ਮਾਂ ਤੁਝੇ ਸਲਾਮ - ਰਣਜੀਤ ਕੌਰ  ਗੁੱਡੀ ਤਰਨ  ਤਾਰਨ

ਮਾਂ ਮੈਂ ਤੈਨੂੰ ਯਾਦ ਕਰਾਂ,ਯਾਦਾਂ ਦੇ ਝਰੋਖੇ ਚੋਂ ਕੀ ਕੀ ਯਾਦ ਕਰਾ ਤੇ ਕੀ ਕੀ ਪਰਾਂ ਕਰਾਂ ?ਕੌੜੀਆਂ ਮਿੱਠੀਆਂ
ਯਾਦਾਂ ਤਾਂ ਖੂਨ ਵਿੱਚ ਗੇੜੇ ਲਾਉਂਦੀਆ ਹਨ,ਉਹਨਾਂ ਨੂੰ ਚੇਤੇ ਚੋਂ ਬਾਹਰ ਕਰਨਾਂ ਮੈਂ ਚਾਹੁੰਦੀ ਨਹੀਂ,ਉਹ ਤਾਂ ਮੇਰੇ ਸਵਾਸਾਂ ਸੰਗ ਹਨ।ਮੈਂ ਤਾਂ ਤੇਰੀ ਕੋਟੀ ਕੋਟੀ ਧੰਨਵਾਦੀ ਹਾ ਕਿ ਤੂੰ ਮੈਨੂੰ ਆਪਣੀ ਦੁਨੀਆਂ ਵਿੱਚ ਬਸੇਰਾ ਦਿੱਤਾ।ਮੈਂ ਤੇਰੇ ਘਰ ਵਿੱਚ ਬੇਲੋੜਾ , ਅਣਚਾਹਾ ਬੱਚਾ ਸੀ,ਫਿਰ ਵੀ ਤੂੰ ਮੇਰੀ ਭਰੂਣ ਹੱਤਿਆ ਨਾ ਕੀਤੀ ਤੇ ਨਾਂ
ਹੀ ਜਨਮ ਦੇ ਕੇ ਮਰਨ ਦਿੱਤਾ।ਇਹ ਜੀਵਨ ਜੋ ਮੈਂ ਜੀ ਰਹੀ ਹਾਂ ਇਹ ਤਾ ਸਰਾਸਰ ਤੇਰੀ ਦੇਣ ਹੈ। ਤੂੰ ਮੈਨੂੰ ਦਸਿਆ ਸੀ ਮੇਰੇ ਨਾਲ ਹੀ ਤੇਰੀ ਗਵਾਂਢਣ ਸਹੇਲ਼ੀ ਦੇ ਜੁੜਵਾਂ ਕੁੜੀ ਮੁੰਡਾ ਪੈਦਾ ਹੋਏ ਸੀ ਤੇ ਉਹਨਾਂ ਨੇ ਮੁੰਡਾ ਬਚਾ ਕੇ ਕੁੜੀ ਮਾਰ ਦਿੱਤੀ ਤੇ ਅਗਲੇ ਦਿਨ ਮੁੰਡਾ ਵੀ ਮਰ ਗਿਆ।ਪਰ ਤੂੰ ਇਹ ਪਾਪ ਨਾਂ ਕਮਾਇਆ,ਹਾਲਾ ਕਿ ਮੈ ਜੇ ਨਾਂ ਬਚਦੀ ਤਾ ਤੇਰੇ ਕੋਲ ਸੋਹਣੀ ਅੋਲਾਦ ਸੀ।ਪਰ ਤੂੰ ਰੱਬ ਦੇ ਕੰਮ ਵਿੱਚ ਦਖਲ ਨਾਂ ਦੇ ਕੇ ਸਬਾਬ ਕਮਾ ਲਿਆ।ਬਾਕੀ ਬਚਿਆਂ ਵਾਂਗ ਹੀ ਮੈਨੂੰ ਪਾਲਿਆ,ਜਦ ਵੀ ਮੈਂ ਬੀਮਾਰ ਹੁੰਦੀ ਸੀ ਤੂੰ ਤੇ ਡੈਡੀ ਮੇਰਾ ਪੂਰਾ ਧਿਆਨ ਰੱਖਦੇ ਤੇ ਇਲਾਜ ਕਰਾ ਕੇ ਠੀਕ ਕਰ ਲੈਂਦੇ,ਆਲੇ ਦੁਆਲੇ ਦੇ ਤਾਹਨੇ ਅਣਗੌਲੇ ਕਰ ਕੇ ਤੂੰ ਮੈਨੂੰ ਉਹ ਜੀਵਨ ਦਿੱਤਾ ਜਿਸ ਦੀ ਮੈਂ ਹੱਕਦਾਰ ਸੀ।