ਨਰਕ ਸੁਰਗ - ਨਿਰਮਲ ਸਿੰਘ ਕੰਧਾਲਵੀ
ਫੌਜ ਵਿਚ ਪੰਜ ਸਾਲ ਲਾ ਕੇ ਹੀ ਗੁਰਮੇਲ ਸਿੰਘ ਘਰ ਆ ਗਿਆ ਸੀ। ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਫੌਜ ਵਿਚੋਂ ਕਿਸ ਕਾਰਨ ਉਸ ਦੀ ਛੁੱਟੀ ਹੋ ਗਈ ਸੀ। ਜਿੰਨੇ ਮੂੰਹ ਓਨੀਆਂ ਗੱਲਾਂ। ਹਾਂ! ਇੰਨਾ ਜ਼ਰੂਰ ਸੀ ਕਿ ਪਿੰਡ ਦੇ ਲੋਕ ਉਸ ਨੂੰ ਹੁਣ ਗੇਲੂ ਪੈਨਸ਼ਨੀਆ ਕਹਿੰਦੇ ਸਨ। ਫੌਜ ‘ਚੋਂ ਆਏ ਨੂੰ ਅਜੇ ਸਾਲ ਕੁ ਹੀ ਹੋਇਆ ਸੀ ਕਿ ਉਸ ਦੀ ਭੂਆ ਦੇ ਮੁੰਡਿਆਂ ਨੇ ਉਸ ਨੂੰ ਇੰਗਲੈਂਡ ਤੋਂ ਚਿੱਠੀ ਪਾਈ ਕਿ ਜੇ ਉਹ ਇੰਗਲੈਂਡ ਆਉਣਾ ਚਾਹੁੰਦਾ ਹੋਵੇ ਤਾਂ ਉਹ ਉਸ ਨੂੰ ਵਾਊਚਰ ਭੇਜ ਦੇਣਗੇ। ਭੂਆ ਦੇ ਮੁੰਡੇ ਜੋਗਿੰਦਰ ਅਤੇ ਮਹਿੰਦਰ ਦੋਵੇਂ ਹੀ ਜੇ.ਬੀ.ਟੀ. ਕਰ ਕੇ ਨੇੜੇ ਦੇ ਸਕੂਲਾਂ ‘ਚ ਮਾਸਟਰ ਲੱਗੇ ਹੋਏ ਸਨ ਪਰ ਗਿਆਨ ਚੰਦ ਏਜੰਟ ਦੇ ਜ਼ੋਰ ਪਾਉਣ ‘ਤੇ ਉਹ ਇੰਗਲੈਂਡ ਜਾਣਾ ਮੰਨ ਗਏ ਤੇ ਇੰਗਲੈਂਡ ਨੂੰ ਉਡਾਰੀ ਮਾਰ ਗਏ ਸਨ। ਗੇਲੂ ਨੇ ਵੀ ਪਰਵਾਰ ਨਾਲ਼ ਸਲਾਹ ਕਰ ਕੇ ਹਾਂ ਕਰ ਦਿਤੀ। ਸੱਠਵਿਆਂ ਦਾ ਸਮਾਂ ਸੀ ਜਦੋਂ ਇੰਗਲੈਂਡ ਦਾ ਇੰਮੀਗ੍ਰੇਸ਼ਨ ਮਹਿਕਮਾ ਵਾਊਚਰ ਸਿਸਟਮ ਰਾਹੀਂ ਕਾਮਨਵੈਲਥ ਦੇਸ਼ਾਂ ਤੋਂ ਕਾਮੇ ਮੰਗਵਾਉਂਦਾ ਸੀ ਅਤੇ ਸੇਵਾ-ਮੁਕਤ ਫੌਜੀਆਂ ਨੂੰ ਤਰਜੀਹ ਦਿਤੀ ਜਾਂਦੀ ਸੀ। ਸੋ ਗੇਲੂ ਪੈਂਨਸ਼ਨੀਆ ਵੀ ਇੰਗਲੈਂਡ ਦੇ ਮਿਡਲੈਂਡਜ਼ ਇਲਾਕੇ ਵਿਚ ਪਹੁੰਚ ਗਿਆ ਜਿੱਥੇ ਉਸ ਦੀ ਭੂਆ ਦੇ ਪੁੱਤ ਰਹਿੰਦੇ ਸਨ।
