ਆਓ ਰਿਸ਼ਤਿਆਂ ਦੀ ਕਦਰ ਕਰੀਏ...... - ਗੁਰਵੀਰ ਸਿੰਘ ਸਰੌਦ


     ਮਨੁੱਖੀ ਜੀਵਨ ਵਿੱਚ ਦੁਨਿਆਵੀਂ ਰਿਸ਼ਤਿਆਂ ਦਾ ਵਿਲੱਖਣ ਸਥਾਨ ਰਿਹਾ ਹੈ । ਮਨੁੱਖ ਸਮਾਜ ਵਿੱਚ ਵਿਚਰਦਿਆਂ ਕਿਸੇ ਨਾ ਕਿਸੇ ਰਿਸ਼ਤਿਆਂ ਦੇ ਕਲਾਵੇ ਵਿੱਚ ਜ਼ਰੂਰ ਜੁੜਿਆ ਹੁੰਦਾ ਹੈ, ਭਾਵੇਂ ਉਹ ਰਿਸ਼ਤਾ ਕੁਦਰਤੀ ਹੋਵੇ ਜਾਂ ਗੈਰ ਕੁਦਰਤੀ।

      ਵੈਸੇ ਤਾਂ ਮਨੁੱਖ ਮਾਂ ਦੀ ਕੁੱਖ ਵਿੱਚ ਹੀ ਕੁਦਰਤੀ ਰਿਸ਼ਤਿਆਂ ਵਿੱਚ ਬੱਝ ਜਾਂਦਾ ਹੈ। ਪੈਦਾ ਹੋਣ ਸਮੇਂ ਦਾਦਕਿਆਂ ਦੇ ਨਾਨਕਿਆਂ ਦੇ ਰਿਸ਼ਤੇ ਮਨੁੱਖੀ ਜ਼ਿੰਦਗੀ ਵਿੱਚ ਕੁਦਰਤੀ ਤੇ ਮੁੱਢਲੀ ਹੁੰਦੇ ਹਨ। ਜਿਨ੍ਹਾਂ ਵਿੱਚ ਮਨੁੱਖ ਪਾਲਦਿਆਂ ਹੱਸਣਾ, ਖੇਡਣਾ, ਬੋਲਣਾ ਤੇ ਦੁਨਿਆਵੀਂ ਗਤੀਵਿਧੀਆਂ ਨੂੰ ਸਿੱਖਦਾ ਹੈ। ਬਾਲ ਅਵਸਥਾ ਵਿੱਚ ਪਰਿਵਾਰਕ ਰਿਸ਼ਤਿਆਂ ਤੋਂ ਇਲਾਵਾ ਆਪਣੇ ਖਿਡੌਣਿਆਂ ਨਾਲ ਬਾਲ ਗੈਰ ਕੁਦਰਤੀ ਰਿਸ਼ਤੇ ਭਾਵ ਜਿਨ੍ਹਾਂ ਨੂੰ ਮਨੁੱਖ ਆਪ ਆਪਣੀ ਪਸੰਦ ਜਾਂ ਰੁਚੀ ਮੁਤਾਬਿਕ ਸਿਰਜਤ ਕਰਦਾ ਹੈ । ਫਿਰ ਸਮਾਜ ਵਿਚ ਪੈਰ ਧਰਦਿਆਂ ਚੰਗੇ-ਮਾੜੇ, ਸੱਚੇ-ਝੂਠੇ, ਪਸੰਦ-ਨਾਪਸੰਦ ਰਿਸ਼ਤਿਆਂ ਬਾਰੇ ਆਪਣੀ ਧਾਰਨਾ ਕਰਦਾ ਹੈ। ਫਿਰ ਸੰਘਰਸ਼ਸ਼ੀਲ ਜ਼ਿੰਦਗੀ ਦੌਰਾਨ ਮਨੁੱਖ ਲੋੜਾਂ ਜਾਂ ਵਿਚਾਰਾਂ ਦੀ ਸਹਿਮਤੀ ਦੇ ਆਧਾਰ ਤੇ ਨਵੇਂ ਰਿਸ਼ਤਿਆਂ ਵਿੱਚ ਬੱਝਦਾ-ਟੁੱਟਦਾ ਰਹਿੰਦਾ ਹੈ। ਇਹ ਰਿਸ਼ਤੇ ਜੀਵਨ ਦਾ ਅਟੁੱਟ ਅੰਗ ਹੁੰਦੇ ਹਨ । ਮਨੁੱਖ ਪ੍ਰਮੁੱਖ ਰੂਪ ਵਿੱਚ ਦੁਨੀਆਂ ਨੂੰ ਦੋ ਤਰ੍ਹਾਂ ਦੇ ਰਿਸ਼ਤਿਆਂ ਪਰਿਵਾਰਕ ਤੇ ਸਮਾਜਿਕ ਵਿੱਚ ਵੰਡ ਲੈਂਦਾ ਹੈ। ਜਿਨ੍ਹਾਂ ਨਾਲ ਆਪਣੀ ਸਾਂਝ ਕਾਇਮ ਕਰਦਾ 'ਤੇ ਤੋੜਦਾ ਰਹਿੰਦਾ ਹੈ।

