ਰਿਸ਼ਤਿਆਂ ਦੀ ਮਹਿਕ : ਸੀਤੋ ਮਾਸੀ - ਰਵੇਲ ਸਿੰਘ

 ਕੁੱਝ ਦਿਨਾਂ ਤੋਂ ਸਾਡੇ ਗੁਆਂਢ ਨਵੇਂ ਬਣੇ ਘਰ ਵਿੱਚ ਇੱਕ ਪਰਿਵਾਰ ਆਇਆ ਹੈ। ਜੋ ਦੂਰ ਨੇੜਿਊਂ ਸਾਡਾ ਰਿਸ਼ਤੇ ਦਾਰ  ਹੈ ,ਪਰ ਉਹ ਰਿਸ਼ਤੇਦਾਰ ਹੋਣ ਦੇ ਨਾਲ ਇੱਕ ਵਧੀਆ ਗੁਆਂਢ ਵੀ ਹੈ।
ਘਰ ਦਾ ਮੁਖੀ  ਸਾਬਕਾ ਫੌਜੀ ਹੈ ਤੇ ਫੌਜ ਵਿੱਚੋਂ ਸੇਵਾ ਮੁਕਤ  ਹੋਣ ਪਿੱਛੋਂ ਫਿਰ ਹੁਣ ਕਿਤੇ ਨੌਕਰੀ ਕਰ ਰਿਹਾ ਹੈ।
 ਫੌਜੀ ਹੋਣ ਕਰਕੇ ਸਫਾਈ ਪਸੰਦ, ਹੈ ,ਈਮਾਨ ਦਾਰ ਹੈ, ਤੇ ਕਿਸੇ ਕੋਲੋਂ ਕੰਮ ਕਰਵਾਉਣ ਦੀ ਥਾਂ ਉਹ ਆਪ ਹੱਥੀਂ ਕੰਮ ਕਰਨ ਨੂੰ ਪਹਿਲ ਦੇਂਦਾ ਹੈ।
ਉਸ ਦਾ ਪਛੋਕੜ ਹਿੰਦ ਪਾਕ ਸਰਹੱਦ ਦੇ ਨਾਲ ਲੱਗਦੇ ਇੱਕ ਪਿੰਡ  ਨਾਲ ਹੈ।
 ਤਿੰਨਾਂ ਭਰਾਵਾਂ ਵਿੱਚੋਂ ਉਹ ਸੱਭ ਤੋਂ ਵੱਡਾ ਹੈ। ਛੋਟੇ ਦੋਵੇਂ ਆਪਣੇ ਪਿੰਡ ਰਹਿਕੇ ਕਿਰਸਾਨੀ ਕਰਦੇ ਹਨ।
ਨੌਕਰੀ ਦੇ ਸਿਲਸਲੇ ਵਿੱਚ ਉਹ ਕਿਰਾਏ ਦੇ ਘਰਾਂ ਵਿੱਚ ਹੀ ਰਿਹਾ ,ਉਸ ਦੀ ਤਨਖਾਹ ਦਾ ਬਹੁਤਾ ਹਿੱਸਾ ਕਿਰਾਏ ਵਿੱਚ ਹੀ ਜਾਂਦਾ ਰਿਹਾ,ਬਾਕੀ ਬਚਦਾ ਘਰ ਦੇ ਖਰਚਿਆਂ ਤੇ ਬੱਚਿਆਂ ਦੀ ਪੜ੍ਹਾਈ ਵਿੱਚ ਖਰਚਿਆ ਜਾਣ ਕਰਕੇ ਮਹਿੰਗਾਈ ਦੇ ਇਸ ,ਲੱਕ ਤੋੜ ,ਦੌਰ ਵਿੱਚ ਉਸ ਲਈ ਆਪਣਾ ਘਰ ਖਰੀਦਨਾ  ਮੁਸ਼ਕਲ ਸੀ।
ਏਨਾ ਸ਼ੁਕਰ ਸੀ ਕਿ ਉਸ ਦੀ ਇੱਕ ਪੁੱਤਰ ਤੇ ਇੱਕ ਧੀ ਦੀ ਛੋਟੀ ਸੰਤਾਨ ਹੈ,ਜਿਸ ਵਿੱਚੋਂ ਬੇਟੇ ਨੂੰ ਪੜ੍ਹਾ ਲਿਖਾ ਕੇ ਫਿਰ ਵੱਡਾ ਖਰਚ ਕਰ ਕੇ ਉਸ ਨੂੰ ਉਚੇਰੀ ਪੜ੍ਹਾਈ ਕਰਨ ਲਈ ਵਿਦੇਸ਼ ਭੇਜਿਆ ਹੈ।ਇੱਕ ਹਸ ਮੁਖੀ  ਧੀ ਯੂਨੀਵਰਸਟੀ ਵਿੱਚ ਪੜ੍ਹ ਰਹੀ ਹੈ।