ਜੋਗਿੰਦਰ ਤੇ ਮਹਿੰਦਰ ਦੋਵੇਂ ਮਿਹਨਤੀ ਸਨ। ਪੰਜ ਦਿਨ ਉਹ ਫਾਊਂਡਰੀ ‘ਚ ਕੰਮ ਕਰਦੇ ਤੇ ਸਨਿਚਰ ਤੇ ਐਤਵਾਰ ਨੂੰ ਵੇਲਜ਼ ਦੇ ਸ਼ਹਿਰ ਕਾਰਡਿਫ਼ ਵਿਚ ਸਮੁੰਦਰ ਦੇ ਕੰਢੇ ਕੱਪੜਿਆਂ ਦੀ ਮਾਰਕੀਟ ਲਾਉਣ ਜਾਂਦੇ, ਜਿਸ ਨੂੰ ਸਾਡੇ ਦੇਸੀ ਭਾਈਬੰਦ ਫੱਟਾ ਲਾਉਣਾ ਵੀ ਕਹਿੰਦੇ ਸਨ।
ਉਹ ਜਿਸ ਘਰ ‘ਚ ਰਹਿੰਦੇ ਸਨ ਉੱਥੇ ਤਿੰਨ ਕਿਰਾਏਦਾਰ ਹੋਰ ਵੀ ਸਨ। ਸਾਰੇ ਹੀ ਛੜੇ-ਛੜਾਂਗ। ਗੇਲੂ ਨੂੰ ਸਭ ਕੁਝ ਬੜਾ ਓਪਰਾ ਓਪਰਾ ਲੱਗਿਆ। ਸਾਰੇ ਹੀ ਸਵੇਰੇ ਸਾਝਰੇ ਰੋਟੀਆਂ ਵਾਲ਼ੇ ਝੋਲ਼ੇ ਚੁੱਕ ਕੰਮਾਂ ’ਤੇ ਤੁਰ ਜਾਂਦੇ ਤੇ ਗੇਲੂ ਲਈ ਸਾਰਾ ਦਿਨ ਪਹਾੜ ਜਿੱਡਾ ਹੋ ਜਾਂਦਾ। ਇੰਨਾ ਚੰਗਾ ਹੋਇਆ ਕਿ ਘਰ ਵਿਚ ਪੰਜਾਬੀ ਦੀ ਇਕ ਅਖ਼ਬਾਰ ਦੇ ਕਿੰਨੇ ਸਾਰੇ ਅੰਕ ਪਏ ਸਨ ਜੋ ਕਿ ਇੱਥੇ ਇੰਗਲੈਂਡ ਵਿਚ ਹੀ ਛਪਦੀ ਸੀ। ਉਹ ਪੁਰਾਣੀਆਂ ਅਖ਼ਬਾਰਾਂ ਪੜ੍ਹ ਕੇ ਦਿਨ ਲੰਘਾਉਂਦਾ ਤੇ ਬਾਹਰ ਕਿਤੇ ਇਕੱਲਿਆਂ ਜਾਣ ਤੋਂ ਝਿਜਕਦਾ। ਕੰਮ ‘ਤੇ ਲੱਗਣ ਲਈ ਕਾਨੂੰਨੀ ਕਾਗ਼ਜ਼-ਪੱਤਰ ਤਿਆਰ ਕਰਨ ਲਈ ਅਜੇ ਸਮਾਂ ਲੱਗਣਾ ਸੀ।
