ਮੇਰੀ ਲਿਖੀ ਜਾ ਰਹੀ ਪੁਸਤਕ :- ਮੇਰੀਆਂ ਹੱਡਬੀਤੀਆਂ ਵਿੱਚੋਂ - ਹਰਲਾਜ ਸਿੰਘ ਬਹਾਦਰਪੁਰ

ਆਪਣੀ ਕਿਰਤ ਕਮਾਈ ਕਰਕੇ ਪੈਸਾ ਜੋੜੋ, ਜਾਤਾਂ ਧਰਮਾਂ ਆਦਿ ਦੇ ਝਗੜਿਆਂ ਤੋਂ ਬਚੋ।

ਸਾਡੇ ਪਿੰਡ ਦੇ ਡੇਰੇ ਤੇ 2001 ਵਿੱਚ ਹੋਏ ਪਾਠ ਦੇ ਭੋਗ ਤੋਂ ਬਾਅਦ ਡੇਰੇ ਵਿੱਚ ਲੱਗੇ ਨਕਲੀਆਂ (ਭੰਡਾਂ) ਦੇ ਅਖਾੜੇ ਤੋਂ ਦੁੱਖੀ ਹੋਏ ਮੈਂ ਅਤੇ ਬਾਬਾ ਧਰਮ ਸਿੰਘ ਗ੍ਰੰਥੀ ਨੇ 18 ਸਤੰਬਰ 2001 ਨੂੰ ਅਕਾਲ ਤਖਤ ਦੇ ਜੱਥੇਦਾਰ ਨੂੰ ਚਿੱਠੀ ਲਿਖੀ, ਇਹ ਚਿੱਠੀ ਮੈਂ ਧਰਮ ਸਿੰਘ ਦੇ ਨਾਮ ਤੇ ਲਿਖੀ ਸੀ ।
ਸਤਿਕਾਰ ਯੋਗ ਸਿੰਘ ਸਾਹਿਬ ਜੋਗਿੰਦਰ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ,
ਬੇਨਤੀ ਹੈ ਕਿ ਅਸੀਂ ਗੁਰੂ ਘਰਾਂ ਦੇ ਗ੍ਰੰਥੀ ਕੀ ਕਰੀਏ ਕੀ ਨਾ ਕਰੀਏ, ਜੋ ਪਿੰਡਾਂ ਸ਼ਹਿਰਾਂ ਦੇ ਗੁਰੂ ਘਰਾਂ ਦੀਆਂ ਲੋਕਲ ਕਮੇਟੀਆਂ ਹਨ ਜਿੰਨਾ ਦੇ ਮੈਂਬਰ ਬੇਅੰਮ੍ਰਿਤੀਏ ਜਾਂ ਗੁਰਮਤਿ ਤੋਂ ਅਣਜਾਣ ਹੀ ਹੁੰਦੇ ਹਨ, ਜਿਸ ਕਾਰਨ ਅੱਜ ਡੇਰੇ, ਕਬਰਾਂ, ਮੜੀਆਂ ਆਦਿ ਥਾਵਾਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਹੁੰਦੇ ਹਨ। ਜਿੱਥੇ ਸੱਭ ਕੁੱਝ ਗੁਰਮਤਿ ਦੇ ਉਲਟ ਹੁੰਦਾ ਹੈ, ਗੁਰੂ ਘਰਾਂ ਦੀਆਂ ਕਮੇਟੀਆਂ ਦੇ ਮੈਂਬਰ ਹੀ ਡੇਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਹੁੰਦੇ ਹਨ। ਜਿਸ ਦੇ ਕਾਰਨ ਗ੍ਰੰਥੀਆਂ ਨੂੰ ਵੀ ਡੇਰਿਆਂ ਮੜੀਆਂ ਆਦਿ ਥਾਵਾਂ ਤੇ ਮਜਬੂਰਨ ਜਾਣਾ ਪੈਂਦਾ ਹੈ, ਜੇ ਕੋਈ ਗ੍ਰੰਥੀ ਸਿੰਘ ਮਨਮਤਿ ਦਾ ਵਿਰੋਧ ਕਰਦਾ ਹੈ ਤਾਂ ਉਸ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ ਭਾਈ ਮਾਨ ਸਿੰਘ (ਹੈੱਡ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ) ਦੀ ਕੀਤੀ ਗਈ ਹੈ। ਅੱਜ ਕੱਲ੍ਹ ਤਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰੂ ਘਰਾਂ ਵਿੱਚ ਵੀ ਪੰਥਕ ਮਰਯਾਦਾ ਲਾਗੂ ਨਹੀਂ ਹੈ। ਹਰ ਡੇਰੇਦਾਰ ਸੰਤ ਦੀ ਵੱਖੋ ਵੱਖਰੀ ਮਰਯਾਦਾ ਹੈ ਜਿਸ ਕਰਕੇ ਗ੍ਰੰਥੀ ਸਿੰਘਾਂ ਨੂੰ ਪਿੰਡਾਂ ਵਿੱਚ ਵੱਖ ਵੱਖ ਘਰਾਂ ਵਿੱਚ ਵੱਖਰੀ ਵੱਖਰੀ ਮਰਯਾਦਾ ਅਨੁਸਾਰ ਪਾਠ ਕਰਨੇ ਪੈਂਦੇ ਹਨ। ਇਸ ਲਈ ਜਥੇਦਾਰ ਅਕਾਲ ਤਖਤ ਸਾਹਿਬ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਂਦਾ ਹੈ ਕਿ ਸਿੱਖ ਪੰਥ ਨੂੰ ਹੁਕਮਨਾਮਾਂ ਜਾਰੀ ਕਰੇ ਕਿ ਡੇਰੇ, ਕਬਰਾਂ,ਮੜੀਆਂ ਆਦਿ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪ੍ਰਕਾਸ਼ ਨਾ ਕੀਤਾ ਜਾਵੇ। ਹਰੇਕ ਗੁਰੁ ਘਰ ਵਿੱਚ ਇੱਕੋ ਪੰਥਕ ਮਰਯਾਦਾ ਲਾਗੂ ਹੋਵੇ, ਇਸ ਕਾਰਜ ਨੂੰ ਨੂੰ ਨੇਪਰੇ ਚਾੜਨ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਗੁਰਮਤਿ ਨਿਗਰਾਨ ਕਮੇਟੀਆਂ ਦਾ ਗੰਠਨ ਕੀਤਾ ਜਾਵੇ ਜੋ ਪਿੰਡਾਂ ਸਹਿਰਾਂ ਦੇ ਗੁਰੂ ਘਰਾਂ ਵਿੱਚ ਜਾ ਕੇ ਆਪ ਜਾਇਜਾ ਲੈਣ, ਜਿਹੜੇ ਗੁਰੂ ਘਰ ਵਿੱਚ ਪੰਥਕ ਮਰਯਾਦਾ ਤੋਂ ਉਲਟ ਕੋਈ ਮਨਮਤਿ ਹੁੰਦੀ ਹੋਵੇ, ਉਸ ਗੁਰੂ ਘਰ ਦੇ ਗ੍ਰੰਥੀ ਅਤੇ ਸਬੰਧਤ ਕਮੇਟੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਂਦਾ, ਇਸ ਲਈ ਲੋੜ ਹੈ ਠੋਸ ਕਦਮ ਚੁੱਕਣ ਦੀ, ਆਸ ਹੈ ਕਿ ਦਾਸ ਦੀ ਬੇਨਤੀ ਵੱਲ ਜਰੂਰ ਧਿਆਨ ਦੇਉਂਗੇ।
ਗੁਰੁ ਪੰਥ ਦਾ ਦਾਸ ਧਰਮ ਸਿੰਘ ਗ੍ਰੰਥੀ ਗੁਰਦੁਆਰਾ ਜੰਡਸਰ ਸਾਹਿਬ, ਪਿੰਡ ਬਹਾਦਰਪੁਰ ਡਾਕਖਾਨਾ ਖਾਸ, ਤਹਿਸੀਲ ਬੁਢਲਾਡਾ, ਜਿਲਾ ਮਾਨਸਾ, ਪਿੰਨ ਕੋਡ 151501
ਮਿਤੀ 18-9 2001
16 ਨਵੰਬਰ 2001 ਵਿੱਚ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ, 17 ਨਵੰਬਰ ਨੂੰ ਇਹ ਖਬਰ ਅਖਬਾਰਾਂ ਵਿੱਚ ਆ ਗਈ, ਕਿ ਜਥੇਦਾਰ ਵੇਦਾਂਤੀ ਵੱਲੋਂ ਪਾਵਨ ਸਰੂਪ ਕਬਰਾਂ, ਮਜਾਰਾਂ, ਖਾਨਗਾਹਾਂ ਆਦਿ ਤੇ ਲਿਜਾ ਕੇ ਅਖੌਡਪਾਠ ਰੱਖਣ ਦੀ ਮਨਾਹੀ। ਜਦੋਂ ਮੈਂ ਤੇ ਬਾਬਾ ਧਰਮ ਸਿੰਘ ਗ੍ਰੰਥੀ ਨੇ ਲਾਇਬ੍ਰੇਰੀ ਵਿੱਚ ਬੈਠਿਆਂ ਇਹ ਖਬਰ ਵੇਖੀ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਕਿ ਆਪਣੀ ਭੇਜੀ ਚਿੱਠੀ ਤੇ ਜਥੇਦਾਰ ਨੇ ਆਪਣੇ ਲਿਖੇ ਅਨੁਸਾਰ ਹੀ ਹੁਕਮਨਾਮਾ ਜਾਰੀ ਕਰ ਦਿੱਤਾ ਹੈ। ਫਿਰ ਪਿੰਡ ਵਿੱਚ ਬਸੰਤ ਮੁਨੀ ਦੇ ਡੇਰੇ ਤੇ ਰਹਿੰਦੇ ਸਾਧ ਬੋਹੜ ਦਾਸ ਨੇ ਡੇਰੇ ਵਿੱਚ ਪਾਠ ਪ੍ਰਕਾਸ਼ ਕਰਵਾਉਣਾ ਸੀ, ਇਸ ਡੇਰੇ ਵਿੱਚ ਮੂਰਤੀਆਂ ਵੀ ਸਨ, ਜਿੰਨਾ ਵਿੱਚ ਸ੍ਰੀ ਚੰਦ ਦੀ ਵੱਡੀ ਮੂਰਤੀ ਅਤੇ ਸ਼ਿਵਜੀ, ਪਾਰਵਤੀ, ਗਣੇਸ਼ ਆਦਿ ਦੀਆਂ ਛੋਟੀਆਂ ਛੋਟੀਆਂ ਮੂਰਤੀਆਂ ਸਨ, ਇਹਨਾਂ ਛੋਟੀਆਂ ਮੂਰਤੀਆਂ ਬਾਰੇ ਸਾਨੂੰ ਕੋਈ ਜਾਣਕਾਰੀ ਵੀ ਨਹੀਂ ਸੀ, ਸਾਨੂੰ ਤਾਂ ਸਿਰਫ ਸ੍ਰੀ ਚੰਦ ਦੀ ਵੱਡੀ ਮੂਰਤੀ ਦਾ ਹੀ ਪਤਾ ਸੀ, ਉਹ ਅਸੀਂ ਪਹਿਲਾਂ ਹੀ ਡੇਰੇ ਵਿੱਚ ਵੇਖੀ ਹੋਈ ਸੀ। ਮੈਂ ਅਤੇ ਬਾਬਾ ਧਰਮ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਅਨੁਸਾਰ ਇਸ ਡੇਰੇ ਵਿੱਚ ਕਰਵਾਏ ਜਾ ਰਹੇ ਪਾਠ ਦਾ ਵਿਰੋਧ ਕੀਤਾ ਅਤੇ ਇਸ ਸਬੰਧ ਵਿੱਚ ਅਕਾਲ ਤਖਤ, ਧਰਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੋਮਣੀ ਖਾਲਸਾ ਪੰਚਾਇਤ, ਅਖਬਾਰਾਂ, ਸਪੋਕਸਮੈਨ ਮਾਸਿਕ ਨੂੰ ਆਦਿ ਨੂੰ ਚਿੱਠੀ ਪੱਤਰ, ਫੈਕਸ ਆਦਿ ਭੇਜਦੇ ਰਹੇ, ਧਰਮ ਪਰਚਾਰ ਕਮੇਟੀ ਅੰਮ੍ਰਿਤਸਰ ਵੱਲੋਂ ਜਗਤਾਰ ਸਿੰਘ ਜੰਗੀਆਣਾ, ਨਿੱਕਾ ਸਿੰਘ, ਗੁਰਨਾਮ ਸਿੰਘ ਖਿਉਵਾਲਾ ਆਦਿ ਪ੍ਰਚਾਰਕ ਡੇਰੇ ਵਿੱਚ ਭੇਜੇ ਗਏ, ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਵੀ ਪ੍ਰਚਾਰਕ ਸਿੰਘ ਆਉਂਦੇ ਰਹੇ ਜੋ ਵਿੱਚਕਾਰਲਾ ਜਿਹਾ ਰਸਤਾ ਅਪਣਾ ਕੇ ਗੱਲ ਨੂੰ ਅੱਧ ਵਿੱਚਕਾਰ ਹੀ ਛੱਡ ਕੇ ਜਾਂਦੇ ਰਹੇ, ਕਿਉਂਕਿ ਅਕਾਲ ਤਖਤ ਦੇ ਹੁਕਮਨਾਮੇ ਅਨੁਸਾਰ ਤਾਂ ਅਸੀਂ ਸਹੀ ਹੁੰਦੇ ਸੀ, ਪਰ ਇਸ ਪਾਸੇ ਅਸੀਂ ਦੋ ਜਣੇ ਹੀ ਹੁੰਦੇ ਸੀ, ਦੂਜੇ ਪਾਸੇ ਸਾਡੇ ਵਿਰੁੱਧ ਡੇਰੇ ਵਾਲਿਆਂ ਦੇ ਪੱਖ ਵਿੱਚ ਲੋਕ ਜਿਆਦਾ ਹੁੰਦੇ ਸਨ, ਹੁਕਮਨਾਮਾਂ ਲਾਗੂ ਕਰਵਾਉਣ ਆਉਂਦੇ ਪ੍ਰਚਾਰਕ ਡੇਰਾ ਪੱਖੀਆਂ ਦੀ ਬਹੁ ਗਿਣਤੀ ਦੇ ਵਿਰੁੱਧ ਸਹੀ ਫੈਸਲਾ ਲੈਣ ਦੀ ਥਾਂ ਗੱਲ ਨੂੰ ਗੋਲਮੋਲ ਕਰ ਜਾਂਦੇ ਸੀ। ਪਿੰਡ ਵਿੱਚ ਸਾਡਾ ਵਿਰੋਧ ਵੀ ਬਹੁਤ ਹੋਇਆ, ਪਿੰਡ ਦੇ ਆਗੂ ਕਹਾਂਉਦੇ ਸਿੱਖ ਵੀ ਸਾਡੇ ਵਿਰੋਧ ਵਿੱਚ ਅਕਾਲ ਤਖਤ ਦੇ ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਕੋਲੋਂ ਡੇਰੇ ਵਿੱਚ ਪਾਠ ਕਰਨ ਦੀ ਆਗਿਆ ਲੈ ਕੇ ਆਂਉਦੇ ਰਹੇ ਸਨ, ਇਹ ਕਲੇਸ਼ ਬਹੁਤ ਸਮਾਂ ਚਲਦਾ ਰਿਹਾ, ਸਾਡਾ ਪਿੰਡ ਚਰਚਾ ਵਿੱਚ ਵੀ ਰਿਹਾ, ਫਿਰ ਹੋਰ ਪਿੰਡਾਂ ਦੇ ਲੋਕ ਵੀ ਸਾਡੇ ਕੋਲ ਆਉਣ ਲੱਗ ਗਏ ਕਿ ਸਾਡੇ ਪਿੰਡ ਦੇ ਡੇਰੇ ਵਿੱਚੋਂ ਵੀ ਪਾਠ ਰੁਕਵਾਓ, ਅਸੀਂ ਉਹਨਾ ਦਾ ਚਿੱਠੀ ਪੱਤਰ ਵੀ ਇਸੇ ਤਰਾਂ ਭੇਜਦੇ ਰਹੇ, ਹੌਲੀ ਹੌਲੀ ਕੁੱਝ ਡੇਰਿਆਂ ਵਿੱਚ ਪਾਠ ਹੋਣੇ ਬੰਦ ਹੋ ਗਏ। ਸਪੋਕਸਮੈਨ ਮਾਸਿਕ ਨਾਲ ਤਾਂ ਮੈਂ ਪਹਿਲਾਂ ਹੀ ਜੁੜਿਆ ਹੋਇਆ ਸੀ, 2003 ਵਿੱਚ ਸਪੋਕਸਮੈਨ ਵੱਲੋਂ ਸੱਦੇ ਗਏ ਵਿਸ਼ਵ ਸਿੱਖ ਸਮੇਲਨ ਵਿੱਚ ਵੀ ਮੈਂ ਆਪਣੇ ਪਿੰਡੋਂ ਦੋ ਗੱਡੀਆਂ ਰਾਹੀਂ ਬੰਦੇ ਬੁੜੀਆਂ (ਪੁਰਸ਼ ਇਸਤਰੀਆਂ) ਲੈ ਕੇ ਗਿਆ ਸੀ। ਫਿਰ 2005 ਤੋਂ ਸਪੋਕਸਮੈਨ ਦੇ ਪ੍ਰੈਸ ਰਿਪੋਰਟਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਡੇਰਾਬਾਦ ਦੇ ਪਖੰਡ ਦਾ ਵਿਰੋਧ ਤਾਂ ਦਿਮਾਗ ਵਿੱਚ ਪਹਿਲਾਂ ਹੀ ਸੀ, ਪੱਤਰਕਾਰ ਬਣ ਕੇ ਵੀ ਇਹ ਵਿਰੋਧ ਉਸੇ ਤਰ੍ਹਾਂ ਜਾਰੀ ਰਿਹਾ, ਪਿੰਡ ਕਾਹਨਗੜ੍ਹ ਦੇ ਡੇਰੇ ਦਾ ਸਾਧ ਗੌਤਮ ਦਾਸ ਡੇਰੇ ਵਿੱਚ ਦਲਿਤਾਂ ਨਾਲ ਵਿਤਕਰਾ ਕਰਦਾ ਸੀ, ਇੱਕ ਬਾਰ ਮੂਰਤੀ ਦੀ ਸੋਭਾ ਯਾਤਰਾ ਕੱਢਦੇ ਸਮੇਂ ਉਸ ਨੇ ਇੱਕ ਦਲਿਤ ਔਰਤ ਨੂੰ ਲੱਤ ਮਾਰ ਦਿੱਤੀ ਸੀ, 3 ਫਰਵਰੀ 2006 ਨੂੰ ਮੈਂ ਇਹ ਖਬਰ ਰੋਜਾਨਾ ਸਪੋਕਸਮੈਨ ਵਿੱਚ ਲਾ ਦਿੱਤੀ ਕਿ ਸਾਧ ਨੇ ਦਲਿਤ ਔਰਤ ਨੂੰ ਲੱਤ ਮਾਰ ਦਿੱਤੀ, ਇਸ ਖਬਰ ਦੇ ਵਿਰੁੱਧ ਸਾਧ ਨੇ ਮੇਰੇ ਉੱਤੇ ਅਦਾਲਤ ਵਿੱਚ ਕੇਸ ਕਰ ਦਿੱਤਾ ਸੀ, ਇਸ ਕੇਸ ਵਿੱਚ 12 ਦਸੰਬਰ 2009 ਨੂੰ ਮੇਰੀ ਪਹਿਲੀ ਪੇਸ਼ੀ ਸੀ, 10 ਸਤੰਬਰ 2012 ਨੂੰ ਇਹ ਕੇਸ ਰੱਦ ਹੋ ਗਿਆ ਸੀ। ਅਫਸੋਸ ਪਿੰਡ ਦੇ ਹੋਰ ਦਲਿਤਾਂ ਨੇ ਤਾਂ ਮੇਰਾ ਕੀ ਸਾਥ ਦੇਣਾ ਸੀ, ਜਿਹੜੀ ਇਸਤਰੀ ਦੇ ਲੱਤ ਮਾਰੀ ਸੀ ਉਸ ਨੇ ਵੀ ਮੇਰਾ ਸਾਥ ਨਹੀਂ ਦਿੱਤਾ। ਇਸੇ ਸਾਧ ਨੇ ਫਿਰ ਪਿੰਡ ਖੁਡਾਲ ਕਲਾਂ ਦੇ ਡੇਰੇ ਵਿੱਚ ਦਲਿਤਾਂ ਨੂੰ ਸੇਵਾ ਕਰਨ ਤੋਂ ਰੋਕ ਕੇ ਉਹਨਾ ਨੂੰ ਜਾਤੀ ਤੌਰ ਤੇ ਅਪਮਾਨਿਤ ਕੀਤਾ, 1 ਸਤੰਬਰ 2009 ਨੂੰ ਮੈਂ ਇਹ ਖਬਰ ਵੀ ਰੋਜਾਨਾ ਸਪੋਕਸਮੈਨ ਵਿੱਚ ਲਾ ਦਿੱਤੀ ਕਿ ਸਾਧ ਨੇ ਇਸ ਤਰ੍ਹਾਂ ਦਲਿਤਾਂ ਦਾ ਅਪਮਾਨ ਕੀਤਾ ਹੈ, ਇਸ ਬਾਰ ਵੀ ਸਾਧ ਨੇ ਮੇਰੇ ਉੱਤੇ ਅਦਾਲਤ ਵਿੱਚ ਫਿਰ ਕੇਸ ਕਰ ਦਿੱਤਾ। ਇਸ ਕੇਸ ਦੀ ਪਹਿਲੀ ਪੇਸ਼ੀ 2 ਅਗਸਤ 2014 ਦੀ ਸੀ, 7 ਸਤੰਬਰ 2015 ਨੂੰ ਇਹ ਕੇਸ ਵੀ ਰੱਦ ਹੋ ਗਿਆ ਸੀ। ਇਸ ਕੇਸ ਵਿੱਚ 8-10 ਬੰਦਿਆਂ ਨੇ ਅੱਗੇ ਹੋ ਕੇ ਖਬਰ ਦਿੱਤੀ ਸੀ, ਪਰ ਅਖੀਰ ਦੋ ਬੰਦੇ ਹੀ ਮੇਰੇ ਨਾਲ ਰਹਿ ਗਏ ਸਨ ਬਾਕੀ ਸੱਭ ਪਿੱਛੇ ਹਟ ਗਏ ਸਨ। ਇੱਕ ਬਾਰ 13 ਮਾਰਚ 2009 ਨੂੰ ਪਿੰਡ ਭਖੜਿਆਲ ਦੇ ਸਾਧ ਗੁਰਮੇਲ ਦਾਸ ਨੇ ਉੱਥੋਂ ਦੇ ਐੱਸ ਸੀ ਸਰਪੰਚ ਮਹਿੰਦਰ ਸਿੰਘ ਸਮੇਤ ਪਿੰਡ ਦੇ ਸਮੂੰਹ ਦਲਤਿਾਂ ਨੂੰ ਇੱਕ ਭੰਡਾਰੇ ਸਮੇਂ ਡੇਰੇ ਦੇ ਅੰਦਰਲੇ ਗੇਟ ਤੋਂ ਅਗਲੇ ਪਾਸੇ ਬਹਿ ਕੇ ਲੰਗਰ ਛੱਕਣ ਤੋਂ ਰੋਕ ਦਿੱਤਾ ਸੀ, ਉਹਨਾ ਨੇ ਖੁਦ ਪ੍ਰੈਸਨੋਟ ਟਾਇਪ ਕਰਵਾ ਕੇ ਸਰਪੰਚ ਦੀ ਮੋਹਰ ਅਤੇ ਦਸਤਖਤ ਕਰਵਾ ਕੇ ਦਿੱਤਾ ਸੀ, ਅਸੀਂ (ਮੈਂ ਅਤੇ ਅਜੀਤ ਅਖਬਾਰ ਦਾ ਪੱਤਰਕਾਰ) ਖੁਦ ਵੀ ਸਰਪੰਚ ਦੇ ਘਰ ਜਾ ਕੇ ਗੱਲਬਾਤ ਕੀਤੀ, ਫਿਰ ਡੇਰੇ ਦੇ ਸਾਧ ਨੂੰ ਵੀ ਮਿਲੇ, ਸਾਧ ਨੇ ਵੀ ਸਰਪੰਚ ਵੱਲੋਂ ਦੱਸੀਆਂ ਗੱਲਾਂ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਡੇਰੇ ਵਿੱਚ ਵਿਤਕਰਾ ਤਾਂ ਕੋਈ ਨਹੀਂ ਹੈ ਪਰ ਦਲਿਤਾਂ ਦੀ ਪੰਗਤ ਇਸ ਚਾਰਦਿਵਾਰੀ ਤੋਂ ਬਾਹਰ ਹੁੰਦੀ ਹੈ, ਉਹ ਅੰਦਰਲੇ ਪਾਸੇ ਬਹਿ ਕੇ ਲੰਗਰ ਨਹੀਂ ਛੱੱਕ ਸਕਦੇ, ਸਮਾਧ ਨੂੰ ਮੱਥਾ ਤਾਂ ਟੇਕ ਸਕਦੇ ਹਨ, ਪਰ ਚਾਰਦਿਵਾਰੀ ਤੋਂ ਬਾਹਰ ਖੜ੍ਹ ਕੇ ਹੀ ਟੇਕ ਸਕਦੇ ਹਨ ਅੰਦਰ ਨਹੀਂ ਆ ਸਕਦੇ, ਉਸ ਸਮੇਂ 13 ਮਾਰਚ 2009 ਨੂੰ ਵੀ ਇਹ ਖਬਰ ਸਿਰਫ ਮੈਂ ਹੀ ਲਾਈ ਸੀ, ਇਸ ਖਬਰ ਤੇ ਪੜਤਾਲ ਵੀ ਹੋਈ ਸੀ, ਇਸ ਖਬਰ ਦੇ ਅਧਾਰ ਤੇ ਹੀ ਕਿਸੇ ਸਮੇਂ ਬਹੁਜਨ ਸਮਾਜ ਪਾਰਟੀ ਦੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਰਹੇ ਮੇਜਰ ਪ੍ਰਿਤਪਾਲ ਸਿੰਘ ਵੀ ਲੁਧਿਆਣੇ ਤੋਂ ਪਿੰਡ ਭਖੜਿਆਲ ਸਰਪੰਚ ਨੂੰ ਮਿਲ ਕੇ ਗਏ ਸੀ, ਪਰ ਕਿਸੇ ਹੋਰਨੇ ਧੰਨਵਾਦ ਤਾਂ ਕੀ ਕਰਨਾ ਸੀ, ਉਲਟਾ ਉਸ ਸਮੇਂ ਐੱਸ ਸੀ ਕਮਿਸ਼ਨ ਦੇ ਚੇਅਰਮੈਨ ਦਲੀਪ ਸਿੰਘ ਪਾਂਧੀ ਦਾ ਫੋਨ ਆਇਆ ਸੀ ਕਿ ਅਜਿਹੀਆਂ ਖਬਰਾਂ ਨਾ ਲਾਇਆ ਕਰੋ।
