ਪਰਮਾਣੂ ਜੰਗ ਨਾਲ ਕੁਝ ਨਹੀਂ ਪੱਲੇ ਪੈਣਾ - ਡਾ. ਸੁਰਿੰਦਰ ਮੰਡ

ਸਾਲ 1945 ਵਿਚ ਜਿਸ ਦਿਨ ਅਮਰੀਕਾ ਨੇ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਪਰਮਾਣੂ ਬੰਬ ਸੁੱਟ ਕੇ ਜੰਗ ਜਿੱਤੀ ਸੀ, ਓਸੇ ਦਿਨ ਹੀ ਨੀਂਹ ਰੱਖੀ ਗਈ ਸੀ ਕਿ ਹੁਣ ਹੋਰ ਮੁਲਕ ਵੀ ਪਰਮਾਣੂ ਬੰਬ ਬਣਾਉਣ ਦੇ ਰਾਹੇ ਤੁਰਨਗੇ। ਸੋ ਅੱਜ ਤਕ ਰੂਸ, ਚੀਨ, ਫਰਾਂਸ, ਇੰਗਲੈਂਡ, ਇਸਰਾਈਲ, ਉੱਤਰੀ ਕੋਰੀਆ, ਪਾਕਿਸਤਾਨ ਅਤੇ ਭਾਰਤ ਵੀ ਇਹ ਬੰਬ ਬਣਾ ਚੁੱਕੇ ਹਨ।
      ਪਰਮਾਣੂ ਬੰਬਾਂ ਨਾਲ ਲੈਸ ਬਹੁਤੇ ਮੁਲਕ ਇਸ ਵੇਲੇ ਮਰਨ ਤੇ ਮਾਰਨ ਲਈ ਤਿਆਰ-ਬਰ-ਤਿਆਰ ਆਹਮੋ ਸਾਹਮਣੇ ਖੜ੍ਹੇ ਹਨ। ਇਕ ਚਿੰਗਾੜੀ ਨਾਲ ਭਾਂਬੜ ਮੱਚਣ ਦੇ ਪੂਰੇ ਆਸਾਰ ਹਨ। ਇਕੋ ਵੇਲੇ ਵੇਖੋ ਕਿੰਨੇ ਫਰੰਟ ਖੁੱਲ੍ਹੇ ਹੋਏ ਹਨ। ਯੂਕਰੇਨ ਮੁੱਦੇ ਉੱਤੇ ਰੂਸ ਅਤੇ ਦੂਜੇ ਬੰਨੇ ਯੂਕਰੇਨ+ਅਮਰੀਕਾ ਸਣੇ ਨਾਟੋ ਦੇ 31 ਦੇਸ਼, ਤਾਈਵਾਨ ਮੁੱਦੇ ਉੱਤੇ ਚੀਨ ਅਤੇ ਓਧਰ ਅਮਰੀਕਾ+ਪੱਛਮੀ ਜੋਟੀਦਾਰ ਦੇਸ਼, ਉੱਤਰੀ ਕੋਰੀਆ ਵਿਰੁੱਧ ਅਮਰੀਕਾ+ਦੱਖਣੀ ਕੋਰੀਆ ਫਰੰਟ, ਇਰਾਨ ਖਿਲਾਫ਼ ਅਮਰੀਕਾ ਇਸਰਾਈਲ ਫਰੰਟ, ਫਲਸਤੀਨ ਮੁੱਦੇ ਉੱਤੇ ਅਮਰੀਕਾ ਸਮਰਥਿਤ ਇਸਰਾਈਲ ਦਾ ਆਂਢ ਗੁਆਂਢ ਹਮਲਾਵਰ ਰੁਖ਼। ਇਨ੍ਹਾਂ ਸਾਰੇ ਫਰੰਟਾਂ ਦੀ ਇਕ ਗੱਲ ਸਾਂਝੀ ਹੈ ਕਿ ਇਕ ਪਾਸੇ ਹਰ ਥਾਂ ਅਮਰੀਕਾ ਤਾਂ ਹੈ ਹੀ, ਦੂਜੇ ਪਾਸੇ ਭਾਵੇਂ ਮੁਲਕ ਅਦਲ ਬਦਲ ਕੇ ਹੋਣ।
ਹੁਣ ਤਕ ਅਮਰੀਕਾ ਦੀ ਫੌਜ ਹਮੇਸ਼ਾਂ ਦੂਜੇ ਦੀ ਜੂਹ ਵਿਚ ਜਾ ਕੇ ਲੜਦੀ ਰਹੀ ਹੈ। ਦੂਰ ਹੋਣ ਕਰਕੇ ਅੱਜ ਤਕ ਕੋਈ ਬੰਬ ਅਮਰੀਕੀ ਧਰਤੀ ਤਕ ਨਹੀਂ ਪੁੱਜਾ। ਪਰ ਹੁਣ ਨਵੀਂ ਗੱਲ ਇਹ ਹੈ ਕਿ ਪਹਿਲੀ ਵਾਰ ਅਮਰੀਕਾ ਖ਼ੁਦ ਵੱਡੇ ਯੁੱਧ ਵੱਲ ਵਧ ਰਿਹਾ ਹੈ। ਕਿਉਂਕਿ ਇਸ ਦੇ ਵਿਰੋਧੀ ਦੇਸ਼ ਵੀ ਹੁਣ ਦੂਰ-ਮਾਰ ਹਥਿਆਰਾਂ ਨਾਲ ਲੈਸ ਹਨ। ਜਦੋਂ 1991-92 ਵਿਚ ਸੋਵੀਅਤ ਯੂਨੀਅਨ (ਰੂਸ) ਖਿੰਡ ਪੁੰਡ ਕੇ 15 ਦੇਸ਼ਾਂ ’ਚ ਵੰਡਿਆ ਗਿਆ ਸੀ ਤਾਂ ਅਮਰੀਕਾ ਇਕੋ ਇਕ ਮਹਾਸ਼ਕਤੀ ਰਹਿ ਗਿਆ ਸੀ। ਉਸ ਦਿਨ ਦੁਨੀਆ ਨੇ ਅਮਰੀਕੀ ਰਾਸ਼ਟਰਪਤੀ ਮੂਹੋਂ ਕਲੇਸ਼ ਦਾ ਫਿਰ ਮੁੱਢ ਬੰਨ੍ਹਣ ਵਾਲਾ ਬਿਆਨ ਸੁਣਿਆ ਸੀ। ਜਾਰਜ ਬੁਸ਼ ਨੇ ਆਪਣੀ ਪਾਰਲੀਮੈਂਟ ਵਿਚ ਬਿਆਨ ਦਿੰਦਿਆਂ ਕਿਹਾ ਸੀ ਕਿ ‘‘ਮੈਂ ਅਮਰੀਕੀ ਲੋਕਾਂ ਨੂੰ ਠੰਢੀ ਜੰਗ ਜਿੱਤ ਲੈਣ ਉੱਤੇ ਵਧਾਈ ਦਿੰਦਾ ਹਾਂ। ਅਮਰੀਕਾ ਨੇ ਸਮਾਜਵਾਦ ਉੱਤੇ ਫ਼ਤਹਿ ਪਾਈ ਹੈ। ਜਦੋਂ ਮੈਂ ਅਮਰੀਕਾ ਦਾ ਪ੍ਰਧਾਨ ਬਣਿਆ ਸੀ ਤਾਂ ਦੁਨੀਆ ਵਿਚ ਦੋ ਮਹਾਸ਼ਕਤੀਆਂ ਸਨ। ਮੈਂ ਫਖ਼ਰ ਨਾਲ ਐਲਾਨ ਕਰ ਰਿਹਾ ਹਾਂ ਕਿ ਦੂਜੀ ਮਹਾਸ਼ਕਤੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਅਮਰੀਕਾ ਹੀ ਇਕੋ ਇਕ ਮਹਾਸ਼ਕਤੀ ਹੈ।’’ ਉਸ ਦੇ ਪਾਰਲੀਮੈਂਟ ਮੈਂਬਰਾਂ ਨੇ ਬਿਆਨ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ। ਬਿਆਨ ਬੀਬੀਸੀ ਰੇਡੀਓ ਨੇ ਵੀ ਪ੍ਰਸਾਰਿਤ ਕੀਤਾ, ਉਸ ਵਿਚ ਕਿਤੇ ਵੀ ਠੰਢੀ ਜੰਗ ਦੇ ਖ਼ਤਮ ਹੋਣ ਦੀ ਆਸ ਦਾ ਸਕੂਨ ਭਰਿਆ ਅਹਿਸਾਸ ਨਹੀਂ, ਸਗੋਂ ਠੰਢੀ ਜੰਗ ਜਿੱਤ ਲੈਣ ਦੀਆਂ ਬੜ੍ਹਕਾਂ ਸਨ।
       ਫਿਰ ਅਮਰੀਕਾ ਵੱਲੋਂ ‘ਸਟਾਰ ਵਾਰ’ ਦੀ ਤਿਆਰੀ ਦੀਆਂ ਖ਼ਬਰਾਂ ਆਈਆਂ, ਰੂਸ ਨਾਲੋਂ ਟੁੱਟੇ ਦੇਸ਼ਾਂ ਲਾਤਵੀਆ ਲਿਥੁਆਨੀਆਂ ਤੇ ਕੁੱਲ 30 ਦੇਸ਼ਾਂ ਨੂੰ ਰੂਸ ਵਿਰੁੱਧ ਨਾਟੋ ਦੇ ਮੈਂਬਰ ਬਣਾਇਆ। 2014 ਤੋਂ ਯੂਕਰੇਨ ਨੂੰ ਵੀ ਏਸੇ ਰਾਹੇ ਤੋਰ ਲਿਆ। ਹੁਣ ਰੂਸ ਨਾਲ 1300 ਕਿਲੋਮੀਟਰ ਤੋਂ ਵੱਧ ਲੱਗਦੀ ਜ਼ਮੀਨੀ ਹੱਦ ਵਾਲਾ ਫਿਨਲੈਂਡ (31ਵਾਂ ਦੇਸ਼) ਨਾਟੋ ਮੈਂਬਰ ਬਣਾ ਲਿਆ। ਕੁੱਲ ਪੱਛਮੀ ਯੂਰਪ ਪਿਛਲੱਗੂ ਬਣਿਆ ਬੈਠਾ ਹੈ। ਕਦੀ ਕਦੀ ਇਹ ਲੱਗਦਾ ਕਿ ਜਿਵੇਂ ਯੂਰਪ ਅੰਦਰੋਂ ਚਾਹੁੰਦਾ ਕਿ ਅਮਰੀਕਾ ਦੇ ਕਿਸੇ ਚੀਨ ਵਰਗੇ ਨਾਲ ਸਿੰਗ ਫਸ ਕੇ ਟੁੱਟ ਜਾਣ ਤਾਂ ਚੰਗਾ, ਕਿਉਂਕਿ ਅਮਰੀਕਾ ਦੀ ਚੜ੍ਹਤ ਹੇਠ ਯੂਰਪ ਵੀ ਨੱਪਿਆ ਪਿਆ ਹੈ। ਯੂਰਪ ਨੂੰ ਮੱਧ ਪੂਰਬ ਬਾਰੇ ਅਮਰੀਕੀ ਨੀਤੀ ਵੀ ਪਸੰਦ ਨਹੀਂ, ਜਿਸ ਕਰਕੇ ਉੱਥੇ ਸ਼ਰਨਾਰਥੀਆਂ ਦਾ ਹੜ੍ਹ ਆਇਆ ਪਿਆ। ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਦਾ ਬੀਜਿੰਗ ਦੌਰੇ ਉਪਰੰਤ ਤਾਜ਼ਾ ਬਿਆਨ ਵੀ ਆ ਗਿਆ ਹੈ ਕਿ ‘‘ਯੂਰਪ ਨੂੰ ਤਾਈਵਾਨ ਦੇ ਮੁੱਦੇ ’ਤੇ ਚੀਨ ਨਾਲ ਨਹੀਂ ਉਲਝਣਾ ਚਾਹੀਦਾ। ਯੂਰਪੀ ਦੇਸ਼ਾਂ ਦੀ ਵਾਸ਼ਿੰਗਟਨ ਨਾਲੋਂ ਆਜ਼ਾਦ ਨੀਤੀ ਚਾਹੀਦੀ ਹੈ। ਅਮਰੀਕਾ ਉੱਤੇ ਨਿਰਭਰਤਾ ਯੂਰਪੀ ਦੇਸ਼ਾਂ ਨੂੰ ਘਟਾਉਣੀ ਚਾਹੀਦੀ ਹੈ। ਅਸੀਂ ਪਹਿਲਾਂ ਹੀ ਯੂਕਰੇਨ ਜੰਗ ਕਾਰਨ ਵੱਡੇ ਸੰਕਟ ਵਿਚ ਹਾਂ।’’ ਪਰ ਅਮਰੀਕਾ ਯੂਰਪ ਨੂੰ ਪਹਿਲੇ ਹੱਲੇ ਰੂਸ ਵਿਰੁੱਧ ਜੰਗ ਵਿਚ ਘੜੀਸ ਲੈਣਾ ਚਾਹੁੰਦਾ, ਬਿਲਕੁਲ ਉਵੇਂ ਜਿਵੇਂ ‘ਕੁਆਡ’ ਬਣਾ ਕੇ ਭਾਰਤ ਨੂੰ ਚੀਨ ਵਿਰੁੱਧ ਜੰਗੀ ਜੋਟੀਦਾਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਭਾਰਤ ਅੱਗੋਂ ਸਿਰਫ਼ ਵਪਾਰਕ ਹਿੱਤਾਂ ਦੀ ਸਾਂਝ ਦੱਸਦਾ ਹੈ।
       ਵੱਡੀ ਗੱਲ ਕਿ ਹੁਣ ਬਹੁਤਿਆਂ ਨੂੰ ਇਕ ਦੂਜੇ ਉੱਤੇ ਵਿਸ਼ਵਾਸ ਨਹੀਂ ਰਿਹਾ। ਤਕੜੇ ਮਾੜੇ ਸਭ ਦੇਸ਼ਾਂ ਦੀਆਂ ਸਰਕਾਰਾਂ ਨੇ ਸਾਰੀ ਅਕਲ ਅਤੇ ਸਾਧਨ ਖਤਰਨਾਕ ਹਥਿਆਰ ਬਣਾਉਣ ਖਰੀਦਣ ਲਈ ਝੋਕ ਦਿੱਤੇ ਹਨ। ਸਾਡੇ ਵਰਗੇ ਕਰਜ਼ੇ ’ਚ ਡੁੱਬੇ ਭੁੱਖੇ ਨੰਗੇ ਦੇਸ਼ ਵੀ ਏਸੇ ਦੌੜ ’ਚ ਹਨ। ਤਾਜ਼ੇ ਕਲੇਸ਼ ਵਿਚ ਸਾਰਾ ਯੂਰਪ ਧੜਾ ਧੜ ਅਮਰੀਕਾ ਕੋਲੋਂ ਹਥਿਆਰ ਖਰੀਦਣ ਲੱਗ ਪਿਆ ਹੈ। ਸੌ ਸਾਲਾਂ ਤੋਂ ਇਹੀ ਧੰਦਾ ਚੱਲ ਰਿਹਾ, ਇਹ ਸਭ ਚੱਲਦਿਆਂ ਅਮਨ ਅਮਾਨ ਰਹਿਣਾ ਮੁਸ਼ਕਲ ਹੈ। ਹਥਿਆਰਾਂ ਦੇ ਵਪਾਰੀ ਮੁਲਕਾਂ ਦੀ ਖੁਸ਼ਹਾਲੀ ਜੰਗਾਂ ਦੇ ਡਰ ਅਤੇ ਤਣਾਓ ਦੇ ਵਧਣ ਫੁੱਲਣ ਉੱਤੇ ਨਿਰਭਰ ਹੈ।
        ਬਹੁਤੀਆਂ ਸਰਕਾਰਾਂ ਆਪਣੇ ਮੁਲਕਾਂ ਦੀ ਆਰਥਿਕਤਾ ਉੱਤੇ ਕਾਬਜ਼ ਮੁਨਾਫੇਖੋਰ ਕਾਰੋਬਾਰੀਆਂ ਦੇ ਹਿੱਤਾਂ ਲਈ ਕੰਮ ਕਰਦੀਆਂ, ਜੰਗਾਂ ਲਾਉਣ ਤਕ ਜਾਂਦੀਆਂ ਹਨ। ਪਹਿਲੀ ਅਤੇ ਦੂਜੀ ਸੰਸਾਰ ਜੰਗ ਦੀ ਵੀ ਏਹੋ ਵਜ੍ਹਾ ਨਾਲ ਸੀ। ਸਾਮਰਾਜੀ ਮੁਲਕਾਂ ਦੀ ਮਾੜੇ ਦੇਸ਼ਾਂ (ਮੰਡੀਆਂ) ਨੂੰ ਲੁੱਟਣ/ਮੁੜ ਵੰਡਣ ਦੀ ਲੜਾਈ ਸੀ, ਜਿਸ ਵਿਚ ਕਰੋੜਾਂ ਲੋਕ ਐਵੇਂ ਮਾਰੇ ਗਏ। ਕਈ ਵਾਰ ਤਾਂ ਲੀਡਰ ਚੋਣਾਂ ਜਿੱਤਣ ਲਈ ਵੀ ਜੰਗੀ ਮੁਹਾਰਨੀ ਸ਼ੁਰੂ ਕਰ ਦਿੰਦੇ ਹਨ।
       ਪਹਿਲੀਆਂ ਦੋਵਾਂ ਸੰਸਾਰ ਜੰਗਾਂ ਦੇ ਮੁਕਾਬਲੇ ਹੁਣ ਹੋਣ ਵਾਲੀ ਸੰਭਾਵੀ ਜੰਗ ਦੋਵਾਂ ਪਾਸਿਆਂ ਦੇ ਉਲਝੇ ਮੁਲਕਾਂ ਦਾ ਸਰਵਨਾਸ਼ ਕਰ ਦੇਣ ਵਾਲੀ ਹੋਵੇਗੀ। ਇਹ ਫੌਜੀਆਂ ਤਕ ਸੀਮਤ ਨਹੀਂ ਰਹਿਣੀ, ਵੱਡੇ ਸ਼ਹਿਰਾਂ ਦੇ ਕਰੋੜਾਂ ਆਮ ਲੋਕਾਂ ਉੱਤੇ ਸੈਂਕੜੇ ਹਜ਼ਾਰਾਂ ਪਰਮਾਣੂ ਬੰਬ ਡਿੱਗਣਗੇ ਤੇ ਰੋਣ ਸਾਂਭਣ ਵਾਲਾ ਕੋਈ ਨ੍ਹੀਂ ਹੋਵੇਗਾ।
       ਫਿਲਹਾਲ ਇਕ ਪਾਸੇ ਰੂਸ, ਚੀਨ, ਇਰਾਨ ਤੇ ਉੱਤਰੀ ਕੋਰੀਆ ਹਨ ਅਤੇ ਦੂਜੇ ਪਾਸੇ ਅਮਰੀਕਾ, ਇੰਗਲੈਂਡ ਤੇ ਇਸਰਾਈਲ ਸਮੇਤ 31 ਨਾਟੋ ਦੇਸ਼। ਅਮਰੀਕਾ ਦਾ ‘ਕੁਆਡ’ ਗੱਠਜੋੜ ਰਾਹੀਂ ਭਾਰਤ ਨੂੰ ਚੀਨ ਵਿਰੁੱਧ ਆਪਣੇ ਵੱਲ ਘੜੀਸਣ ਵਾਲਾ ਫੰਡਾ ਚੱਲਿਆ ਨਹੀਂ ਲੱਗਦਾ ਕਿਉਂਕਿ ਬ੍ਰਿਕਸ ਗੱਠਜੋੜ ਭਾਰਤ-ਚੀਨ ਵਿਵਾਦ ਦੇ ਖੱਪਖਾਨੇ ਨੂੰ ਲੜਾਈ ਵੱਲ ਨਹੀਂ ਜਾਣ ਦੇਵੇਗਾ। ਇਸ ਵਿਚ ਵਿਦੇਸ਼ ਮੰਤਰੀ ਜੈ ਸ਼ੰਕਰ ਦੀ ਲਿਆਕਤ ਦੀ ਵੀ ਖਾਸ ਭੂਮਿਕਾ ਦਿੱਸਦੀ ਹੈ। ਐਟਮੀ ਤਾਕਤਾਂ ਵਿਚੋਂ ਫਿਲਹਾਲ ਭਾਰਤ ਤੇ ਪਾਕਿਸਤਾਨ ਕਿਸੇ ਪਾਸੇ ਨਹੀਂ ਤੁਰੇ। ਆਮ ਸੁਣੀਂਦਾ ਹੈ ਕਿ ਜੋ ਤੀਜੀ ਸੰਸਾਰ ਜੰਗ ਹੋਵੇਗੀ, ਇਸ ਵਿਚ ਕੁੱਲ ਦੁਨੀਆ ਤਬਾਹ ਹੋ ਜਾਵੇਗੀ, ਪਰ ਮੇਰਾ ਖਿਆਲ ਹੈ ਕਿ ਇਸ ਵਿਚ ਸਾਰੇ ਅਫ਼ਰੀਕੀ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਨੂੰ ਕੁਝ ਨਹੀਂ ਹੋਵੇਗਾ। ਉਹ ਇਨ੍ਹਾਂ ਜੰਗੀ ਵਿਵਾਦਾਂ ਵਿਚ ਕਿਸੇ ਬੰਨੇ ਧਿਰ ਨਹੀਂ ਬਣੇ। ਬਹੁਤ ਸਾਰੇ ਏਸ਼ੀਅਨ ਮੁਲਕ ਵੀ ਜਾਨੀ ਨੁਕਸਾਨ ਤੋਂ ਬਚੇ ਹੀ ਰਹਿਣਗੇ। ਭਾਰਤ ਦਾ ਵੀ ਬਚਾਅ ਹੀ ਰਹੂ ਜਾਪਦਾ।
      ਜਿਵੇਂ ਪਹਿਲੇ ਸਮਿਆਂ ਵਿਚ ਧਰਤੀ ਉੱਤੇ ਕਾਬਜ਼ ਅਤੇ ਜੰਗਾਂ ’ਚ ਉਲਝਦੇ ਰਹੇ ਪਰਸ਼ੀਆ ਸਲਤਨਤ, ਯੂਨਾਨੀ, ਰੋਮ ਸਲਤਨਤ, ਤੁਰਕ, ਬ੍ਰਿਟਿਸ਼, ਜਪਾਨ, ਫਰਾਂਸ, ਜਰਮਨ, ਆਸਟਰੀਆ, ਇਟਲੀ, ਸਪੇਨ ਅੱਜ ਫੌਜੀ ਪੱਖੋਂ ਕੁਸਕਦੇ ਨਹੀਂ, ਹੁਣ ਵਾਲੇ ਜੰਗੀ ਭਲਵਾਨਾਂ ਨੂੰ ਵੀ ਇਤਿਹਾਸ ਤੋਂ ਸਬਕ ਲੈਂਦਿਆ ਕੁਝ ਅਕਲ ਕਰਨੀ ਚਾਹੀਦੀ ਹੈ। ਭਾਰਤ ਤੇ ਪਾਕਿਸਤਾਨ ਨੂੰ ਅਮਨ ਵੱਲ ਵਧਣਾ ਚਾਹੀਦਾ ਹੈ। ਇਹ ਕਿਸੇ ਵੀ ਕੀਮਤ ’ਤੇ ਸਬੰਧ ਸੁਧਾਰ ਲੈਣ ਅਤੇ ਬਰੂਦੀ ਦੌੜ ਤੋਂ ਬਚ ਕੇ ਤਰੱਕੀ ਕਰਨ ਵੱਲ ਧਿਆਨ ਦੇਣ ਤਾਂ ਚੰਗੇ ਰਹਿਣਗੇ। ਭਾਰਤ, ਅਫ਼ਰੀਕਾ ਤੇ ਲਾਤੀਨੀ ਅਮਰੀਕਾ ਤੇ ਕੁਝ ਅਰਬ ਦੇਸ਼ ਅਜੇ ਵੀ ਅਮਨ ਲਈ ਆਵਾਜ਼ ਬੁਲੰਦ ਕਰਨ ਦੀ ਸਥਿਤੀ ਵਿਚ ਹਨ। ਭਾਵੇਂ ਕਿ ਇਹ ਵੀ ਸਮੇਂ ਦਾ ਸੱਚ ਹੈ ਕਿ ਹਥਿਆਰਾਂ ਦੀ ਦੌੜ ਕਦੀ ਵੀ ਖਤਮ ਨਹੀਂ ਹੋਣੀ, ਪਰ ‘ਮੱਛੀ ਪੱਥਰ ਚੱਟ ਕੇ ਹੀ ਮੁੜਦੀ’ ਵਾਲੀ ਲੋਕ ਕਹਾਵਤ ਤਾਂ ਫਿਰ ਹੈ ਹੀ।
ਸੰਪਰਕ : 94173-24543