ਇਨ੍ਹਾਂ ਹਾਲਾਤਾਂ ਵਿੱਚ ਆਪਣਾ ਘਰ ਲੈ ਕੇ ਕਿਰਾਏ ਦੇ ਘਰਾਂ ਤੋਂ ਜਾਨ ਛਡਾਉਣੀ ਉਸ ਲਈ ਸੌਖਾ ਕੰਮ ਨਹੀਂ ਸੀ। ਪਰ ਵਾਰ ਵਾਰ ਟਿੰਡ ਫੂੜ੍ਹੀ ਚੁੱਕ ਕੇ ਘਰ ਬਦਲ ਬਦਲ ਕੇ ਹੁਣ ਉਹ ਜਿਵੇਂ ਤੰਗ ਆ ਚੁਕਾ ਸੀ ਤੇ ਕਾਫੀ  ਸਮੇਂ ਤੋਂ ਉਹ ਕਿਸੇ ਘਰ ਖਰੀਦਣ ਦੀ ਭਾਲ ਵਿੱਚ ਸੀ।ਤੇ ਆਖਰ ਉਸ ਨੂੰ ਕੁਝ ਆਸਾਨ ਸ਼ਰਤਾਂ ਤੇ ਇਹ ਘਰ ਪਸੰਦ ਆ ਹੀ ਗਿਆ,ਭਾਵ ਬਿਆਨਾ ਕਰਨ ਤੇ ਘਰ ਦਾ ਕਬਜਾ ਮਿਲ ਗਿਆ,ਤੇ ਹੁਣ ਕੁਝ ਦਿਨਾਂ ਤੋਂ ਉਹ ਸਾਡੇ ਘਰ ਦੇ ਨਾਲ ਇਸ ਨਵੇਂ ਬਣੇ ਘਰ ਵਿੱਚ ਰਹਿ ਰਹੇ ਹਨ।
ਇਸ ਪ੍ਰਿਵਾਰ ਦੀ ਸੱਭ ਤੋਂ ਵਡੇਰੀ ਉਮਰ ਦੀ ਘਰ ਦੇ ਮੁਖੀ ਦੀ ਮਾਂ ਜੋ ਇਸ ਰਿਸ਼ਤੇ ਵਿੱਚੋਂ ਮੇਰੀ ਭੈਣ ਦੀ ਸੱਸ ਹੋਣ ਕਰਕੇ ਮੇਰੀ ਮਾਸੀ ਲਗਦੀ ਹੈ। ਉਮਰ ਵਿੱਚ ਅੱਸੀਵੇਂ ਤੋਂ ਉਪਰ ਟੱਪ ਚੁਕੀ ਹੈ ਬੜੇ ਹੀ ਸਰਲ ਤੇ ਸਿੱਧੇ  ਸੁਭਾ ਵਾਲੀ ਹੈ।
ਉਸ ਦਾ ਪਤੀ ਜੋ ਪੇਂਡੂ ਛੋਟਾ ਕਿਸਾਨ ਸੀ, ਜੋ ਅਚਾਨਕ  ਸੱਟ ਲੱਗਣ ਉਸ ਦਾ ਸਦਾ ਲਈ ਸਾਥ ਛੱਡ ਗਿਆ, ਬੜੀ ਮੇਹਣਤ ਮੁਸ਼ੱਕਤ ਕਰਕੇ ਉਸ ਨੇ ਤਿੰਨ ਪੁੱਤਰਾਂ ਤੇ ਇੱਕ ਧੀ ਚਾਰ ਜੀਆਂ ਦਾ ਪ੍ਰਿਵਾਰ ਪਾਲਿਆ,ਇੱਕ ਸਾਬਕਾ ਫੌਜੀ ਹੈ ਜਿਸ ਕੋਲ ਉਹ ਰਹਿ ਰਹੀ ਹੈ,ਦੂਜੇ ਦੋਵੇਂ ਪਿੰਡ ਵਿੱਚ ਕਿਰਸਾਣੀ ਕਰਦੇ ਹਨ।
ਮਾਸੀ ਭਾਗਾਂ ਵਾਲੀ ਹੈ ਜੋ ਪੋਤੇ ਪੋਤੀਆਂ ਵਾਲੀ ਹੈ।
ਭਾਂਵੇਂ ਉਸ ਦੀ ਪੂਰੀ ਸੇਵਾ ਸੰਭਾਲ ਏਥੇ ਹੁੰਦੀ ਹੈ ਫਿਰ ਵੀ ਉਸ ਦਾ ਮਨ ਆਪਣੇ ਪਿਛੋਕੜਲੇ ਪਿੰਡ ਜਾਣ ਨੂੰ ਅਹੁਲਦਾ  ਹੀ ਰਹਿੰਦਾ ਹੈ, ਆਖਰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਕੌਣ ਨਹੀਂ ਚਾਹੁੰਦਾ, ਮਾਸੀ ਨੇ ਤਾਂ ਆਪਣੀ ਉਮਰ ਦਾ ਬਹੁਤਾ ਦੁੱਖ ਸੁੱਖ ਮਾਣਦੇ ਜਿਸ ਖੁਲ੍ਹੇ ਡੁਲ੍ਹੇ ਪੇਂਡੂ ਮਾਹੌਲ ਵਿੱਚ ਗੁਜਾਰਿਆ ਹੋਵੇ ਉਹ ਉਸ ਨੂੰ ਕਿਵੇਂ ਭੁੱਲ ਸਕਦਾ ਹੈ।
ਸ਼ੂਗਰ ਦੇ ਨਾਮੁਰਾਦ ਰੋਗ ਕਾਰਣ ਉਹ ਅੱਖਾਂ ਦੀ ਜੋਤ ਸਦਾ ਵਾਸਤੇ ਗੁਆ ਚੁਕੀ ਹੈ।ਸਾਰਾ ਦਿਨ ਮੂੰਹ ਸਿਰ ਲਪੇਟੀ ਮੰਜੇ ਤੇ ਪਈ ਰਹਿੰਦੀ ਹੈ। ਕਦੇ ਕਦੇ ਆਪ ਮੁਹਾਰੀ  ਗੱਲਾਂ ਕਰਦੀ ਰਹਿੰਦੀ ਹੈ।
ਅੱਖਾਂ ਦੀ ਜੋਤ ਚਲੀ ਜਾਣ ਕਰਕੇ  ਵੇਖ ਤਾਂ ਨਹੀਂ ਸਕਦੀ ਪਰ ਸੁਣਨ ਤੇ ਬੋਲਣ ਸ਼ਕਤੀ ਤੇ ਆਏ ਗਏ ਦੀ ਬਿੜਕ ਰੱਖਣ ਵਿੱਚ ਉਹ ਵਿੱਚ ਪੂਰੀ ਤਾਕ ਹੈ।
ਮੈਂ ਕਦੇ ਕਦੇ, ਉਸ ਕੋਲ ਜਾ ਬੈਠਦਾ ਹਾਂ।ਹੁਣ ਉਹ ਮੇਰੀ ਆਵਾਜ਼ ਪਛਾਣਦੀ ਹੈ।ਜਦੋਂ ਮੈਂ ਉਸ ਨੂੰ ਮਾਸੀ ਕਹਿ ਕੇ ਬੁਲਾਉਂਦਾਂ ਹਾਂ ਤਾਂ ਉਹ ਲੰਮਾ ਘੁੰਡ ਕਰ ਕੇ ਮੇਰੇ ਵੱਲ ਪਿੱਠ ਕਰ ਲੈਂਦੀ ਹਾਂ, ਜਦੋਂ ਮੈਂ ਉਸ ਨੂੰ ਕਹਿੰਦਾਂ ਹਾਂ ਕਿ ਮਾਸੀ ਮੈਂ ਤਾਂ ਤੇਰੇ ਪੁੱਤਰਾਂ ਵਰਗਾ ਹਾਂ ਮੈਥੋਂ ਘੁੰਡ ਨਾ ਕਰਿਆ ਕਰ।ਉਹ ਕਹਿੰਦੀ ਹੈ ਮੈਨੂੰ ਸ਼ਰਮ ਆਉਂਦੀ ਹੈ । ਮੇਰੇ ਬੋਲਾਂ ਤੋਂ ਉਹ ਮੇਰੀ ਉਮਰ ਦਾ ਕਿਆਫਾ ਲਾ ਲੈਂਦੀ ਹੈ।ਪਰ ਹੁਣ ਉਹ ਮੇਰੇ ਨਾਲ ਜਿਵੇਂ ਘੁਲ ਮਿਲ ਗਈ ਜਾਪਦੀ ਹੈ।ਮੇਰੇ ਨਾਲ ਮਖੌਲ ਮਸ਼ਖਰੀ ਵੀ ਕਰ ਲੈਂਦੀ ਹੈ ।