ਮਾਂ ਦਿਵਸ ਤੇ ਵਿਸ਼ੇਸ਼- ਮਾਵਾਂ ਦੀਆਂ ਦੁਆਵਾਂ - ਗੁਰਦੀਸ਼ ਕੌਰ ਗਰੇਵਾਲ

ਜਦੋਂ ਬੱਚਾ ਇਸ ਦੁਨੀਆਂ ਵਿੱਚ ਜਨਮ ਲੈਂਦਾ ਹੈ ਤਾਂ ਉਸ ਨੂੰ ਸਿਵਾਏ ਰੋਣ ਦੇ ਹੋਰ ਕੱਝ ਨਹੀਂ ਆਉਂਦਾ ਹੁੰਦਾ, ਪਰ ਉਦੋਂ ਵੀ ਉਸ ਨੂੰ ਮਾਂ ਦੀ ਮਿੱਠੀ ਪਿਆਰੀ ਤੇ ਨਿੱਘੀ ਗੋਦੀ ਦਾ ਅਹਿਸਾਸ ਜਰੂਰ ਹੁੰਦਾ ਹੈ। ਉਹ ਕਿੰਨਾ ਵੀ ਰੋਂਦਾ ਕਿਉਂ ਨਾ ਹੋਵੇ- ਪਰ ਜੇਕਰ ਮਾਂ ਉਸ ਨੂੰ ਮਮਤਾ ਨਾਲ ਘੁੱਟ ਕੇ ਹਿੱਕ ਨਾਲ ਲਾ ਲਵੇ ਤਾਂ ਝੱਟ ਚੁੱਪ ਕਰ ਜਾਂਦਾ ਹੈ। ਮਾਂ ਆਪਣੇ ਬੱਚੇ ਲਈ ਹਰ ਦੁੱਖ ਸੁੱਖ ਆਪਣੇ ਤਨ ਤੇ ਜਰਦੀ ਹੈ, ਪਰ ਆਪਣੇ ਬੱਚਿਆਂ ਨੂੰ ਤੱਤੀ ਵਾ ਨਹੀਂ ਲਗਣ ਦਿੰਦੀ। ਮਾਂ ਮਮਤਾ ਦੀ ਮੂਰਤ, ਪਿਆਰ ਦਾ ਸਾਗਰ, ਦਇਆ ਤੇ ਤਿਆਗ ਦੀ ਦੇਵੀ ਹੈ। ਪ੍ਰੋਫੈਸਰ ਮੋਹਨ ਸਿੰਘ ਨੇ ਤਾਂ 'ਮਾਂ' ਨੂੰ ਸਵਰਗ ਤੋਂ ਵੀ ਉੱਚਾ ਦਰਜਾ ਦਿੰਦੇ ਹੋਏ ਕਿਹਾ ਹੈ-
ਮਾਂ ਵਰਗਾ ਘਣਛਾਵਾਂ ਬੂਟਾ, ਮੈਨੂੰ ਨਜ਼ਰ ਨਾ ਆਏ।
ਜਿਸ ਤੋਂ ਲੈ ਕੇ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ।
ਬਾਕੀ ਕੁੱਲ ਦੁਨੀਆਂ ਦੇ ਬੂਟੇ, ਜੜ੍ਹ ਸੁੱਕਿਆਂ ਮੁਰਝਾਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ, ਇਹ ਬੂਟਾ ਸੁੱਕ ਜਾਏ।
ਮਾਂ ਦਾ ਪਿਆਰ ਸਾਨੂੰ, ਸਰਦੀ 'ਚ ਨਿੱਘ, ਗਰਮੀ 'ਚ ਠੰਢਕ ਤੇ ਦੁੱਖ ਮੁਸੀਬਤ ਵਿੱਚ ਧਰਵਾਸ ਦਿੰਦਾ ਹੈ। ਜਦੋਂ ਕਦੇ ਅਚਾਨਕ ਸਾਨੂੰ ਕੋਈ ਸੱਟ ਫੇਟ ਲੱਗ ਜਾਵੇ ਤਾਂ ਸਾਡੇ ਮੂੰਹੋਂ ਆਪ ਮੁਹਾਰੇ ਹੀ 'ਹਾਏ ਮਾਂ' ਨਿਕਲਦਾ ਹੈ। ਗੱਲ ਕੀ ਹਰ ਦੁੱਖ ਸੁੱਖ ਵਿੱਚ ਸਭ ਤੋਂ ਪਹਿਲਾਂ ਮਾਂ ਹੀ ਯਾਦ ਆਉਂਦੀ ਹੈ। ਮਾਂ ਸਾਰੇ ਦੁੱਖ ਆਪਣੇ ਸਿਰ ਲੈ ਕੇ, ਸਾਰੇ ਸੁੱਖ ਬੱਚਿਆਂ ਤੋਂ ਨਿਸ਼ਾਵਰ ਕਰ ਦਿੰਦੀ ਹੈ। ਮਾਂ ਦੇ ਪਿਆਰ ਦਾ ਬਦਲ ਵੀ ਇਸ ਦੁਨੀਆਂ ਵਿੱਚ ਕੋਈ ਨਹੀਂ। ਕਹਿੰਦੇ ਹਨ ਕਿ- 'ਰੱਬ ਹਰ ਥਾਂ ਨਹੀਂ ਪਹੁੰਚ ਸਕਦਾ, ਇਸੇ ਲਈ ਉਸ ਨੇ ਮਾਂ ਦੀ ਸਿਰਜਣਾ ਕੀਤੀ!'
