ਇੱਕ ਬੂਟਾ ਹਿਜਰਾਂ ਦਾ - ਰਵੇਲ ਸਿੰਘ

  ਇਕ ਬੂਟਾ ਹਿਜਰਾਂ ਦਾ , ਵੇਹੜੇ ਉੱਗ ਆਇਆ ਨੀਂ ।
  ਅਸਾਂ ਪਾਣੀ ਰੀਝਾਂ ਦਾ ,ਰੱਜ ਉਸ ਨੂੰ   ਪਾਇਆ ਨੀਂ ।
 ਗੰਮ ਖਾ ਕੇ ਪਲਿਆ ਉਹ,ਆਸਾਂ ਵਿੱਚ ਰਲਿਆ ਉਹ,
  ਪਰ ਭੁੱਖਾ ਭਾਣਾ ਨੀਂ  ਉਹ,  ਸਦਾ ਤਿਹਾਇਆ ਨੀਂ।
 ਉਹਦਾ ਪਿਆਰ ਅਨੋਖਾ ਨੀਂ, ਰਿਹਾ ਦੇਂਦਾ ਧੋਖਾ ਨੀਂ,
 ਰਹੀ ਸੁੱਖਾਂ ,ਸੁੱਖਦੀ ਮੈਂ ,ਉਹ ਮੁੜ ਨਾ ਆਇਆ ਨੀਂ।
 ਕੁੱਝ ਪੀੜਾਂ ਹਾਣ ਦੀਆਂ, ਉਸ ਦੇ  ਸੁੱਕ ਜਾਣਦੀਆਂ ,
 ਮੈਂ ਦਰਦ ਛੁਪਾਇਆ ਨੀਂ,ਉਸ ਬੜਾ ਸਤਾਇਆ ਨੀਂ।
ਜੀ ਕਰਦੈ ਪੁੱਟ ਦੇਵਾਂ ਇਹ ,ਕਿਤੇ ਲਾਂਭੇ ਸੁੱਟ ਦੇਵਾਂ,
ਕਦੇ ਸੋਚਾਂ  ਚੰਦਰੀ ਨੇ. ਇਹ ਹੱਥੀਂ ਲਾਇਆ ਨੀਂ ।
ਮੈਂ ਹੋ ਗਈ ਕਮਲੀ, ਹਾਂ ਕਮਲੀ  ਰਮਲੀ ਹਾਂ ,
ਇਹ ਬੂਟਾ ਹਿਜਰਾਂ ਦਾ , ਜੇ ਪੁੱਟ ਗੁਵਾਇਆ ਨੀਂ ।
ਇਸ ਬਾਝੋਂ ,ਕਿਹੜਾ ਨੀਂ , ਕਰ ਸੁੰਞਾ ਵੇਹੜਾ ਨੀਂ ,
ਜਦ ਖਾਣ ਨੂੰ ਆਵੇਗਾ,ਵੇਹੜਾ ਕੁਮਲਾਇਆ ਨੀਂ।
ਫਿਰ ਕਿੱਦਾਂ ਜੀਵਾਂਗੀ , ਜੋ ਗਿਆ ਵਿਦੇਸ਼ੀਂ ਉਹ,
ਭੁੱਲ ਗਿਆ ਪ੍ਰੀਤਾਂ ਉਹ ਨਾ ਮੁੜ ਕੇ ਆਇਆ ਨੀਂ ।
ਕੱਲੀ ਜਿੰਦ ਤਤੜੀ ਦੀ, ਚੰਨ ਦੀ ਗਲਵੱਕੜੀ ਦੀ ,
 ਕਿਸੇ ਰੁੱਤ ਬਸੰਤੀ ਦੀ ਭੁੱਖ ਨੇ ਤੜਫਾਇਆ ਨੀਂ ।
ਇਹ ਬੂਟਾ ਰੀਝਾਂ ਦਾ,  ਕੁੱਝ ਦਰਦਾਂ ਚੀਸਾਂ ਦਾ,
ਬੂਟਾ ਕੰਡਿਆਲਾ ਨੀਂ , ਹੈ ਵੇਹੜੇ  ਛਾਇਆ ਨੀਂ।
ਇਹ ਬੂਟਾ ਹਿਜਰਾਂ ਦਾ ਹੋਏ ਦੂਣ ਸਵਾਇਆ ਨੀਂ।
ਵਸਲਾਂ ਦੀ ਵੱਲ  ਕਦੇ ,  ਵੇਹੜੇ ਵਿੱਚ ਉੱਗੇ ਗੀ  ,
ਕਈ ਸੁਪਨੇ ਮੌਲਣਗੇ ,ਮਨ ਲਾਰੇ ਲਾਇਆ ਨੀਂ।
ਯਾਦਾਂ ਦੀਆਂ ਸੂਲਾਂ ਕਈ ਸੀਨੇ ਵਿੱਚ ਲਹਿ ਜਾਵਣ,
ਪਾਏ ਹੰਝੂ ਭਰ ਭਰ ਕੇ ਉਹ ਰਿਹਾ ਤਿਹਾਇਆ ਨੀਂ।
ਤੇ ਪਾਣੀ ਹਿਜਰਾਂ ਦਾ , ਰੱਜ ਉਸ ਨੂੰ ਪਾਇਆ ਨੀਂ ।
ਇੱਕ ਬੂਟਾ ਹਿਜਰਾਂ ਦਾ ਅੱਜ ਵੇਹੜੇ ਛਾਇਆ ਨੀਂ ।

ਰਵੇਲ ਸਿੰਘ
ਫੋਨ 90560161 84