ਲੋਕਾਂ ਨੂੰ ਹਥਿਆਰ ਨਹੀਂ, ਭੋਜਨ ਚਾਹੀਦਾ - ਡਾ. ਅਰੁਣ ਮਿੱਤਰਾ

ਰਿਪੋਰਟਾਂ ਅਨੁਸਾਰ 1.7 ਕਰੋੜ ਦੀ ਆਬਾਦੀ ਵਾਲਾ ਅਫਰੀਕੀ ਦੇਸ਼ ਸੋਮਾਲੀਆ ਖੁਰਾਕ ਸੁਰੱਖਿਆ ਦੇ ਗੰਭੀਰ ਸੰਕਟ ਵਿਚੋਂ ਲੰਘ ਰਿਹਾ ਹੈ। 200000 ਤੋਂ ਵੱਧ ਲੋਕ ਭੋਜਨ ਦੀ ਅਸੁਰੱਖਿਆ ਦੇ ਘਾਤਕ ਪੱਧਰ ਦਾ ਸਾਹਮਣਾ ਕਰ ਰਹੇ ਹਨ। ਉਹ ਭੁੱਖਮਰੀ ਕਾਰਨ ਮਰ ਰਹੇ ਹਨ, ਦਸਤ, ਖਸਰਾ ਜਾਂ ਮਲੇਰੀਆ ਆਦਿ ਦਾ ਸਿ਼ਕਾਰ ਹੋ ਰਹੇ ਹਨ। ਪਿਛਲੇ ਸਾਲ ਮੌਤਾਂ ਦੀ ਗਿਣਤੀ 43000 ਹੋਣ ਦਾ ਅਨੁਮਾਨ ਹੈ। ਸਿਹਤ ਖੋਜ ਕਰਤਾਵਾਂ, ਸੰਯੁਕਤ ਰਾਸ਼ਟਰ ਅਤੇ ਸੋਮਾਲੀ ਸਰਕਾਰ ਦੀ ਰਿਪੋਰਟ ਅਨੁਸਾਰ ਘੱਟੋ-ਘੱਟ ਅੱਧੀਆਂ ਮੌਤਾਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਸਨ। ਇਹ ਦਹਾਕਿਆਂ ਦਾ ਸਭ ਤੋਂ ਭਿਆਨਕ ਸੋਕਾ ਹੈ। ਕਈਆਂ ਨੂੰ ਕੀਨੀਆ ਅਤੇ ਇਥੋਪੀਆ ਵਿਚ ਸ਼ਹਿਰੀ ਕੇਂਦਰਾਂ ਵਿਚ ਜਾਂ ਸਰਹੱਦ ਪਾਰ ਮਨੁੱਖਤਾਵਾਦੀ ਸਹਾਇਤਾ ਲੈਣ ਲਈ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਪਹਿਲਾਂ ਹੀ 2022 ਦੇ ਅੰਤ ਵਿਚ ਤੀਹ ਲੱਖ ਲੋਕ ਉੱਜੜ ਗਏ ਸਨ ਅਤੇ ਘੱਟੋ-ਘੱਟ 20000 ਸੋਮਾਲੀ ਕੀਨੀਆ ਵਿਚ ਆ ਗਏ ਸਨ। ਸੋਕੇ ਨੇ ਲੱਖਾਂ ਪਸ਼ੂਆਂ ਦਾ ਸਫਾਇਆ ਕਰ ਦਿੱਤਾ ਹੈ ਜਿਸ ਨਾਲ ਵੱਡੀ ਗਿਣਤੀ ਵਿਚ ਪਰਿਵਾਰਾਂ ਦੀ ਆਮਦਨ ’ਤੇ ਮਾੜਾ ਅਸਰ ਪਿਆ ਹੈ। ਇਸ ਨਾਲ ਸੋਮਾਲੀਆ ਦੀ ਲਗਭਗ ਅੱਧੀ ਆਬਾਦੀ ਭੁੱਖੀ ਹੈ। ਸੋਮਾਲੀਆ ਅਤੇ ਆਸ-ਪਾਸ ਦੇ ਖੇਤਰਾਂ ਵਿਚ ਮੌਸਮ ਵਿਚ ਤਬਦੀਲੀ, ਵਾਰ ਵਾਰ ਸੋਕੇ, ਅਚਾਨਕ ਹੜ੍ਹ, ਚੱਕਰਵਾਤ ਅਤੇ ਵਧ ਰਹੇ ਤਾਪਮਾਨ ਨੇ ਸਥਿਤੀ ਹੋਰ ਵਿਗਾੜ ਦਿੱਤੀ ਹੈ।