ਮਾਂ ਤੇਰੇ ਕੋਲ ਸਕੂਲ਼,ਕਾਲਜ ਦੀਆ ਸੰਨਦਾਂ ਨਹੀਂ ਸਨ,ਪਰ ਤੂੰ ਕਿਸੇ ਵੀ ਗਿਆਨੀ ਫ਼ ਵਿਦਵਾਨ ਜਿੰਨਾ ਗਿਆਨ ਰੱਖਦੀ ਸੀ। ਗੁਰੂਬਾਣੀ ਦੇ ਅਰਥ ਤੇ ਵਿਆਖਿਆ-ਆਹ ਕੀ ਕਹਿਣੇ -ਕਿਸੇ ਗਿਆਨੀ ਧਿਆਨੀ ਨੂੰ ਤੇਰੇ ਜਿੰਨੇ ਸਹੀ ਨਹੀਂ ਆਉਂਦੇ।ਲੋਕ ਅਖਾਉਤਾਂ ,ਮੁਹਾਵਰੇ,ਜੋ ਤੈਨੂੰ ਜਬਾਨੀ ਯਾਦ ਸਨ,ਸਾਨੂੰ ਇਮਤਿਹਾਨ ਪਾਸ ਕਰਨ ਲਈ ਰੱਟੇ ਲਾਇਆਂ ਵੀ ਯਾਦ ਨਹੀਂ ਹੁੰਦੇ।ਐਂਨ ਮੌਕੇ ਮੁਤਾਬਕ ਅਖਾਉਤ ਜਾਂ ਮੁਹਾਵਰਾ ਵਰਤਣਾ ਕੋਈ ਤੇਰੇ ਕੋਲੋਂ ਸਿੱਖੇ।ਜਦੌ ਸਕੂਲੋਂ ਹੋਮ ਵਰਕ ਮਿਲਦਾ ਇਹਨਾਂ ਮੁਹਾਵਰਿਆ ਨੂੰ ਵਾਕਾ ਵਿੱਚ ਵਰਤੋ; ਤਾਂ ਮੈ ਤੇਰੇ ਕੋਲੌਂ ਪੁਛ ਕੇ ਵਾਕ ਬਣਾ ਕੇ ਲਿਖ ਕੇ ਲੈ ਜਾਂਦੀ,ਸੱਚ,ਮੇਰੀ ਟੀਚਰ ਨੂੰ ਵੀ ਐਸੇ ਵਾਕ ਪਤਾ ਨਹਂੀ ਸੀ ਹੁੰਦੇ,ਨਾਂ ਹੀ ਕੋਈ ਹੋਰ ਮਾਂ ਆਪਣੇ ਬਚਿਆਂ ਨੂੰ ਇਹਨਾਂ ਦੀ ਸਹੀ
ਵਾਕ ਬਣਤਰ ਕਰਾ ਕੇ ਭੇਜਦੀ।ਇਕ ਵੱਡੀ ਖੂਬੀ ਮਾਂ ਤੇਰੀ,ਕਿ ਤੁਹਾਡੀ ਤਾਲੀਮ ਕੇਵਲ ਪਾਠ ਕਰਨ ਦੀ ਯੋਗਤਾ ਹੀ ਸੀ ਪਰ ਗਿਆਨ ਭੰਡਾਰ ਕਿਸੇ ਵੀ ਗਿਆਨਬੋਧ,ਵਿਦਵਾਨ ਤੋ ਘੱਟ ਨਹੀਂ ਸੀ।ਆਮ ਧਾਰਨਾਂ ਹੈ ਕਿ ਅੋਰਤਾ ਵਹਿਮਾ,ਭਰਮਾਂ ਵਿੱਚ ਅੰਧਵਿਸਵਾਸੀ ਹੁੰਦੀਆ ਹਨ ਪਰ ਮਾਂ (ਮੇਰੀ ਮਾਂ) ਇਸ ਅੋਗੁਣ ਤੋਂ ਬਹੁਤ ਦੂਰ ਸੀ,ਮੈ ਜੇ ਇਹ ਕਹਿ ਦਿਆਂ ਕਿ ਉਹ ਅਪਨੇ ਵਕਤ ਦੀ( ਇਕੋ ਇਕ) ਵਾਹਦ ਅੋਰਤ ਸੀ ਜੋ   ਟੂਣੇ,  ਵਹਿਮ,ਭਰਮ,ਆਦਿ ਤੋ ਅਣਭਿੱਜ ਸੀ,ਤਾਂ ਇਹ ਨਾਂ ਤਾਂ ਅਤਿਕਥਨੀ,ਤੇ ਨਾਂ ਹੀ,ਵਾਧੂ ਗਲ ਹੋਵੇਗੀ।ਮੇਰੀ ਮਾਂ ਮਾਲਾ ਫੇਰ ਕੇ ਥਾਂ ਥਾਂ ਵਿਖਾਲੇ ਦੇ ਮੱਥੇ ਟੇਕਣ ਵਿੱਚ ਵਿਸ਼ਵਾਸ ਨਹੀਂ ਰੱਖਦੀ ਸੀ,ਤੇ ਕੇਵਲ ਗੁਰੂਬਾਣੀ ਨੂੰ ਮੰਨਦੀ ਸੀ।ਮਾਂ ਤੂੰ ਗੁਰੂ ਦੇ ਕਹੇ ਹਰ ਉਸ ਸੰਦੇਸ਼ ਨੂੰ ਮੰਨਿਆ ਤੇ ਆਮ ਜਿੰਦਗੀ ਵਿੱਚ ਅਪਨਾਇਆ ਜੋ ਮਨੁੱਖਤਾ ਤੇ ਘਰ ਪਰਿਵਾਰ ਦੀ ਭਲਾਈ ਲਈ ਅਹਿਮ ਸੀ।ਰੱਬ ਤੋਂ ਡਰ ਕੇ ਗੁਰੂ ਦੀ ਸਿਖਿਆਂ ਹੇਠ ਜਿੰਦਗੀ ਗੁਜਾਰੀ।ਇਸੀ ਕਾਰਨ ਮੈਂ ਵੀ ਕਦੇ ਜਾਦੂ ਟੂਣੇ,ਤੇ ਪਖੰਡ ਦੇ ਰਾਹ ਕਦੀ ਨਹੀਂ ਤੁਰੀ।ਮੈਨੂੰ ਮਾਣ ਹੈ ਅਪਨੀ ਅਂ੍ਹਨਪੜ੍ਹ ਵਿਦਵਾਨ ਮਾਂ ਤੇ।ਮਾਂ ਮੈਨੂੰ ਯਾਦ ਹੈ,ਇਕ ਦੋ ਵਾਰ ਅਪਨੇ ਬੂਹੇ ਤੇ ਕੋਈ ਲਾਲ ਰੁਮਾਲ ਵਿੱਚ ਬੰਨ੍ਹ ਕੇ ਕੁਝ ਰੱਖ ਗਿਆ ਮੁਹੱਲੇ ਵਾਲਿਆ ਬੜਾ ਕੁਝ ਕਿਹਾ,ਪਰ ਤੂੰ ਇਕ ਹੀ ਵਾਕ ਦੁਹਰਾਇਆ,ਜਿਹੜਾ ਕਰੇ ਟੂਣਾ, ਸਦਾ ਰਹੇ ਊਣਾ"।ਇਕ ਵਾਰ ਤੂੰ ਖੋਲ ਕੇ ਵੇਖਿਆ ਉਸ ਵਿੱਚ ਕਾਲੇ ਮਾਹ ਤੇ ਹੋਰ ਚੀਜ਼ਾ ਸੀ ਕੋਲੋਂ ਲੰਘਦੇ ਮੰਗਤੇ ਨੇ ਕਿਹਾ ਲਿਆ ਬੀਬੀ  ਫੜਾ ,ਸਾਨੂੰ ਟੂਣੇ ਨਹੀਂ ਲੜਦੇ।
ਮੈਂ ਅੱਜੋਕੇ ਯੁੱਗ ਚ ਵਿਚਰ ਕੇ ਜਦੋਂ ਪਿਛੈ ਵੱਲ ਝਾਤੀ ਮਾਰਦੀ ਹਾ ਤਾ ਮੈਂਨੂੰ ਬੜਾ ਫਖਰ ਹੁੰਦਾ ਹੈ ਤੇਰੇ ਤੇ ਕਿ ਮੈਂ ਤੇਰੀ ਬੇਟੀ ਹਾਂ।