ਅਣਗਹਿਲੀ / ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ

ਜਸਵਿੰਦਰ ਸਿੰਘ ਦੇ ਮੁੰਡੇ ਅਜਮੇਰ ਨੇ ਦਸਵੀਂ ਜਮਾਤ ਦੇ ਪੇਪਰ ਪਾਏ ਹੋਏ ਸਨ। ਅੱਜ ਦਸਵੀਂ ਜਮਾਤ ਦਾ ਨਤੀਜਾ ਨਿਕਲਿਆ ਸੀ। ਸ਼ਾਮ ਨੂੰ ਜਦੋਂ ਸ਼ਹਿਰ ਤੋਂ ਜਸਵਿੰਦਰ ਸਿੰਘ ਕੰਮ ਤੋਂ ਘਰ ਵਾਪਸ ਆਇਆ, ਤਾਂ ਉਸ ਨੇ ਦੇਖਿਆ ਕਿ ਅਜਮੇਰ ਮੂੰਹ ਲਟਕਾਈ ਬੈਠਾ ਸੀ।
ਜਸਵਿੰਦਰ ਸਿੰਘ ਨੇ ਅਜਮੇਰ ਨੂੰ ਪੁੱਛਿਆ," ਪੁੱਤ ਕੀ ਗੱਲ ਹੋਈ? ਬੜਾ ਚੁੱਪ, ਚੁੱਪ ਬੈਠਾਂ।"
" ਪਾਪਾ ਜੀ, ਮੈਂ ਦਸਵੀਂ ਜਮਾਤ ਚੋਂ ਫੇਲ੍ਹ ਹੋ ਗਿਆਂ।" ਅਜਮੇਰ ਨੇ ਰੋਂਦੇ, ਰੋਂਦੇ ਨੇ ਆਖਿਆ।
" ਪੁੱਤ ਤੂੰ ਕਿਹੜਾ ਸਾਰਾ ਸਾਲ ਪੜ੍ਹਿਆਂ? ਟੀਚਰਾਂ ਦਾ ਦੱਸਿਆ ਕੰਮ ਨਾ ਤੂੰ ਕਦੇ ਕਾਪੀਆਂ 'ਚ ਕੀਤਾ, ਨਾ ਕਦੇ ਕੁੱਝ ਯਾਦ ਕੀਤਾ। ਆਪਣੀ ਅਣਗਹਿਲੀ ਕਰਕੇ ਤੂੰ ਫੇਲ੍ਹ ਹੋਇਆਂ। ਹੁਣ ਰੋਣ ਦਾ ਕੀ ਫਾਇਦਾ?" ਜਸਵਿੰਦਰ ਸਿੰਘ ਨੇ ਆਖਿਆ।
" ਪਾਪਾ ਜੀ, ਹੁਣ ਮੈਨੂੰ ਮਾਫ ਕਰ ਦਿਉ। ਮੈਨੂੰ ਸਕੂਲ ਤੋਂ ਪੜ੍ਹਨ ਤੋਂ ਨਾ ਹਟਾਇਉ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਐ। ਐਤਕੀਂ ਮੈਂ ਦਿਲ ਲਾ ਕੇ ਪੜ੍ਹਾਗਾ। ਤੁਹਾਨੂੰ ਪਾਸ ਹੋ ਕੇ ਤੇ ਚੰਗੇ ਨੰਬਰ ਲੈ ਕੇ ਦੱਸਾਂਗਾ।" ਅਜਮੇਰ ਨੇ ਵਿਸ਼ਵਾਸ ਨਾਲ ਆਖਿਆ।
" ਪੁੱਤ, ਅਣਗਹਿਲੀ ਕਰਨ ਨਾਲ ਵੱਡੇ, ਵੱਡੇ ਕੰਮ ਖਰਾਬ ਹੋ ਜਾਂਦੇ ਆ। ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਮੇਰੇ ਲਈ ਇਹੋ ਬਹੁਤ ਆ।" ਅਜਮੇਰ ਨੂੰ ਗਲ਼ ਨਾਲ ਲਾਂਦੇ ਹੋਏ ਜਸਵਿੰਦਰ ਸਿੰਘ ਨੇ ਆਖਿਆ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554