ਕਦੇ ਪੁੱਛੇ ਗੀ ਤੇਰੀ ਘਰ ਵਾਲੀ ਕਿੱਥੇ ਹੈ ਕੀ ਕਰਦੀ ਹੈ,ਜਦ ਮੈਂ ਆਪਣੀ ਘਰ ਵਾਲੀ ਨੂੰ ਉਸ ਬਾਰੇ ਦੱਸਦਾ ਹਾਂ ਤਾਂ ਉਹ ਵੀ ਕੁੱਝ ਪਲ ਉਸ ਕੋਲ ਬੈਠ ਕੇ ਉਸ ਨਾਲ ਗੱਲਾਂ ਬਾਤਾਂ ਕਰ ਆਉਂਦੀ ਹੈ।
ਇੱਕ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਮੇਰੇ ਸਾਮਣੇ ,ਮੰਜੇ ਤੇ ਬੈਠੀ ਘੁੰਡ ਕੱਢ ਕੇ ਗਿੱਧਾ ਪਾਉਂਦੀ,ਉਹ ,ਘੁੰਡ ਕੱਢ ਲੈ ਪੱਤਲੀਏ ਨਾਰੇ ਸਹੁਰਿਆਂ ਦਾ ਪਿੰਡ ਆ ਗਿਆ, ਗੀਤ ਗਾ ਰਹੀ ਸੀ।ਉਸ ਦੇ ਕੋਲ ਬੈਠੇ ਘਰ ਦੇ ਜੀਅ ਉਸ ਵੱਲ ਵੇਖ ਕੇ ਹੱਸ ਰਹੇ ਸਨ।
ਇੱਕ  ਦਿਨ ਉਸ ਨੂੰ ਜਦੋਂ ਉਸ ਦਾ ਨਾਂ ਤਾਂ ਉਹ ਝੱਟ ਬੋਲ ਉੱਠੀ , ਸੀਤੋ, ਮੈਂ ਕਿਹਾ ਮਾਸੀ ਪੂਰਾ ਨਾਂ ਦੱਸ ,ਸੁਰਜੀਤ.ਕਹਿਕੇ ਉਹ ਫਿਰ ਝੱਟ ਪੱਟ ਚੁੱਪ ਹੋ ਗਈ।
ਉਸ ਨੂੰ ਵੇਖ ਕੇ ਮੈਨੂੰ ਕਈ ਵਾਰ ਮੇਰੀ ਸੱਕੀ ਮਾਸੀ ਕਿਸ਼ਨੋ ਯਾਦ ਆ ਜਾਂਦੀ ਹੈ, ਜੋ ਉਮਰ ਵਿੱਚ ਮੈਥੋਂ ਦੋ ਮਹੀਨੇ ਵੱਡੀ ਸੀ।
ਬਹੁਤਾ ਸਮਾ ਨਾਨਕੇ ਘਰ ਰਹਿਣ ਕਰਕੇ ਅਸੀਂ ਦੋਵੇਂ ਇਕੱਠੇ ਖੇਡਿਆ ਕਰਦੇ ਸਾਂ।ਉਸ ਦਾ ਵਿਆਹ ਹੁੰਦਾ ਵੀ ਮੈਂ ਵੇਖਿਆ ਸੀ।
ਮੈਨੂੰ ਯਾਦ ਹੈ ਕਿ ਇੱਕ ਵੇਰਾਂ  ਜਦੋਂ ਉਹ ਸਹੁਰੇ ਘਰ ਜਾਣੀ ਸੀ ਤਾਂ ਮੈਂ ਸਾਈਕਲ ਤੇ ਉਸ ਦੇ ਸਹੁਰੇ ਘਰ ਛੱਡਨ ਲਈ ਗਿਆ ਸਾਂ ਤਾਂ ਉਸ ਦਾ ਦੁਪੱਟਾ ਸੇਰੇ ਸਾਈਕਲ ਦੀ ਚੇਨ ਵਿੱਚ ਫਸ ਗਿਆ ਸੀ ਜੇ ਖਰਾਬ ਹੋ ਜਾਣ ਕਰਕੇ ਉਸ ਨੂੰ ਨਵਾਂ ਦੁਪੱਟਾ ਲੈ ਕੇ ਸਹੁਰੇ ਘਰ ਜਾਣਾ ਪਿਆ ਸੀ।
