ਨਰਕਾਂ ਦੇ ਦਰਵਾਜ਼ੇ ਉੱਤੇ - ਰਵਿੰਦਰ ਸਿੰਘ ਕੁੰਦਰਾ

ਨਰਕਾਂ ਦੇ ਦਰਵਾਜ਼ੇ ਉੱਤੇ, ਜਦੋਂ ਕਿਸੇ ਨੇ ਦਸਤਕ ਦਿੱਤੀ,
ਧਰਮਰਾਜ ਦੇ ਅਰਦਲੀ ਨੇ, ਖੋਲ੍ਹ ਕੁੰਡਾ ਦਰਿਆਫਤ ਕੀਤੀ।

ਕੀ ਦੇਖੇ ਇੱਕ ਕੁੱਬਾ ਬੁੱਢੜਾ, ਹੱਥ ਜੋੜ ਲਾਚਾਰ ਖੜ੍ਹਾ ਹੈ,
ਲੱਗਦੈ ਦੂਰੋਂ ਚੱਲ ਕੇ ਆਇਆ, ਥੱਕ ਟੁੱਟਾ ਪਰੇਸ਼ਾਨ ਬੜਾ ਹੈ।

ਪੁੱਛਿਆ ਬਾਬਾ! ਕਿਹਨੂੰ ਮਿਲਣੈ, ਕਿਹੜੇ ਕੰਮ ਤੂੰ ਇੱਥੇ ਆਇਆ,
ਕਿਸ ਨੇ ਤੈਨੂੰ ਭੁੱਲ ਭੁਲੇਖੇ, ਇਸ ਪਾਸੇ ਦਾ ਰਾਹ ਦਿਖਲਾਇਆ?

ਬੋਲਿਆ ਬੁੱਢੜਾ, ਕਾਕਾ ਜੀ, ਮੈਨੂੰ ਕਿਤੇ ਨਹੀਂ ਮਿਲਦੀ ਢੋਈ,
ਸਵਰਗੀਂ ਵੜਨ ਦੀ ਕੋਸ਼ਿਸ਼ ਵਿੱਚ, ਮੇਰੇ ਨਾਲ ਕੀ ਕੀ ਨਹੀਂ ਹੋਈ।

ਧੱਕੇ ਮਾਰ ਕੇ ਮੈਨੂੰ ਕੱਢਿਆ, ਕਹਿੰਦੇ ਤੇਰੀ ਇੱਥੇ ਥਾਂ ਨਹੀਂ,
ਚੰਗੇ ਬੰਦਿਆਂ ਦੀ ਸੂਚੀ ਵਿੱਚ, ਤੇਰਾ ਕਹਿੰਦੇ ਕੋਈ ਨਾਂ ਨਹੀਂ।

ਬਹੁਤ ਹੀ ਮੈਂ ਦਲੀਲਾਂ ਦਿੱਤੀਆਂ, ਆਪਣੇ ਸਾਰੇ ਕਾਰੇ ਦੱਸੇ,
ਪਰ ਉਹ ਮੇਰੀਆਂ ਗੱਲਾਂ ਸੁਣ ਕੇ, ਮਾਰ ਠਹਾਕੇ ਸਾਰੇ ਹੱਸੇ।

ਕਹਿੰਦੇ ਤੇਰੇ ਸਤਾਏ ਹੋਇਆਂ ਨੇ, ਤੇਰੀਆਂ ਸਾਨੂੰ ਦੱਸੀਆਂ ਕਰਤੂਤਾਂ,
ਨਰਕਾਂ ਵਿੱਚ ਡੇਰੇ ਲਾਏ ਹੋਏ ਨੇ, ਤੇਰੇ ਵਰਗਿਆਂ ਕਈ ਮਨਹੂਸਾਂ।

ਜਾਹ ਜਾਕੇ ਉਨ੍ਹਾਂ ਨੂੰ ਟੱਕਰ, ਖੁਸ਼ ਤੂੰ ਉੱਥੇ ਬਹੁਤ ਰਹੇਂਗਾ,
ਆਪਣੇ ਵਰਗੇ ਪਾਪੀਆਂ ਦੇ ਵਿੱਚ, ਰੱਜ ਤਸੀਹੇ ਖ਼ੂਬ ਜਰੇਂਗਾ।

ਇੰਨੀ ਸੁਣ ਕੇ ਅਰਦਲੀ ਅੰਦਰੋਂ, ਲੈ ਆਇਆ ਰਜਿਸਟਰ ਮੋਟਾ,
ਪੜ੍ਹ ਪੜ੍ਹ ਕੇ ਬੁੱਢੜੇ ਨੂੰ ਕਹਿੰਦਾ, ਬਾਬਾ ਤੂੰ ਤਾਂ ਬਹੁਤ ਹੈਂ ਖੋਟਾ।

ਮੱਕਾਰੀਆਂ ਤੇਰੀਆਂ ਬਹੁਤ ਦਰਜ ਨੇ, ਕਿਹੜੀ ਕਿਹੜੀ ਦੱਸਾਂ ਤੈਨੂੰ,
ਸੌਂਹ ਰੱਬ ਦੀ ਸਭ ਦੱਸਣ ਵਿੱਚ, ਸ਼ਰਮ ਬਹੁਤ ਹੀ ਆਉਂਦੀ ਮੈਨੂੰ।