ਮਾਂ ਦੇ ਪਿਆਰ ਨੂੰ ਸਮਾਂ ਤੇ ਦੂਰੀ ਘੱਟ ਨਹੀਂ ਕਰ ਸਕਦੇ ਅਤੇ ਨਾ ਹੀ ਅਯੋਗਤਾ ਜਾਂ ਨਾਸ਼ੁਕਰਾਪਨ ਕਮਜ਼ੋਰ ਕਰ ਸਕਦੇ ਹਨ। ਮਾਂ ਦੀ ਕੁਰਬਾਨੀ ਦਾ ਮੁੱਲ ਕਿਸੇ ਵੀ ਕੀਮਤ ਤੇ ਤਾਰਿਆ ਨਹੀਂ ਜਾ ਸਕਦਾ, ਪਰ ਪਿਆਰ ਸਤਿਕਾਰ ਤਾਂ ਦਿੱਤਾ ਹੀ ਜਾ ਸਕਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਅਜੋਕੇ ਯੁੱਗ ਵਿੱਚ ਬੱਚੇ ਇਸ ਤੋਂ ਵੀ ਮੁਨਕਰ ਹੁੰਦੇ ਜਾ ਰਹੇ ਹਨ। ਆਮ ਤੌਰ ਤੇ ਨਾਰੀ ਦੇ ਚਾਰ ਰੂਪ ਮੰਨੇ ਜਾਂਦੇ ਹਨ- ਮਾਂ, ਭੈਣ, ਪਤਨੀ ਤੇ ਬੇਟੀ। ਇਹਨਾਂ ਵਿਚੋਂ ਮਾਂ ਦੇ ਰੂਪ ਨੂੰ ਸਰਵ-ਉਚ ਸਥਾਨ ਪ੍ਰਾਪਤ ਹੈ। ਇਥੇ ਇੱਕ ਸੱਚੀ ਘਟਨਾ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ। ਅੱਤਵਾਦ ਦਾ ਦੌਰ ਸੀ। ਇੱਕ ਪਿੰਡ ਵਿੱਚ ਅੱਧੀ ਰਾਤ ਵੇਲੇ ਇੱਕ ਜ਼ਿਮੀਦਾਰ ਦੇ ਘਰ ਖਾੜਕੂ ਸਿੰਘ ਆ ਗਏ ਤੇ ਰੋਟੀ ਦੀ ਮੰਗ ਕੀਤੀ। ਹਥਿਆਰ ਦੇਖ ਪਰਿਵਾਰ ਵਾਲੇ ਸਹਿਮ ਗਏ। ਘਰ ਵਿੱਚ ਘਰ ਦਾ ਮਾਲਕ, ਉਸ ਦੀ ਬੀਵੀ ਤੇ ਜਵਾਨ ਕੁੜੀ ਮੁੰਡਾ ਸਨ। ਘਰ ਦੇ ਪਿਛਵਾੜੇ ਮਾਂ-ਬਾਪ ਅਲੱਗ ਰਹਿੰਦੇ ਸਨ। ਪੁੱਤਰ ਦੀ ਆਪਣੇ ਮਾਂ-ਬਾਪ ਨਾਲ ਬੋਲ ਚਾਲ ਨਹੀਂ ਸੀ। ਖਾੜਕੂਆਂ ਨੇ ਕਿਸੇ ਗੱਲ ਤੋਂ ਖਿਝ ਕੇ, ਮਾਲਕ ਤੇ ਏ.ਕੇ. ਸੰਤਾਲੀ ਤਾਣ ਲਈ। ਸਾਰੇ ਘਬਰਾ ਗਏ ਕਿਸੇ ਨੂੰ ਕੁੱਝ ਸੁੱਝੇ ਨਾ। ਰੌਲ਼ਾ ਸੁਣ ਮਾਂ-ਬਾਪ ਭੱਜੇ ਆਏ। ਮਾਂ ਨੇ ਜਦ ਆਪਣੇ ਪੁੱਤਰ ਦੀ ਹਿੱਕ ਤੇ ਬੰਦੂਕ ਤਣੀ ਵੇਖੀ ਤਾਂ ਦੌੜ ਕੇ ਪੁੱਤਰ ਦੇ ਅੱਗੇ ਖੜ੍ਹ ਗਈ, ਤੇ ਕਹਿਣ ਲੱਗੀ-'ਇਸ ਤੋਂ ਪਹਿਲਾਂ ਮੇਰੇ ਗੋਲੀ ਮਾਰ ਦਿਓ!' ਪਤਾ ਨਹੀਂ ਉਹਨਾਂ ਨੂੰ ਆਪਣੀ ਮਾਂ ਯਾਦ ਆ ਗਈ ਕਿ ਰਹਿਮ ਆ ਗਿਆ- ਤੇ ਉਹ ਵਾਪਿਸ ਚਲੇ ਗਏ। ਇਹ ਘਟਨਾ ਸੁਣ ਕੇ ਮੈਂ ਕਈ ਦਿਨ ਸੋਚਦੀ ਰਹੀ ਕਿ-'ਇਹ ਮਾਂ ਦਾ ਹੀ ਜਿਗਰਾ ਸੀ- ਜਦ ਕਿ ਉਸ ਦੀ ਬੇਟੀ, ਬੇਟਾ ਤੇ ਬੀਵੀ ਵੀ ਤਾਂ ਘਰ ਵਿੱਚ ਹੀ ਸੀ!'
ਮਾਂ ਦਾ ਰੋਲ ਕੇਵਲ ਬੱਚੇ ਨੂੰ ਆਪਣੀ ਕੁੱਖ ਤੋਂ ਜਨਮ ਦੇ ਕੇ ਹੀ ਖਤਮ ਨਹੀਂ ਹੋ ਜਾਂਦਾ, ਸਗੋਂ ਪਿਆਰ ਦੁਲਾਰ ਦੇ ਨਾਲ ਉਸ ਦਾ ਪਾਲਣ-ਪੋਸ਼ਣ ਕਰਨਾ ਤੇ ਜ਼ਿੰਦਗੀ ਵਿੱਚ ਸਹੀ ਰਾਹ ਦਿਖਾਉਣਾ ਵੀ ਉਸ ਦਾ ਫਰਜ਼ ਹੁੰਦਾ ਹੈ। ਪਰ ਦੇਖਣ ਵਿੱਚ ਆਇਆ ਹੈ ਕਿ ਕਈ ਪਰਿਵਾਰਾਂ ਵਿੱਚ ਇਹ ਰੋਲ ਦਾਦੀਆਂ ਨਾਨੀਆਂ ਵੀ ਨਿਭਾਅ ਰਹੀਆਂ ਹਨ। ਮਾਂ ਇੱਕ ਕਲਾਕਾਰ ਹੁੰਦੀ ਹੈ- ਜੋ ਆਪਣੇ ਬੱਚੇ ਦੀ ਸ਼ਖ਼ਸੀਅਤ ਨੂੰ ਘੜਨ ਲਈ ਆਪਣੀ ਪੂਰੀ ਵਾਹ ਲਾਉਂਦੀ ਹੈ। ਭਗਤ ਪੂਰਨ ਸਿੰਘ ਦੀ ਮਾਂ ਮਹਿਤਾਬ ਕੌਰ ਨੇ ਆਪਣੇ ਬੱਚੇ ਦੀ ਸ਼ਖ਼ਸੀਅਤ ਨੂੰ ਏਨਾ ਸੁਹਣਾ ਘੜਿਆ ਕਿ ਉਹ ਹਜ਼ਾਰਾਂ ਲੂਲੇ, ਲੰਗੜੇ, ਪਿੰਗਲਿਆਂ ਦੀ ਮਾਂ ਬਣ ਗਿਆ, ਜਿਸ ਦੀ ਮਿਸਾਲ ਦੁਨੀਆਂ ਵਿੱਚ ਕਿਤੇ ਨਹੀਂ ਮਿਲਦੀ। ਮਸ਼ਹੂਰ ਸਮਰਾਟ ਨੈਪੋਲੀਅਨ ਬੋਨਾਪਾਰਟ ਨੇ ਵੀ ਕਿਹਾ ਸੀ ਕਿ- 'ਤੁਸੀਂ ਮੈਂਨੂੰ ਚੰਗੀਆਂ ਮਾਵਾਂ ਦਿਓ, ਮੈਂ ਤੁਹਾਨੂੰ ਚੰਗੀ ਕੌਮ ਦੇਵਾਂਗਾ'। ਮਾਂ ਨੂੰ ਪੁੱਤ ਦੀ ਸ਼ੋਹਰਤ ਜਾਂ ਕਮਾਈ ਨਾਲੋਂ, ਉਸ ਦੀ ਸਿਹਤ ਦਾ ਵੱਧ ਫਿਕਰ ਰਹਿੰਦਾ ਹੈ। ਜਦੋਂ ਨੈਪੋਲੀਅਨ ਵੀ ਅਨੇਕਾਂ ਜਿੱਤਾਂ ਜਿੱਤਣ ਤੋਂ ਬਾਅਦ ਆਪਣੀ ਮਾਂ ਨੂੰ ਮਿਲਿਆ ਤਾਂ ਮਾਂ ਨੇ ਉਸ ਦੇ ਸਰੀਰ ਨੂੰ ਟੋਹ ਕੇ ਕਿਹਾ ਸੀ-'ਪੁੱਤ ਤੂੰ ਲਿੱਸਾ ਹੋ ਗਿਆ!'