ਗੋਲ ਮਟੋਲ ਹੋਣ  ਕਰਕੇ ਉਹ ਮੈਨੂੰ ਮਖੌਲ ਨਾਲ ਗ੍ਹੋਲੂ ਕਹਿਕੇ ਛੇੜਿਆ ਕਰਦੀ ਸੀ.ਤੇ ਮੈਂ ਵੀ ਉਸ ਨੂੰ ,ਮਾਸੀ ਢੀਂਗਰ ਫਾਸੀ, ਕਹਿ ਕੇ ਜਾਂ ਮਾਸੀ ਲੰਮੀ ਬੜੀ ਨਿਕੰਮੀ ਕਹਿ ਕੇ ਵਾਰੀ ਦਾ ਵੱਟਾ ਲਾਹ ਲਿਆ ਕਰਦਾ ਸਾਂ।ਮੇਰੇ ਨਾਨਕਿਆਂ ਦੇ ਕੱਦ ਕਾਠ ਲੰਮੇ ਕਾਠ ਦੇ ਹੋਂਣ ਕਰਕੇ ਉਨ੍ਹਾਂ ਦੀ ਅੱਲ ,ਲੰਮਿਆਂ ਦਾ ਘਰ ਪੈ ਗਈ ਸੀ।
ਮਾਸੀ ਫੌਜੀ ਨਾਲ ਵਿਆਹੀ ਜਾਣ ਕਰਕੇ ਉਸ ਨੂੰ ਫੋਜਣ  ਮਾਸੀ ਕਰਕੇ ਵੀ ਹੱਸ ਖੇਡ ਲਿਆ ਕਰਦੇ ਸਾਂ।
ਹੁਣ ਮਾਸੀ ਕਿਸ਼ਨੋ  ਵੱਡੇ ਪੜ੍ਹ ਲਿਖੇ ਪ੍ਰਿਵਾਰ ਵਾਲੀ ਹੋ ਕੇ ਚਿਰੋਕਣੀ ਇਸ ਫਾਨੀ ਸੰਸਾਰ ਨੂੰ ਸਦਾ ਵਾਸਤੇ ਅਲਵਿਦਾ ਕਹਿ ਚੁੱਕੀ ਹੈ,ਪਰ ਉਸ ਨਾਲ ਬਿਤਾਏ ਬਚਪਣ ਦੀਆਂ ਮਿੱਠੀਆਂ ਪਿਆਰੀਆਂ ਯਾਦਾਂ ਦੀਆਂ ਰੰਗ ਬਰੰਗੀਆਂ ਲੀਰਾਂ ਦੀ ਪਟਾਰੀ ਜਦੋਂ ਕਿਤੇ ਆਪ ਮੁਹਾਰੀ ਖੁਲ੍ਹ ਕੇ  ਖਿਲਰ ਜਾਂਦੀ ਹੈ ਤਾਂ ਸਮੇਟਣੀ ਬੜੀ ਔਖੀ ਹੋ ਜਾਂਦੀ ਹੈ।
 ਸਮੇਂ ਦੇ ਫੇਰ ਬਾਰੇ ਕੁੱਝ ਕਹਿਣਾ ਔਖਾ ਹੈ,ਪਰ ਜਦ ਕਿਤੇ ਵਿਦੇਸ਼ ਪਰਤਣ ਦਾ ਜੇ ਮੁੜ ਮੌਕਾ ਮਿਲ ਗਿਆ ਤਾਂ ਜਿੱਥੇ ਵੀ ਜਾਂਵਾਂ, ਜਿੱਥੇ ਵੀ ਹੋਵਾਂ,ਜਿਸ ਹਾਲ ਵਿੱਚ ਹੋਵਾਂ , ਅਤੀਤ ਦੇ ਪਰਛਾਂਵਿਆਂ ਵਿੱਚੋਂ  ਮਾਸੀ ਸੀਤੋ ਵਰਗੇ ਰਿਸ਼ਤਿਆਂ ਦੀ ਮਹਿਕ  ਜਰੂਰ ਆਉਂਦੀ ਰਹੇਗੀ।
          , ਇਹ ਰਿਸ਼ਤੇ,ਇਹ ਰਸਤੇ, ਇਹ ਮਹਿਕਾਂ ਤੇ ਪਗਡੰਡੀਆਂ।
           ਜਿੱਥੇ ਵੀ ਤੁਰ ਜਾਈਏ,ਇਹ ਕਦੇ  ਨਾ ਜਾਣੀਆਂ ਵੰਡੀਆਂ ।
ਰਵੇਲ ਸਿੰਘ
ਫੋਨ 9056016184