ਅਸੀਂ ਤਾਂ ਅੱਗੇ ਹੀ ਸਤੇ ਹੋਏ ਆਂ, ਤੇਰੇ ਵਰਗੇ ਬਹੁਤਿਆਂ ਹੱਥੋਂ,
ਨਿਤਾ ਪ੍ਰਤੀ ਖਰੂਦ ਨੇ ਕਰਦੇ, ਰੋਅਬ ਜਮਾਉਂਦੇ ਸਭ 'ਤੇ ਉੱਤੋਂ।

ਕੇ ਪੀ, ਪੀ ਕੇ ਖੌਰੂ ਪਾਵੇ, ਆਲਮ ਦਾ ਕੀ ਕਰਾਂ ਇਜ਼ਹਾਰ,
ਕੱਠੇ ਹੋ ਕੇ ਸਾਰੇ ਕਰਦੇ, ਗੁੰਡਾਗਰਦੀ ਸਰੇ ਬਾਜ਼ਾਰ।

ਹੋਰ ਵੀ ਕਈ ਨੇ ਤੇਰੇ ਸਾਥੀ, ਮੁਕੱਦਮੇਂ ਜਿਨ੍ਹਾਂ 'ਤੇ ਚੱਲ ਰਹੇ ਨੇ,
ਬੇਕਸੂਰਾਂ ਦੀਆਂ ਬੇਅੰਤ ਫਾਈਲਾਂ, ਸਵਰਗਾਂ ਵਾਲੇ ਘੱਲ ਰਹੇ ਨੇ।

ਸਾਡੇ ਕੋਲੋਂ ਸਾਂਭ ਨਹੀਂ ਹੁੰਦੇ, ਪਹਿਲਾਂ ਹੀ ਤੇਰੇ ਵਰਗੇ ਪਾਪੀ,
ਘਾਣ ਜਿਨ੍ਹਾਂ ਮਨੁੱਖਤਾ ਦਾ ਕੀਤਾ, ਮਾਤਲੋਕ ਵਿੱਚ ਦਿਨ 'ਤੇ ਰਾਤੀ।

ਧਰਮਰਾਜ ਦੇ ਪੇਸ਼ ਕਰਨ ਲਈ, ਸਾਨੂੰ ਡਾਢੀ ਮੁਸ਼ਕਿਲ ਆਉਂਦੀ,
ਪੈਰ ਪੈਰ 'ਤੇ ਅੜਦੇ ਰੋਜ਼ ਹੀ, ਸਾਡੀ ਤਾਂ ਹੁਣ ਪੇਸ਼ ਨਹੀਂ ਜਾਂਦੀ।

ਤੇਰਾ ਅਤੇ ਬੇਅੰਤੇ ਦਾ ਨਾਂ, ਲੈਕੇ ਨਿੱਤ ਦਿਨ ਧੌਂਸ ਜਮਾਉਂਦੇ,
ਇੱਥੇ ਵੀ ਰਿਸ਼ਵਤਾਂ ਸਿਫਾਰਸ਼ਾਂ, ਵਰਤਣ ਦੀਆਂ ਸਕੀਮਾਂ ਲਾਉਂਦੇ।

ਏਸੇ ਲਈ ਹੀ ਧਰਮਰਾਜ ਨੇ, ਸਾਨੂੰ ਦਿੱਤੀਆਂ ਨੇ ਸਖ਼ਤ ਹਦਾਇਤਾਂ,
ਤੈਨੂੰ ਇੱਥੇ ਵੜਨ ਨਹੀਂ ਦੇਣਾ, ਭਾਵੇਂ ਕਰੇਂ ਤੂੰ ਲੱਖ ਸ਼ਿਕਾਇਤਾਂ।

ਰੋ ਪਿੱਟ ਭਾਵੇ ਮਿੰਨਤਾਂ ਕਰ ਲੈ, ਚੱਲਣੀਆਂ ਨਹੀਂ ਮੋਮੋਠਗਣੀਆਂ,
ਮਾਤ ਲੋਕ ਵਾਂਗ ਤੇਰੀਆਂ ਚਾਲਾਂ, ਇੱਥੇ ਆਕੇ ਨਹੀਂ ਪੁੱਗਣੀਆਂ।

ਤੇਰੀ ਗਤੀ ਹੁਣ ਕਿਤੇ ਨਹੀਂ ਹੋਣੀ, ਜੂਨਾਂ ਚਾਹੇ ਲੱਖ ਤੂੰ ਘੁੰਮ ਲੈ,
ਲੇਖਾ ਹੈ ਤੇਰਾ ਬਹੁਤ ਹੀ ਲੰਬਾ, ਮੁੱਕਦੀ ਗੱਲ ਤੂੰ ਸਾਥੋਂ ਸੁਣ ਲੈ।

ਚੱਲ ਤੂੰ ਇੱਥੋਂ ਤੁਰਦਾ ਬਣ ਹੁਣ, ਸਾਨੂੰ ਕੰਮ ਨੇ ਹੋਰ ਬਥੇਰੇ,
ਤੇਰੇ ਨਾਲ ਅਸੀਂ ਬੁਰੀ ਕਰਾਂਗੇ, ਜੇ ਮੁੜ ਆਇਆ ਇਸ ਦਰ ਨੇੜੇ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ
12 ਮਈ, 2023