ਸ੍ਰ ਪ੍ਰਕਾਸ਼ ਸਿੰਘ ਬਾਦਲ ਬਨਾਮ ਪਰਿਵਾਰਵਾਦ,ਗ੍ਰੰਥ,ਪੰਥ ਅਤੇ ਪੰਜਾਬ - ਬਘੇਲ ਸਿੰਘ ਧਾਲੀਵਾਲ

 ਸ੍ਰ ਪ੍ਰਕਾਸ਼ ਸਿੰਘ ਬਾਦਲ 95 ਸਾਲ ਤੋ ਵੱਧ ਉਮਰ ਭੋਗ ਕੇ ਬੀਤੇ ਦਿਨੀ 25 ਅਪ੍ਰੈਲ ਦਿਨ ਮੰਗਲਵਾਰ  ਨੂੰ ਅਕਾਲ ਚਲਾਣਾ ਕਰ ਗਏ ਹਨ।ਉਹਨਾਂ ਦੀ ਸ਼ਖਸ਼ੀਅਤ ਬਾਰੇ ਆਂਮ ਤੌਰ ਤੇ ਕਿਹਾ ਜਾਂਦਾ ਹੈ ਕਿ ਉਹ ਕਦੇ ਵੀ ਤਲ਼ਖੀ ਵਿੱਚ ਨਹੀ ਦੇਖੇ ਗਏ।ਇਹ ਉਹਨਾਂ ਦੀ ਸਿਆਸਤ ਦੇ ਦਾਅ ਪੇਚ ਹੀ ਸਨ ਕਿ ਉਹਨਾਂ ਦਾ ਰਵੱਈਆ  ਵਿਰੋਧੀਆਂ ਨਾਲ ਵੀ ਦੋਸਤਾਨਾ ਹੀ ਰਿਹਾ ਹੈ।ਉਹ ਲੱਗਭੱਗ 40 ਸਾਲ ਤੋ ਵੱਧ ਸਮਾ ਸਿੱਖ ਸਿਆਸਤ ਤੇ ਭਾਰੂ ਰਹੇ ਹਨ।ਜਿਸਤਰਾਂ ਦਾ ਉਹਨਾਂ ਦਾ ਰਾਜਨੀਤਕ ਜੀਵਨ ਰਿਹਾ ਹੈ,ਉਹਦੇ ਤੇ ਝਾਤ ਮਾਰਦਿਆਂ ਇਹ ਕਹਣ ਲਈ ਮਜਬੂਰ ਹੋਣਾ ਪੈ ਜਾਂਦਾ ਹੈ ਸਾਇਦ ਸ੍ਰ ਬਾਦਲ ਨੇ ਪਿਛਲੇ ਜਨਮ ਚ ਹੀ ਕੋਈ ਮੋਤੀ ਪੁੰਨ ਕੀਤੇ ਹੋਏ ਸਨ,ਜਿਸਦਾ ਫਲ ਉਹਨਾਂ ਨੂੰ ਇਸ ਜੀਵਨ ਵਿੱਚ ਮਿਲਿਆ ਹੈ।ਜਿਹੜਾ ਜੀਵਨ ਉਹ ਹੁਣ ਭੋਗ ਕੇ ਗਏ ਹਨ,ਇਹਦੇ ਵਿੱਚ ਉਹ ਕੀ ਬੀਜ ਕੇ ਗਏ ਹਨ, ਇਹ ਸਾਰਾ ਲੇਖਾ ਜੋਖਾ ਹੁਣ ਰਾਜਨੀਤਕ,ਧਾਰਮਿਕ ਅਤੇ ਸਮਾਜਿਕ ਨਜਰੀਏ ਤੋ ਮਾਹਰ ਵਿਸ਼ਲੇਸ਼ਕਾਂ ਵੱਲੋਂ ਕੀਤਾ ਜਾਵੇਗਾ। ਸ੍ਰ ਬਾਦਲ ਸਬੰਧੀ ਬਰੀਕੀ ਨਾਲ ਛਾਣਬੀਣ ਕਰਨੀ ਇੱਥੇ ਮਨਾਸਿਬ ਨਹੀ,ਪ੍ਰੰਤੂ ਮੋਟੇ ਤੌਰ ਤੇ ਪੰਜਾਬ ਦੇ ਸੰਦਰਭ ਵਿੱਚ  ਉਹਨਾਂ ਦੇ ਚੰਗੇ ਅਤੇ ਮਾੜੇ ਪੱਖਾਂ ਤੇ ਚਰਚਾ ਕਰਨੀ ਬਣਦੀ ਹੈ।ਪਿੰਡ ਦੀ ਸਰਪੰਚੀ ਤੋ ਸ਼ੁਰੂ ਕਰਕੇ ਕੇਂਦਰੀ ਕੈਬਨਿਟ ਮੰਤਰੀ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਨਣ ਦਾ ਰਿਕਾਰਡ ਆਪਣੇ ਨਾਮ ਕਰਕੇ ਜਾਣ ਵਾਲੇ ਸ੍ਰ ਪਰਕਾਸ ਸਿੰਘ ਬਾਦਲ ਭਾਂਵੇਂ ਇਸ ਜੀਵਨ ਵਿੱਚ ਬਹੁਤ ਵਧੀਆ ਜੀਵਨ ਭੋਗ ਕੇ ਗਏ ਹਨ,ਸਾਇਦ ਇਹ ਉਹਨਾਂ ਦੇ ਪਿਛਲੇ ਚੰਗੇ ਕਰਮਾਂ ਦਾ ਫਲ ਹੀ ਸਮਝਿਆ ਜਾ ਰਿਹਾ ਹੈ,ਪਰੰਤੂ ਇਸ ਜੀਵਨ ਵਿੱਚ ਉਹਨਾਂ ‘ਤੇ ਚੰਗੇ ਨਾਲੋਂ ਮਾੜੇ ਕਰਮ ਕਰਨ ਦੇ ਦੋਸ਼  ਜਿਆਦਾ ਲੱਗਦੇ ਰਹੇ ਹਨ,ਬਲਕਿ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਅਤੇ ਪੰਥ ਦਾ ਨੁਕਸਾਨ ਕਰਨ ਦੇ ਕਾਰਜ ਸਭ ਤੋ ਵੱਧ ਉਹਨਾਂ ਦੇ ਹਿੱਸੇ ਹੀ ਆਏ ਹਨ। ਜੇਕਰ ਇਹਨਾਂ ਦੇ ਸੱਤਾ ਦੇ ਕਾਰਜਕਾਲ ਦੀ ਗੱਲ ਕੀਤੀ ਜਾਵੇ,ਤਾਂ ਪ੍ਰਕਾਸ ਸਿੰਘ ਬਾਦਲ ਹੀ ਸਨ,ਜਿੰਨਾਂ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦਿੱਤੀ।ਕਿਸਾਨਾਂ ਨੂੰ ਵੱਡੀ ਪੱਧਰ ਤੇ ਟਿਉਬਵੈਲ ਕੁਨੈਕਸਨ ਵੀ ਉਹਨਾਂ ਦੀਆਂ ਸਰਕਾਰਾਂ ਸਮੇ ਦਿੱਤੇ ਗਏ,ਇਹੋ ਕਾਰਨ ਸੀ ਕਿਸਾਨੀ ਦਾ ਵੱਡਾ ਹਿੱਸਾ ਉਹਨਾਂ ਦੀ ਪਾਰਟੀ ਨਾਲ ਜੁੜਿਆ ਰਿਹਾ ਹੈ।