ਮਾਂ ਤੋਂ ਬਿਨਾਂ ਇਸ ਸ੍ਰਿਸ਼ਟੀ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਪਤਾ ਨਹੀਂ ਭਰੂਣ ਹੱਤਿਆ ਕਰਨ ਵਾਲੇ ਇਸ ਸਚਾਈ ਨੂੰ ਕਿਉਂ ਨਹੀਂ ਸਮਝਦੇ? ਮਹਾਰਾਜਾ ਰਣਜੀਤ ਸਿੰਘ ਦੀ ਮਾਂ ਨੂੰ ਵੀ, ਜੇ ਕਿਸੇ ਮਹਾਤਮਾ ਦੇ ਕਹਿਣ ਤੇ ਉਸ ਦੇ ਪਰਿਵਾਰ ਵਾਲੇ, ਜੰਮਦੀ ਨੂੰ ਚਾਟੀ 'ਚ ਪਾ ਕੇ ਦਬਾਇਆ ਹੋਇਆ ਤੁਰੰਤ ਨਾ ਕੱਢਦੇ- ਤਾਂ ਉਹ ਵੱਡੀ ਹੋ ਕੇ, ਮਾਂ ਬਣ ਸ਼ੇਰੇ ਪੰਜਾਬ ਨੂੰ ਕਿਵੇਂ ਜਨਮ ਦਿੰਦੀ? ਇਸੇ ਕਾਰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ  ਨੇ ਵੀ ਇਸ ਜਗਤ- ਜਨਣੀ ਦੇ ਹੱਕ ਵਿੱਚ ਆਵਾਜ਼ ਉਠਾਉਂਦਿਆਂ ਕਿਹਾ ਸੀ- 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਅੰਗ 473)॥
ਅਜੋਕੇ ਸਮੇਂ ਦਾ ਦੁਖਾਂਤ ਹੈ ਕਿ- ਅੱਜ ਸਾਡੀਆਂ ਮਾਵਾਂ ਬ੍ਰਿਧ ਆਸ਼ਰਮਾਂ ਵਿੱਚ ਰੁਲ਼ ਰਹੀਆਂ ਹਨ। ਇੱਕ ਵਾਰੀ 'ਮਦਰਜ਼ ਡੇ' ਤੇ ਖਬਰ ਆਈ ਸੀ, ਕਿ ਬ੍ਰਿਧ ਆਸ਼ਰਮ ਦੀਆਂ ਬਜ਼ੁਰਗ ਔਰਤਾਂ ਨੂੰ ਜਦ ਦੱਸਿਆ ਗਿਆ ਕਿ ਅੱਜ 'ਮਾਂ ਦਿਵਸ' ਹੈ ਤਾਂ ਉਹ ਸਾਰਾ ਦਿਨ ਗੇਟ ਦੇ ਨੇੜੇ ਬੈਠੀਆਂ ਰਹੀਆਂ, ਕਿ ਸ਼ਾਇਦ ਉਹਨਾ ਦਾ ਕੋਈ ਆਪਣਾ ਮਿਲਣ ਆ ਜਾਵੇ। ਕਿੰਨੇ ਨਾ ਸ਼ੁਕਰੇ ਹਾਂ ਅਸੀਂ.. ਸੋਚਿਆ ਕਦੇ? ਇੱਕ ਵਾਰੀ ਆਪਣੇ ਸ਼ਹਿਰ ਦੇ ਬ੍ਰਿਧ ਆਸ਼ਰਮ ਵਿੱਚ ਜਾਣ ਦਾ ਸਬੱਬ ਬਣਿਆਂ। ਮੈਂ ਤੇ ਮੇਰਾ ਬੇਟਾ, ਬਜ਼ੁਰਗਾਂ ਲਈ ਕਾਫੀ ਸਾਰਾ ਫਰੂਟ ਲੈ ਗਏ। 