨੀ) ਨਾਲ ਰੋਟੀ ਖਾਣ ਦਾ ਆਪਣਾ ਹੀ ਸਵਾਦ ਹੁੰਦਾ ਸੀ।
       ਮੀਂਹ ਆਉਣਾ ਤਾਂ ਉਸ ਵਿੱਚ ਸ਼ੁਦਾਈਆਂ ਵਾਂਗ ਨਹਾਈ ਜਾਣਾ, ਮੀਂਹ ਦੇ ਪਾਣੀ ਨਾਲ ਨਹਾ ਕੇ ਗਰਮੀ ਨਾਲ ਹੋਈ ਪਿੱਤ ਜੋ ਹਟ ਜਾਂਦੀ ਸੀ, ਬਸ ਮੀਂਹ ਦਾ ਪਾਣੀ ਹੀ ਸਾਡੇ ਲਈ ਸਾਬਣ, ਡਰਮੀਕੂਲ ਜਾਂ ਨਾਈਸਲ ਪਾਊਡਰ ਸੀ। ਬਾਣ ਦੇ ਮੰਜੇ ’ਤੇ ਪਿੱਤ ਵਾਲਾ ਪਿੰਡਾ (ਸਰੀਰ) ਰਗੜ ਕੇ ਬੜੀ ਸ਼ਾਂਤੀ ਮਿਲਦੀ ਸੀ। ਜ਼ਿਆਦਾ ਬਾਰਸ਼ ਹੋਣ ਤੋਂ ਬਾਅਦ ਅਕਸਰ ਮੈਂ ਤੇ ਗੁਰਦੀਪ ਡੂੰਘੀ ਵਿਚਾਰ ਕਰਦੇ, ਜੇਕਰ ਹੜ੍ਹ ਆ ਗਏ ਤੇ ਆਪਾਂ ਡੁੱਬਣ ਲੱਗੇ ਤਾਂ ਕੀ ਕਰਾਂਗੇ? ਬਸ ਨੈਣਾ ਦੇਵੀ ਦੀਆਂ ਪਹਾੜੀਆਂ ਹੀ ਉਸ ਵੇਲੇ ਸਾਡੇ ਲਈ ਸੰਸਾਰ ਦੀ ਸਭ ਤੋਂ ਉੱਚੀ ਜਗ੍ਹਾ ਸੀ। ਸਾਨੂੰ ਜਾਪਦਾ ਸੀ ਕਿ ਜਿੱਥੇ ਪਾਣੀ ਦਾ ਪੁੱਜਣਾ ਨਾਮੁਮਕਿਨ ਹੈ। ਸਾਡੀ ਯੋਜਨਾ ਹੁੰਦੀ ਸੀ ਕਿ ਜੇਕਰ ਹੜ੍ਹ ਆ ਗਏ ਤੇ ਅਸੀਂ ਡੁੱਬਣ ਲੱਗੇ ਤਾਂ ਉੱਥੇ ਪਹਾੜੀਆਂ ’ਤੇ ਜਾ ਕੇ ਡੇਰੇ ਲਾ ਲਾਵਾਂਗੇ, ਪਰ ਉੱਥੇ ਪਹੁੰਚਣ ਦੇ ਸਾਧਨ ਤੋਂ ਅਸੀਂ ਅਣਜਾਣ ਸੀ। ਸਮੁੰਦਰ ਸਬੰਧੀ ਵੀ ਸਾਨੂੰ ਲੱਗਦਾ ਸੀ ਕਿ ਬੰਬੇ (ਮੁੰਬਈ) ਤੋਂ ਅੱਗੇ ਧਰਤੀ ਖਤਮ ਹੈ ਤੇ ਅੱਗੇ ਬਸ ਪਾਣੀ ਹੀ ਪਾਣੀ ਹੈ। ਬਚਪਨ ’ਚ ਸਾਡੇ ਇਸ ਭੂਗੋਲਿਕ ਗਿਆਨ ਨੂੰ ਯਾਦ ਕਰਕੇ ਹੁਣ ਅਸੀਂ ਅਕਸਰ ਹੱਸਦੇ ਹਾਂ ਤੇ ਮੇਰਾ ਹੁਣ ਤੱਕ ਨੈਣਾ ਦੇਵੀ ਨਾ ਜਾਣ ਦਾ ਕਾਰਨ ਸ਼ਾਇਦ ਸਾਡੇ ਖਿੱਤੇ ’ਚ ਅਜੇ ਤੱਕ ਹੜ੍ਹਾਂ ਦਾ ਨਾ ਆਉਣਾ ਹੈ।
ਸੰਪਰਕ : 95173-96001