ਗਰੀਬਾਂ ਨੂੰ ਆਟਾ ਦਾਲ ਸਕੀਮਾਂ ਅਤੇ ਟੁੱਟੇ ਛਿੱਤਰਾਂ,ਚੱਪਲਾਂ ਬਦਲੇ ਚੀਨੀ, ਇਸ ਦੇ ਇਵਜ ਵਿੱਚ ਖੂਬ ਚਰਚਾ ਬਦਲੇ ਲੋਕ ਹਮਦਰਦੀ ਖੱਟਣ ਵਾਲੀ ਸਰਕਾਰ ਵੀ ਸ੍ਰ ਬਾਦਲ ਦੀ ਹੀ ਸੀ।ਉਹਨਾਂ ਨੇ ਕਦੇ ਵੀ ਅਫਸਰਸ਼ਾਹੀ ਨੂੰ ਆਪਣੀ ਸਰਕਾਰ ਤੇ ਭਾਰੀ ਨਹੀ ਪੈਣ ਦਿੱਤਾ,ਬਲਕਿ ਉਹਨਾਂ ਦੇ ਜਿਲਾ ਪੱਧਰੀ ਆਗੂਆਂ ਤੇ ਵਰਕਰਾਂ ਦਾ ਪੁਲਿਸ ਅਤੇ  ਸਿਵਲ ਪ੍ਰਸ਼ਾਸ਼ਨ ਤੇ ਦਬਦਬਾ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ। ਜੇਕਰ ਉਹਨਾਂ ਦੇ ਕਾਰਜਕਾਲ ਦੇ  ਨਾਕਾਰਾਤਮਿਕ ਪੱਖ ਦੀ ਗੱਲ ਕੀਤੀ ਜਾਵੇ,ਤਾਂ ਸਬਸਿਡੀਆਂ ਦੇ ਦੇ ਕੇ ਟਿਉਬਵੈਲ ਕੁਨੈਕਸਨ ਦੇ ਕੇ ਸ੍ਰ ਬਾਦਲ ਨੇ ਪੰਜਾਬੀ ਕਿਸਾਨਾਂ ਦੇ ਅੰਦਰੋਂ ਨਹਿਰੀ ਪਾਣੀ ਦੀ ਲੋੜ ਦਾ ਅਹਿਸਾਸ ਮਾਰ ਦੇਣ ਦਾ ਦੋਸ਼ ਵੀ ਉਹਨਾਂ ਤੇ ਲੱਗਦਾ ਹੈ। ਉਹਨਾਂ ਵੱਲੋਂ ਉਪਰੋਕਤ ਨਿਗੂਣੀਆਂ ਸਹੂਲਤਾਂ ਦੇਕੇ ਭਾਖੜਾ ਡੈਮ ਦਾ ਪਰਬੰਧ ਅਤੇ ਖੋਹੇ ਗਏ ਨਹਿਰੀ ਪਾਣੀ ਵਰਗੇ ਬੇਹੱਦ ਗੰਭੀਰ ਮੁੱਦਿਆਂ ਪ੍ਰਤੀ ਪੰਜਾਬ ਦੇ ਲੋਕਾਂ ਨੂੰ ਸੁਹਿਰਦਤਾ ਨਾਲ ਸੋਚਣ ਦਾ ਮੌਕਾ ਹੀ ਨਹੀ ਦਿੱਤਾ ਗਿਆ।ਹਜਾਰਾਂ ਨੌਜਵਾਨਾਂ ਦਾ ਘਾਣ ਕਰਵਾਉਣ ਤੋ ਬਾਅਦ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਤਿਲਾਂਜਲੀ ਦੇ ਕੇ ਸਿੱਖ ਹਿਤਾਂ ਤੋ ਮੂਲ਼ੋਂ ਹੀ ਪਾਸਾ ਵੱਟਣ ਦਾ ਵੱਡਾ ਦੋਸ਼ ਵੀ ਸ੍ਰ ਬਾਦਲ ਤੇ ਲੱਗਦਾ ਹੈ।