      ਪੁਰਾਤਨ ਸਮੇਂ ਵਿੱਚ ਰਿਸ਼ਤਿਆਂ ਦੀ ਮੁੱਨਖੀ ਜੀਵਨ ਵਿਚ ਖਾਸ ਮਹੱਤਤਾ ਹੁੰਦੀ ਸੀ । ਸੋ ਲਫ਼ਜ਼ ਇੱਕ ਵਾਰ ਜ਼ਬਾਨ  ਵਿਚੋਂ ਨਿਕਲ ਜਾਂਦੇ ਉਹ ਆਖ਼ਰੀ ਹੁੰਦੇ ਸਨ। ਜਿੰਦ ਮੁੱਕ ਜਾਵੇ, ਪਰ ਜ਼ਬਾਨ ਵਿੱਚ ਨਿਕਲੇ ਸ਼ਬਦ ਵਾਪਸ ਨਹੀਂ ਸੀ ਮੁੜਦੇ...! ਹਰੇਕ ਮਨੁੱਖ ਨਿੱਜੀ ਰਿਸ਼ਤਿਆਂ ਦੀ ਬੜੀ ਕਦਰ ਕਰਦਾ ਸੀ । ਆਖਰੀ ਸਾਹ ਤੱਕ ਤੋੜ ਨਿਭਾਉਣ ਦੀ ਕੋਸ਼ਿਸ਼ ਵਿੱਚ ਯਤਨਸ਼ੀਲ ਰਹਿੰਦਾ ਸੀ। ਪੰਜਾਬੀ ਸਾਹਿਤ ਦੇ ਕਿੱਸਾ ਕਾਵਿ ਦੀਆਂ ਅਨੇਕਾਂ ਹੀ ਉਦਾਹਰਣਾਂ ਤੋਂ ਤੋੜ ਨਿਭਾਉਣ ਵਾਲੇ ਰਿਸ਼ਤਿਆਂ ਦੀਆਂ ਸੁਗੰਧੀਆਂ ਜ਼ਿੰਦਗੀ ਨੂੰ ਖੁਸ਼ਗਵਾਰ ਕਰ ਦਿੰਦੀਆਂ ਹਨ।

