ਅਹਿਸਾਸ - ਅਰਸ਼ਪ੍ਰੀਤ ਸਿੱਧੂ


ਜੀਤੋ ਨੇ ਘਰਦਿਆਂ ਦੇ ਖਿਲਾਫ ਜਾ ਕੇ ਇੱਕ ਆਮ ਜਿੰਮੀਦਾਰ ਪਰਿਵਾਰ ਵਿੱਚ ਵਿਆਹ ਕਰ ਲਿਆ। ਜੀਤੋ  ਆਪ ਬਹੁਤ ਉੱਚੇ ਖਾਨਦਾਨ ਤੋਂ ਸੀ। ਵਿਆਹ ਤੋਂ ਬਾਅਦ ਜੀਤੋ ਦੇ ਘਰ ਇੱਕ ਬੇਟੇ ਨੇ ਜਨਮ ਲਿਆ। ਮੁੰਡੇ ਦੇ ਜਨਮ ਤੋਂ ਬਾਅਦ ਜੀਤੋ ਤੇ ਉਸਦੇ ਘਰਵਾਲੇ ਦਾ ਰਿਸ਼ਤਾ  ਕੋਈ ਬਹੁਤਾ ਚੰਗਾ ਨਾ ਰਿਹਾ। ਜੀਤੋ ਆਪਣੇ ਬੇਟੇ ਨੂੰ ਲੈ ਕੇ ਪੇਕੇ ਘਰ ਆ ਗਈ। ਬੇਸ਼ੱਕ ਜੀਤੋ ਦੇ ਘਰਦੇ ਉਸਦੇ ਰਿਸ਼ਤੇ ਤੋਂ ਖੁਸ਼ ਨਹੀਂ ਸਨ ਪਰ ਉਹਨਾਂ ਘਰ ਆਈ ਜੀਤੋ  ਨੂੰ ਕੁਝ ਨਾ ਕਿਹਾ। ਜੀਤੋ ਇੱਕ ਸਾਲ ਆਪਣੇ ਪੇਕੇ ਘਰ ਰਹੀ ਅਤੇ ਸਾਲ ਬਾਅਦ ਉਸਦਾ ਪਤੀ ਉਸਨੂੰ ਲੈਣ ਆ ਗਿਆ । ਜੀਤੋ ਬਿਨ੍ਹਾਂ  ਕੋਈ ਸਵਾਲ ਕੀਤਿਆ ਚੁੱਪਚਾਪ ਆਪਣੇ ਪਤੀ ਨਾਲ ਤੁਰ ਪਈ। ਸਮਾਂ ਆਪਣੀ ਚਾਲ ਚਲਦਾ ਗਿਆ ਤੇ ਜੀਤੋ ਦੇ ਘਰ ਦੋ ਜੁੜਵਾਂ ਕੁੜੀਆਂ ਨੇ ਜਨਮ ਲਿਆ। ਪੰਜ ਸਾਲਾਂ ਮਗਰੋਂ ਦੋਨਾਂ ਦੀ ਫਿਰ ਕਿਸੇ ਗਲ ਨੂੰ ਲੈ ਕੇ ਅਣਬਣ ਹੋ ਗਈ। ਗੱਲ ਏਨੀ ਜਿਆਦਾ ਵਧ ਗਈ ਕਿ ਜੀਤੋ ਆਪਣੇ ਬੱਚਿਆ ਨੂੰ ਲੈ ਮੁੜ ਆਪਣੇ ਪੇਕੇ ਘਰ ਆ ਗਈ।। ਇਸ ਵਾਰ ਜੀਤੋ ਦੇ ਪੇਕਿਆ ਨੇ ਉਸ ਅੱਗੇ ਸ਼ਰਤ ਰੱਖੀ ਕਿ ਅਗਰ ਉਹ ਇੱਥੇ ਰਹਿਣਾ ਚਾਹੁੰਦੀ ਹੈ ਤਾਂ  ਉਸਨੂੰ ਆਪਣੇ ਪਤੀ ਨੂੰ ਤਲਾਕ ਦੇਣਾ ਪਵੇਗਾ। ਜੀਤੋ ਨੇ ਨਾ ਚਾਹੁੰਦਿਆ ਹੋਇਆ ਵੀ ਘਰਦਿਆਂ ਦੀ ਗੱਲ ਮੰਨ ਲਈ ਤੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ, ਪਰ ਜੀਤੋ ਕਦੇ ਵੀ ਦਿਲੋ ਤਲਾਕ ਨਾ ਦੇ ਸਕੀ। ਸਾਲ ਬੀਤਦੇ ਗਏ ਬੱਚੇ ਵੱਡੇ ਹੋ ਗਏ। ਮੁੰਡਾ ਪੜ੍ਹ ਲਿਖ ਕੇ ਅਫਸਰ ਬਣ ਗਿਆ ਤੇ ਦੋਨਾਂ ਕੁੜੀਆ ਦਾ ਵਿਆਹ ਵੀ ਵਧੀਆਂ ਘਰੇ ਕਰ ਦਿੱਤਾ।। ਇੱਕ ਦਿਨ ਜੀਤੋ ਨੂੰ ਪਤਾ ਨਹੀਂ ਸਾਜਰੇ ਹੀ ਕੀ ਹੋਇਆ ਉਹ ਬਿਨ੍ਹਾਂ ਸਵੇਰ ਦੀ ਚਾਹ ਤੱਕ ਪੀਤਿਆ ਆਪਣੇ ਸਹੁਰੇ ਪਿੰਡ ਜਾਣ ਵਾਲੀ ਬੱਸ ਵਿੱਚ ਜਾ ਬੈਠੀ। ਉਸਦਾ ਬੇਟਾ ਪਿੱਛੇ ਪਿੱਛੇ ਬੱਸ ਵਿੱਚ ਆ ਕੇ ਮਾਂ ਨਾਲ ਆ ਬੈਠਾ ਤੇ ਪੁੱਛਿਆ ਕਿ ਮਾਂ ਹੁਣ ਕਿਉ ਏਨੇ ਸਾਲਾਂ ਬਾਅਦ ਇਹ ਜਖਮ ਉਧੇੜ ਰਹੀ ਹੈ। ਜੀਤੋ ਦਾ ਮਨ ਭਰ ਆਇਆ ਤੇ ਬੋਲੀ ਇਹ ਜਖਮ ਨਾ ਭਰਿਆ ਸੀ ਨਾ ਭਰੇਗਾ, ਇਹ ਰੂਹਾਂ ਦਾ ਅਹਿਸਾਸ ਆ ਜੋ ਤੂੰ ਨਹੀਂ ਸਮਝ ਸਕੇਗਾ। ਉਹ ਪੁੱਤ ਦੇ ਰੋਕਣ ਦੇ ਬਾਵਜੂਦ ਵੀ  ਸਹੁਰੇ ਪਿੰਡ ਆਪਣੇ ਪਤੀ ਦੇ ਘਰ ਚਲੀ ਗਈ । ਸੱਚਮੁੱਚ ਉਸ ਦਾ ਪਤੀ ਆਪਣੇ ਅਖੀਰਲੇ ਸਾਹਾਂ ਤੇ ਸੀ। ਜਦੋਂ ਉਸਦੀ ਪਤਨੀ ਘਰ ਪਹੁੰਚੀ ਤਾਂ ਦੋਵਾਂ ਨੇ ਇੱਕ ਦੂਜੇ ਦਾ ਹੱਥ ਫੜਿਆ ਤੇ ਉਸਦਾ ਪਤੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਸੱਚੀ ਰੂਹਾਂ ਦੇ ਅਹਿਸਾਸ ਸ਼ਬਦਾਂ ਰਾਹੀ ਬਿਆਨ ਨਹੀਂ ਕੀਤੇ ਜਾ ਸਕਦੇ।

ਅਰਸ਼ਪ੍ਰੀਤ ਸਿੱਧੂ
94786-22509