ਗੇਲੂ ਨੇ ਸੋਮਵਾਰ ਵਾਲ਼ੇ ਦਿਨ ਇੰਗਲੈਂਡ ਦੀ ਧਰਤੀ ‘ਤੇ ਪੈਰ ਰੱਖਿਆ ਸੀ ਤੇ ਚਹੁੰ ਦਿਨਾਂ ਬਾਅਦ ਜੋਗਿੰਦਰ ਹੋਰੀਂ ਮਾਰਕੀਟ ਲਾਉਣ ਜਾਣਾ ਸੀ। ਗੇਲੂ ਨੇ ਤਾਂ ਜਿਵੇਂ ਕੈਦ ਤੋਂ ਛੁੱਟਣਾ ਸੀ। ਕੁਝ ਮਾਲ ਉਨ੍ਹਾਂ ਕੋਲ ਘਰੇ ਪਿਆ ਸੀ ਤੇ ਬਾਕੀ ਉਹ ਸ਼ੁੱਕਰਵਾਰ ਸ਼ਾਮੀਂ ਵੇਅਰਹਾਊਸ ‘ਚੋਂ ਲੈ ਆਏ ਸਨ। ਉਹਨਾਂ ਤਿੰਨਾਂ ਨੇ ਤੜਕੇ ਚਾਰ ਕੁ ਵਜੇ ਵੇਲਜ਼ ਵਲ ਨੂੰ ਚਾਲੇ ਪਾਏ। ਖਾਣ ਪੀਣ ਵਿਚ ਤਬਦੀਲੀ ਅਤੇ ਮੌਸਮ ਦੇ ਪ੍ਰਭਾਵ ਸਦਕਾ ਗੇਲੂ ਦੇ ਪੇਟ ਵਿਚ ਦੋ ਕੁ ਦਿਨਾਂ ਤੋਂ ਹੀ ਕੁਝ ਗੜਬੜ ਜਿਹੀ ਹੋ ਰਹੀ ਸੀ। ਅੱਧਾ ਕੁ ਸਫ਼ਰ ਹੋਇਆ ਤਾਂ ਗੇਲੂ ਨੇ ਜੰਗਲ-ਪਾਣੀ ਜਾਣ ਦੀ ਇੱਛਾ ਪ੍ਰਗਟ ਕੀਤੀ। ਚਾਰੇ ਪਾਸੇ ਘੁੱਪ ਹਨੇਰਾ ਸੀ। ਉਹਨੀਂ ਇਕ ਥਾਂ ‘ਤੇ ਸੜਕ ਦੇ ਕਿਨਾਰੇ ਵੈਨ ਰੋਕੀ ਤੇ ਗੇਲੂ ਨੂੰ ਹੌਲਾ ਹੋਣ ਲਈ ਕਿਹਾ। ਕਿਉਂਕਿ ਪਾਣੀ ਤਾਂ ਉੱਥੇ ਕਿਧਰੇ ਨੇੜੇ ਤੇੜੇ ਵੀ ਨਹੀਂ ਸੀ ਤੇ ਉੱਪਰੋਂ ਹਨੇਰਾ, ਸੋ ਗੇਲੂ ਨੇ ਝਾੜੀਆਂ ਦੇ ਪੱਤੇ ਭਰੂਅ ਕੇ ‘ਸੁੱਕ-ਮਾਂਜ’ ਕਰ ਲਿਆ ਤੇ ਕਰਦਿਆਂ ਸਾਰ ਹੀ ਉਹ ਲੱਗਾ ਹਾਏ ਹਾਏ ਕਰਨ। ਜੋਗਿੰਦਰ ਨੇ ਟਾਰਚ ਦੀ ਰੌਸ਼ਨੀ ‘ਚ ਦੇਖਿਆ ਕਿ ਕਿਤੇ ਕੋਈ ਕੀੜਾ-ਮਕੌੜਾ ਹੀ ਨਾ ਉਸ ਦੇ ਲੜ ਗਿਆ ਹੋਵੇ। ਪਰ ਉਸ ਨੂੰ ਸਮਝਣ ਵਿਚ ਦੇਰ ਨਾ ਲੱਗੀ ਕਿ ਇਹ ਕਾਰਾ ਤਾਂ ਨੈਟਲ ਦੀ ਝਾੜੀ (ਬਿੱਛੂ-ਬੂਟੀ) ਦਾ ਸੀ ਜਿਸ ਦੇ ਪੱਤਿਆਂ ਨਾਲ ਗੇਲੂ ਨੇ ਸੁੱਕ-ਮਾਂਜ ਕਰ ਲਿਆ ਸੀ। ਜੋਗਿੰਦਰ ਨੂੰ ਯਾਦ ਸੀ ਕਿ ਜਦੋਂ ਉਹ ਨਵੇਂ ਨਵੇਂ ਇਥੇ ਆਏ ਸਨ ਤਾਂ ਉਸ ਦਾ ਵਾਹ ਵੀ ਇਕ ਵਾਰੀ ਇਸ ਬਿੱਛੂ-ਬੂਟੀ ਨਾਲ ਆਪਣੇ ਘਰ ਦੇ ਬੈਕ-ਗਾਰਡਨ ‘ਚ ਪੈ ਚੁੱਕਾ ਸੀ। ਪਲਾਂ ਵਿਚ ਹੀ ਗੇਲੂ ਦੇ ਹੱਥਾਂ ‘ਤੇ ਲਾਲ ਲਾਲ ਧੱਫੜ ਉਭਰਨ ਲੱਗ ਪਏ ਤੇ ਉਸ ਦਾ ਪਿਛਲਾ ਪਾਸਾ ਤਾਂ ਇਉਂ ਸੜ ਰਿਹਾ ਸੀ ਜਿਵੇਂ ਕਿਸੇ ਨੇ ਉਸ ਨੂੰ ਅੱਗ ਉੱਪਰ ਬਿਠਾ ਦਿਤਾ ਹੋਵੇ। ਖਾਜ ਕਰ ਕਰ ਕੇ ਉਹ ਬੇਹਾਲ ਹੋਈ ਜਾ ਰਿਹਾ ਸੀ। ਜਿੱਥੇ ਉਹ ਮਾਰਕੀਟ ਲਗਾਉਂਦੇ ਸਨ, ਹਸਪਤਾਲ ਉਨ੍ਹਾਂ ਦੇ ਰਾਹ ਵਿਚ ਹੀ ਪੈਂਦਾ ਸੀ ਪਰ ਜਿਸ ਪੇਂਡੂ ਇਲਾਕੇ ‘ਚੋਂ ਉਹ ਲੰਘ ਰਹੇ ਸਨ, ਉਸ ਬਾਰੇ ਬਿਲਕੁਲ ਹੀ ਅਨਜਾਣ ਸਨ। ਸੋ, ਸ਼ਹਿਰ ਦੇ ਹਸਪਤਾਲ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ, ਜੋ ਕਿ ਅਜੇ ਕਾਫ਼ੀ ਦੂਰ ਸੀ। ਗੇਲੂ ਸਾਰੇ ਰਾਹ ‘ਹਾਇ ਮਰ ਗਿਆ’, ‘ਹਾਇ ਮਰ ਗਿਆ’ ਕਰਦਾ ਤੜਫ਼ਦਾ ਰਿਹਾ ਤੇ ਵੈਨ ਸ਼ਹਿਰ ਵਲ ਨੂੰ ਦੌੜਦੀ ਰਹੀ।
ਅਜੇ ਸਵੇਰਾ ਹੀ ਹੋਣ ਕਰ ਕੇ ਹਸਪਤਾਲ ਦੀ ਐਮਰਜੈਂਸੀ ਖਾਲੀ ਪਈ ਸੀ। ਸੋ ਜਾਂਦਿਆਂ ਹੀ ਡਾਕਟਰਾਂ ਤੇ ਨਰਸਾਂ ਨੇ ਗੇਲੂ ਨੂੰ ਸੰਭਾਲ ਲਿਆ। ਮਹਿੰਦਰ ਗੇਲੂ ਦੇ ਕੋਲ ਰਹਿ ਪਿਆ ਤੇ ਜੋਗਿੰਦਰ ਫੱਟਾ ਲਗਾਉਣ ਚਲਿਆ ਗਿਆ।