25- 30 ਕਮਰੇ ਸਨ ਦੋ ਮੰਜਲੀ ਇਮਾਰਤ ਦੇ ਅਤੇ ਹਰ ਕਮਰੇ ਵਿੱਚ ਦੋ ਦੋ ਬਜ਼ੁਰਗ ਸਨ। ਹਰ ਕਮਰੇ ਦੇ ਬਜ਼ੁਰਗ ਸਾਨੂੰ ਇੰਨੀ ਅਪਣੱਤ ਨਾਲ ਮਿਲੇ- ਜਿਵੇਂ ਉਹ ਸਾਡੇ ਵਿਚੋਂ ਕਿਸੇ ਆਪਣੇ ਨੂੰ ਤਲਾਸ਼ ਰਹੇ ਹੋਣ। ਮੇਰੀਆਂ ਅੱਖਾਂ ਵਾਰ ਵਾਰ ਸੇਜਲ ਹੋ ਜਾਂਦੀਆਂ। ਬੇਟੇ ਨੇ ਹਰ ਇੱਕ ਬਜ਼ੁਰਗ ਦੇ ਪੈਰੀਂ ਹੱਥ ਲਾਇਆ, ਤੇ ਫਿਰ ਫਰੂਟ ਦਿੱਤਾ। ਢੇਰ ਸਾਰੀਆਂ ਦੁਆਵਾਂ ਨਾਲ ਮਾਲੋ ਮਾਲ ਹੋ ਕੇ, ਜਦੋਂ ਅਸੀਂ ਘਰ ਪਰਤੇ ਤਾਂ ਮੈਂ ਬੇਟੇ ਨੂੰ ਕਿਹਾ ਕਿ- 'ਅੱਜ ਤੂੰ ਬਹੁਤ ਅਮੀਰ ਹੋ ਗਿਆ ਹੈਂ..ਤੇਰੀ ਝੋਲੀ ਦੁਆਵਾਂ ਨਾਲ ਨੱਕੋ ਨੱਕ ਭਰ ਗਈ ਹੈ!' ਅੱਜ ਜਦੋਂ ਉਹ ਆਪਣੀ ਜ਼ਿੰਦਗੀ ਵਿੱਚ ਕੋਈ ਪ੍ਰਾਪਤੀ ਕਰਦਾ ਹੈ, ਤਾਂ ਮੈਨੂੰ ਜਾਪਦਾ ਕਿ- ਇਹ ਉਸ ਦੇ ਦਾਦਾ ਦਾਦੀ, ਨਾਨਾ ਨਾਨੀ, ਤੇ ਉਹਨਾਂ ਬ੍ਰਿਧ ਆਸ਼ਰਮ ਦੇ ਬਜ਼ੁਰਗਾਂ ਦੀਆਂ ਦੁਆਵਾਂ ਦਾ ਹੀ ਫਲ਼ ਹੈ!
ਵਿਦੇਸ਼ਾਂ ਵਿੱਚ ਵੀ ਇਹੀ ਹਾਲ ਹੈ। ਕੋਈ ਕਰਮਾਂ ਵਾਲਾ ਪਰਿਵਾਰ ਹੋਏਗਾ, ਜਿੱਥੇ ਮਾਂ ਜਾਂ ਬਾਪ ਬੱਚਿਆਂ ਦੇ ਨਾਲ ਰਹਿੰਦੇ ਹਨ। ਬਹੁਤੇ ਪਰਿਵਾਰਾਂ ਵਿੱਚ ਲੜਕੀਆਂ ਨੇ ਹੀ ਮਾਂ- ਬਾਪ ਮੰਗਵਾਏ ਹਨ ਤੇ ਉਹਨਾਂ ਕੋਲ ਹੀ ਰਹਿੰਦੇ ਹਨ, ਭਾਵੇਂ ਉਸੇ ਸ਼ਹਿਰ ਵਿੱਚ ਉਹਨਾਂ ਦੇ ਲੜਕੇ ਦਾ ਪਰਿਵਾਰ ਵੀ ਰਹਿੰਦਾ ਹੋਵੇ। ਜਿੰਨਾ ਚਿਰ ਛੋਟੇ ਬੱਚਿਆਂ ਨੂੰ ਸੰਭਾਲਣਾ ਹੁੰਦਾ ਹੈ, ਉੰਨਾ ਚਿਰ ਦਾਦੀ ਦਾਦੇ ਦੀ ਕਦਰ ਹੁੰਦੀ ਹੈ.. ਪਰ ਜਿਉਂ ਹੀ ਬੱਚੇ ਟੀਨ-ਏਜਰ ਹੁੰਦੇ ਹਨ ਤਾਂ ਉਹ ਬਜ਼ੁਰਗ ਵਾਧੂ ਲੱਗਣ ਲੱਗ ਜਾਂਦੇ ਹਨ। ਫਿਰ ਉਹਨਾਂ ਨੂੰ ਕਿਸੇ ਬੇਸਮੈਂਟ ਜਾਂ ਓਲਡ-ਏਜ ਹੋਮ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ- ਜਿੱਥੇ ਕਦੇ ਕਦਾਈਂ ਮਾਂ-ਦਿਵਸ ਤੇ ਗੁਲਦਸਤਾ ਦੇ ਕੇ ਵਰਾਇਆ ਜਾਂਦਾ ਹੈ। ਜ਼ਰਾ ਸੋਚੋ- ਕੀ ਮਾਵਾਂ ਦੀ ਕੁਰਬਾਨੀ ਦਾ ਇਹੀ ਮੁੱਲ ਰਹਿ ਗਿਆ? ਮੇਰੇ ਇੱਕ ਬਜ਼ੁਰਗ ਪਾਠਕ ਮੈਂਨੂੰ ਆਪਣੀ ਇਸ ਤਰ੍ਹਾਂ ਦੀ ਆਪ ਬੀਤੀ ਸੁਣਾ, ਰੋ ਪਏ।
ਮਾਂ ਦੇ ਪਿਆਰ ਦੀ ਅਸਲ ਕੀਮਤ ਕਿਸੇ ਯਤੀਮ ਬੱਚੇ ਨੂੰ ਪੁੱਛ ਕੇ ਦੇਖੋ- ਜਿਹੜਾ ਵਿਚਾਰਾ 'ਮਾਂ' ਲਫ਼ਜ਼ ਕਹਿਣ ਲਈ ਤਰਸਿਆ ਹੁੰਦਾ ਹੈ। ਉਹ ਲੋਕ ਨਸੀਬਾਂ ਵਾਲੇ ਹਨ ਜੋ ਅਜੇ ਤੱਕ ਮਾਂ ਦੇ ਪਿਆਰ ਦਾ ਨਿੱਘ ਮਾਣ ਰਹੇ ਹਨ। 'ਮਾਂ ਦਾ ਦਿੱਲ' ਕਵਿਤਾ ਸ਼ਾਇਦ ਤੁਸੀਂ ਵੀ ਪੜ੍ਹੀ ਹੋਏਗੀ- ਜਿਸ ਵਿੱਚ ਇੱਕ ਕਲਯੁਗੀ ਪੁਤਰ, ਆਪਣੀ ਮਹਿਬੂਬਾ ਦੇ ਕਹਿਣ ਤੇ ਮਾਂ ਦਾ ਕਲੇਜਾ ਕੱਢ ਕੇ ਲਿਜਾ ਰਿਹਾ ਹੁੰਦਾ ਹੈ ਤਾਂ ਰਸਤੇ ਵਿੱਚ ਠੇਡਾ ਖਾ ਕੇ ਡਿਗ ਪੈਂਦਾ ਹੈ.. ਉਸ ਵੇਲੇ ਵੀ ਮਾਂ ਦੇ ਦਿੱਲ ਵਿਚੋਂ ਆਵਾਜ਼ ਨਿਕਲਦੀ ਹੈ- 'ਪੁੱਤਰਾ ਕਿਧਰੇ ਸੱਟ ਤਾਂ ਨਹੀਂ ਲੱਗੀ?' ਪੁੱਤ ਕਿੰਨਾ ਵੀ ਨਿਕੰਮਾ ਹੋਵੇ, ਲੇਕਿਨ ਮਾਂ ਦੇ ਮੂੰਹੋਂ ਕਦੇ ਉਸ ਲਈ ਕੋਈ ਬਦਅਸੀਸ ਨਹੀਂ ਨਿਕਲਦੀ। ਸਾਥੀਓ- ਦੁਨੀਆਂ ਦੀ ਹਰ ਸ਼ੈਅ ਪੈਸੇ ਨਾਲ ਖਰੀਦੀ ਜਾ ਸਕਦੀ ਹੈ ਲੇਕਿਨ 'ਮਾਂਵਾਂ ਦੀਆਂ ਦੁਆਵਾਂ' ਕਿਧਰੇ ਮੁੱਲ ਨਹੀਂ ਮਿਲਦੀਆਂ। ਇਹਨਾਂ ਦੁਆਵਾਂ ਜਾਂ ਅਸੀਸਾਂ ਵਿੱਚ ਬੜੀ ਵੱਡੀ ਤਾਕਤ ਹੁੰਦੀ ਹੈ। ਇਸੇ ਲਈ ਤਾਂ ਕਿਹਾ ਜਾਂਦਾ ਹੈ- 'ਲੈ ਅਸੀਸਾਂ ਮਾਂ ਦੇ ਪਾਸੋਂ, ਭਰ ਲੈ ਆਪਣੀ ਸੱਖਣੀ ਝੋਲ!'