ਇਹ ਧਾਰਨਾ ਆਮ ਪ੍ਰਚੱਲਿਤ ਹੈ ਕਿ ਸ੍ਰ ਬਾਦਲ ਦੇ ਕਾਰਜਕਾਲ ਦੌਰਾਨ ਪੰਜਾਬ ਅਤੇ ਪੰਥ ਲੁੱਟਿਆ ਪੁੱਟਿਆ ਗਿਆ,ਪਰ ਬਾਦਲ ਪਰਿਵਾਰ ਦੇ ਕਾਰੋਵਾਰ ਲਗਾਤਾਰ ਤੇਜੀ ਨਾਲ ਵੱਧਦੇ ਰਹੇ।ਪਹਿਲੀ ਵਾਰ ਮੁੱਖ ਮੰਤਰੀ ਬਣਦਿਆਂ ਪੰਜਾਬ ਚ ਚੱਲ ਰਹੀ ਉਸ ਮੌਕੇ ਦੀ ਨਕਸਲਵਾੜੀ ਲਹਿਰ ਨੂੰ ਕੁਚਲਣ ਲਈ ਝੂਠੇ ਮੁਕਾਬਲਿਆਂ ਦੀ ਪਿਰਤ ਵੀ 1971 ਵਿੱਚ ਉਹਨਾਂ ਵੱਲੋਂ ਪਾਈ ਗਈ ਸੀ,ਜਦੋ ਪੁਲਿਸ ਵੱਲੋਂ ਝੂਠੇ ਮੁਕਾਬਲੇ ਬਨਾਉਣ ਦਾ ਸਫਲ ਤੁਜੱਰਬਾ 82 ਸਾਲਾ  ਨਕਸਲਵਾੜੀਏ ਬਾਬਾ ਬੂਝਾ ਸਿੰਘ ਤੇ ਕੀਤਾ ਗਿਆ ਸੀ,ਉਸ ਤੋਂ ਬਾਅਦ ਇਹ ਪਿਰਤ ਲਗਾਤਾਰ ਚੱਲਦੀ ਰਹੀ ਅਤੇ ਸੈਕੜੇ ਦੇ ਕਰੀਬ ਨਕਸਲਵਾੜੀ ਲਹਿਰ ਨਾਲ ਸਬੰਧਤ ਨੌਜਵਾਨਾਂ ਦਾ ਅਕਿਹ ਅਤੇ ਅਸਿਹ ਤਸੀਹੇ ਦੇ ਕੇ ਕਤਲ ਕੀਤਾ ਗਿਆ। ਉਸ ਮੌਕੇ ਇੱਕ ਗੀਤ ਵੀ ਪਰਚੱਲਿਤ ਹੋਇਆ ਸੀ,ਜਿਸ ਵਿੱਚ ਮੌਤ ਕਿਸੇ ਸਿਰੜੀ ਨੌਜਵਾਨ ਨਾਲ ਗੱਲਾਂ ਕਰਦੀ ਚਿਤਵੀ ਹੈ,ਜਿਸ ਦੇ ਬੋਲ ਸਨ:-
  ‘ਚੁੱਕ ਤੱਤੇ ਸਰੀਏ ਨੂੰ ਲਾਲ ਸੂਹੀ ਹੋਕੇ ਮੌਤ ਕਹਿੰਦੀ ਇੰਜ ਆਉਂਦਾ ਨਹੀ ਤੂੰ ਲੋਟ ਵੇ,
  ਕਿੱਥੇ ਤੇਰੀ ਜਨਤਾ ਤੂੰ ਕੀਹਦੇ ਗੁਣ ਗਾਈ ਜਾਵੇਂ ਕਿੱਥੇ ਨੇ ਉਹ ਅੱਜ ਤੇਰੇ ਲੋਕ ਵੇ”
  ‘ਪਿੰਡ ਮੇਰੇ ਸਾਰੇ ਪਿੰਡ, ਲੋਕ ਮੇਰੇ ਸਾਰੇ ਲੋਕ,ਘਰ ਮੇਰਾ ਜਨਤਾ ਦੀ ਝੋਲ’
  ‘ਨਹਿਰ ਕਿਨਾਰੇ ਮੌਤ ਜਿੰਦਗੀ ਵਿਚਾਲੇ ਸਾਰੀ ਰਾਤ ਇੰਜ ਹੁੰਦਾ ਰਿਹਾ ਘੋਲ’….