       ਪਰ ਤਕਨੀਕੀ ਯੁੱਗ ਵਿੱਚ ਮਨੁੱਖੀ ਰਿਸ਼ਤਿਆਂ ਵਿੱਚ ਬੜੀ ਕੜਵਾਹਟ ਆ ਚੁੱਕੀ ਹੈ । ਮਨੁੱਖੀ ਜੀਵਨ ਵਿੱਚ ਦਿਨੋਂ - ਦਿਨ ਖ਼ੁਦਗ਼ਰਜ਼ੀ ਤੇ ਮੌਕਾਪ੍ਰਸਤੀ ਦੀ ਹੋੜ ਵੱਧਦੀ ਜਾ ਰਹੀ ਹੈ। ਜੇਕਰ ਕੁਦਰਤੀ ਰਿਸ਼ਤਿਆਂ ਭਾਵ ਪਰਿਵਾਰਕ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਵਰਤਮਾਨ ਸਮੇਂ ਸਰਬਣ ਪੁੱਤ ਦੀ ਉਦਾਹਰਨ ਬਹੁਤ ਘੱਟ ਮਿਲਦੀ ਹੈ, ਜੋ ਆਪਣੇ ਬੁੱਢੇ ਮਾਂ ਪਿਉ ਦਾ ਸਹਾਰਾ ਬਣ ਆਖਰੀ ਸਾਹ ਤੱਕ ਵਡੇਰਿਆਂ  ਦੀ ਸੇਵਾ ਕਰਦਾ ਹੋਵੇ। ਹੁਣ ਤਾਂ ਮਾਂ -ਬਾਪ ਦੀ ਦੇਖਭਾਲ ਤਾਂ  ਬਿਰਧ ਆਸ਼ਰਮਾਂ ਦੀ ਸ਼ਾਨ ਬਣ ਚੁੱਕੀ ਹੈ। ਭੈਣ-ਭਰਾ, ਪਤੀ-ਪਤਨੀ ਤੇ ਅੱਲ੍ਹੜ ਉਮਰ ਦੇ ਰਿਸ਼ਤਿਆਂ ਦੇ ਧਾਗੇ ਬੜੇ ਕਮਜ਼ੋਰ ਜਾਪਣ ਲੱਗ ਪਏ ਹਨ । ਤਲਾਕ ਤਾਂ ਅੱਜ ਕੱਲ ਇਕ ਫੈਸ਼ਨ ਜਿਹਾ ਹੀ ਬਣ ਗਿਆ ਹੈ। ਸਮਾਜਿਕ ਰਿਸ਼ਤੇ ਸਿਰਫ ਲੋੜਾਂ ਜਾਂ ਵਿਚਾਰਾਂ ਤੱਕ ਸੀਮਤ ਰਹਿ ਚੁੱਕੇ ਹਨ ਕਿਉਂਕਿ ਅਸੀਂ ਉਸ ਵਿਅਕਤੀ ਨਾਲ ਹੀ ਸਬੰਧ ਸੁਖਾਵੇਂ ਬਣਾਉਂਦੇ ਹਾਂ ਜਿਸ ਨਾਲ ਸਾਨੂੰ ਕੋਈ ਗਰਜ਼ ਜਾਂ ਵਿਚਾਰਾਂ ਦੀ ਸਹਿਮਤੀ ਹੁੰਦੀ ਹੈ ਜਦੋਂ ਲੋੜ ਖ਼ਤਮ ਜਾਂ ਵਿਚਾਰਿਕ ਮਤਭੇਦ ਹੋਏ ਤਾਂ ਤੂੰ ਕੌਣ ਮੈਂ ਕੌਣ......! ਕਿਤੇ ਨਾ ਕਿਤੇ ਪੈਸੇ ਦੀ ਦੌੜ, ਪੱਛਮੀ ਰਹਿਣੀ ਬਹਿਣੀ, ਤਕਨੀਕੀ ਖੋਜਾਂ ਨੇ ਸਾਡੇ ਰੀਤੀ ਰਿਵਾਜ, ਸਭਿਆਚਾਰ, ਸੰਸਕ੍ਰਿਤੀ ਤੋਂ ਕੋਹਾਂ ਦੂਰ ਕਰਦਿਆਂ ਵਿਸ਼ਵੀਕਰਨ ਦੇ ਦੌਰ ਵਿੱਚ ਸਾਨੂੰ ਆਪਣੀਆਂ ਜੜ੍ਹਾਂ ਤੋਂ ਦੂਰ ਤਾਂ ਕੀਤਾ ਹੈ। ਪਰ ਦੁਨੀਆਂ ਦੀ ਕੋਈ ਵੀ ਸੰਜੀਵ ਵਸਤੂ ਆਪਣੀਆਂ ਜੜ੍ਹਾਂ ਤੋਂ ਦੂਰ ਰਹਿੰਦਿਆਂ ਬਹੁਤਾ ਸਮਾਂ ਜਿਊੰਦੀ ਨਹੀਂ ਰਹਿ ਸਕਦੀ, ਇੱਕ ਦਿਨ ਮੁਰਝਾ ਹੀ  ਜਾਂਦੀ ਹੈ...!

     ਦੁਨੀਆਂ ਵਿਚ ਵੱਧਦੇ ਮਾਨਸਿਕ ਤਣਾਅ ਦੇ ਨਤੀਜੇ ਆਪਣਿਆਂ ਤੋਂ ਦੂਰੀ ਤੇ ਸਾਡਾ ਇਕੱਲਾਪਣ ਹੀ ਹੈ। ਵਰਤਮਾਨ ਸਮੇਂ ਜਿਸ ਵਿਅਕਤੀ ਨਾਲ ਕਿਸੇ ਰਿਸ਼ਤੇ ( ਖਾਸਕਰ ਕੁਦਰਤੀ ) ਬੱਝੇ ਹੋਏ ਹਾਂ,ਉਹ ਸਾਨੂੰ ਸਿਰਫ਼ ਇੱਕ ਵਾਰ ਹੀ ਮਿਲਣਗੇ ਭਾਵ  ਜੋ ਸਾਨੂੰ ਮਾਂ-ਬਾਪ,  ਭੈਣ-ਭਰਾ, ਦੋਸਤ-ਮਿੱਤਰ ਇਸ ਜਨਮ ਵਿੱਚ ਮਿਲੇ ਹਨ, ਉਹ ਸਦੀਵੀਂ ਨਹੀਂ, ਬਲਕਿ ਇਸ ਜੀਵਨ ਵਿੱਚ ਹੀ ਮਿਲਣਗੇ। ਮੁੜ ਕਦੇ ਵੀ ਮੇਲ ਨਹੀਂ ਹੋਣਾ....!  ਅੱਜ ਵਿਅਕਤੀ ਦੀ ਉਮਰ ਸੀਮਾ ਦੀ ਉਮੀਦ ਵੀ ਕਿੰਨੀ ਕੁ ਰਹਿ ਗਈ ਹੈ...? ਜਿਸ ਦਾ ਅਸੀਂ ਅਹੰਕਾਰ ਕਰਦੇ ਹਾਂ , ਕਿਸੇ ਨੂੰ ਕੁਝ ਨਹੀਂ ਪਤਾ ਕੀ ਤੁਹਾਡਾ ਕਿਹੜਾ ਸਾਹ ਆਖਰੀ ਹੋਵੇ।

ਸੋ ਆਓ ਆਪਣੇ ਆਪ ਨੂੰ ਇੱਕ ਮਸ਼ੀਨ ਨਾ ਸਮਝਦਿਆਂ ਆਪਣੇ ਪਿਆਰਿਆਂ ਨਾਲ ਮੋਹ ਭਰਿਆ ਜੀਵਨ ਬਤੀਤ ਕਰਦਿਆਂ , ਰਿਸ਼ਤਿਆਂ ਦੀ ਕਦਰ  ਕਰੀਏ...

ਲੇਖਕ: ਗੁਰਵੀਰ ਸਿੰਘ ਸਰੌਦ 

          ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

ਸੰਪਰਕ: 9417971451