ਨਾ ਸਾਰੇ ਅਮੀਰ ਮਾੜੇ ਹੁੰਦੇ ਹਨ, ਨਾ ਗਰੀਬ, ਮਾੜੀ ਤਾਂ ਮਾੜੀ ਸੋਚ ਹੀ ਹੁੰਦੀ ਹੈ। - ਹਰਲਾਜ ਸਿੰਘ ਬਹਾਦਰਪੁਰ

ਆਰਥਿਕ ਤੌਰ ਤੇ ਸੱਭ ਨੂੰ ਬਰਾਬਰ ਕਦੇ ਵੀ ਨਹੀਂ ਕੀਤਾ ਜਾ ਸਕਦਾ, ਹਾਂ ਇਸ ਆਰਥਿਕ ਪਾੜੇ ਨੂੰ ਕੁੱਝ ਹੱਦ ਤੱਕ ਘਟਾਇਆ ਜਰੂਰ ਜਾ ਸਕਦਾ ਹੈ। ਜੇ ਸਾਰੀ ਸੰਪਤੀ ਸੱਭ ਨੂੰ ਬਰਾਬਰ ਵੀ ਵੰਡ ਦਿੱਤੀ ਜਾਵੇ, ਤਾਂ ਵੀ ਕੁੱਝ ਹੀ ਸਾਲਾਂ ਵਿੱਚ ਕਈ ਮੇਹਨਤੀ ਜਾਂ ਊੱਚੀ ਸੋਚ ਵਾਲੇ ਜਾਇਦਾਦ ਖਰੀਦ ਲੈਣਗੇ ਅਤੇ ਕਈ ਕਮਚੋਰ ਜਾਂ ਮਾੜੀ ਸੋਚ ਵਾਲੇ ਆਪਣੀ ਜਾਇਦਾਦ ਬੇਚ ਦੇਣਗੇ। ਇਹ ਆਮ ਹੀ ਵਰਤਾਰਾ ਹੈ ਜੋ ਅਮੀਰਾਂ ਅਤੇ ਮਜਦੂਰਾਂ ਵਿੱਚ ਵੇਖਿਆ ਜਾ ਸਕਦਾ ਹੈ। ਦੋ ਜਿਮੀਦਾਰ ਭਰਾ ਜਦੋਂ ਆਪਣੀ ਜਾਇਦਾਦ ਬਰਾਬਰ ਵੰਡ ਕੇ ਅੱਡ ਹੁੰਦੇ ਹਨ ਤਾਂ ਕੁੱਝ ਹੀ ਸਾਲਾਂ ਵਿੱਚ ਇੱਕ ਗਰੀਬ ਤੇ ਦੂਜਾ ਅਮੀਰ ਹੋ ਜਾਂਦਾ ਹੈ। ਇਸੇ ਤਰਾਂ ਮਜਦੂਰੀ ਕਰਨ ਵਾਲੇ ਭਰਾ ਵੀ ਇੱਕ ਪੈਸੇ ਵਾਲਾ ਹੋ ਜਾਂਦਾ ਹੈ ਤੇ ਇੱਕ ਨੂੰ ਕੋਈ ਦਿਹਾੜੀ ਤੇ ਵੀ ਨਹੀਂ ਲੈ ਕੇ ਜਾਂਦਾ। ਆਰਥਿਕ ਪੱਖ ਤੋਂ ਕਮਜੋਰ ਕਦੇ ਵੀ ਆਪਣੀ ਕਮਜੋਰੀਫ਼ਘਾਟ ਨੂੰ ਨਹੀਂ ਵਿਚਾਰਦੇ ਉਹ ਬੱਸ ਆਪ ਤੋਂ ਅੱਗੇ ਲੰਘੇ ਨੂੰ ਠੱਗ, ਚੋਰ, ਬੇਈਮਾਨ ਹੀ ਸਮਝਦੇ ਹਨ। ਆਮ ਹੀ ਕਿਹਾ ਜਾਂਦਾ ਹੈ ਕਿ ਅਮੀਰ ਲੋਕ ਬਹੁਤ ਮਾੜੇ ਹੁੰਦੇ। ਲੜਾਈ ਦੀ ਖੱਟੀ ਖਾਣ ਵਾਲੇ ਸਾਡੇ (ਗਰੀਬਾਂ, ਕਿਸ਼ਾਨਾ ਅਤੇ ਬਾਣੀਆਂ ਦੇ) ਆਗੂ ਕਹਾਉਣ ਵਾਲੇ ਇਹੀ ਪ੍ਰਚਾਰਕੇ ਨਫਰਤ ਫੈਲਾਉਂਦੇ ਰਹਿੰਦੇ ਹਨ, ਕਿ ਅਮੀਰ ਗਰੀਬਾਂ ਦਾ ਖੂਨ ਚੂਸਦੇ ਹਨ ਮਜਦੂਰ ਚੰਗੇ ਨਹੀਂ ਹੁੰਦੇ ਜਾਂ ਕਿਸ਼ਾਨ ਬਹੁਤ ਮਾੜੇ ਹੁੰਦੇ ਹਨ । ਹਾਂ ਕੁੱਝ ਅਮੀਰ ਮਾੜੇ ਵੀ ਹੋ ਸਕਦੇ ਹਨ ਪਰ ਸਾਰਿਆਂ ਨੂੰ ਮਾੜੇ ਨਹੀਂ ਕਿਹਾ ਜਾ ਸਕਦਾ। ਜਿੱਥੇ ਬਹੁਤ ਅਮੀਰ ਚੰਗੀ ਸੋਚ ਵਾਲੇ ਵੀ ਹੁੰਦੇ ਹਨ ਉੱਥੇ ਬਹੁਤ ਮਜਦੂਰਾਂ ਦੀ ਸੋਚ ਮਾੜੀ ਵੀ ਹੁੰਦੀ ਹੈ, ਨਾ ਹੀ ਸਾਰੇ ਕਿਸ਼ਾਨ ਚੰਗੇ ਹੁੰਦੇ ਹਨ। ਚੰਗੇ ਮਾੜੇ ਬੰਦੇ ਹਰ ਸਮਾਜ ਵਿੱਚ ਹੁੰਦੇ ਹਨ, ਕਈ ਕਿਸਾਨ ਆਪਣੇ ਆੜਤੀਏ (ਬਾਣੀਏ) ਦੇ ਪੈਸੇ ਮੁਕਰ ਜਾਂਦੇ ਹਨ ਜੋ ਫਿਰ ਆੜਤੀਆਂ ਨੂੰ ਬੇਈਮਾਨ ਕਹਿਣਾ ਸ਼ੁਰੂ ਕਰ ਦਿਂਦੇ ਹਨ। ਕਈ ਮਜਦੂਰ ਕਿਸ਼ਾਨਾ ਦੇ ਪੈਸੇ ਮੁਕਰ ਜਾਂਦੇ ਹਨ ਉਹ ਫਿਰ ਕਿਸ਼ਾਨਾ ਨੂੰ ਬੇਈਮਾਨ ਕਹਿਣਾ ਸੁਰੂ ਕਰ ਦਿੰਦੇ ਹਨ। ਬੇਸ਼ੱਕ ਆਪਣੇ ਤੋਂ ਕਮਜੋਰ ਨੂੰ ਕਰਜਾ ਦੇਣ ਵਾਲੇ ਕੁੱਝ ਮਾੜੇ ਵੀ ਹੋ ਸਕਦੇ ਹਨ ਪਰ ਸਾਰੇ ਮਾੜੇ ਨਹੀਂ ਹੁੰਦੇ, ਅਸਲ ਗੱਲ ਤਾਂ ਇਹ ਹੁੰਦੀ ਹੈ ਕਿ ਤੁਹਾਨੂੰ (ਕਿਸੇ ਨੂੰ ਵੀ) ਕਰਜਾ ਦੇਣ ਵਾਲਾ ਤੁਹਾਡੇ ਉੱਤੇ ਵਿਸ਼ਵਾਸ ਕਰਕੇ ਹੀ ਕਰਜਾ ਦੇ ਰਿਹਾ ਹੁੰਦਾ ਹੈ, ਜਦੋਂ ਤੁਸੀਂ ਉਸ ਦੇ ਪੈਸੇ ਮੁਕਰਦੇ ਹੋਂ ਤਾਂ ਤੁਸੀਂ ਪੈਸੇ ਮੁਕਰਨ ਦੇ ਨਾਲ ਨਾਲ ਵਿਸ਼ਵਾਸ ਦਾ ਵੀ ਕਤਲ ਕਰ ਰਹੇ ਹੁੰਦੇ ਹੋਂ ਜੋ ਬਹੁਤ ਮਾੜਾ ਹੁੰਦਾ ਹੈ। ਇਸ ਲਈ ਸਾਨੂੰ ਇੱਕ ਦੂਜੇ ਨੂੰ ਮਾੜਾ ਜਾਂ ਬੇਈਮਾਨ ਕਹਿਣ ਦੀ ਥਾਂ ਆਪਣੇ ਔਗੁਣਾ ਵੱਲ ਵੀ ਝਾਤ ਮਾਰ ਲੈਣੀ ਚਾਹੀਂਦੀ ਹੈ। ਆਰਥਿਕਤਾ ਦੇ ਨਾਨ ਨਾਲ ਇੱਕ ਨਾਜਾਇਜ ਸਰੀਰਕ ਸਬੰਧਾਂ ਦੀ ਸਮੱਸਿਆ ਸਾਡੀ ਸਾਰਿਆਂ ਦੀ ਸਾਂਝੀ ਸਮੱਸਿਆ ਹੈ, ਇਹ ਸਬੰਧ ਕਿਸੇ ਦੇ ਵੀ ਕਿਸੇ ਨਾਲ ਹੋ ਸਕਦੇ ਹਨ। ਕਿਸ਼ਾਨਾਂ ਜਾਂ ਬਾਣੀਆਂ ਦੇ ਮਜਦੂਰਾਂ ਦੀਆਂ ਇਸਤਰੀਆਂ ਨਾਲ ਵੀ ਨਾਜਾਇਜ ਸਬੰਧ ਹੋ ਜਾਂਦੇ ਹਨ ਅਤੇ ਮਜਦੂਰਾਂ ਦੇ ਕਿਸ਼ਾਨ ਜਾਂ ਬਾਣੀਆਂ ਦੀਆਂ ਇਸਤਰੀਆਂ ਨਾਲ ਵੀ ਨਾਜਾਇਜ ਸਬੰਧ ਹੋ ਜਾਂਦੇ ਹਨ। ਜਾਂ ਕਿਸ਼ਾਨਾ ਦੇ ਕਿਸ਼ਾਨਾਂ ਦੀਆਂ ਇਸਤਰੀਆਂ ਨਾਲ, ਬਾਣੀਆਂ ਦੇ ਬਾਣੀਆਂ ਦੀਆਂ ਇਸਤਰੀਆਂ ਨਾਲ ਜਾਂ ਮਜਦੂਰਾਂ ਦੇ ਮਜਦੂਰਾਂ ਦੀਆਂ ਇਸਤਰੀਆਂ ਨਾਲ ਵੀ ਨਾਇਜ ਸਬੰਧ ਹੋ ਜਾਂਦੇ ਹਨ। ਮੈਂ ਨਾ ਹੀ ਨਾਜਾਇਜ ਸਬੰਧਾਂ ਨੂੰ ਚੰਗੇ ਸਮਝਦਾ ਹਾਂ ਤੇ ਨਾ ਹੀ ਆਪਸੀ ਸਹਿਮਤੀ ਨਾਲ ਪੜਦੇ ਵਿੱਚ ਚਲਦੇ ਸਬੰਧਾਂ ਦੇ ਬੇਪੜਦ ਹੋਣ ਤੇ ਇੱਕ ਦੂਜੇ ਨੂੰ ਬਲੈਕਮੇਲ ਕਰਨ ਦੇ ਹੱਕ ਵਿੱਚ ਹਾਂ। ਜੇ ਕਿਸੇ ਮਜਦੂਰ ਦੀ ਇਸਤਰੀ ਨਾਲ ਬਾਣੀਏ ਦੇ ਸਹਿਮਤੀ ਨਾਲ ਚਲਦੇ ਨਾਜਾਇਜ ਸਬੰਧ ਨੰਗੇ ਹੋ ਜਾਣ ਤਾਂ ਮਜਦੂਰਫ਼ਕਿਸ਼ਾਨ ਆਗੂ ਉਸ ਨੂੰ ਧਨਾਢਾਂ ਦਾ ਮਜਲੂਮਾਂ ਨਾਲ ਧੱਕੇ ਦਾ ਨਾਮ ਦੇ ਕੇ ਉਸ ਨੂੰ ਬਲੈਕਮੇਲ ਕਰਨ ਦੇ ਨਾਲ ਨਾਲ ਉਸ ਦਾ ਜਲੂਸ ਕੱਢ ਦਿੰਦੇ ਹਨ। ਜੇ ਇਹੀ ਸਬੰਧ ਕਿਸੇ ਮਜਦੂਰ ਦੇ ਬਾਣੀਏ ਦੀ ਇਸਤਰੀ ਨਾਲ ਹੋ ਜਾਣ ਜਾਂ ਮਜਦੂਰ ਦੇ ਮਜਦੂਰ ਦੀ ਇਸਤਰੀ ਨਾਲ ਹੋ ਜਾਣ, ਮਾੜੇ ਤਾਂ ਉਹ ਵੀ ਹੁੰਦੇ ਹਨ ਪਰ ਉੱਥੇ ਅਜਿਹੀ ਗੱਲ ਰਫਾ ਦਫਾ ਕਰ ਦਿੱਤੀ ਜਾਂਦੀ ਹੈ। ਇਸ ਲਈ ਨਾ ਸਾਰੇ ਅਮੀਰ ਮਾੜੇ ਹੁੰਦੇ ਹਨ, ਨਾ ਗਰੀਬ, ਮਾੜੀ ਤਾਂ ਮਾੜੀ ਸੋਚ ਹੀ ਹੁੰਦੀ ਹੈ, ਉਹ ਕਿਸੇ ਦੀ ਵੀ ਹੋ ਸਕਦੀ ਹੈ। ਮੇਰਾ ਇਹ ਲਿਖਣ ਦਾ ਮਤਲਬ ਕਿਸੇ ਸਮਾਜ ਨੂੰ ਚੰਗਾ ਜਾਂ ਮਾੜਾ ਸਿੱਧ ਕਰਨਾ ਨਹੀਂ ਹੈ, ਮੈਂ ਨਾ ਹੀ ਕਿਸੇ ਦੇ ਪੈਸੇ ਮੁਕਰਨ ਦੇ ਹੱਕ ਵਿੱਚ ਹਾਂ ਅਤੇ ਨਾ ਹੀ ਨਾਜਾਇਜ ਸਬੰਧਾਂ ਨੂੰ ਜਾਇਜ ਠਹਿਰਾਉਣਾ ਮੇਰਾ ਮਕਸਦ ਹੈ। ਮੇਰਾ ਮਕਸਦ ਤਾਂ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਪਿਆਰ ਨਾਲ ਰਹਿਣਾ ਚਾਹੀਂਦਾ ਹੈ, ਕਿਸੇ ਵੀ ਸਮਾਜ (ਮਜਦੂਰ, ਕਿਸ਼ਾਨ ਜਾਂ ਬਾਣੀਆਂ) ਦਾ ਬੰਦਾ ਚੰਗਾ ਜਾਂ ਮਾੜਾ ਹੋ ਸਕਦਾ ਹੈ, ਸਾਨੂੰ ਕਿਸੇ ਤੋਂ ਵੀ ਕੁੱਝ ਲੈ ਕੇ ਮੁਕਰਨਾ ਨਹੀਂ ਚਾਹੀਂਦਾ, ਨਾ ਹੀ ਕਿਸੇ ਨੂੰ ਬਲੈਕ ਮੇਲ ਕਰਨਾ ਚਾਹੀਂਦਾ ਹੈ। ਕਿਸੇ ਦੀ ਨਿੰਕੀ ਜਿਹੀ ਗੱਲ ਨੂੰ ਉਛਾਲ ਕੇ ਸਾਨੂੰ ਸਮਜਿਕ ਨਫਰਤ ਨਹੀਂ ਫੈਲਾਉਣੀ ਚਾਹੀਂਦੀ, ਸਾਨੂੰ ਆਪਣੇ ਆਪਣੇ ਸਮਾਜਾਂ ਦੀਆਂ ਵੱਖੋ ਵੱਖਰੀਆਂ ਜੱਥੇਵੰਦੀਆਂ ਬਣਾ ਕੇ ਆਪਸ ਵਿੱਚ ਲੜਨ ਦੀ ਥਾਂ ਇੰਨਸਾਨੀਅਤ ਦੇ ਤੌਰ ਦੇ ਇੱਕਠੇ ਹੋ ਕੇ ਮਾੜੀਆਂ ਸਮਾਜਿਕ ਕੁਰੀਤੀਆਂ ਅਤੇ ਮਾੜੇ ਬੰਦਿਆਂ ਦਾ ਵਿਰੋਧ ਕਰਨਾ ਚਾਹੀਂਦਾ ਹੈ ਉਹ ਚਾਹੇ ਕਿਸੇ ਵੀ ਸਮਾਜ ਨਾਲ ਸਬੰਧਤ ਹੋਣ। ਪੰਜਾਬ ਵਿੱਚ ਅਜਿਹੇ ਧੱਕੇ ਵਾਲੀ ਘਟਨਾ ਨਾ ਮਾਤਰ ਹੀ ਹੁੰਦੀ ਹੈ, ਪਰ ਉਸ ਨੂੰ ਸਾਡੇ ਆਗੂਆਂ ਵੱਲੋਂ ਸਿਆਸੀ ਰੰਗਤ ਦੇ ਕੇ ਧੱਕਾ ਬਣਾ ਦਿੱਤਾ ਜਾਂਦਾ ਹੈ ਜੋ ਕਿਸੇ ਲਈ ਵੀ ਸਮਾਜ ਲਈ ਚੰਗਾ ਨਹੀਂ ਹੁੰਦਾ । ਹਾਂ ਸਾਡੇ ਦੇਸ਼ ਦੇ ਕਈ ਸੂਬੇ ਅਜਿਹੇ ਵੀ ਹਨ ਜਿੱਥੇ ਗਰੀਬਾਂਫ਼ਮਜਦੂਰਾਂ ਨਾਲ ਅਮੀਰ ਧੱਕਾ ਕਰਦੇ ਹਨ, ਕਹੀ ਜਾਂਦੀ ਊਚੀ ਜਾਤ ਵਾਲੇ ਨੀਵੀਂ ਜਾਤ ਵਾਲੇ ਨੂੰ ਘੋੜੀ ਤੇ ਵੀ ਨਹੀਂ ਚੜਨ ਦਿੰਦੇ, ਜਾਂ ਧੱਕੇ ਨਾਲ ਗਰੀਬਾਂ ਦੀਆਂ ਇਸਤਰੀਆਂ ਨੂੰ ਚੁੱਕ ਕੇ ਲੈ ਜਾਂਦੇ ਹਨ ਅਜਿਹੇ ਲੋਕਾਂ ਦਾ ਵਿਰੋਧ ਹੋਣਾ ਜਰੂਰੀ ਹੈ, ਇਸ ਦੇ ਵਿਰੁੱਧ ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਆਪਣੇ ਸਮਾਜ ਅਤੇ ਸੂਬੇ ਤੋਂ ਉਪਰ ਉਠ ਕੇ ਮਜਲੂਮਾਂ ਦੇ ਹੱਕ ਵਿੱਚ ਅਵਾਜ ਉਠਾਉਣੀ ਚਾਹੀਂਦੀ ਹੈ।
25-07-2018
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ,
ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501
ਫੋਨ ਨੰਬਰ :- 9417023911