  ਸੋ ਉਪਰੋਕਤ ਗੀਤ ਦੀਆਂ ਸਤਰਾਂ ਸਪੱਸਟ ਕਰਦੀਆਂ ਹਨ,ਕਿ ਉਸ ਮੌਕੇ ਦੇ ਨੌਜਵਾਨਾਂ ਨਾਲ ਕਿਸਤਰਾਂ ਦਾ ਵਿਹਾਰ ਕੀਤਾ ਜਾਂਦਾ ਰਿਹਾ,ਤੇ ਕਿਸਤਰਾਂ ਅੱਗ ਵਿੱਚ ਲਾਲ ਕੀਤੇ ਹੋਏ ਸਰੀਏ ਨੌਜਵਾਨਾਂ ਦੇ ਸਰੀਰ ਵਿੱਚਦੀ ਕੱਢੇ  ਜਾਂਦੇ ਸਨ। ਸ੍ਰ ਬਾਦਲ ਵੱਲੋਂ ਪਾਈ ਇਸ ਪਿਰਤ ਨੇ ਉਸ ਤੋ ਬਾਅਦ 1984 ਤੋ 1994 ਦੇ ਦਹਾਕੇ ਦੌਰਾਨ ਤਾਂ ਸਾਰੇ ਪੁਰਾਣੇ ਰਿਕਾਰਡ ਹੀ ਮਾਤ ਪਾ ਦਿੱਤੇ ਸਨ। ਹੁਣ ਜਦੋ ਸ੍ਰ ਬਾਦਲ ਇਸ ਫਾਨੀ ਸੰਸਾਰ ਤੋ ਕੂਚ ਕਰ ਗਏ ਹਨ,ਤਾਂ ਇਸ ਪੜਾ ਤੇ ਆਕੇ ਉਹਨਾਂ ਦੀ ਜਿੰਦਗੀ ਦਾ ਸਾਰਾ ਚਿੱਠਾ ਨੰਗਾ ਹੋਣਾ ਸੁਭਾਵਿਕ ਹੈ।ਸ੍ਰ ਬਾਦਲ ਜਿੰਦਗੀ ਚ ਪੰਜ ਵਾਰੀ ਮੁੱਖ ਮੰਤਰੀ ਬਣੇ, ਇੱਕ ਵਾਰੀ ਵੀ ਉਹਨਾਂ ਦੀ ਪਾਰੀ ਸਿੱਖ ਕੌਂਮ ਲਈ ਸ਼ੁਭ ਨਹੀ ਰਹੀ। ਦੂਜੀ ਵਾਰ ਮੁੱਖ ਮੰਤਰੀ ਰਹੇ 1977-1980, ਉਸ ਮੌਕੇ ਨਿਰੰਕਾਰੀ ਕਾਂਡ ਕਰਵਾਇਆ, 13 ਸਿੰਘ ਸ਼ਹੀਦ ਕਰਵਾਏ, ਐਸ ਵਾਈ ਐਲ ਨਹਿਰ ਕੱਢਣ ਦਾ ਨੋਟੀਫਿਕੇਸਨ ਵੀ 1978 ਵਿੱਚ ਸ੍ਰ ਬਾਦਲ ਦੀ ਸਰਕਾ੍ਰ ਸਮੇ ਜਾਰੀ ਕੀਤਾ ਗਿਆ। ਤੀਜੀ ਵਾਰ 1997-2002 ਤੱਕ ਮੁੱਖ ਮੰਤਰੀ ਬਣਾਇਆ ਹੀ ਪੰਜਾਬ ਵਿੱਚ ਚੱਲੇ ਇੱਕ ਦਹਾਕੇ ਤੱਕ ਸਿੱਖ ਨਸਲਕੁਸ਼ੀ ਵਾਲੇ ਦੌਰ ਵਿੱਚ ਤਤਕਾਲੀ ਪੁਲਿਸ ਮੁਖੀ ਕੇ ਪੀ ਐਸ ਗਿੱਲ ਦੀ ਸਿੱਖ ਮੁੰਡੇ ਮਾਰਨ ਵਿੱਚ ਮਦਦ ਕਰਨ ਅਤੇ ਆਰ ਐਸ ਐਸ ਦੀ ਫਰਬਰੀ 1994 ਵਿੱਚ  ਪੱਕੀ ਮੈਂਬਰਸ਼ਿੱਪ ਲੈਣ ਦੇ ਇਨਾਮ ਵਿੱਚ ਸੀ, ਅਤੇ ਉਸ ਮੌਕੇ ਭਨਿਆਰੇ ਵਾਲੇ ਸਾਧ ਦਾ ਕਾਂਡ ਵਾਪਰਿਆ, ਜਦੋ ਸੈਕੜੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ,ਚੌਥੀ ਵਾਰ 2007-2012 ਵਿੱਚ ਨੂਰ ਮਹਿਲੀਏ ਅਤੇ ਸਿਰਸੇ ਵਾਲੇ ਦਾ ਬਹੁ ਚਰਚਿਤ ਸਵਾਂਗ ਵਾਲਾ ਕਾਂਡ ਹੋਇਆ, ਇਹਦੇ ਵਿੱਚ ਵੀ ਸੈਕੜੇ ਝੂਠੇ ਕੇਸ ਸਿੱਖਾਂ ਤੇ ਪਾਏ,ਤਸੱਦਦ ਢਾਹਿਆ,ਸਿੱਖ ਨੌਜਆਨ ਸ਼ਹੀਦ ਕੀਤੇ ਅਤੇ ਡੇਰੇਦਾਰ ਨੂੰ ਸੁਰਖਿਆ ਦਿੱਤੀ, ਪੰਜਵੀਂ ਤੇ ਆਖਰੀ ਵਾਰ 2012 -2017 ਵਿੱਚ ਤਾਂ ਹੱਦ ਹੀ ਮੁਕਾ ਦਿੱਤੀ, ਜਦੋ ਜੂਨ 2015 ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪਾਂ ਦੀ ਚੋਰੀ ਨਾਲ ਬੇਅਦਬੀਆਂ ਦਾ ਦੌਰ ਸੁਰੂ ਹੋਇਆ ਤੇ ਸੰਘਰਸ਼ ਕਰਦੇ ਸਿੱਖਾਂ ਤੇ ਪੁਲਿਸ ਨੇ ਗੋਲੀਆਂ ਚਲਾਈਆਂ, ਪਾਣੀ ਦੀਆਂ  ਬੁਛਾੜਾਂ ਛੱਡੀਆਂ, ਅੱਥਰੂ ਗੈਸ  ਅਤੇ ਅੰਨ੍ਹੇਵਾਹ ਲਾਠੀਚਾਰਜ ਨਾਲ ਜਿੱਥੇ ਸੈਕੜੇ ਸਿੱਖ ਗੰਭੀਰ ਰੂਪ ਵਿੱਚ ਜਖਮੀ ਕੀਤੇ,ਓਥੇ ਦੋ ਸਿੱਖ ਸ਼ਹੀਦ ਕਰਨ ਦਾ ਕਲੰਕ ਆਪਣੇ ਨਾਮ ਕੀਤਾ। ਸ੍ਰ ਬਾਦਲ ਨੇ ਭਾਂਵੇ ਆਪਣੇ ਪਰਿਵਾਰ ਲਈ ਬਹੁਤ ਵੱਡੇ ਕਾਰੋਬਾਰ ਖੜੇ ਕਰ ਦਿੱਤੇ ਹੋਣ,ਆਪਣੇ ਇਕਲੌਤੇ ਪੁੱਤਰ ਨੂੰ ਉੱਪ ਮੁੱਖ ਮੰਤਰੀ ਅਤੇ ਸਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਬਣਾ ਦਿੱਤਾ,ਪਰੰਤੂ ਇਹ ਕੌੜਾ ਸੱਚ ਹੈ ਕਿ ਸ੍ਰ ਬਾਦਲ ਨੇ ਕੋਈ ਵੀ ਸਿੱਖ ਸੰਸਥਾ ਇੱਕ ਜੁੱਟ ਨਹੀ ਰਹਿਣ ਦਿੱਤੀ,ਅਕਾਲੀ ਦਲ ਅਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸਿੱਖ ਵਿਰੋਧੀ ਜਮਾਤ ਦੀ ਘੁਸਪੈਹਠ ਕਰਵਾ ਕੇ ਜੋ ਪੰਥ,ਪੰਜਾਬ ਅਤੇ ਸਿੱਖੀ ਸਿਧਾਂਤਾਂ ਦਾ ਨੁਕਸਾਨ ਕੀਤਾ ਹੈ,ਉਹਦੇ  ਲਈ ਸਿੱਖ ਹਮੇਸਾਂ ਸ੍ਰ ਬਾਦਲ ਨੂੰ ਕੋਸਦੇ ਰਹਿਣਗੇ। ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ  ਮਰਿਆਦਾ ਨੂੰ ਸਭ ਤੋ ਵੱਧ ਢਾਹ ਵੀ ਇਸ ਸਮੇ ਦੌਰਾਨ ਹੀ ਲੱਗੀ। ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਪੰਜ ਵਾਰੀ ਮੁੱਖ ਮੰਤਰੀ ਬਨਣਾ ਕਈ ਮਹਾਨਤਾ ਜਾਂ ਮਹੱਤਵਪੂਰਨ ਨਹੀ,ਬਲਕਿ ਮਹੱਤਵਪੂਰਨ ਤਾਂ ਇਹ ਹੈ ਕਿ ਉਹ ਪੰਜ ਵਾਰ ਮੁੱਖ ਮੰਤਰੀ ਬਣਕੇ ਆਪਣੇ ਲੋਕਾਂ ਲਈ ਕਿਹੜੇ ਵੱਡੇ ਕਾਰਜ ਕਰਕੇ ਗਏ। ਇਹ ਵੀ ਅਕਾਲ ਪੁਰਖ ਦਾ ਕੋਈ ਕੌਤਿਕ ਹੀ ਸਮਝਿਆ ਜਾਣਾ ਬਣਦਾ ਹੈ ਕਿ ਉਮਰ ਭਰ ਰਾਜਨੀਤੀ ਵਿੱਚ ਵਿਰੋਧੀਆਂ ਨੂ ਚਿੱਤ ਕਰਨ ਵਿੱਚ ਸਫਲ ਰਹਿਣ ਵਾਲਾ ਸ੍ਰ ਬਾਦਲ ਜਿੱਥੇ ਆਪਣੇ ਪਰਿਵਾਰ ਨੂੰ ਲੋਕਾਂ ਚ ਬਿਲਕੁਲ ਕੱਖੋਂ ਹੌਲਾ ਹੋਇਆ ਆਪਣੀਆਂ ਅੱਖਾਂ ਨਾਲ ਜਿਉਂਦੇ ਜੀਅ ਦੇਖ ਕੇ ਗਿਆ ਹੈ,ਓਥੇ ਹਮੇਸਾਂ ਜੇਤੂ ਰਹਿਣ ਵਾਲਾ ਸ੍ਰ  ਬਾਦਲ ਜਿੰਦਗੀ ਦੀ ਆਖਰੀ ਚੋਣ ਹਾਰ ਕੇ ਦੁਨੀਆਂ ਤੋ ਗਿਆ ਹੈ।ਗ੍ਰੰਥ,ਪੰਥ ਦਾ ਮਿਹਣਾ ਬਾਦਲ ਪਰਿਵਾਰ ਦੀਆਂ ਪੁਸਤਾਂ ਦੇ ਨਾਮ ਜੁੜ ਗਿਆ ਹੈ,ਕਿਉਂਕਿ ਸ੍ਰ ਬਾਦਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀਆਂ ਦੇ ਦੋਸ਼ੀ ਹੋਣ ਦਾ ਕਲੰਕ ਵੀ ਨਾਲ ਲੈ ਕੇ ਹੀ ਸੰਸਾਰ ਤੋਂ ਕੂਚ ਕਰ ਗਿਆ ਹੈ। ਸੋ ਮਰਨ ਉਪਰੰਤ ਕੋਈ ਵਿਅਕਤੀ ਕਿੰਨੀਆਂ ਦੁਆਵਾਂ ਜਾਂ ਬਦ-ਦੁਆਵਾਂ ਲੈ ਕੇ ਜਾਂਦਾ ਹੈ,ਇਹ ਉਹਦੇ ਜਿੰਦਗੀ ਵਿੱਚ ਕੀਤੇ ਕਰਮਾਂ ਤੇ ਨਿਰਭਰ ਕਰਦਾ ਹੈ। ਇਸੇਤਰਾਂ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਜਿੰਦਗੀ ਚ ਕੀ ਖੱਟਿਆ ਅਤੇ ਕੀ ਗਵਾਇਆ,ਇਹ ਪਾਠਕ ਖੁਦ ਉਹਨਾਂ ਵੱਲੋਂ ਸਰੀਰਕ ਰੂਪ ਚ ਵਿਚਰਦਿਆਂ ਕੀਤੇ ਗਏ ਉਹਨਾਂ ਦੇ ਕਰਮਾਂ ਤੋਂ ਅੰਦਾਜਾ ਖੁਦ ਲਾ ਲੈਣਗੇ।

  ਬਘੇਲ ਸਿੰਘ ਧਾਲੀਵਾਲ
  99142-58142