      ਖੋਜ ਕਰਤਾਵਾਂ ਨੇ ਚਿਤਾਵਨੀ ਦਿੱਤੀ ਸੀ ਕਿ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ 18000 ਤੋਂ 34000 ਲੋਕਾਂ ਦੇ ਸੋਕੇ ਦਾ ਸਿ਼ਕਾਰ ਹੋਣ ਦਾ ਖ਼ਦਸ਼ਾ ਹੈ। ਸਥਿਤੀ ਦੀ ਗੰਭੀਰਤਾ ਨੂੰ ਜਾਣਨ ਦੇ ਬਾਵਜੂਦ ਸੰਕਟ ਵੱਲ ਬਣਦਾ ਧਿਆਨ ਨਹੀਂ ਦਿੱਤਾ ਗਿਆ। ਚੰਗੀ ਸਿਹਤ ਲਈ ਊਰਜਾ (ਕੈਲੋਰੀ) ਦੀਆਂ ਲੋੜਾਂ ਅਤੇ ਹੋਰ ਪੌਸ਼ਟਿਕ ਲੋੜਾਂ ਦੇ ਲਿਹਾਜ਼ ਨਾਲ ਕਾਫੀ ਮਾਤਰਾ ਵਿਚ ਖੁਰਾਕ ਦਾ ਹੋਣਾ ਜ਼ਰੂਰੀ ਹੈ। ਕੁਪੋਸ਼ਣ, ਖਾਸਕਰ ਬੱਚਿਆਂ ਤੇ ਮਾਵਾਂ ਵਿਚ, ਮੌਤ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਹੈ। ਸੰਯੁਕਤ ਰਾਸ਼ਟਰ ਨੇ 2030 ਤੱਕ ਭੁੱਖਮਰ ਖਤਮ ਕਰਨ ਲਈ ਟਿਕਾਊ ਵਿਕਾਸ ਟੀਚਿਆਂ ਦੇ ਹਿੱਸੇ ਵਜੋਂ ਸੰਸਾਰ ਪੱਧਰੀ ਟੀਚਾ ਰੱਖਿਆ ਹੈ। ਫਿਲਹਾਲ ਅਸੀਂ ਇਸ ਟੀਚੇ ਤੱਕ ਪਹੁੰਚਣ ਤੋਂ ਬਹੁਤ ਦੂਰ ਹਾਂ।
      ਅਨੇਕਾਂ ਕਾਢਾਂ ਸਦਕਾ ਅੱਜ ਸੰਸਾਰ ਵਿਚ 1960 ਦੇ ਮੁਕਾਬਲੇ ਸਿਰਫ 13% ਵਧੇਰੇ ਜ਼ਮੀਨ ’ਤੇ 150% ਜਿ਼ਆਦਾ ਭੋਜਨ ਪੈਦਾ ਹੁੰਦਾ ਹੈ। ਨਤੀਜੇ ਵਜੋਂ ਅੱਜ ਸੰਸਾਰ ਦੀ ਆਬਾਦੀ ਦੀ ਲੋੜ ਨਾਲੋਂ 1.5 ਗੁਣਾ ਭੋਜਨ ਪੈਦਾ ਹੋ ਰਿਹਾ ਹੈ। ਇਹ 10 ਅਰਬ ਲੋਕਾਂ ਨੂੰ ਭੋਜਨ ਦੇਣ ਲਈ ਕਾਫੀ ਹੈ ਪਰ ਅਸੀਂ ਇਸ ਸਮੇਂ ਸਿਰਫ 7 ਅਰਬ ਤੋਂ ਵੱਧ ਹਾਂ। ਸੋਮਾਲੀਆ ਹੀ ਨਹੀਂ, ਦੁਨੀਆ ਦੇ ਕਈ ਦੇਸ਼ ਭੁੱਖਮਰੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਭਾਰਤ ਜੋ ਵਧਦੀ ਅਰਥਵਿਵਸਥਾ ਹੋਣ ਦਾ ਦਾਅਵਾ ਕਰਦਾ ਹੈ ਅਤੇ 5 ਖਰਬ ਅਮਰੀਕੀ ਡਾਲਰ ਦੀ ਅਰਥਵਿਵਸਥਾ ਨਾਲ ਸੁਪਰ ਪਾਵਰ ਬਣਨ ਦੀਆਂ ਗੱਲਾਂ ਕਰ ਰਿਹਾ ਹੈ, ਭੁੱਖਮਰੀ ਸੂਚਕ ਅੰਕ ਵਿਚ 120 ਦੇਸ਼ਾਂ ਵਿਚੋਂ 107 ਉੱਤੇ ਹੈ। ਏਸ਼ੀਆ ਅਤੇ ਅਫਰੀਕਾ ਦੇ ਕਈ ਦੇਸ਼ਾਂ ਵਿਚ ਵੀ ਇਹੀ ਸਥਿਤੀ ਹੈ।
       ਕਿਸੇ ਵੀ ਦੇਸ਼ ਜਾਂ ਸਮਾਜ ਦੇ ਕਿਸੇ ਵੀ ਬੰਦੇ ਦੀ ਗੈਰ-ਕੁਦਰਤੀ ਮੌਤ ਚਿੰਤਾ ਦਾ ਵਿਸ਼ਾ ਹੈ ਪਰ ਸਚਾਈ ਇਹ ਹੈ ਕਿ ਗਰੀਬਾਂ ਦੀ ਮੌਤ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ। ਦੁਨੀਆ ਵਿਚ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਰਵਾਂਡਾ ਵਿਚ 7 ਅਪਰੈਲ ਤੋਂ 15 ਜੁਲਾਈ 1994 ਤੱਕ ਸਿਰਫ 100 ਦਿਨਾਂ ਦੌਰਾਨ ਹੋਈ ਨਸਲੀ ਹਿੰਸਾ ਦੇ ਨਤੀਜੇ ਵਜੋਂ 80 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ। ਅੱਜ ਇੰਨੀ ਜੁੜੀ ਦੁਨੀਆ ਵਿਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਇਹ ਸ਼ਰਮਨਾਕ ਗੱਲ ਹੈ।
      ਹੁਣ ਸਮਾਂ ਆ ਗਿਆ ਹੈ ਕਿ ਸੰਸਾਰ ਇਸ ਸਥਿਤੀ ਦੀ ਗੰਭੀਰਤਾ ਨੂੰ ਸਮਝੇ ਅਤੇ ਤਰਜੀਹਾਂ ਦੀ ਪੂਰੀ ਸਮੀਖਿਆ ਕਰੇ। ਭੋਜਨ ਦੇ ਉਤਪਾਦਨ ਅਤੇ ਦੁਨੀਆ ਦੇ ਸਾਰੇ ਨਾਗਰਿਕਾਂ ਨੂੰ ਇਸ ਦੀ ਬਰਾਬਰ ਵੰਡ ’ਤੇ ਜਿ਼ਆਦਾ ਖਰਚ ਕਰਨ ਦੀ ਲੋੜ ਹੈ। ਉਂਝ, ਦੁੱਖ ਦੀ ਗੱਲ ਹੈ ਕਿ 2021 ਵਿਚ ਕੁੱਲ ਆਲਮੀ ਫੌਜੀ ਖਰਚੇ 0.7 ਫੀਸਦੀ ਵਧ ਕੇ 2113 ਬਿਲੀਅਨ ਡਾਲਰ ਤੱਕ ਪਹੁੰਚ ਗਏ ਹਨ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (SIPRI) ਦੁਆਰਾ ਪ੍ਰਕਾਸਿ਼ਤ ਗਲੋਬਲ ਮਿਲਟਰੀ ਖਰਚਿਆਂ ਦੇ ਨਵੇਂ ਅੰਕੜਿਆਂ ਅਨੁਸਾਰ, 2021 ਵਿਚ ਪੰਜ ਸਭ ਤੋਂ ਵੱਡੇ ਖਰਚ ਕਰਨ ਵਾਲੇ ਮੁਲਕਾਂ ਵਿਚ ਅਮਰੀਕਾ, ਚੀਨ, ਭਾਰਤ, ਯੂਕੇ ਅਤੇ ਰੂਸ ਸਨ ਜੋ ਕੁਲ ਖਰਚੇ ਦਾ 62 ਪ੍ਰਤੀਸ਼ਤ ਹੈ।