ਮੈਂ ਅਹਿਸਾਨਮੰਦ ਹਾਂ ਤੇਰੀ ਕਿ ਤੂੰ ਮੈਨੂੰ ਇਹ ਰੰਗ ਬਰੰਗੀ ਦੁਨੀਆ ਵੇਖਣ ਦਾ ਅਵਸਰ ਬਖਸ਼ਿਆ।ਮੈਂ ਮੁਤਾਲਿਆ ਕਰ ਕੇ ਜਾਂਚਿਆ ਹੈ ਕਿ ਕਦੇ ਵੀ ਤੂੰ ਪੁੱਤਾ ਨਾਲੋਂ ਧੀਆਂ ਦੀ ਖੁਰਾਕ ਵਿੱਚ ਵਿਤਕਰਾ ਨਹੀਂ ਸੀ ਕੀਤਾ,ਹਾਲਾਂ ਕਿ ਮੈ ਬਿਲਕੁਲ ਹੀ ਫਾਲਤੂ ਨਗ ਸੀ ਤੇਰੇ ਛੱਲੇ ਵਿੱਚ,ਫਿਰ ਵੀ ਤੂੰ ਮੈਨੂੰ ਦੂਜਿਆਂ ਦੇ ਤਾਹਨੇ ਮਿਹਣੇ ਵਿੱਚ ਆ ਕੇ ਅਣਗੌਲਾ ਨਾਂ ਕੀਤਾ।ਕਈ ਵਾਰ ਮੈਂ ਬੀਮਾਰ ਹੋਈ ਤੇ ਪੂਰੀ ਵਾਹ ਲਾ ਕੇ ਤੂੰ ਮੈਨੂੰ ਬਚਾਇਆ,ਤਾਂ ਹੀ ਅੱਜ ਮੈਨੂੰ ਮਾਂ ਬਣ ਕੇ ਅਹਿਸਾਸ ਹੋਇਆ ਕਿ ਤੂੰ ਕਿੰਨੀ ਮਹਾਨ ਹੈਂ।
ਸਰੀਰਕ ਤੌਰ ਤੇ ਤੂੰ ਮੇਰੇ ਨਾਲ ਨਹੀਂ ਫਿਰ ਕੀ ਹੈ,ਤੂੰ ਤੇ ਮੇਰੀ ਆਤਮਾ ਹੈਂ ,ਮੇਰੇ ਅੰਗ ਸੰਗ ਹੈਂ।ਮੈਨੂੰ ਸਮਝ ਲਗਦੀ ਹੈ,ਤੂੰ ਆਪਣੇ ਬਚਿਆ ਦੀ ਖੁਸ਼ਹਾਲੀ ਵੇਖ ਕੇ,ਖੁਸ਼ ਹੈਂ,ਤੇ ਇਹ ਸੱਭ ਤੇਰੀਆਂ ਦੁਆਵਾਂ ਸਦਕਾ ਹੈ। ਤੇਰੀ ਮਮਤਾ ਦਾ ਮੁੱਲ ਅਸੀਂ ਨਹੀਂ ਪਾ ਸਕੇ,ਪਰ ਤੇਰੇ ਗੁੱਸੇ ਨੂੰ ਪਿਆਰ ਦਾ ਹਿੱਸਾ ਮੰਨ ਕੇ ਅੱਜ ਇਸ ਜਮਾਨੇ ਦਾ ਮੁਕਾਬਲਾ ਕਰਨ ਯੋਗ ਹੋਏ ਹਾਂ।
ਮਾਂ ਤੈਨੂੰ ਸੱਤ ਸਲਾਮ ਨਹੀਂ ਲੱਖ ਸਲਾਮ ਹੈ।"
ਮਾਂ ਤੈਨੂੰ ਸਲਾਮ ਹੈ,ਤੇਰੇ ਧੀਆਂ,ਪੁੱਤਾਂ ਵਲੋਂ ਪ੍ਰਨਾਮ ਹੈ।
"ਬਹਿਸ਼ਤੀ ਰਾਣੀ ਹੈ ਸਾਡੀ ਮਾ"-ਮਾਂ ਤੁਝੇ ਸਲਾਮ"
ਰਾਤ ਮਾਂ ਆਈ ਥੀ ਕਬਰ ਸੇ, ਮੇਰੇ ਕਮਰੇ ਮੇਂ,
ਮੇਰੀ ਆਂਖੋਂ ਮੇਂ,ਇਬਾਦਤ ਭਰੀ ਜੰਨਨਤ ਰੱਖ ਗਈ । 

ਰਣਜੀਤ ਕੌਰ  ਗੁੱਡੀ ਤਰਨ  ਤਾਰਨ