ਬੇਸ਼ੱਕ ਕੁੱਝ ਡੇਰਿਆਂ ਵਿੱਚ ਹੁੰਦੇ ਪਾਠ ਵੀ ਬੰਦ ਹੋ ਗਏ, ਦੋਹੇਂ ਬਾਰ ਕੇਸ ਵੀ ਮੈਂ ਜਿੱਤ ਗਿਆ ਸੀ, ਪਰ ਸਿੱਖਣ ਨੂੰ ਕਾਫੀ ਕੁੱਝ ਮਿਲਿਆ, ਕਿ ਜਿਸ ਅਕਾਲ ਤਖਤ ਨੂੰ ਊਚਾ ਤੇ ਸੱਚਾ ਸਮਝਦੇ ਸੀ, ਜਿਸ ਦੇ ਹੁਕਮ ਨੂੰ ਮੰਨਦਿਆਂ ਪੂਰੇ ਪਿੰਡ ਦੇ ਵਰੁੱਧ ਅਸੀਂ ਦੋ ਜਣੇ ਡੱਟ ਕੇ ਖੜ੍ਹ ਗਏ ਸੀ, ਉਸ ਅਕਾਲ ਤਖਤ ਨੇ ਆਪਣੇ ਹੁਕਮ ਨੂੰ ਲਾਗੂ ਕਰਵਾਉਣ ਲਈ ਵੀ ਸਾਡਾ ਸਾਥ ਦੇਣ ਦੀ ਥਾਂ ਸਾਡੇ ਪੱਲੇ ਨਿਰਾਸ਼ਾ ਹੀ ਪਾਈ ਸੀ, ਜਿੰਨਾ ਦਲਿਤਾਂ ਦੇ ਅਪਮਾਨ ਦੇ ਵਿਰੁੱਧ ਸਾਧਾਂ ਦਾ ਅਤੇ ਸਾਧਾਂ ਦੇ ਅਮੀਰ ਸਾਥੀਆਂ ਦੇ ਵਿਰੋਧ ਦਾ ਸਾਹਮਣਾ ਕਰਦਿਆਂ, ਸਮਾਂ ਅਤੇ ਪੈਸਾ ਬਰਬਾਦ ਕਰਨ ਦੇ ਨਾਲ ਨਾਲ ਚਾਰ ਸਾਲ ਅਦਾਲਤਾਂ ਵਿੱਚ ਧੱਕੇ ਖਾਧੇ, ਉਹ ਨਿਮਾਣੇ ਸਮਝੇ ਜਾਂਦੇ ਦਲਿਤ ਵੀ ਨਾਲ ਨਾ ਖੜ੍ਹੇ, ਦਲਿਤਾਂ ਦਾ ਸਨਮਾਨ ਬਹਾਲ ਕਰਵਾਉਣ ਦੇ ਨਾਮ ਤੇ ਮਿਲੀ ਕੁਰਸੀ ਤੇ ਬੈਠਾ ਅਨੰਦ ਮਾਣ ਰਿਹਾ ਐੱਸ ਸੀ ਕਮਿਸ਼ਨ ਦਾ ਚੇਅਰਮੈਨ ਪਾਂਧੀ ਵੀ ਦਲਿਤਾਂ ਦੀ ਥਾਂ ਦਲਿਤਾਂ ਦਾ ਅਪਮਾਨ ਕਰਨ ਵਾਲੇ ਸਾਧ ਦੇ ਪੈਰਾਂ ਵਿੱਚ ਬੈਠਾ ਵਿਖਾਈ ਦਿੱਤਾ। ਜਿਸ ਸਪੋਕਸਮੈਨ ਨੂੰ ਸਿੱਖ ਕੌਮ ਦੀ ਅਵਾਜ ਸਮਝ ਕੇ ਉਸ ਦੀ ਨਿਸ਼ਕਾਮ ਸੇਵਾ ਕਰਦੇ ਰਹੇ, ਉਸ ਸਪੋਕਸਮੈਨ ਨੇ ਪੈਸੇ ਦੀ ਕਾਮਨਾ ਕਰਦਿਆਂ ਜੇ ਕਿਸੇ ਦੇ ਵਿਰੁੱਧ ਕੋਈ ਖਬਰ ਹੁੰਦੀ ਤਾਂ ਉਸ ਨਾਲ ਸੌਦੇਵਾਜੀ ਕਰਕੇ ਮੇਰੀਆਂ ਖਬਰਾਂ ਮਿਸ ਕਰਨੀਆਂ ਸ਼ੁਰੂ ਕਰਕੇ ਮੇਰੀ ਅਵਾਜ ਬੰਦ ਕਰਨੀ ਸ਼ੁਰੂ ਕਰ ਦਿੱਤੀ ਸੀ, ਕਦੇ ਕਿਸੇ ਕੇਸ ਸਮੇਂ ਹਾਲ ਤੱਕ ਨਹੀਂ ਸੀ ਪੁੱਛਿਆ। 16 ਨਵੰਬਰ 2001 ਵਿੱਚ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਤੋਂ ਲੈ ਕੇ ਸਾਧ ਦੇ ਕੇਸ ਵਾਲੀ 7 ਸਤੰਬਰ 2015 ਦੀ ਆਖਰੀ ਪੇਸ਼ੀ ਤੱਕ 12 ਸਾਲ 10 ਮਹੀਨੇ ਆਪਣੇ ਘਰ ਦੇ ਕੰਮ ਛੱਡਕੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰਨ ਤੋਂ ਇਲਾਵਾ ਕੁੱਝ ਵੀ ਨਹੀਂ ਖੱਟਿਆ, ਅਕਾਲ ਤਖਤ ਦੇ ਹੁਕਮਨਾਮਿਆਂ ਦਾ ਪੱਖ, ਡੇਰਾਬਾਦ ਦਾ ਵਿਰੋਧ, ਦਲਿਤਾਂ ਦੇ ਮਾਨ ਸਨਮਾਨ ਲਈ, ਸਿੱਖ ਕੌਮ ਦੀ ਅਵਾਜ ਸਮਝਦਿਆਂ ਸਪੋਕਸਮੈਨ ਦੀ ਸੇਵਾ ਕਰਦਿਆਂ ਜਿੰਦਗੀ ਦੇ 13 ਸਾਲ ਬਰਬਾਦ ਕਰ ਲਏ। ਬੇਸ਼ੱਕ ਮੈਨੂੰ ਇਹ ਸੱਭ ਕੁੱਝ ਕਰਨ ਤੇ ਕੋਈ ਅਫਸੋਸ ਨਹੀਂ ਹੈ, ਮੈਨੂੰ ਤਾਂ ਮਾਣ ਹੈ ਕਿ ਮੈਂ ਕੁੱਝ ਵੀ ਗਲਤ ਨਹੀਂ ਸੀ ਕੀਤਾ, ਕੋਈ ਮਾੜਾ ਕੰਮ ਨਹੀਂ ਕੀਤਾ, ਕੋਈ ਹੇਰਾ ਫੇਰੀ ਠੱਗੀ ਚੋਰੀ ਨਹੀਂ ਸੀ ਕੀਤੀ, ਜੋ ਵੀ ਕੀਤਾ, ਤਨੋ ਮਨੋ ਕੀਤਾ, ਸੇਵਾ ਸਮਝ ਕੇ ਕੀਤਾ ਸੀ। ਪਰ ਇਹ ਸੱਭ ਕੁੱਝ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇੱਥੇ ਹਰ ਕੋਈ ਕਮਾਈ ਕਰ ਰਿਹਾ, ਕੋਈ ਧਰਮ ਦੇ ਨਾਮ ਤੇ, ਕੋਈ ਦਲਿਤਾਂ ਦੇ ਨਾਮ ਤੇ, ਕੋਈ ਡੇਰੇ ਦੇ ਨਾਮ ਤੇ, ਕੋਈ ਪ੍ਰੈਸ ਦੇ ਨਾਮ ਤੇ, ਕੋਈ ਸਿੱਖ ਜਾਂ ਹੋਰ ਆਪਣੀ ਕੌਮ ਦੀ ਅਵਾਜ ਦੇ ਨਾਮ ਤੇ। ਜਿਸ ਤਰ੍ਹਾਂ ਮੈਂ ਬਿਨਾ ਕੁੱਝ ਕਮਾਈ ਕੀਤਿਆਂ ਇਹ ਸੱਭ ਕੁੱਝ ਸਮਰਪਿਤ ਹੋ ਕੇ ਸੇਵਾ ਭਾਵਨਾ ਨਾਲ ਪੱਲਿਉਂ ਖਰਚਾ ਕਰਕੇ ਕਰਦਾ ਰਿਹਾ, ਉਹਨਾ ਹਾਲਾਤਾਂ ਅਨੁਸਾਰ ਤਾਂ ਮੈਂ ਅੱਜ ਰੋਟੀ ਤੋਂ ਵੀ ਭੁੱਖਾ ਮਰਨਾ ਸੀ, ਇਹ ਤਾਂ ਧੰਨਵਾਦ ਮੇਰੇ ਬਾਪੂ ਜੱਗਰ ਸਿੰਘ ਜੀ ਦਾ ਜਿਸ ਨੇ ਦਿਨ ਰਾਤ ਮਿਹਨਤ ਨਾਲ ਖੇਤੀ ਕਰਕੇ ਜਾਇਦਾਦ ਬਣਾ ਕੇ ਜਮੀਨ ਦੇ ਸਾਨੂੰ ਦੋਹਾਂ ਭਰਾਵਾਂ ਨੂੰ 19 ਕਿੱਲੇ ਦਿੱਤੇ ਸਨ, ਜਿੰਨਾ ਕਰਕੇ ਮੇਰੇ ਘਰ ਪ੍ਰੀਵਾਰ ਦਾ ਖਰਚਾ ਚਲਦਾ ਰਿਹਾ। ਮੈਂ ਇਹ ਅਜਿਹੀ ਲੋਕ ਸੇਵਾ ਕਰਦਾ ਰਿਹਾ, ਛੋਟਾ ਭਰਾ ਰਾਮਲਾਜ ਸਿੰਘ ਲੀਡਰੀ ਵਿੱਚ ਪੈ ਗਿਆ ਸੀ, ਜਿਸ ਕਾਰਨ ਸਾਡੇ ਪੰਜ ਕਿੱਲੇ ਜਮੀਨ ਦੇ ਵਿਕ ਗਏ ਸਨ, 19 ਦੀ ਥਾਂ 14 ਰਹਿ ਗਏ ਕਿੱਲਿਆਂ ਵਿੱਚੋਂ ਹੁਣ ਸਾਡੇ ਦੋਹਾਂ ਭਰਾਵਾਂ ਕੋਲ ਸੱਤ ਸੱਤ ਕਿੱਲੇ ਜਮੀਨ ਦੇ ਹਨ। ਮੇਰੇ 13 ਸਾਲ ਦੇ ਉਸ ਸਮੇਂ ਦੇ ਤੁਜਰਬੇ ਵਿੱਚੋਂ ਮੈਂ ਇਹੀ ਸਿੱਖਿਆ ਹੈ ਕਿ ਇੱਥੇ ਹਰ ਕੋਈ ਕਮਾਈ ਕਰਦਾ ਹੈ, ਇਹ ਧਰਮ, ਪ੍ਰੈਸ, ਦਲਿਤ ਆਦਿ ਚਲਾਕ ਲੋਕਾਂ ਵੱਲੋਂ ਬਣਾਏ ਗਏ ਕਮਾਈ ਕਰਨ ਦੇ ਸੰਦ ਹਨ, ਜੋ ਲੋਕਾਂ ਨੂੰ ਜਾਤਾਂ ਧਰਮਾਂ ਵਿੱਚ ਵੰਡ ਕੇ ਉਹਨਾ ਨੂੰ ਆਪਸ ਵਿੱਚ ਲੜਾ ਕੇ ਰਾਜ ਕਰਦੇ ਹਨ, ਇੱਥੇ ਕਿਸੇ ਧਰਮ ਜਾਂ ਜਾਤ ਨੂੰ ਕੋਈ ਖਤਰਾ ਨਹੀਂ ਹੈ, ਜੇ ਕੋਈ ਖਤਰਾ ਹੈ ਤਾਂ ਉਸ ਦਾ ਹੱਲ ਵੀ ਕੋਈ ਨਹੀਂ ਕਰਦਾ, ਕਿਸੇ ਵੀ ਕਿਸਮ ਦੇ ਖਤਰੇ ਦਾ ਰੌਲਾ ਪਾਉਣ ਵਾਲੇ ਚਲਾਕ ਲੋਕ ਤੁਹਾਨੂੰ ਗੁਮਰਾਹ ਕਰਕੇ ਉਸਕਾਅ ਕੇ, ਲੜਾ ਕੇ ਆਪਣਾ ਕੰਮ ਕੱਢ ਜਾਂਦੇ ਹਨ, ਇਸ ਲਈ ਐਵੇਂ ਭਾਵੁਕ ਹੋ ਕੇ ਕਿਸੇ ਲਈ ਕਮਾਈ ਦਾ ਸੰਦ ਬਣਕੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਨਾ ਕਰੋ, ਇਹਨਾ ਜਾਤਾਂ ਧਰਮਾਂ ਦੀਆਂ ਵੰਡੀਆਂ ਦੇ ਝਗੜਿਆਂ ਵਿੱਚ ਇਹੀ ਚੱਲਦਾ ਹੈ ਕਿ ਜਾਂ ਤਾਂ ਤੁਸੀਂ ਕਿਸੇ ਨੂੰ ਵਰਤ ਜਾਓ, ਜਾਂ ਕੋਈ ਤੁਹਾਨੂੰ ਵਰਤ ਜਾਵੇਗਾ, ਇਸ ਲਈ ਇਹਨਾ ਦੇ ਚੱਕਰਾਂ ਵਿੱਚੋਂ ਨਿਕਲ ਕੇ ਆਪਣੇ ਲਈ ਕੰਮ ਕਰੋ, ਪੈਸਾ ਕਮਾਓ, ਬੇਸ਼ੱਕ ਪੈਸਾ ਸੱਭ ਕੁੱਝ ਨਹੀਂ ਹੁੰਦਾ ਪਰ ਬਹੁਤ ਕੁੱਝ ਹੁੰਦਾ, ਜੇ ਤੁਹਾਡੇ ਕੋਲ ਪੈਸਾ ਨਹੀਂ ਹੈ ਤਾਂ ਤੁਹਾਨੂੰ ਕੋਈ ਨਹੀਂ ਪਹਿਚਾਣੇਗਾ, ਲੋਕ ਤੁਹਾਨੂੰ ਬੁਲਾਉਣਾ ਵੀ ਪਸੰਦ ਨਹੀਂ ਕਰਨਗੇ, ਜੇ ਤੁਹਾਡੇ ਕੋਲ ਪੈਸਾ ਹੈ ਤਾਂ ਆਪਣੀ ਜਿੰਦਗੀ ਚੰਗੀ ਤਰਾਂ ਜੀਅ ਸਕੋਂਗੇ, ਤੁਹਾਨੂੰ ਪੈਸੇ ਦੀ ਮੋਹ ਮਮਤਾ ਤੂੰ ਦੂਰ ਰਹਿਣ ਦਾ ਉਪਦੇਸ ਦੇਣ ਵਾਲਿਆਂ ਦੇ ਧਾਰਮਿਕ ਅਸਥਾਨ ਵੀ ਪੈਸੇ ਤੋਂ ਵਗੈਰ ਨਹੀਂ ਚੱਲਦੇ, ਸੋਚ ਕੇ ਵੇਖਿਓ ਤੁਹਾਨੂੰ ਪੈਸੇ ਦਾ ਤਿਆਗ ਕਰਨ ਦਾ ਪ੍ਰਚਾਰ ਕਰਨ ਵਾਲੇ ਅਖੌਤੀ ਤਿਆਗੀ ਧਰਮੀ ਤੁਹਾਡੇ ਤੋਂ ਦਾਨ ਦੇ ਨਾਮ ਤੇ ਪੈਸਾ ਲੈਣ ਲਈ ਕਿਵੇਂ ਲੇਹਲੜੀਆਂ ਕੱਢ ਰਹੇ ਹੁੰਦੇ ਹਨ, ਕਿਉਂਕਿ ਇਹ ਨਾਮ ਧਰੀਕ ਵਿਖਾਵੇ ਵਾਲੇ ਭੇਖੀ ਧਰਮ ਕਿਸੇ ਦੀ ਲੋੜ ਨਹੀਂ ਹਨ, ਪਰ ਪੈਸਾ ਹਰ ਇੱਕ ਦੀ ਲੋੜ ਹੈ, ਹਾਂ ਪੈਸਾ ਕਮਾਉਣ ਲਈ ਕਿਸੇ ਤੇ ਜੁਰਮ ਨਾ ਕਰੋ, ਆਪਣੀ ਕਿਰਤ ਕਮਾਈ ਕਰਕੇ ਪੈਸਾ ਜਰੂਰ ਜੋੜੋ, ਜਾਤਾਂ, ਧਰਮਾਂ, ਡੇਰਿਆਂ, ਪਾਰਟੀਆਂ ਆਦਿ ਦੇ ਝਗੜਿਆਂ ਤੋਂ ਬਚੋ।
10-5-2023
 ਹਰਲਾਜ ਸਿੰਘ ਬਹਾਦਰਪੁਰ   
ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ)
ਪਿੰਨਕੋਡ-151501
ਮੋਬਾਇਲ-94170-23911
harlajsingh7@gmail.com