ਜੋਗਿੰਦਰ ਫਾਊਂਡਰੀ ਦੇ ਜਿਸ ਪਾਰਟ ’ਚ ਕੰਮ ਕਰਦਾ ਸੀ ਉੱਥੇ ਵਧੇਰੇ ਕਾਮੇ ਗੋਰੇ ਹੋਣ ਕਰ ਕੇ ਉਹ ਵਧੀਆ ਅੰਗਰੇਜ਼ੀ ਬੋਲਣ ਲੱਗ ਪਿਆ ਸੀ, ਦੂਜਾ ਮਾਰਕੀਟਾਂ ਵਿਚ ਗੋਰੇ ਗਾਹਕਾਂ ਨਾਲ ਵਾਹ ਪੈਂਦਾ ਹੋਣ ਕਰ ਕੇ ਵੀ ਦੋਵਾਂ ਭਰਾਵਾਂ ਦੀ ਅੰਗਰੇਜ਼ੀ ਹੁਣ ਕਿਸੇ ਕੰਮ ‘ਚ ਅੜਿੱਕਾ ਨਹੀਂ ਸੀ ਬਣਦੀ। ਸ਼ਾਮ ਨੂੰ ਹਸਪਤਾਲ ਆ ਕੇ ਜੋਗਿੰਦਰ ਨੇ ਪਹਿਲਾਂ ਮਹਿੰਦਰ ਤੇ ਗੇਲੂ ਨਾਲ ਗੱਲ ਬਾਤ ਕੀਤੀ ਤੇ ਫਿਰ ਉਸ ਨੇ ਡਿਊਟੀ ਨਰਸ ਤੋਂ ਗੇਲੂ ਦਾ ਹਾਲ ਚਾਲ ਜਾਣਿਆ ਤੇ ਨਰਸ ਨੇ ਦੱਸਿਆ ਕਿ ਮਰੀਜ਼ ਨੂੰ ਦੋ ਤਿੰਨ ਦਿਨ ਅਜੇ ਹੋਰ ਹਸਪਤਾਲ ‘ਚ ਰਹਿਣਾ ਪਵੇਗਾ। ਜੇ ਨੈਸ਼ਨਲ ਹੈਲਥ ਸਰਵਿਸ ਦੀ ਹਾਲਤ ਅੱਜ ਵਰਗੀ ਹੁੰਦੀ ਤਾਂ ਉਨ੍ਹੀਂ ਗੇਲੂ ਦੇ ਇਕ ਵਾਰੀ ਕਰੀਮ ਵਿਗੈਰਾ ਲਾ ਕੇ ਘਰ ਨੂੰ ਤੋਰ ਦੇਣਾ ਸੀ ਤੇ ਕਹਿ ਦੇਣਾ ਸੀ ਕਿ ਜੇ ਲੋੜ ਪਈ ਤਾਂ ਉਹ ਆਪਣੀ ਸਰਜਰੀ ਨਾਲ ਸੰਪਰਕ ਕਰ ਲਵੇ। ਪਰ ਉਹ ਜ਼ਮਾਨਾ ਹੋਰ ਸੀ। ਦੱਸਦੇ ਹਨ ਕਿ ਉਦੋਂ ਤਾਂ ਬੱਚਾ ਹੋਣ ਤੋਂ ਬਾਅਦ ਜੱਚਾ-ਬੱਚਾ ਨੂੰ ਪੰਦਰਾਂ ਵੀਹ ਦਿਨ ਹਸਪਤਾਲ ‘ਚ ਰੱਖ ਕੇ ਖੂਬ ਦੇਖ-ਭਾਲ ਕੀਤੀ ਜਾਂਦੀ ਸੀ, ਅੱਜ ਵਾਂਗ ਨਹੀਂ ਸੀ ਕਿ ਬੱਚਾ ਹੋਣ ਤੋਂ ਚਾਰ ਘੰਟੇ ਬਾਅਦ ਹੀ ਪ੍ਰਸੂਤਾ ਔਰਤ ਨੂੰ ਘਰ ਨੂੰ ਤੋਰ ਦਿਤਾ ਜਾਂਦਾ ਹੈ।
ਜੋਗਿੰਦਰ ਨੇ ਨਰਸ ਨੂੰ ਆਪਣੀ ਮਜਬੂਰੀ ਦੱਸੀ ਕਿ ਹਫ਼ਤੇ ਦੇ ਦੌਰਾਨ ਕੰਮ ‘ਤੇ ਹੋਣ ਕਰ ਕੇ ਉਹ ਗੇਲੂ ਨੂੰ ਲੈਣ ਨਹੀਂ ਆ ਸਕਦੇ ਤੇ ਉਂਜ ਵੀ ਸਫ਼ਰ ਬਹੁਤ ਦੂਰ ਦਾ ਹੈ। ਉਹ ਸਨਿਚਰਵਾਰ ਨੂੰ ਹੀ ਆ ਸਕਦੇ ਹਨ। ਨਰਸ ਨੇ ਕਿਹਾ ਕਿ ਉਹ ਇੰਚਾਰਜ ਡਾਕਟਰ ਤੋਂ ਪੁੱਛ ਕੇ ਹੀ ਦੱਸ ਸਕਦੀ ਹੈ।
ਦੂਜੇ ਦਿਨ ਐਤਵਾਰ ਨੂੰ ਵੀ ਮਹਿੰਦਰ ਗੇਲੂ ਦੇ ਕੋਲ ਹੀ ਰਿਹਾ। ਮਾਰਕੀਟ ਦਾ ਕੰਮ ਮੁਕਾ ਕੇ ਸ਼ਾਮ ਨੂੰ ਜੋਗਿੰਦਰ ਹਸਪਤਾਲ ਆਇਆ ਤਾਂ ਨਰਸ ਨੇ ਦੱਸਿਆ ਕਿ ਇੰਚਾਰਜ ਡਾਕਟਰ ਨੇ ਗੇਲੂ ਨੂੰ ਸਨਿਚਰਵਾਰ ਤੱਕ ਰੱਖਣ ਦੀ ਇਜਾਜ਼ਤ ਦੇ ਦਿਤੀ ਹੈ। ਸਵੇਰੇ ਦੋਵਾਂ ਨੇ ਕੰਮ ‘ਤੇ ਜਾਣਾ ਸੀ, ਵਾਪਸੀ ਦਾ ਪੈਂਡਾ ਲੰਮਾ ਸੀ ਤੇ ਉਹ ਗੇਲੂ ਨੂੰ ਪੂਰਾ ਹੌਸਲਾ ਦੇ ਕੇ ਉੱਥੋਂ ਆ ਗਏ।
ਹਫ਼ਤੇ ਦੇ ਦੌਰਾਨ ਜੋਗਿੰਦਰ ਨੇ ਫਾਊਂਡਰੀ ਦੇ ਦਫ਼ਤਰੋਂ ਦੋ ਤਿੰਨ ਵਾਰੀ ਫ਼ੂਨ ਕਰ ਕੇ ਗੇਲੂ ਦਾ ਹਾਲ ਚਾਲ ਪੁੱਛ ਲਿਆ ਸੀ। ਨਰਸ ਨੇ ਦੱਸਿਆ ਸੀ ਕਿ ਮਰੀਜ਼ ਨੂੰ ਸਨਿਚਰਵਾਰ ਦਸ ਵਜੇ ਛੁੱਟੀ ਦੇ ਦਿਤੀ ਜਾਵੇਗੀ। ਸਨਿਚਰਵਾਰ ਨੂੰ ਪਹਿਲਾਂ ਤਾਂ ਦੋਵਾਂ ਭਰਾਵਾਂ ਨੇ ਮਾਰਕੀਟ ਵਿਚ ਆਪਣਾ ਸਟਾਲ ਸੈੱਟ ਕੀਤਾ ਤੇ ਫੇਰ ਦਸ ਕੁ ਵਜੇ ਜੋਗਿੰਦਰ ਗੇਲੂ ਨੂੰ ਹਸਪਤਾਲੋਂ ਲੈ ਆਇਆ।
ਸਾਰਾ ਦਿਨ ਉਹ ਕੱਪੜੇ ਵੇਚਣ ਵਿਚ ਮਸਰੂਫ਼ ਰਹੇ। ਐਤਵਾਰ ਨੂੰ ਮਾਰਕੀਟ ਨਹੀਂ ਸੀ ਲੱਗਣੀ ਸੋ ਸ਼ਾਮੀਂ ਵੇਲੇ ਸਿਰ ਹੀ ਉਨ੍ਹਾਂ ਘਰ ਨੂੰ ਚਾਲੇ ਪਾਏ। ਰਾਹ ਵਿਚ ਜੋਗਿੰਦਰ ਨੇ ਹੀ ਗੱਲ ਤੋਰੀ,” ਕਿੱਦਾਂ ਫੇਰ ਫੌਜੀ ਭਾ, ਕਿਵੇਂ ਰਹੀ ਹਸਪਤਾਲ ਦੀ ਯਾਤਰਾ। ਖੂਬ ਟਹਿਲ ਸੇਵਾ ਕੀਤੀ ਨਰਸਾਂ ਨੇ?”
