ਅਸਲ ਕੁਰਬਾਨੀ - ਅਰਸ਼ਪ੍ਰੀਤ ਸਿੱਧੂ

ਪ੍ਰੀਤ ਤੇ ਲਾਡੀ ਦੋਨੋਂ ਇੱਕਠੇ ਕਾਲਜ ਵਿੱਚ ਪੜ੍ਹਦੇ ਸਨ। ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਦੋਵਾਂ ਨੇ ਇੱਕ ਦੂਜੇ ਨਾਲ ਪਿਆਰ ਦੀਆਂ ਪੀਘਾਂ ਦਾ ਆਨੰਦ ਮਾਨਣਾ ਸ਼ੁਰੂ ਕਰ ਦਿੱਤਾ। ਹੁਣ ਦੋਵਾਂ ਨੂੰ ਇੱਕ ਦੂਜੇ ਬਿਨ੍ਹਾਂ ਇੱਕ ਮਿੰਟ ਵੀ ਰਹਿਣਾ ਮੁਸ਼ਕਿਲ ਲੱਗਦਾ ਸੀ। ਦੋਵਾਂ ਨੇ ਘਰਦਿਆਂ ਦੀ ਸਹਿਮਤੀ ਨਾਲ ਵਿਆਹ ਕਰਵਾ ਲਿਆ। ਸਾਲ ਬਾਅਦ ਬੇਟੀ ਦੇ ਜਨਮ ਲੈਣ ਤੇ ਪਰਿਵਾਰ ਵੱਲੋ ਮਠਿਆਈਆਂ ਵੰਡੀਆਂ ਗਈਆਂ, ਨਿੰਮ ਬੰਨੇ ਗਏ ਅਤੇ ਲੋਹੜੀਆਂ ਵੰਡੀਆਂ ਗਈਆਂ। ਸਾਰੇ ਬਹੁਤ ਖੁਸ਼ ਸਨ ਪਰ ਇਹ ਖੁਸ਼ੀ ਲੰਮਾਂ ਸਮਾਂ ਬਰਕਰਾਰ ਨਾ ਰਹਿ ਸਕੀ। ਜਦੋਂ ਬੇਟੀ ਤਿੰਨ ਸਾਲ ਦੀ ਹੋਈ ਤਾਂ ਦੋਵਾਂ ਨੇ ਇੱਕ ਦੂਜੇ ਤੋਂ ਅਲੱਗ ਹੋਣ ਦਾ ਫੈਸਲਾ ਕੀਤਾ ਕਿਉਂਕਿ ਲਾਡੀ ਨੂੰ ਵਿਆਹੁਤਾ ਜਿੰਦਗੀ ਹੁਣ ਕੈਦ ਜਾਪਣ ਲੱਗ ਪਈ ਸੀ, ਉਸਨੂੰ ਆਪਣੀ ਪਤਨੀ ਤੇ ਬੇਟੀ ਬੋਝ ਜਾਪਦੇ ਸੀ। ਇਸ ਲਈ ਦੋਵਾਂ ਨੇ ਇੱਕ ਦੂਜੇ ਦੀ ਸਹਿਮਤੀ ਨਾਲ ਤਲਾਕ ਲੈ ਲਿਆ। ਹੁਣ ਦੋਵੇਂ ਆਪਣੀ ਆਪਣੀ ਅਲੱਗ ਜਿੰਦਗੀ ਬਤੀਤ ਕਰਨ ਲੱਗੇ ਬੇਟੀ ਪ੍ਰੀਤ ਦੇ ਨਾਲ ਰਹੀ। ਲਾਡੀ ਪੁਲਿਸ ਵਿੱਚ ਭਰਤੀ ਹੋ ਗਿਆ ਅਤੇ ਪ੍ਰੀਤ ਇੱਕ ਪ੍ਰਾਈਵੇਟ ਕਾਲਜ ਵਿੱਚ ਪੜ੍ਹਾਉਣ ਲੱਗ ਪਈ। ਬੇਟੀ ਦੀ ਪੜ੍ਹਾਈ ਲਈ ਪ੍ਰੀਤ ਦਿਨ ਰਾਤ ਮਿਹਨਤ ਕਰਦੀ ਉਹ ਕਦੀ ਵੀ ਆਪਣੇ ਮਾਤਾ ਪਿਤਾ ਤੇ ਬੋਝ ਨਾ ਬਣੀ। ਬੇਟੀ ਵੱਡੀ ਹੋਈ ਤਾਂ ਉਸਨੂੰ ਸਰਕਾਰੀ ਡਾਕ ਘਰ ਵਿੱਚ ਨੌਕਰੀ ਮਿਲ ਗਈ। ਦੋਵੇ ਮਾਵਾਂ ਧੀਆਂ ਖੁਸ਼ੀ ਦੀ ਜਿੰਦਗੀ ਬਤੀਤ ਕਰਨ ਲੱਗੀਆਂ। ਪ੍ਰੀਤ ਦੀ ਬੇਟੀ ਦੀ ਸਾਰੀ ਦੁਨੀਆਂ ਪ੍ਰੀਤ ਹੀ ਸੀ। ਲਾਡੀ ਪੁਲਿਸ ਦੇ ਇੱਕ ਮਿਸ਼ਨ ਵਿੱਚ ਸ਼ਹੀਦ ਹੋ ਗਿਆ ਤਾਂ ਉਸ ਦੇ ਘਰਦਿਆਂ ਨੂੰ ਇੱਕ ਸਮਾਗਮ ਵਿੱਚ ਬੁਲਾਇਆ ਗਿਆ ਤਾਂ ਜੋ ਉਸ ਦੀ ਕੁਰਬਾਨੀ ਦਾ ਬਣਦਾ ਮਾਨ ਸਨਮਾਨ ਦਿੱਤਾ ਜਾ ਸਕੇ। ਪ੍ਰੀਤ ਨਹੀਂ ਸੀ ਚਾਹੁੰਦੀ ਕਿ ਉਸਦੀ ਬੇਟੀ ਇਸ ਸਮਾਗਮ ਵਿੱਚ ਜਾਵੇ ਪਰ ਵਾਰ ਵਾਰ ਸਭ ਦੇ ਕਹਿਣ ਤੇ ਉਸਨੂੰ ਆਪਣੀ ਬੇਟੀ ਨੂੰ ਲੈ ਕੇ ਜਾਣਾ ਪਿਆ। ਸਟੇਜ ਤੇ ਉਸਦੀ ਕੁਰਬਾਨੀ ਦੇ ਭਾਸ਼ਣ ਸੁਣ ਪ੍ਰੀਤ ਆਪਣੀ ਕੀਤੀ ਕੁਰਬਾਨੀ ਬਾਰੇ ਸੋਚਣ ਲੱਗੀ ਵੀ ਕਿਵੇਂ ਉਸਨੇ ਇਸ ਬੱਚੀ ਨੂੰ ਪਾਲਣ ਲਈ ਆਪਣੀ ਸਾਰੀ ਜਿੰਦਗੀ ਇਸ ਦੇ ਨਾਮ ਕਰ ਦਿੱਤੀ, ਕੋਈ ਵਿਆਹ ਨਹੀਂ ਕਰਵਾਇਆ , ਸਾਰੇ ਸੌਕ ਮਾਰੇ, ਆਪਣੀ ਜਿੰਦਗੀ ਇੱਕ ਵਿਧਵਾ ਵਾਗ ਲੰਘਾਈ ਤਾਂ ਕਿ ਲਾਡੀ ਦੀ ਨਿਸ਼ਾਨੀ ਕੁਝ ਬਣ ਸਕੇ, ਪ੍ਰੀਤ ਮਨ ਹੀ ਮਨ ਸੋਚ ਰਹੀ ਸੀ ਕਿ ਅੱਜ ਮੇਰੀ ਬੇਟੀ ਜੋ ਵੀ ਹੈ ਕਿਹਾ ਤਾਂ ਇਹ ਹੀ ਜਾਂਦਾ ਹੈ ਕਿ ਲਾਡੀ ਦੀ ਬੇਟੀ ਪੜ੍ਹ ਲਿਖ ਕੇ ਨੌਕਰੀ ਲੱਗ ਗਈ ਪਰ ਮੇਰੇ ਵੱਲੋ ਕੀਤੀ ਕੁਰਬਾਨੀ ਸ਼ਾਇਦ ਕਿਸੇ ਨੂੰ ਨਜਰ ਹੀ ਨਹੀਂ ਆਈ। ਪ੍ਰੀਤ ਆਪਣੀ ਅਤੇ ਲਾਡੀ ਦੀ ਕੁਰਬਾਨੀ ਵਿੱਚੋ ਅਸਲ ਕੁਰਬਾਨੀ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ।                           

ਅਰਸ਼ਪ੍ਰੀਤ ਸਿੱਧੂ
94786-22509