ਕੋਈ ਸਮਾਂ ਸੀ, ਪਰਿਵਾਰ ਦਾ ਕੋਈ ਵੀ ਜੀਅ ਕਿਸੇ ਕੰਮ ਲਈ ਘਰੋਂ ਬਾਹਰ ਜਾਂਦਾ ਤਾਂ  ਬਜ਼ੁਰਗ ਮਾਂ ਜਾਂ ਬਾਪ ਦੇ ਚਰਨ ਛੂਹ ਕੇ, ਆਸ਼ੀਰਵਾਦ ਲੈ ਕੇ ਜਾਂਦਾ। ਸ਼ਾਇਦ ਮਾਪਿਆਂ ਦੀਆਂ ਅਸੀਸਾਂ ਕਾਰਨ ਹੀ, ਉਸ ਦਾ ਕਾਰਜ ਵੀ ਸਹਿਜੇ ਹੀ ਨੇਪਰੇ ਚੜ੍ਹ ਜਾਂਦਾ। ਅਸੀਂ ਵੀ ਜਦ ਛੋਟੇ ਹੁੰਦੇ ਪੇਪਰ ਦੇਣ ਜਾਂਦੇ ਤਾਂ- ਸਾਡੇ ਬੀਜ਼ੀ (ਮਾਂ) ਸਾਡੇ ਮੂੰਹ ਵਿੱਚ ਦੋ ਚਮਚੇ ਦਹੀਂ ਦੇ ਜਰੂਰ ਪਾਉਂਦੇ ਤੇ ਨਾਲ ਹੀ ਅਸੀਸਾਂ ਦੇਈ ਜਾਂਦੇ। ਮੈਂਨੂੰ ਕੁੱਝ ਸਿਆਣੀ ਹੋ ਕੇ ਇਹ ਸਮਝ ਆਈ ਕਿ ਦਹੀਂ ਖਿਲਾਉਣਾ ਤਾਂ ਇੱਕ ਬਹਾਨਾ ਸੀ ਉਹਨਾਂ ਦਾ.. ਸਾਨੂੰ ਜਾਣ ਤੋਂ ਪਹਿਲਾਂ ਅਸ਼ੀਰਵਾਦ ਦੇਣ ਦਾ। ਸੱਚ ਜਾਣਿਓਂ- ਬਜ਼ੁਰਗਾਂ ਦੀਆਂ ਇਹਨਾਂ ਅਸੀਸਾਂ ਵਿੱਚ ਇੱਕ ਕਰਾਮਾਤੀ ਸ਼ਕਤੀ ਸੀ, ਜੋ ਸਾਡੇ ਕੰਮ ਸੁਤੇ ਸਿੱਧ ਹੀ ਹੋ ਜਾਇਆ ਕਰਦੇ ਸਨ, ਕੋਈ ਅੜਚਣ ਨਹੀਂ ਸੀ ਪੈਂਦੀ। ਇਸ ਇੱਕੀਵੀ ਸਦੀ ਵਿੱਚ, ਮਨੋਵਿਗਿਆਨੀ ਜਾਂ ਮੈਡੀਟੇਸ਼ਨ ਵਾਲੇ ਇਸੇ ਨੂੰ 'ਪੌਜਿਟਿਵ ਵਾਈਬਰੇਸ਼ਨਜ਼' ਦਾ ਨਾਮ ਦੇਣ ਲੱਗ ਪਏ ਹਨ।
ਅਜੋਕੇ ਯੁੱਗ ਦੀ ਤੇਜ-ਰਫਤਾਰ ਜ਼ਿੰਦਗੀ ਵਿੱਚ, ਅਸੀਂ ਮਾਵਾਂ ਦੀਆਂ ਅਸੀਸਾਂ ਤੋਂ ਵਾਂਝੇ ਹੋ ਗਏ ਹਾਂ। ਬਹੁਤੇ ਪਰਿਵਾਰਾਂ ਵਿੱਚ ਤਾਂ ਬਜ਼ੁਰਗਾਂ ਨੂੰ ਨਾਲ ਹੀ ਨਹੀਂ ਰੱਖਿਆ ਜਾਂਦਾ। ਤੇ ਜਿੱਥੇ ਬਜ਼ੁਰਗ ਰਹਿੰਦੇ ਵੀ ਪਰਿਵਾਰ ਨਾਲ ਹਨ, ਉੱਥੇ ਵੀ ਕੰਮਾਂ ਤੇ ਜਾਣ ਦੀ ਕਾਹਲ ਵਿੱਚ ਬਜ਼ੁਰਗਾਂ ਨੂੰ ਮਿਲ ਕੇ ਜਾਣ ਦੀ ਲੋੜ ਹੀ ਨਹੀ ਸਮਝੀ ਜਾਂਦੀ। ਵੈਸੇ ਜੇ ਦੇਖਿਆ ਜਾਵੇ ਤਾਂ-'ਅੱਛਾ ਮਾਤਾ ਜੀ, ਮੈਂ ਚਲਦਾਂ..ਸ਼ਾਮ ਨੂੰ ਇੰਨੇ ਵਜੇ ਆਵਾਂਗਾ' ਕਹਿਣ ਲਈ ਸ਼ਾਇਦ ਦੋ ਸੈਕੰਡ ਦਾ ਸਮਾਂ ਮਸੀਂ ਲਗਦਾ ਹੋਣਾ- ਪਰ ਅਫਸੋਸ! ਕਿ ਅਸੀਂ ਇੰਨਾ ਸਮਾਂ ਵੀ ਬਜ਼ੁਰਗਾਂ ਦੀ ਖੁਸ਼ੀ ਲਈ ਨਹੀਂ ਕੱਢ ਸਕਦੇ। ਹੈਰਾਨੀ ਦੀ ਗੱਲ ਹੈ ਕਿ ਜਿਹਨਾਂ ਮਾਪਿਆਂ ਨੇ ਸਾਨੂੰ ਚਾਰ ਪੰਜ ਬੱਚਿਆਂ ਨੂੰ ਲੋੜਾਂ ਥੁੜ੍ਹਾਂ ਦੇ ਹੁੰਦਿਆਂ ਵੀ, ਵਧੀਆ ਤਰੀਕੇ ਨਾਲ ਪਾਲ਼ਿਆ ਹੁੰਦਾ ਹੈ- ਉਹ ਸਾਰੇ ਬੱਚੇ ਰਲ਼ ਕੇ ਵੀ ਆਪਣੇ ਬਜ਼ੁਰਗ ਮਾਂ ਜਾਂ ਬਾਪ ਨੂੰ ਨਹੀਂ ਰੱਖ ਸਕਦੇ!
ਸਾਥੀਓ- ਮਾਂ ਦੇ ਪਿਆਰ ਦਾ ਕਰਜ਼ ਤਾਂ ਕਿਸੇ ਵੀ ਕੀਮਤ ਤੇ ਨਹੀਂ ਚੁਕਾਇਆ ਜਾ ਸਕਦਾ- ਪਰ ਜਿੰਨਾ ਚਿਰ ਮਾਂ ਦਾ ਸਾਇਆ ਸਿਰ ਤੇ ਮੌਜੂਦ ਹੈ- ਮਾਵਾਂ ਨੂੰ ਪਿਆਰ ਸਤਿਕਾਰ ਦੇ ਕੇ, ਅਸੀਂ ਉਸ ਬੇਸ਼ਕੀਮਤੀ ਦੌਲਤ ਨਾਲ ਮਾਲਾ ਮਾਲ ਹੋ ਸਕਦੇ ਹਾਂ- ਜੋ ਸਾਨੂੰ 'ਦੁਆਵਾਂ' ਦੇ ਰੂਪ ਵਿੱਚ ਮੁਫ਼ਤ 'ਚ ਹੀ ਮਿਲ ਜਾਣੀ ਹੈ। ਮਾਪਿਆਂ ਦੇ ਬੋਲਾਂ ਵਿੱਚ ਵੀ ਕਿਸੇ ਮਹਾਂ-ਪੁਰਸ਼ ਜਾਂ ਪੂਰਨ ਸੰਤ-ਮਹਾਤਮਾ ਦੇ ਬੋਲਾਂ ਤੋਂ ਘੱਟ ਤਾਕਤ ਨਹੀਂ ਹੁੰਦੀ। ਜਿਸ ਨੇ ਮਾਪਿਆਂ ਦੀ ਸੇਵਾ ਕਰ ਲਈ, ਉਸ ਨੂੰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦੀ ਜਰੂਰਤ ਨਹੀਂ। ਕਈ ਐਸੇ ਲੋਕ ਵੀ ਹਨ ਜਿਹਨਾਂ ਦੇ ਮਾਪੇ ਤਾਂ ਬ੍ਰਿਧ ਆਸ਼ਰਮਾਂ ਵਿੱਚ ਰੁਲ਼ਦੇ ਹਨ ਪਰ ਉਹ ਧਰਮ- ਅਸਥਾਨਾਂ ਤੇ ਜਾ ਕੇ ਆਪਣੀ ਤੇ ਆਪਣੇ ਬੱਚਿਆਂ ਦੇ ਸੁੱਖ ਦੀ ਅਰਦਾਸ ਕਰਦੇ ਹਨ। ਭਾਈ- ਜੋ ਬੀਜਾਂਗੇ, ਉਹੀ ਵੱਢਾਂਗੇ।
ਮੁੱਕਦੀ ਗੱਲ ਇਹ ਹੈ ਕਿ- ਚੌਵੀ ਘੰਟੇ ਵਿੱਚੋਂ ਜੇ ਪੰਦਰਾਂ ਵੀਹ ਮਿੰਟ ਜਾਂ ਅੱਧਾ ਘੰਟਾ, ਮਾਵਾਂ ਦੇ ਨਾਮ ਕਰਕੇ, ਢੇਰ ਸਾਰੀਆਂ ਦੁਆਵਾਂ ਪ੍ਰਾਪਤ ਹੋ ਜਾਣ, ਜੋ ਜੀਵਨ ਦੀਆਂ ਮੁਸਕਲਾਂ ਹੱਲ ਕਰਨ ਲਈ ਤਾਕਤ ਬਣ ਜਾਣ- ਤਾਂ ਕਿਸੇ ਸਾਧ ਬਾਬੇ ਅੱਗੇ ਨੱਕ ਰਗੜ ਕੇ ਆਸ਼ੀਰਵਾਦ ਲੈਣ ਦੀ ਲੋੜ ਨਹੀਂ ਪਏਗੀ..ਤੇ ਸਾਡਾ ਜਿਉਣਾ ਧੰਨ ਹੋ ਜਾਏਗਾ!
ਸੋਚ ਲੈਣਾ ਜੇ ਵਿਹਲ ਮਿਲੇ ਤਾਂ!
ਗੁਰਦੀਸ਼ ਕੌਰ ਗਰੇਵਾਲ- ਕੈਲਗਰੀ- ਕੈਨੇਡਾ
ਵਟਸਐਪ: +91 98728 60488