“ ਪੁੱਛ ਨਾ ਵੀਰਾ, ਉਹ ਕੋਈ ਹਸਪਤਾਲ ਥੋੜ੍ਹੀ ਸੀ, ਉੱਥੇ ਤਾਂ ਸੁਰਗ ਸੀ ਸੁਰਗ, ਮੇਰਾ ਤਾਂ ਉੱਥੋਂ ਆਉਣ ਨੂੰ ਦਿਲ ਹੀ ਨਹੀਂ ਸੀ ਕਰਦਾ। ਤੁਹਾਨੂੰ ਪਤੈ ਸਾਡੇ ਪਿੰਡ ਚੜ੍ਹੇ ਕੱਤੇ ਮਹੀਨੇ ਪਹਾੜ ਵਲੋਂ ਪੰਡਤ ਗੋਕਲ ਚੰਦ ਆ ਕੇ ਵੀਹ ਬਾਈ ਦਿਨ ਕਥਾ ਕਰਦਾ ਹੁੰਦਾ ਸੀ, ਨਾਲ਼ ਉਹਦੇ ਹੁੰਦਾ ਸੀ ਉਹਦਾ ਗੜਵਈ ਪਰਮਾਨੰਦ। ਪਰਮਾਨੰਦ ਦਾ ਕੰਮ ਬਸ ਗੋਕਲ ਚੰਦ ਦੀ ਟਹਿਲ ਸੇਵਾ ਕਰਨਾ ਹੁੰਦਾ ਸੀ। ਸ਼ਾਮ ਨੂੰ ਉਹ ਦਰੀਆਂ ਵਿਛਾਉਂਦਾ, ਗੈਸ ਜਗਾਉਂਦਾ ਤੇ ਹੋਰ ਨਿੱਕੇ ਮੋਟੇ ਕੰਮ ਉਹਦੇ ਹੀ ਜਿੰਮੇ ਹੁੰਦੇ ਸਨ। ਖਾਸ ਕਰ ਗੈਸ ਜਗਾਉਣ ਦਾ ਉਹ ਆਪਣੇ ਆਪ ਨੂੰ ਮਾਹਰ ਸਮਝਦਾ ਸੀ। ਉਦੋਂ ਅਜੇ ਪਿੰਡਾਂ ‘ਚ ਬਿਜਲੀ ਨਹੀਂ ਸੀ ਆਈ। ਹੋਰ ਕਿਸੇ ਨੂੰ ਗੈਸ ਨੂੰ ਹੱਥ ਨਹੀਂ ਸੀ ਲਾਉਣ ਦਿੰਦਾ ਉਹ। ਗੋਕਲ ਚੰਦ ਪਾਸ ਪੰਜ ਚਾਰ ਵੱਡੀਆਂ ਵੱਡੀਆਂ ਕਿਤਾਬਾਂ ਹੁੰਦੀਆਂ ਸਨ ਜਿਨ੍ਹਾਂ ਨੂੰ ਉਹ ਗ੍ਰੰਥ ਕਹਿੰਦਾ ਸੀ, ਸਾਰਾ ਦਿਨ ਉਨ੍ਹਾਂ ਨੂੰ ਪੜ੍ਹਦਾ ਰਹਿੰਦਾ।
ਗੋਕਲ ਚੰਦ ਦੀ ਕਥਾ ਮਿਥਿਹਾਸਕ ਕਹਾਣੀਆਂ ਵਿਚੋਂ ਹੀ ਹੁੰਦੀ। ਸ਼ਬਦਾਂ ਦਾ ਜਾਦੂਗਰ ਸੀ ਉਹ। ਕੀਲ ਕੇ ਬਿਠਾ ਲੈਂਦਾ ਸੀ ਲੋਕਾਂ ਨੂੰ। ਲੋਕ ਸ਼ਾਮ ਤੋਂ ਹੀ ਕਥਾ ਦੀ ਉਡੀਕ ਕਰਨ ਲੱਗ ਜਾਂਦੇ। ਜਿੱਥੇ ਕਿਤੇ ਨਰਕ ਸੁਰਗ ਦਾ ਜ਼ਿਕਰ ਆਉਂਦਾ ਉਹ ਸਰੋਤਿਆਂ ਮੂਹਰੇ ਨਕਸ਼ਾ ਹੀ ਖਿੱਚ ਦਿੰਦਾ। ਸੁਰਗ ਦਾ ਵਰਣਨ ਤਾਂ ਉਹ ਖ਼ੂਬ ਚਟਕਾਰੇ ਲਾ ਲਾ ਕੇ ਕਰਦਾ। ਉੱਥੋਂ ਦੀਆਂ ਅਪੱਸਰਾਵਾਂ ਦੇ ਦੁੱਧ-ਚਿੱਟੇ ਰੰਗ, ਸੁਨਹਿਰੀ ਵਾਲਾਂ ਤੇ ਚੰਨ ਵਰਗੇ ਮੁੱਖੜਿਆਂ ਨੂੰ ਤਾਂ ਉਹ ਝੂਮ ਝੂਮ ਕੇ ਬਿਆਨ ਕਰਦਾ। ਭਾ ਜੀ, ਸੱਚ ਜਾਣਿਉਂ ਗੋਕਲ ਚੰਦ ਦੇ ਸੁਰਗ ਵਾਲੀਆਂ ਅਪੱਸਰਾਵਾਂ ਸਾਖਸ਼ਾਤ ਮੈਂ ਦੇਖੀਆਂ ਇੱਥੇ ਹਸਪਤਾਲ ‘ਚ, ਮੈਨੂੰ ਤਾਂ ਇੰਜ ਲਗਦੈ ਜਿਵੇਂ ਸੁਰਗ ਵਾਲੇ ਵੀ ਅਪੱਸਰਾਵਾਂ ਇੱਥੋਂ ਹੀ ਲੈ ਕੇ ਜਾਂਦੇ ਹੋਣਗੇ।“
ਗੇਲੂ ਆਤਮ-ਵਿਭੋਰ ਹੋ ਕੇ ਕਿਸੇ ਹੋਰ ਹੀ ਦੁਨੀਆ ‘ਚ ਪਹੁੰਚਿਆ ਹੋਇਆ ਸੀ।
ਜੋਗਿੰਦਰ ਵੈਨ ਚਲਾ ਰਿਹਾ ਸੀ, ਮਹਿੰਦਰ ਉਸਨੂੰ ਕਹਿਣ ਲੱਗਾ,” ਭਾ, ਗੱਡੀ ਮੋੜ ਪਿਛਾਂਹ ਨੂੰ, ਗੇਲੂ ਨੂੰ ਛੱਡ ਆਈਏ ਅਪੱਸਰਾਵਾਂ ਦੇ ਦੇਸ਼ ‘ਚ ਫੇਰ”
“ਨਹੀਂ ਮਿੰਧਰਾ, ਇਹਨੇ ਸੁਰਗ ਦੇਖ ਲਿਐ ਹੁਣ ਇਹਨੂੰ ਗੋਕਲ ਚੰਦ ਵਾਲ਼ੇ ਨਰਕ ਦੇ ਦਰਸ਼ਨ ਵੀ ਕਰਵਾਉਣੇ ਐਂ ਅਜੇ, ਜਦੋਂ ਪਿਘਲਦੇ ਲੋਹੇ ਨਾਲ ਘੁਲਣਾ ਪਿਆ ਤੇ ਸੁਆਹ ਨਾਲ ਮੂੰਹ ਸਿਰ ਕਾਲ਼ਾ ਹੋਇਆ ਦੇਖੀਂ ਤਾਂ ਆਪਣਾ ਗੇਲੂ ਜਮਾਂ ਈ ਨਰਕਾਂ ਵਾਲਾ ਜਮਦੂਤ ਲੱਗੂ, ਬਸ ਨਰਕਾਂ ਤੋਂ ਚਿੱਠੀ, ਨਹੀਂ ਸੱਚ ਸਰਕਾਰ ਵਲੋਂ ਕਾਗਜ਼ ਪੱਤਰ, ਆ ਲੈਣ ਦੇ ਇਕ ਵਾਰੀ।“
ਜੋਗਿੰਦਰ ਤੇ ਮਹਿੰਦਰ ਹੱਸ ਰਹੇ ਸਨ ਪਰ ਗੇਲੂ ਨੂੰ ਜਾਪਿਆ ਜਿਵੇਂ ਕਿਸੇ ਨੇ ਉਸ ਨੂੰ ਸੁਰਗਾਂ ‘ਚੋਂ ਧੱਕਾ ਦੇ ਦਿਤਾ ਹੋਵੇ।
..................