       ਮੌਜੂਦਾ ਹਾਲਾਤ ਵਿਚ ਜਦੋਂ ਦੁਨੀਆ ਦੇ ਕਈ ਹਿੱਸਿਆਂ ਵਿਚ ਤਣਾਅ ਹੈ, ਰੂਸ ਤੇ ਯੂਕਰੇਨ ਵਿਚਾਲੇ ਜੰਗ ਜਲਦੀ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ। ਇਸੇ ਕਾਰਨ ਮੌਜੂਦਾ ਹਥਿਆਰ ਮਨੁੱਖਤਾ ਲਈ ਗੰਭੀਰ ਖ਼ਤਰਾ ਹਨ। ਤਣਾਅ ਵਿਚ ਕਿਸੇ ਵੀ ਕਿਸਮ ਦੇ ਵਾਧੇ ਨਾਲ ਪਰਮਾਣੂ ਹਥਿਆਰਾਂ ਦੀ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਸੇ ਸਮੇਂ ਭਾਰਤ ਨਿਸ਼ਸਤਰੀਕਰਨ ਦੀ ਲਹਿਰ ਵਿਚ ਮੋਢੀ ਰਿਹਾ ਹੈ। ਗੁੱਟ-ਨਿਰਲੇਪ ਅੰਦੋਲਨ (Non Aligned Movement) ਦੇ ਨੇਤਾ ਵਜੋਂ ਭਾਰਤ ਨੇ ਪਰਮਾਣੂ ਹਥਿਆਰਾਂ ਦੇ ਖਾਤਮੇ ਲਈ ਆਵਾਜ਼ ਉਠਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਜੀ-20 ਭਾਵੇਂ ਗੁੱਟ-ਨਿਰਲੇਪ ਅੰਦੋਲਨ ਤੋਂ ਬਹੁਤ ਵੱਖਰਾ ਹੈ ਪਰ ਭਾਰਤ ਇਸ ਦੇ ਪ੍ਰਧਾਨ ਵਜੋਂ ਜੀ-20 ਨੇਤਾਵਾਂ ਵਿਚ ਹਥਿਆਰਾਂ ਦੀ ਦੌੜ ਦੀ ਬਜਾਇ ਸਿਹਤ, ਸਿੱਖਿਆ ਅਤੇ ਹੋਰ ਸਮਾਜਿਕ ਲੋੜਾਂ ਲਈ ਫੰਡ ਮੋੜਨ ਵਾਸਤੇ ਸੋਚ ਵਿਚ ਤਬਦੀਲੀ ਲਿਆਉਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
    ਪਰਮਾਣੂ ਯੁੱਧ ਦੀ ਰੋਕਥਾਮ ਲਈ ਡਾਕਟਰਾਂ ਦੀ ਕੌਮਾਂਤਰੀ ਜਥੇਬੰਦੀ (IPPNW) 26 ਤੋਂ 30 ਅਪਰੈਲ 2023 ਤੱਕ ਕੀਨੀਆ ਦੇ ਨਗਰ ਮੋਮਬਾਸਾ ਵਿਚ ‘ਨਿਸ਼ਸਤਰੀਕਰਨ, ਜਲਵਾਯੂ ਸੰਕਟ ਅਤੇ ਸਿਹਤ’ ਵਿਸ਼ੇ ’ਤੇ ਆਪਣੀ 23ਵੀਂ ਸੰਸਾਰ ਕਾਂਗਰਸ ਕਰ ਰਹੀ ਹੈ। ਵਿਚਾਰ-ਵਟਾਂਦਰਾ ਡਾਕਟਰਾਂ ਦੀ ਚਿੰਤਾ ਦਾ ਪ੍ਰਤੀਬਿੰਬ ਹੋਵੇਗਾ। ਇਸ ਮਹਾਂ ਸੰਮੇਲਨ ਵਿਚ ਹਥਿਆਰਾਂ ਦੀ ਦੌੜ ਦੇ ਰੁਝਾਨ ਨੂੰ ਉਲਟਾਉਣ ਅਤੇ ਧਰਤੀ ਦੇ ਹਰ ਬੰਦੇ ਨੂੰ ਭੋਜਨ ਯਕੀਨੀ ਬਣਾਉਣ ਲਈ ਸਿਵਿਲ ਸੁਸਾਇਟੀ ਦੁਆਰਾ ਕਾਰਵਾਈ ਦੀਆਂ ਰਣਨੀਤੀਆਂ ਤਿਆਰ ਕੀਤੀ ਜਾਏਗੀ।
ਸੰਪਰਕ : 94170-00360